ਕਵਿਤਾਵਾਂ
ਤਖਤੇ ਲਾਇਕ ਆਗੂ, ਤਖਤ ਬਿਠਾਏ ਲੋਕਾਂ ਨੇ
Page Visitors: 2785
ਤਖਤੇ ਲਾਇਕ ਆਗੂ, ਤਖਤ ਬਿਠਾਏ ਲੋਕਾਂ ਨੇ
ਤਖਤੇ ਲਾਇਕ ਤਖਤ ਬਿਠਾਏ ਲੋਕਾਂ ਨੇ
ਪੰਜਾਬ ਚੂਸਿਆ ਲਹੂ ਪੀਣੀਆਂ ਜੋਕਾਂ ਨੇ
ਲੇਬਲ ਵੀ ਓਹੀ ਤੇ ਬੰਦੇ ਓਹੋ ਹਨ
ਬੋਹਲ ਦੀ ਰਾਖੀ ਮਲ੍ਹ ਲਈ ਹੈ ਬੋਕਾਂ ਨੇ
ਕਿਰਤੀ ਮਾਤ੍ਹੜ ਦੇ ਰਾਜ ਦਾ ਮੌਕਾ ਸੀ
ਵੋਟਰ ਹੀ ਪਰ ਮਾਰ ਗਏ ਹੁਣ ਮੋਕਾਂ ਨੇ
ਲੁੱਟਿਆ ਜਾਊ ਬਾਕੀ ਬਚਦਾ ਘਰ ਤੇਰਾ
ਪਹਿਰੇ ਤੇ ਜੋ ਲੱਗੀਆਂ ਹੋਈਆਂ ਝੋਕਾਂ ਨੇ
ਰੜਕ ਚੁਰਾਸੀ ਦੀ ਸੀਨੇ ਫਿਰ ਰੜਕੀ ਹੈ
ਨਹਿਰੂ ਖਾਨਦਾਨ ਨੂੰ ਨਾ ਕੋਈ ਰੋਕਾਂ ਨੇ
ਅੰਮ੍ਰਿਤ ਵਰਗੇ ਦਰਿਆਵਾਂ ਦੇ ਪਾਣੀ ਥਾਂ
ਵੁਕਤ ਬੜੀ ਵਧਾਈ ਪੈਪਸੀ ਕੋਕਾਂ ਨੇ
ਦੋਹਰੀ ਲੁੱਟ ਮੰਡੀ ਦੀ ਮਾਰੂ ਫਸਲਾਂ ਨੂੰ
ਰਹਿੰਦੀ ਬਾਕੀ ਚਰ ਜਾਣੀ ਹੈ ਗੋਕਾਂ ਨੇ
ਕੈਂਸਰ ਤੇ ਖੁਦਕੁਸ਼ੀਆਂ ਵਾਲੇ ਦੇਸ਼ ਮੇਰੇ
ਜਸ਼ਨ ਦੇਖ ਕੇ ਚੀਕ ਮਾਰੀ ਹੈ ਸ਼ੋਕਾਂ ਨੇ
ਜ਼ਾਹਰ ਹੈ ‘ਢੇਸੀ’ ਕਿ ਦੋ ਸਰਕਾਰਾਂ ਤੋਂ
ਪ੍ਰਚੂਨ ਮਿਲੀ ਪੰਜਾਬ ਨੂੰ ਓਧਰ ਥੋਕਾਂ ਨੇ
ਕੁਲਵੰਤ ਸਿੰਘ ਢੇਸੀ