ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਵਿਕਾਸ-ਹਨੇਰੀ ! ! !
ਵਿਕਾਸ-ਹਨੇਰੀ ! ! !
Page Visitors: 2524

ਵਿਕਾਸ-ਹਨੇਰੀ ! ! !
ਜਦ ਤੋਂ ਓਥੇ ਪਰਵਾਸੀ ਅਖਵਾਇਆ ਹੈ ,
ਸੌਖਾ ਕੰਮ ਵੀ ਔਖਾ ਬਣਕੇ ਆਇਆ ਹੈ ।
ਜਿਸ ਵੀ ਦਫਤਰ ਜਿਸ ਵੀ ਕੰਮ ਲਈ ਜਾਂਦਾ ਸੀ,
ਕਰਮਚਾਰੀਆਂ ਬਿਨ ਦੇਖੇ ਟਰਕਾਇਆ ਹੈ ।
ਦੂਜੇ ਦਾ ਹੱਕ ਖਾਣਾ ਕਿੰਝ ਹਰਾਮ ਕਹੂ,
ਜਿਸਨੇ ਛੱਡ ਕਤਾਰ ਜੁਗਾੜ ਲਗਾਇਆ ਹੈ ।
ਆਪਣੀ ਵਾਰੀ ਕਾਹਤੋਂ ਕੋਈ ਉਡੀਕੇਗਾ,
‘ਧੁਸ-ਦੇਣਾ’ ਹੀ ਜੇਕਰ ਗਿਆ ਸਿਖਾਇਆ ਹੈ ।
ਇਮਾਨਦਾਰੀ ਦੇ ਪੜ੍ਹੇ ਪਾਠ ਸਭ ਰੁਲ਼ ਜਾਂਦੇ,
ਹੇਰ-ਫੇਰ ਹੀ ਜਾਵੇ ਜਦ ਵਡਿਆਇਆ ਹੈ ।
ਜੋ-ਜੋ ਕੰਮ ਲਈ ਛੁੱਟੀਆਂ ਲੈਕੇ ਪੁੱਜਾ ਸੀ,
ਅਗਲਿਆਂ ਮਿਥਕੇ ਛੁੱਟੀਓਂ ਕੰਮ ਵਧਾਇਆ ਹੈ ।
‘ਮਾਫ ਕਰੀਂ’ ਜਾਂ ‘ਧੰਨਵਾਦ’ ਜੇ ਕਹਿ ਬੈਠਾ,
ਅਗਲੇ ਸਮਝਣ ਮੂਰਖ ਦਾ ਹਮਸਾਇਆ ਹੈ ।
ਹਰ ਕੋਈ ਸੋਚੇ ਪੱਕਾ ਮੱਥਾ ਟੇਕ ਦਿਆਂ,
ਜਦ ਵੀ ਮੱਥਾ ਬੇ-ਮੱਥਿਆਂ ਸੰਗ ਲਾਇਆ ਹੈ ।
ਰਸਾਇਣਾਂ ਬਾਝੌਂ ਅੰਨ ਵੀ ਉੱਗਣਾਂ ਛੱਡ ਦਿੱਤਾ,
ਪੌਣ-ਪਾਣੀ ਵੀ ਫਿਰਦਾ ਅੱਜ ਕੁਮਲਾਇਆ ਹੈ ।
ਜਹਿਰੀ ਵਾਤਾਵਰਣ ਨੇ ਸਭ ਹੜੱਪ ਜਾਣਾ,
ਚਿੜੀਆਂ ਮੁੱਕਣ ਲੱਗੀਆਂ ਬਿਗਲ ਬਜਾਇਆ ਹੈ ।
ਸਾਰੀਆਂ ਛੁੱਟੀਆਂ ਦੋ-ਤਿੰਨ ਕੰਮਾਂ ਵਿੱਚ ਗੁਆ,
ਥੱਕ-ਟੁੱਟ ਕੇ ਜਦ ਘਰ ਆ ਟੀ ਵੀ ਲਾਇਆ ਹੈ

ਵਿਕਾਸ ਹਨੇਰੀ ਦਾ ਕੋਈ ਏਥੇ ਸਾਨੀ ਨਹੀਂ,
ਨੇਤਾ ਜੀ ਨੇ ਖਬਰਾਂ ਵਿੱਚ ਫੁਰਮਾਇਆ ਹੈ

ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ),
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.