ਵਹਿ ਗਏ ਨੇ ਆਲ੍ਹਣੇ
ਵਹਿ ਗਏ ਨੇ ਆਲ੍ਹਣੇ ਤੇ ਸਬਰ ਧਾਹੀਂ ਰੋ ਪਿਆ
ਵਾਦੀਏ ਕਸ਼ਮੀਰ ਜੰਨਤ ਤੋਂ ਜਹੰਨਮ ਹੋ ਗਿਆ
ਰੱਬ ਤਾਂ ਹੈ ਰਹਿਮਤੀ ਤੇ ਪਾਲਦਾ ਹੈ ਜਗਤ ਨੂੰ
ਕਹਿਰਵਾਨ ਕਿਓਂ ਹੋ ਗਿਆ ਜੋ ਕਰੇਂਦਾ ਸੀ ਦਇਆ
ਕਦੀ ਕਦੀ ਉਹਦੇ ਮੂਡ ਦਾ ਕੁਝ ਪਤਾ ਲੱਗਦਾ ਨਹੀਂ
ਜੇ ਮੌਲਾ ਨੇ ਵਰਸਣਾਂ ਸੀ, ਮਾਰੂਥਲ ‘ਤੇ ਵਰਸਦਾ
ਡੋਲ ਗਏ ਨੇ ਧਰਮ ਹੋਈ ਸਬਰ ਦੀ ਵੀ ਇੰਤਹਾ
ਸਬਰ ਭਾਵੇਂ ਦੇਖਿਆ ਸੀ ਵਰਤ ਤੇ ਰੋਜ਼ੇ ਜਿਹਾ
ਕਲ੍ਹ ਤਕ ਭਗਵਾਨ, ਅੱਲਾ, ਵਾਹਿਗੁਰੂ ਜੀ ਵੱਖ ਸਨ
ਅੱਜ ਸਾਰੇ ਆਖਦੇ ਨੇ ਇੱਕੋ ਦੀ ਹੀ ਹੈ ਰਜ਼ਾ
ਬਚਪਨੇ ਦੀਆਂ ਲੋਰੀਆਂ ਤੋਂ ਮੌਤ ਦੇ ਵੈਣਾਂ ਤਾਂਈਂ
ਜੰਗ ਦੇ ਅਮਲਾਂ ਨੇ ਸਾਂਝਾਂ ਉੱਤੇ ਪਾਣੀ ਫੇਰ ਤਾ
ਗਰੀਬ ਦੋਵੇਂ ਦੇਸ਼ ਨੇ ਤੇ ਰਾਹਤ ਲਈ ਹੈ ਲਿਲਕੜੀ
ਨਿਉਕਲਿਆਈ ਬਜਟ ਭਾਵੇਂ ਲੱਖਾਂ ਹੋਵੇ ਖਰਬ ਦਾ
ਉਮਰ ਦੀ ਕੀਤੀ ਕਰਾਈ ਤੇ ਇਵੇਂ ਪਾਣੀ ਫਿਰੇ
ਮਾਲਕਾਂ ਦੇ ਪੱਲੇ ਵੀ ਤਾਂ ਰਹਿ ਜਾਂਦੀ ਹੈ ਦਾਸਤਾ
ਗਰੀਬ ਦੀ ਦੁਨੀਆਂ’ਤੇ ਤਾਂ ਨਿੱਤ ਸੁਨਾਮੀ ਖੌਲਦੀ
ਨਿੱਤ ਹੀ ਆਸਾਂ ਡੁੱਬਦੀਆਂ ਤੇ ਕਿਸੇ ਦੀ ਜਾਣੇ ਬਲਾ
‘ਢੇਸੀ’ ਜਏ ਪਰਵਾਸੀਏ ਲਈ ਹਿੰਦ ਹੋਵੇ ਜਾਂ ਪਾਕ ਹੀ
ਦੋਵੇਂ ਭੁੱਖੇ ਦੇਸ਼ਾਂ ਲਈ ਹੈ ਸਰਬਸਾਂਝੀ ਇੱਕ ਦੁਆ
ਕੁਲਵੰਤ ਸਿੰਘ ‘ਢੇਸੀ’