ਸ਼੍ਰੋਮਣੀ ਕਮੇਟੀ ਨੇ ਵੀ ਚੌਪਈ ਦੇ ਅਰਥ ਕਰਣ ਤੋ ਮੱਨੀਂ ਹਾਰ ।
ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਜੇੜ੍ਹੀ ਸ਼੍ਰੋਮਣੀ ਕਮੇਟੀ , ਧਰਮ ਪ੍ਰਚਾਰ ਲਈ ਅਖੌਤੀ ਵਿਦਵਾਨਾਂ ਨੂੰ ਲੱਖਾਂ ਕਰੋੜਾਂਂ ਰੁਪਈਏ ਗੁਰੂ ਘਰ ਦੀ ਗੋਲਕ ਵਿੱਚੋਂ ਤਨਖਾਹ ਵੰਡ ਦਿੰਦੀ ਹੈ । ਉਸ ਕੋਲ ਇਕ ਵੀ ਐਸਾ ਵਿਦਵਾਨ ਨਹੀ ਹੈ , ਜੇੜ੍ਹਾ ਸੋ ਦਰੁ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚ ਜਬਰਦਸਤੀ ਵਾੜੀ ਗਈ "ਕਬਿਉ ਬਾਚ ਬੇਨਤੀ ਚੌਪਈ " ਦੇ ਅਰਥ ਕਰ ਸਕੇ । ਅੱਜ ਮਿਤੀ 05 ਜੂਨ 2017 ਨੂੰ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ ਵੇਖਦਿਆਂ ਬੜੀ ਹੀ ਹੈਰਾਨਗੀ ਵਾਲੀ ਗੱਲ ਸਾਮ੍ਹਣੇ ਆਈ । ਸੋ ਦਰੁ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਅਤੇ ਹੇਠਾਂ ਸੋ ਦਰੁ ਸਾਹਿਬ ਜੀ ਦੀ ਬਾਣੀ ਦੇ ਅਰਥ ਲਿਖੇ ਹੋੲੇ ਆ ਰਹੇ ਸੀ । ਲੇਕਿਨ ਜਿਵੇਂ ਹੀ ਸੋਦਰੁ ਸਾਹਿਬ ਵਿੱਚ ਗੁਰਮਤਿ ਦੇ ਖਿਲਾਫ ਘੁਸੇੜੀ ਗਈ ਬਚਿੱਤਰ ਨਾਟਕ ਦੀ ਕੱਚੀ ਰਚਨਾਂ , ਚੌਪਈ ਦਾ ਪਾਠ ਸ਼ੁਰੂ ਹੋਇਆ । ਹੇਠਾਂ ਦਿੱਤੇ ਜਾ ਰਹੇ ਅਰਥ ਵੀ ਆਉਣੇ ਬੰਦ ਹੋ ਗਏ ।
ਇਸਤੋਂ ਇਹ ਸਾਬਿਤ ਹੋ ਗਿਆ ਹੈ ਕਿ ਜਿਸ ਚੌਪਈ ਦੇ ਅਰਥ ਪ੍ਰੋਫੇਸਰ ਸਾਹਿਬ ਸਿੰਘ ਜੀ ਨੇ ਵੀ ਕਰਣ ਤੋਂ ਪਾਸਾ ਵਟਿਆ ਅਤੇ ਕਈ ਵੇਬਸਾਈਟਾਂ ਵੀ ਅੱਜ ਤਕ ਚੌਪਈ ਦਾ ਅਨੁਵਾਦ ਨਹੀ ਕਰ ਸਕੀਆਂ , ਉਸ ਦਾ ਅਨੁਵਾਦ ਸ਼੍ਰੋਮਣੀ ਕਮੇਟੀ ਨੇ ਕੀ ਕਰਣਾਂ ਸੀ ? ਸ਼੍ਰੋਮਣੀ ਕਮੇਟੀ ਕੋਲ ਵੀ ਇਹੋ ਜਹਿਆ ਕੋਈ ਵਿਦਵਾਨ ਮੌਜੂਦ ਨਹੀ ਜੋ "ਕਵੀਆਂ ਦੀ ਬਾਚੀ ਚੌਪਈ" ਦੇ ਸਹੀ ਅਰਥ ਕਰ ਸਕੇ ।
ਸ਼੍ਰੋਮਣੀ ਕਮੇਟੀ ਨੇ ਲਾਈਵ ਟੈਲੀਕਾਸਟ ਵਿੱਚ ਗੁਰਬਾਣੀ ਦੇ ਅਰਥ ਲਿਖਣੇ ਸ਼ੁਰੂ ਕਰਕੇ ਅਪਣੀ ਹਾਲਤ "ਸੱਪ ਦੇ ਮੂੰਹ ਵਿੱਚ ਢੰਸੀ ਹੋਈ ਕੋੜ੍ਹ ਕਿਰਲੀ " ਵਾਲੀ ਕਰ ਲਈ ਹੈ । ਹੁਣ ਜੇ ਇਹ ਅਰਥ ਲਿਖਣੇ ਛੱਡ ਦੇੰਦੇ ਹਨ ਤਾਂ ਇਹ ਸਾਬਿਤ ਹੋ ਜਾਵੇਗਾ ਕਿ ਇਹ ਚੌਪਈ ਦੇ ਸਹੀ ਅਰਥ ਕਰਣ ਤੋਂ ਭੱਜ ਗਏ ਹਨ ਅਤੇ ਇਨ੍ਹਾਂ ਦੀ ਸਮਰੱਥਾ ਹੀ ਨਹੀ ਹੈ ਕਿ ਇਹ "ਕਵੀਆਂ ਦੀ ਬਾਚੀ ਚੌਪਈ" ਦੇ ਸਹੀ ਅਰਥ ਕਰ ਸਕਣ । ਅਤੇ ਜੇ ਇਹ ਚੌਪਈ ਦੇ ਸਹੀ ਅਰਥ ਕਰਕੇ ਲਿਖਦੇ ਹਨ ਤਾਂ , ਇਸ ਨਾਲ ਸ਼੍ਰੀ ਅਸਧੁਜ (ਸ਼੍ਰੀ ਅਸਿਧੁਜ ਜਬ ਭਏ ਦਯਾਲਾ) , ਮਹਾਕਾਲ (ਮਹਾਕਾਲ ਰਖਵਾਲ ਹਮਾਰੋ॥) ਅਤੇ ਖੜਗਕੇਤੁ ( ਖੜਗਕੇਤ ਮੈ ਸ਼ਰਨਿ ਤਿਹਾਰੀ ॥) ਵਰਗੇ ਅਨਮਤਿ ਦੇ ਦੇਵਤਿਆਂ ਦਾ ਸਾਰਾ ਪਾਜ ਖੁਲ ਜਾਂਣਾਂ ਹੈ , ਜੋ ਇੱਸੇ ਰਚਨਾਂ ਦੀਆਂ ਪਿਛਲੀਆਂ ਪੌੜ੍ਹੀਆਂ ਵਿੱਚ ਇਕ ਦੂਜੇ ਦੇ ਸਿਰ ਵਡ੍ਹ ਰਹੇ ਨੇ । ਜਿਨ੍ਹਾਂ ਕੋਲੋਂ ਸਿੱਖ ਆਪਣੇ ਨਿਤਨੇਮ ਵਿਚ ਲਿਲਕੀਆਂ ਲੈ ਲੈ ਕੇ ਅਪਣੀ ਰਖਿਆਂ ਕਰਣ ਦੀਆਂ ਜੋਦੜੀਆਂ ਕਰੀ ਜਾ ਰਹੇ ਨੇ । ਯੁੱਧ ਲੜਨ ਵਾਲਿਆਂ ਇਨ੍ਹਾਂ ਦੇਹਧਾਰੀ ਦੇਵਤਿਆਂ ਦਾ ਜੇ ਪਾਜ ਖੁਲ੍ਨ ਗਿਆ ਤਾਂ ਇਹ ਵਚਾਰੇ ਬਚਿੱਤਰੀਏ ਫਿਰ ਇਨ੍ਹਾਂ ਨੂੰ ਅਕਾਲਪੁਰਖ ਲਈ ਵਰਤਿਆਂ ਸ਼ਬਦ ਕਿਸ ਤਰ੍ਹਾਂ ਕਹਿਣਗੇ ? ਸਾਡੇ ਵਰਗੇ ਸਿੱਖ ਇਨ੍ਹਾਂ ਕੋਲੋਂ ਫਿਰ ਇਹ ਵੀ ਪੁਛਣ ਗੇ ਕਿ ਉਸ "ਜਗਮਾਤਾ" ਨਾਲ ਸਿੱਖਾਂ ਦਾ ਕੀ ਵਾਸਤਾ ਹੈ ਜਿਸ ਦੀ ਸਿੱਖਾਂ ਤੇ ਕਿਰਪਾ ਹੋ ਰਹੀ ਹੈ ? ( ਕ੍ਰਿਪਾ ਕਰੀ ਹਮ ਪਰ ਜਗਮਾਤਾ॥ )। ਤੇ ਜੇ ਇਸ ਜਗਮਾਤਾ ਦਾ ਕੋਈ ਰਿਸ਼ਤਾ ਸਿੱਖਾਂ ਨਾਲ ਹੈ , ਤਾਂ ਫਿਰ ਇਸ ਚੌਪਈ ਵਿਚੋ ਇਸ ਜਗਮਾਤਾ ਵਾਲੀਆਂ ਪਿਛਲੀਆਂ ਚਾਰ ਪੌੜ੍ਹੀਆਂ ਹਟਾ ਕਿਉ ਦਿੱਤੀ ਗਈਆਂ ਹਨ ?
ਅਰਥ ਲਿਖਣਾਂ ਸ਼ੁਰੂ ਕਰਕੇ , ਸ਼੍ਰੋਮਣੀ ਕਮੇਟੀ ਇਕ ਥਾਂ ਤੇ ਹੋਰ ਬਹੁਤ ਬੁਰੀ ਤਰ੍ਹਾਂ ਫੰਸ ਗਈ ਹੈ । ਲਾਈਵ ਟੈਲੀਕਾਸਟ ਵਿੱਚ "ਕਬਿਉ ਬਾਚ ਬੇਨਤੀ ਚੌਪਈ" ਦੀ ਸ਼ੁਰੂਵਾਤ 377 ਵੀਂ ਪੌੜ੍ਹੀ ਤੋਂ ਕੀਤੀ ਜਾ ਰਹੀ ਹੈ । ਲੇਕਿਨ ਇਨ੍ਹਾਂ ਦੇ ਛਾਪੇ ਹੋਏ ਨਿਤਨੇਮ ਦੇ ਗੁਟਕਿਆਂ ਵਿੱਚ ਇਸ ਦੀ ਸ਼ੁਰੂਵਾਤ ਪੌੜ੍ਹੀ ਨੰਬਰ 1 (ਇਕ) ਤੋਂ ਹੂੰਦੀ ਹੈ । ਕੌਮ ਨੂੰ ਹੁਣ ਇਹ ਕੀ ਜਵਾਬ ਦੇਣਗੇ ? ਕਿ ਅਸੀਂ ਗੁਟਕੇ ਗਲਤ ਛਾਪਦੇ ਰਹੇ ਹਾਂ ਅਤੇ ਲੋਕਾਂ ਨੂੰ ਕਈ ਦਹਾਕਿਆਂ ਤੋਂ ਗੁਮਰਾਹ ਕਰਦੇ ਰਹੇ ਹਾਂ ! ਜਾਂ ਲਾਈਵ ਟੈਲੀਕਾਸਟ ਵਿੱਚ ਚੌਪਈ ਦੇ ਨੰਬਰ ਗਲਤ ਲਿਖ ਰਹੇ ਹਾਂ ! ਮਾਮਲਾ ਬਹੁਤ ਸੰਗੀਨ ਹੈ । ਵੇਖੋ ! ਇਹ ਹੁਣ ਕੀ ਫੈਸਲਾ ਕਰਦੇ ਹਨ ! ਇੰਤਜਾਰ ਕਰੋ ! ਦੂਹਾਂ ਫੈਸਲਿਆਂ ਵਿੱਚ ਹੁਣ ਇਹ ਇਸ ਗੱਲ ਨੂੰ ਸਾਬਿਤ ਕਰ ਦੇਣਗੇ ਕਿ, ਸੋ ਦਰੁ ਸਾਹਿਬ ਜੀ ਦੀ ਨਿਰੋਲ ਬਾਣੀ ਵਿੱਚ ਇਸ ਕੱਚੀ ਬਾਣੀ ਦੀ ਘੁਸਪੈਠ, ਸਿੱਖ ਸਿਧਾਂਤਾਂ ਦਾ ਖੁੱਲਾ ਉਲੰਘਣ ਹੈ , ਜੋ ਸ਼੍ਰੋਮਣੀ ਕਮੇਟੀ ਅਤੇ ਸਕੱਤਰੇਤ ਜੂੰਡਲੀ ਦੀ ਨੱਕ ਹੇਠ ਕਈ ਦਹਾਕਿਆਂ ਤੋਂ ਕੀਤਾ ਜਾ ਰਿਹਾ ਹੈ ।
ੲੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਸ਼੍ਰੋਮਣੀ ਕਮੇਟੀ ਨੇ ਵੀ ਚੌਪਈ ਦੇ ਅਰਥ ਕਰਣ ਤੋ ਮੱਨੀਂ ਹਾਰ ।
Page Visitors: 2753