ਹੁਣ ਹੋਰ ਤੇਜ਼ ਹੋਵੇਗਾ ਸਿੱਖ ਬੰਦੀਆਂ ਦੀ ਰਹਾਈ ਲਈ ਸੰਘਰਸ਼
ਅੰਮ੍ਰਿਤਸਰ, 3 ਜੁਲਾੲੀ (ਪੰਜਾਬ ਮੇਲ)- ਸਿੱਖ ਬੰਦੀਆਂ ਦੀ ਰਿਹਾਈ ਕਰਾਉਣ ਅਤੇ ਰਿਹਾਈ ਦੀ ਪ੍ਰਕਿਰਿਆ ਤੇਜ਼ ਕਰਾਉਣ ਦੇ ਮੰਤਵ ਨਾਲ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਬਣੀ ਸੰਘਰਸ਼ ਕਮੇਟੀ ਵੱਲੋਂ ਇਸੇ ਮੁੱਦੇ ’ਤੇ 6 ਜੁਲਾਈ ਨੂੰ ਲੁਧਿਆਣਾ ਦੇ ਪਿੰਡ ਹਸਨਪੁਰ ਵਿੱਚ ਪੰਥਕ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਵਿੱਚ ਸੰਘਰਸ਼ ਕਮੇਟੀ ਵੱਲੋਂ ਆਪਣੇ ਮੰਤਵ ਦੀ ਪੂਰਤੀ ਲਈ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਸਿੱਖ ਬੰਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ਰੱਖਣ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਇਹ ਪੰਥਕ ਕਨਵੈਨਸ਼ਨ 6 ਜੁਲਾਈ ਨੂੰ ਬਾਪੂ ਸੂਰਤ ਸਿੰਘ ਖ਼ਾਲਸਾ ਦੇ ਪਿੰਡ ਹਸਨਪੁਰ ਵਿੱਚ ਰੱਖੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਪੱਧਰ ਤੋਂ ਮਨੁੱਖੀ ਅਧਿਕਾਰ ਸੰਗਠਨਾਂ ਦੇ ਕਾਰਕੁਨ ਅਤੇ ਹੋਰ ਨਿਆਂ ਪਸੰਦ ਜਥੇਬੰਦੀਆਂ ਦੇ ਕਾਰਕੁਨ ਇਸ ਵਿੱਚ ਸ਼ਾਮਲ ਹੋਣਗੇ। ਇਸ ਕਨਵੈਨਸ਼ਨ ਵਿੱਚ ਸਜ਼ਾ ਦੀ ਮਿਆਦ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਬਾਰੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਹ ਮਾਮਲਾ ਕਿਸੇ ਇੱਕ ਧਰਮ ਦਾ ਨਹੀਂ ਹੈ, ਸਗੋਂ ਮਨੁੱਖੀ ਅਧਿਕਾਰਾਂ ਦਾ ਹੈ। ਜੇਲ੍ਹਾਂ ਵਿੱਚ ਅਜਿਹੇ ਕੈਦੀ ਵੱਡੀ ਗਿਣਤੀ ਵਿੱਚ ਬੰਦ ਹਨ, ਜਿਨ੍ਹਾਂ ਦੀਆਂ ਸਜ਼ਾਵਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਆਖਿਆ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਲਗਪਗ ਡੇਢ ਸੌ ਦਿਨ ਭੁੱਖ ਹੜਤਾਲ ਕੀਤੀ ਗਈ ਹੈ। ਉਨ੍ਹਾਂ ਨੂੰ ਦੋ ਵਾਰ ਜਬਰੀ ਹਸਪਤਾਲ ਦਾਖਲ ਕਰਾਇਆ ਗਿਆ ਪਰ ਉਨ੍ਹਾਂ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਭੁੱਖ ਹੜਤਾਲ ਜਾਰੀ ਰੱਖੀ। ਉਨ੍ਹਾਂ ਆਖਿਆ ਕਿ ਇਸੇ ਮੰਤਵ ਨੂੰ ਲੈ ਕੇ ਪੰਥਕ ਕਨਵੈਨਸ਼ਨ ਕੀਤੀ ਜਾ ਰਹੀ ਹੈ।
ਬਾਪੂ ਸੂਰਤ ਸਿੰਘ ਖ਼ਾਲਸਾ ਦੀ ਸਿਹਤ ਬਾਰੇ ਗੱਲ ਉਨ੍ਹਾਂ ਆਖਿਆ ਕਿ ਉਹ ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹਨ ਪਰ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਚਿੰਤਾਜਨਕ ਬਣੀ ਹੋਈ ਹੈ। ਉਹ ਪਹਿਲਾਂ ਲੁਧਿਆਣਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਅਤੇ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਸਿੱਖ ਬੰਦੀਆਂ ਦੀ ਰਿਹਾਈ ਬਾਰੇ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਸੀ ਪਰ ਹੁਣ ਸਿੱਖ ਬੰਦੀਆਂ ਦੀ ਰਿਹਾਈ ਦੀ ਪ੍ਰਕਿਰਿਆ ਦੀ ਗਤੀ ਸੁਸਤ ਹੋ ਗਈ ਹੈ। ਹਾਲੇ ਤੱਕ ਸਿਰਫ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਅਤੇ ਕਰਨਾਟਕ ਦੀ ਜੇਲ੍ਹ ਤੋਂ ਗੁਰਦੀਪ ਸਿੰਘ ਖਹਿਰਾ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਹੈ ਪਰ ਇਨ੍ਹਾਂ ਦੀ ਪੈਰੋਲ ’ਤੇ ਰਿਹਾਈ ਦਾ ਕੰਮ ਸੁਸਤ ਗਤੀ ਵਿੱਚ ਚੱਲ ਰਿਹਾ ਹੈ।
ਭੁੱਲਰ ਦੀ ਪੈਰੋਲ ’ਤੇ ਰਿਹਾੲੀ ਦੀ ਪ੍ਰਕਿਰਿਅਾ ਸਿਹਤ ਠੀਕ ਹੋਣ ਤੋਂ ਬਾਅਦ ਕੀਤੀ ਜਾਵੇਗੀ ਸ਼ੁਰੂ: ਨਵਨੀਤ ਕੌਰ
ਦਵਿੰਦਰਪਾਲ ਸਿੰਘ ਭੁੱਲਰ ਦੀ ਪਤਨੀ ਨਵਨੀਤ ਕੌਰ ਨੇ ਆਖਿਆ ਕਿ ਉਸਦੀ ਪੈਰੋਲ ’ਤੇ ਰਿਹਾਈ ਦੀ ਪ੍ਰਕਿਰਿਆ ਨੂੰ ਉਸਦੀ ਸਿਹਤ ਠੀਕ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਉਸਨੂੰ ਫਿਲਹਾਲ ਹੋਰ ਵਧੇਰੇ ਇਲਾਜ ਦੀ ਲੋੜ ਹੈ। ਬਟਾਲਾ ਅਤੇ ਗਾਜ਼ੀਆਬਾਦ ਨਾਲ ਸਬੰਧਤ ਦੋ ਵੱਖ ਵੱਖ ਕੇਸਾਂ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਵੀ ਕਾਰਵਾਈ ਚੱਲ ਰਹੀ ਹੈ। ਭੁੱਲਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਨਸ਼ਾ ਛੁਡਾੳੂ ਕੇਂਦਰ ਦੀ ਮਨੋਰੋਗ ਵਾਰਡ ਤੋਂ ਡਾ. ਵਿਦਿਆ ਸਾਗਰ ਮਨੋਰੋਗ ਹਸਪਤਾਲ ਵਿੱਚ ਤਬਦੀਲ ਕੀਤੇ ਜਾਣ ਦੀ ਸਿਫਾਰਸ਼ ਬਾਰੇ ਉਨ੍ਹਾਂ ਆਖਿਆ ਕਿ ਫਿਲਹਾਲ ਉਸਨੂੰ ਇਸੇ ਵਾਰਡ ਵਿੱਚ ਹੀ ਰੱਖਣਾ ਚਾਹੀਦਾ ਹੈ ਕਿਉਂਕਿ ਮਨੋਰੋਗ ਤੋਂ ਇਲਾਵਾ ਵੀ ਕਈ ਹੋਰ ਰੋਗ ਹਨ, ਜਿਨ੍ਹਾਂ ਦੇ ਇਲਾਜ ਦੀ ਲੋੜ ਹੈ, ਜੋ ਇਥੇ ਬੇਹਤਰ ਹੋ ਸਕਦਾ ਹੈ। ਉਂਜ ਵੀ ਪਰਿਵਾਰਕ ਮੈਂਬਰਾਂ ਲਈ ਇਸ ਇਲਾਜ ਕੇਂਦਰ ’ਤੇ ਆਉਣਾ ਸੌਖਾਲਾ ਹੈ।
ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੁਣ ਹੋਰ ਤੇਜ਼ ਹੋਵੇਗਾ ਸਿੱਖ ਬੰਦੀਆਂ ਦੀ ਰਹਾਈ ਲਈ ਸੰਘਰਸ਼
Page Visitors: 2374