ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਆਰਐੱਸਐੱਸ ਦੇ ਏਜੰਟਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ
ਆਰਐੱਸਐੱਸ ਦੇ ਏਜੰਟਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ
Page Visitors: 2591

ਆਰਐੱਸਐੱਸ ਦੇ ਏਜੰਟਾਂ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ
ਕਿਰਪਾਲ ਸਿੰਘ ਬਠਿੰਡਾ 98554-80797
ਇਹ ਬਿਲਕੁਲ ਠੀਕ ਹੈ ਕਿ ਸਿਆਸੀ ਪਾਰਟੀਆਂ ਦੀ ਸਿੱਖ ਸੰਸਥਾਵਾਂ ਵਿੱਚ ਵਧ ਰਹੀ ਦਖ਼ਲਅੰਦਾਜੀ ਸਿੱਖ ਧਰਮ ਦਾ ਬਹੁਤ ਨੁਕਸਾਨ ਕਰ ਰਹੀ ਹੈ ਪਰ ਇਹ ਵੀ ਧਿਆਨ ਰੱਖਣਯੋਗ ਗੱਲ ਹੈ ਕਿ ਆਰਐੱਸਐੱਸ ਦੀ ਵਧ ਰਹੀ ਦਖ਼ਲਅੰਦਾਜੀ ਸਿਆਸੀ ਪਾਰਟੀਆਂ ਨਾਲੋਂ ਵੀ ਕਿਤੇ ਵੱਧ ਖ਼ਤਰਨਾਕ ਹੈ। ਬਾਦਲ ਦਲ ਨੇ ਵੀ ਇਸੇ ਕਰਕੇ ਸਿੱਖ ਧਰਮ ਦਾ ਵੱਧ ਨੁਕਸਾਨ ਕੀਤਾ ਹੈ ਕਿਉਂਕਿ ਭਾਜਪਾ ਨਾਲ ਗੱਠਜੋੜ ਹੋਣ ਕਰਕੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਅਸਿੱਧੇ ਤੌਰ ’ਤੇ ਆਰਐੱਸਐੱਸ ਦੇ ਅਧੀਨ ਹੋ ਚੁੱਕਾ ਹੈ।
ਆਰਐੱਸਐੱਸ ਦਾ ਇੱਕੋ ਏਜੰਡਾ ਹੈ ਕਿ ਘੱਟ ਗਿਣਤੀਆਂ ਦੇ ਧਰਮ ਦੇ ਫ਼ਲਸਫੇ ਅਤੇ ਇਤਿਹਾਸ ਵਿੱਚ ਮਿਲਾਵਟ ਕਰਕੇ ਉਸ ਨੂੰ ਸਿਧਾਂਤਕ ਤੌਰ ’ਤੇ ਕਮਜੋਰ ਕਰਨਾ ਤੇ ਅੰਤ ਹਿੰਦੂ ਧਰਮ ਵਿੱਚ ਹੀ ਜਜ਼ਬ ਕਰ ਲੈਣਾ।
  ਇਸ ਟੀਚੇ ਨੂੰ ਸਰ ਕਰਨ ਲਈ ਆਰਐੱਸਐੱਸ ਨੇ ਸਿੱਖ ਇਤਿਹਾਸ ਹਿੰਦੀ ਦੀ ਪੁਸਤਕ ਅਤੇ ਗੁਰਬਿਲਾਸ ਛੇਵੀਂ ਦੀ ਮੁੜ ਸੰਪਾਦਨਾ ਕਰਵਾ ਕੇ ਸ਼੍ਰੋਮਣੀ ਕਮੇਟੀ ਤੋਂ ਹੀ ਛਪਵਾ ਕੇ ਵੰਡਵਾਉਣੀਆਂ ਸ਼ੁਰੂ ਕਰ ਦਿੱਤੀਆਂ, ਗੁਰਦੁਆਰਿਆਂ ਦੀਆਂ ਸਟੇਜਾਂ ਤੋਂ “ਇਕਾ ਬਾਣੀ ਇਕੁ ਗੁਰੁ  ਇਕੋ ਸਬਦੁ ਵੀਚਾਰਿ ॥”  ਦੇ ਪ੍ਰਚਾਰ ਦੀ ਥਾਂ ਸਿੱਖਾਂ ਵਿੱਚ ਦੁਬਿਧਾ ਪੈਦਾ ਕਰਨ ਲਈ ਬਚਿੱਤਰ ਨਾਟਕ ਦੀ ਰਚਨਾ ਤੇ ਹੋਰ ਕੱਚੀਆਂ ਸਾਖੀਆਂ ਵਾਲੇ ਇਤਿਹਾਸ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ “ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥”  ’ਤੇ ਅਮਲ ਕਰਦਿਆਂ;  ਥਿਤਾਂ ਵਾਰਾਂ ਵਿੱਚ ਉਲਝਾਉਣ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਸਿੱਖ ਕੌਮ ਵੱਲੋਂ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ ਅਕਾਲ ਤਖ਼ਤ ਰਾਹੀਂ ਕਤਲ ਕਰਵਾ ਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਵਾ ਦਿੱਤਾ। ਇਨ੍ਹਾਂ ਕੌਮ ਵਿਰੋਧੀ ਗਤੀਵਿਧੀਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਗੁਰਸਿੱਖ ਵਿਦਵਾਨਾਂ, ਪ੍ਰਚਾਰਕਾਂ ਤੇ ਪੰਥਕ ਜਥੇਬੰਦੀਆਂ ਦੀ ਆਵਾਜ਼ ਨੂੰ ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਦਬਾਇਆ ਜਾ ਰਿਹਾ ਹੈ।
ਸੂਝਵਾਨ ਸਿੱਖਾਂ ਦੇ ਮਨਾਂ ਵਿੱਚ ਇਹ ਸ਼ੰਕੇ ਉਪਜ ਰਹੇ ਹਨ ਕਿ ਆਰਐੱਸਐੱਸ ਦੇ ਮਨ ਵਿੱਚ ਇਸ ਵੇਲੇ ਇਹ ਖ਼ਿਆਲ ਬਣ ਚੁੱਕਾ ਹੈ ਉਨ੍ਹਾਂ ਦੇ ਹੱਥਾਂ ਦਾ ਸਭ ਤੋਂ ਵਧੀਆਂ ਹਥਿਆਰ ਬਣ ਚੁੱਕੇ ਅਕਾਲੀ ਦਲ ਬਾਦਲ ਦੀ ਸ਼ਾਖ਼ ਇਤਨੀ ਗਿਰ ਚੁੱਕੀ ਹੈ ਕਿ ਉਹ ਮੁੜ ਸ਼੍ਰੋਮਣੀ ਕਮੇਟੀ ’ਤੇ ਦਿੱਲੀ ਗੁਰਦੁਆਰਾ ਕਮੇਟੀ ’ਤੇ ਮੁੜ ਕਾਬਜ਼ ਨਹੀਂ ਹੋ ਸਕਦਾ; ਇਸ ਲਈ ਆਪਣਾ ਏਜੰਡਾ ਲਾਗੂ ਕਰਵਾਉਣ ਲਈ ਬਾਦਲ ਦੇ ਬਦਲ ਵਡਾਲਾ ਦੀ ਅਗਵਾਈ ਹੇਠ ਐਸੇ ਧੜੇ ਨੂੰ ਪਰਮੋਟ ਕਰ ਰਹੀ ਹੈ ਜਿਸ ਨੂੰ ਇਮਾਨਦਾਰ ਤੇ ਸਿਆਸਤ ਤੋਂ ਮੁਕਤ ਧਾਰਿਮਕ ਸਖ਼ਸ਼ੀਅਤ ਦੱਸ ਕੇ ਉਭਾਰਿਆ ਜਾਵੇ ਤੇ ਇਸ ਰਾਹੀਂ ਸਿੱਖਾਂ ਦੀਆਂ ਦੋ ਪ੍ਰਮੁੱਖ ਸਿੱਖ ਸੰਸਥਾਵਾਂ ’ਤੇ ਕਾਬਜ਼ ਰਿਹਾ ਜਾ ਸਕੇ।
   ਬਲਦੇਵ ਸਿੰਘ ਵਡਾਲਾ ਦੀਆਂ ਹਰਨਾਮ ਸਿੰਘ ਧੁੰਮੇ ਰਾਹੀਂ ਆਰਐੱਸਐੱਸ ਨਾਲ ਤਾਰਾਂ ਜੁੜੀਆਂ ਤਾਰਾਂ ਦੇ ਸੰਕੇਤ ਭਾਈ ਗੁਰਸੇਵਕ ਸਿੰਘ ਧੌਲਾ ਦੇ ਲੇਖ "ਵਡਾਲਾ ਗੁਰੱਪ" ਅਸਲ ਵਿੱਚ ਬਾਬਾ "ਧੁੰਮਾ ਗਰੁੱਪ" ਹੀ ਹੈ : ਤੋਂ ਮਿਲਦਾ ਹੈ। ਜਿਸ ਦਾ ਸਪਸ਼ਟੀਕਰਨ ਹਾਲੀ ਤੱਕ ਵਡਾਲਾ ਗਰੁੱਪ ਵੱਲੋਂ ਨਹੀਂ ਦਿੱਤਾ ਗਿਆ। ਵਡਾਲਾ ਦੇ ਹੁਣ ਤੱਕ ਦੇ ਪ੍ਰਚਾਰ ਤੋਂ ਵੀ ਇਹੀ ਸਿੱਧ ਹੁੰਦਾ ਹੈ ਕਿ ਉਹ ਬਚਿੱਤਰ ਨਾਟਕ ਦਾ ਵੱਡਾ ਸਮਰਥਕ ਹੈ। ਸੋ ਵੱਧ ਲੋੜ ਇਸ ਗੱਲ ਦੀ ਨਹੀਂ ਹੈ ਕਿ ਚੋਣਾਂ ਤੋਂ ਬਾਅਦ ਵਡਾਲਾ ਧੜਾ ਬਾਦਲ ਦਲ ਨਾਲ ਮਿਲਦਾ ਹੈ ਜਾਂ ਨਹੀਂ; ਸਗੋਂ ਇਹ ਵਿਸ਼ਵਾਸ਼ ਦਿਵਾਉਣ ਦੀ ਹੈ ਕਿ ਕੀ ਸਤਾ ’ਤੇ ਕਾਬਜ਼ ਹੋਣ ੳਪ੍ਰੰਤ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਏਗਾ? ਕੀ ਬਚਿੱਤਰ ਨਾਟਕ ਦੀ ਕਥਾ ਬੰਦ ਕਰਵਾ ਕੇ ਨਿਰੋਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਦਾ ਪ੍ਰਬੰਧ ਕਰੇਗਾ? ਕੀ ਮਿਲਾਵਟੀ ਸਿੱਖ ਇਤਿਹਾਸ ਨੂੰ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਸਵੱਟੀ ’ਤੇ ਪਰਖ਼ ਕੇ ਮੁੜ ਲਿਖਵਾਉਣ ਲਈ ਵਿਦਵਾਨਾਂ ਦੇ ਪੈੱਨਲ ਦਾ ਗੱਠਨ ਕਰੇਗਾ?
ਸਿੱਖ ਸੰਗਤਾਂ ਨੂੰ ਵੀ ਹੁਣ ਗੁਰੂ ਸਾਹਿਬ ਜੀ ਦੇ ਪਾਵਨ ਬਚਨ
ਅਬ ਮਨ  ਜਾਗਤ ਰਹੁ ਰੇ ਭਾਈ  ॥ ਗਾਫਲੁ ਹੋਇ ਕੈ ਜਨਮੁ ਗਵਾਇਓ   ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥”
ਤੋਂ ਬਿਬੇਕ ਬੁੱਧੀ ਰਾਹੀਂ ਸੇਧ ਲੈ ਕੇ ਐਸੇ ਕਿਸੇ ਵੀ ਗਰੁੱਪ ਨੂੰ ਸਿੱਖ ਸੰਸਥਾਵਾਂ ਤੋਂ ਦੂਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਦੀਆਂ ਤਾਰਾਂ ਆਰਐੱਸਐੱਸ ਜਾਂ ਉਸ ਦੇ ਏਜੰਟ ਹਰਨਾਮ ਸਿੰਘ ਧੁੰਮੇ ਨਾਲ ਜੁੜਦੀਆਂ ਹੋਣ।
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.