ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਰੱਬ ਕਿਤੇ ਸੱਤਵੇਂ ਆਸਮਾਨ ਵਿੱਚ ਕਚਿਹਰੀ ਲਗਾਈ ਬੈਠਾ ਹੈ ?
ਰੱਬ ਕਿਤੇ ਸੱਤਵੇਂ ਆਸਮਾਨ ਵਿੱਚ ਕਚਿਹਰੀ ਲਗਾਈ ਬੈਠਾ ਹੈ ?
Page Visitors: 2586

ਰੱਬ ਕਿਤੇ ਸੱਤਵੇਂ ਆਸਮਾਨ ਵਿੱਚ ਕਚਿਹਰੀ ਲਗਾਈ ਬੈਠਾ ਹੈ ?
ਚਮਕੌਰ ਸਿੰਘ ਜੀ! ਜਿਹੜੇ ਅਕਲੋਂ ਖਾਲੀ ਹਨ, ਜਿਹੜੇ ਰੱਬ ਨੂੰ ਕਿਤੇ ਸੱਤਵੇਂ ਅਸਮਾਨ ਜਾਂ ਅੱਧ ਅਸਮਾਨ ਵਿੱਚ ਮੰਨਦੇ ਹਨ ਉਹਨਾਂ ਨੂੰ ਤੁਸੀਂ ਕੁਝ ਸਮਝਾਵੋ ਜਾਂ ਨਾ, ਇਹ ਤੁਹਾਡਾ ਆਪਣਾ ਮਸਲਾ ਹੈ।ਮੈਂ ਕਿਤੇ ਨਹੀਂ ਲਿਖਿਆ ਕਿ ਰੱਬ ਕਿਤੇ ਸੱਤਵੇਂ ਆਸਮਾਨ ਵਿੱਚ ਕਚਿਹਰੀ ਲਗਾਈ ਬੈਠਾ ਹੈ।ਜੇ ਲਿਖਿਆ ਹੈ ਤਾਂ ਦਿਖਾ ਦਿਉ ਕਿਥੇ ਲਿਖਿਆ ਹੈ? ਜੇ ਤੁਸੀਂ ਸਬੂਤ ਪੇਸ਼ ਨਹੀਂ ਕਰ ਸਕਦੇ ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਕਲੋਂ ਖਾਲੀ ਵਾਲੀ ਗੱਲ ਕਿਸ ਤੇ ਢੁਕਦੀ ਹੈ।
 “ਚਮਕੌਰ ਸਿੰਘ ਜੀ! ਤੁਹਾਡੇ ਮੁਤਾਬਕ ਪ੍ਰਭੂ ਹਿਰਦੇ ਵਿੱਚ ਵਸਿਆ ਹੈ ਇਸ ਲਈ ਉਸਦੀ ਕਚਿਹਰੀ ਵੀ ਹਿਰਦੇ ਵਿੱਚ ਹੈ। ਗੁਰਬਾਣੀ ਫੁਰਮਾਨ ਹੈ--
 ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥ (ਪੰਨਾ 45)”
 ਚਮਕੌਰ ਸਿੰਘ ਜੀ! ਜਾ ਕੈ ਹਿਰਦੈ ਵਸਿਆ ਦੀ ਗੱਲ ਕਹੀ ਗਈ ਹੈ ਤਾਂ ਕੀ ਕੋਈ ਐਸਾ ਵੀ ਮਨੁੱਖ ਹੈ ਜਿਸ ਦੇ ਹਿਰਦੇ ਵਿੱਚ ਹਰਿ ਨਹੀਂ ਹੈ?
 ਜਾ ਕੈ ਹਿਰਦੈ ਵਸਿਆ ਹਰਿ ਸੋਈ ॥
 ਗੁਰਮੁਖਿ ਭਗਤਿ ਪਰਾਪਤਿ ਹੋਈ
॥ (154)’
 ਜਾ ਕੈ ਹਿਰਦੈ ਦੀ ਗੱਲ ਕਹੀ ਗਈ ਹੈ, ਤਾਂ ਕੀ ਕੋਈ ਐਸਾ ਵੀ ਹੈ ਜਿਸ ਦੇ ਹਿਰਦੈ ਵਿੱਚ ਹਰਿ ਨਹੀਂ ਹੈ?
 ਜਾ ਕੈ ਹਿਰਦੈ ਠਾਕੁਰੁ ਹੋਇ ॥
 ਤਾ ਕਉ ਸਹਸਾ ਨਾਹੀ ਕੋਇ
॥੨॥ (188)
 ਜਾ ਕੈ ਹਿਰਦੈ ਠਾਕੁਰ ਦੀ ਗੱਲ ਕਹੀ ਗਈ ਹੈ, ਤਾਂ ਕੀ ਕੋਈ ਐਸਾ ਵੀ ਹੈ ਜਿਸ ਦੇ ਹਿਰਦੈ ਵਿੱਚ ਠਾਕੁਰ ਨਹੀਂ ਹੈ?
 ਜਾ ਹਿਰਦੈ ਵਸਿਆ ਸਚੁ ਸੋਇ ॥
 ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥
 ਹੁਕਮੁ ਪਛਾਣੈ ਬੂਝੈ ਸਚੁ ਸੋਇ
॥੪॥ (232)
 ਜਾ ਹਿਰਦੈ ਵਸਿਆ ਸਚੁ ਸੋਇ ਦੀ ਗੱਲ ਕਹੀ ਗਈ ਹੈ, ਤਾਂ ਕੀ ਕੋਈ ਐਸਾ ਵੀ ਹੈ ਜਿਸ ਹਿਰਦੈ ਵਿੱਚ ਸੱਚ ਸੋਇ ਨਹੀਂ ਹੈ? ਚਮਕੌਰ ਸਿੰਘ ਜੀ! ਇਹਨਾਂ ਤੁਕਾਂ ਵਿੱਚ ਜਾ ਕੇ ਹਿਰਦੇ ਵਸਿਆ ਦੀ ਗੱਲ ਕਹੀ ਗਈ ਹੈ। ਇਸ ਦਾ ਮਤਲਬ ਕੁਝ ਐਸੇ ਵੀ ਹਿਰਦੇ ਹਨ, ਜਿਥੇ ਹਰਿ ਪ੍ਰਭੂ ਨਹੀਂ ਵਸਿਆ। ਤਾਂ ਫੇਰ ਜਿਥੇ ਉਹ ਨਹੀਂ ਵਸਿਆ ਹੋਇਆ ਉਹਨਾਂ ਲਈ ਪ੍ਰਭੂ ਦੀ ਕਚਿਹਰੀ ਕਿੱਥੇ ਲੱਗਦੀ ਹੈ? ਗੁਰਬਾਣੀ ਫੁਰਮਾਨ ਹੈ:-
 ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ (528)
 ਜਿਹਨਾਂ ਦੇ ਹਿਰਦੇ ਹਰਿ ਸੁਆਮੀ ਨਹੀਂ ਹੈ ਉਹਨਾਂ ਦੇ ਲਈ ਪ੍ਰਭੂ ਦੀ ਕਚਿਹਰੀ ਕਿੱਥੇ ਲੱਗਦੀ ਹੈ?
 ਮੁਖ ਤੇ ਪੜਤਾ ਟੀਕਾ ਸਹਿਤ ॥
 ਹਿਰਦੈ ਰਾਮੁ ਨਹੀ ਪੂਰਨ ਰਹਤ
॥(887)
 ਜਿਹਨਾਂ ਹਿਰਦੇ ਰਾਮ ਨਹੀਂ ਦੀ ਗੱਲ ਕਹੀ ਗਈ ਹੈ ਤਾਂ ਫਿਰ ਇਸ ਤਰ੍ਹਾਂ ਮਨੁੱਖਾਂ ਲਈ ਪ੍ਰਭੂ ਦੀ ਕਚਿਹਰੀ ਕਿੱਥੇ ਲੱਗਦੀ ਹੈ? ਚਮਕੌਰ ਸਿੰਘ ਜੀ! ਅਮਰਜੀਤ ਸਿੰਘ ਚੰਦੀ ਜੀ ਨੇ ਉਦਾਹਰਣ ਪੇਸ਼ ਕੀਤੀ ਹੈ- ਨਾਨਕ ਸਚ ਦਾਤਾਰ ਸਿਨਾਖਤ ਕੁਦਰਤੀ॥ ਦੱਸ ਸਕਦੇ ਹੋ ਕਿ ਕੁਦਰਤ ਦਾ ਵੀ ਹਿਰਦਾ ਹੁੰਦਾ ਹੈ, ਜਿੱਥੇ ਪ੍ਰਭੂ ਵਸਿਆ ਹੈ ਅਤੇ ਕੁਦਰਤ ਦੇ ਉਸ ਹਿਰਦੇ ਵਿੱਚੋਂ ਪ੍ਰਭੂ ਦੀ ਸ਼ਿਨਾਖਤ ਹੁੰਦੀ ਹੈ?
 ਚਮਕੌਰ ਸਿੰਘ ਜੀ! ….ਉਹਨਾਂ ਦਾ ਸਤਿਕਾਰ ਅੱਜ ਵੀ ਏਸੇ ਦੁਨੀਆਂ ਵਿੱਚ ਬਣਿਆ ਹੋਇਆ ਹੈ ਤਾਂ ਇਹਨਾਂ ਪੰਗਤੀਆਂ ਦੇ ਅਰਥ ਸਮਝਾਵੋਗੇ—
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
 ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
 ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
 ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
 ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ
॥” ?
 ਚਮਕੌਰ ਸਿੰਘ ਜੀ! ਇਸ ਪਉੜੀ ਨੂੰ ਤੁਸੀਂ ਔਰੰਗਜੇਬ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਨਾਲ ਜੋੜ ਰਹੇ ਹੋ।ਤੁਕ ਵਿਚ ਲਫਜ਼ ਹਨ-
 “ਜੇ ਤਿਸੁ ਨਦਰਿ ਨ ਆਵਈ
 ਦੱਸ ਸਕਦੇ ਹੋ ਕਿ ਇਥੇ “ਤਿਸੁ” ਕੌਣ ਹੈ?
 ਚਮਕੌਰ ਸਿੰਘ ਜੀ! ਮੈਂ ਰੱਬ ਨੂੰ ਕਿਤੇ ਵੀ ਸੱਤਵੇਂ ਅਸਮਾਨ ਜਾਂ ਅੱਧ ਅਸਮਾਨ ਵਿੱਚ ਕਚਿਹਰੀ ਲਗਾਈ ਬੈਠਾ ਨਹੀਂ ਕਿਹਾ।ਜੇ ਕਿਤੇ ਲਿਖਿਆ ਹੈ ਤਾਂ ਦਿਖਾਵੋ ਕਿੱਥੇ ਲਿਖਿਆ ਹੈ? ਜੇ ਤੁਸੀਂ ਸਬੂਤ ਪੇਸ਼ ਨਹੀਂ ਕਰ ਸਕਦੇ ਤਾਂ ਤੁਸੀਂ ਝੂਠੇ ਇਲਜ਼ਾਮ ਲਗਾਉਣੇ ਬੰਦ ਕਰੋ। ਮੈਂ ਉਸ ਨੂੰ ਵਿਆਪਕ ਮੰਨਦਾ ਹਾਂ, ਇਸ ਤਰ੍ਹਾਂ ਉਸ ਦੀ ਕਚਿਹਰੀ ਵੀ ਵਿਆਪਕ ਹੈ, ਹਿਰਦੇ ਆਦਿ ਕਿਸੇ ਇੱਕ ਥਾਂ ਤੇ ਡੇਰਾ   ਲਗਾਈ ਨਹੀਂ ਬੈਠਾ।
 ਰੱਬ ਨੂੰ ਹਊਆ ਸਮਝਣ ਦੀ ਗੱਲ ਤੁਸੀਂ ਮੇਰੇ ਨਾਲ ਕਿਸ ਆਧਾਰ ਤੇ ਜੋੜੀ ਜਾਂਦੇ ਹੋ?
 ਕਿਹੜੀ ਲਕੀਰ ਦੇ ਫਕੀਰ ਵਾਲੀ ਗੱਲ ਮੈਂ ਕੀਤੀ ਹੈ?
 ਦੱਸੋ ਅੱਜ ਤੱਕ ਮੈਂ ਤਰਕ-ਰਹਿਤ ਕਿਹੜੀ ਗੱਲ ਕੀਤੀ ਹੈ?
 ਚਮਕੌਰ ਸਿੰਘ ਜੀ! ਤੁਸੀਂ ਅਕਲ ਤੋਂ ਖਾਲੀ ਵਾਲੀ ਗੱਲ ਕਰਕੇ ਜਿਆਦਤੀ ਕਰ ਰਹੇ ਹੋ, ਆਪਣੀ ਬੋਲਬਾਣੀ ਤੇ ਕਾਬੂ ਰੱਖਣ ਦੀ ਖੇਚਲ ਕਰੋ।
   ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.