ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
# - = ਧੂਤੇ !! = - #
# - = ਧੂਤੇ !! = - #
Page Visitors: 2482

#   -   =   ਧੂਤੇ !!   =   -   #

ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ ।
ਮੂਰਖਤਾ ਬਲਬੂਤੇ ਜਿਹੜੇ ,
ਖੁਦ ਨੂੰ ਸਿੱਖ ਸਦਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਗੁਰੂਆਂ ਨੀਵਾਂ ਰਹਿਣਾ ਦੱਸਿਆ ,
ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ ,
ਪਰ ਜੋ ਅੱਗ ਵਰਾਂਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਬਾਣੀ ਛੱਡ ਕੇ ਬਾਣਾ ਫੜਿਆ ,
ਪੂਜਾ, ਹਵਨ ਕਰਾਣਾ ਫੜਿਆ ।
ਸੰਗਤ ਨੂੰ ਭੜਕਾਣਾ ਫੜਿਆ ,
ਪਾਧੇ ਕੀਆਂ ਪੁਗਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਬਾਣੀ, ਵਾਂਗ ਮੰਤਰਾਂ ਪੜ੍ਹਦੇ ,
ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ ,
ਛਿੱਕਲੀ-ਲੜੀਆਂ ਲਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਜਦ ਤੋਂ ਗਿਆਨ-ਯੁੱਗ ਹੈ ਆਇਆ ,
ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ ,
ਜਿਸਤੋਂ ਰਹੇ ਡਰਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਦੇਖੇ ਗੁਰੂ-ਦੁਆਰੇ ਜਾਕੇ ,
ਅਕਲਾਂ ਜੋੜਿਆਂ ਵਿੱਚ ਛੁਪਾਕੇ ।
ਗਿਆਨ-ਗੁਰੂ ਦੀ ਜੋਤ ਭੁਲਾਕੇ ,
ਘਿਓ ਦੀ ਜੋਤ ਜਗਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਜਿੱਥੇ ਪੈਰ ਸਾਫ ਨੇ ਕਰਦੇ ,
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ ,
ਸ਼ਰਧਾ ਅਜਬ ਦਿਖਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।

ਗੁਰੂਆਂ ਜਾਤ-ਪਾਤ ਮਿਟਾਈ ,
ਇਨ੍ਹਾਂ ਮੁੜਕੇ ਗਲ਼ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ ,
ਛੂਆ-ਛਾਤ ਵਧਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਗੁਰੂਆਂ ਔਰਤ ਸੀ ਸਤਿਕਾਰੀ ,
ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ ,
ਜੋ ਤਿਓਹਾਰ ਮਨਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਦਸਮੇ ਗੁਰਾਂ ਵੱਲ ਪਿੱਠ ਕਰਕੇ ,
ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ ,
ਬਿਪਰੀ ਨਾਟ ਪੜਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਸਮਝਣ ਗੁਰੂ ਗ੍ਰੰਥ ਅਧੂਰਾ ,
ਜੋੜ ਬਚਿੱਤਰ ਕਰਦੇ ਪੂਰਾ ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ ,
ਸਿੱਖੀ ਧ੍ਰੋਹ ਕਮਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਬਾਹਰੋਂ ਮਜਹਬ ਧਾਰ ਤਾਂ ਲੀਤਾ ,
ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ ,
ਕੇਵਲ ਰੀਤ ਨਿਭਾਉਂਦੇ ਨੇ ।

ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।


ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.