ਕੈਟੇਗਰੀ

ਤੁਹਾਡੀ ਰਾਇ

New Directory Entries


ਸਰਵਜੀਤ ਸਿੰਘ ਸੈਕਰਾਮੈਂਟੋ
ਪੈਂਚਕਾਂ ਦੇ ਵਹਿਮ ‘ਚ ਖੁਬਿਆ ਸਿੱਖ ਸਮਾਜ
ਪੈਂਚਕਾਂ ਦੇ ਵਹਿਮ ‘ਚ ਖੁਬਿਆ ਸਿੱਖ ਸਮਾਜ
Page Visitors: 403

ਪੈਂਚਕਾਂ ਦੇ ਵਹਿਮ ‘ਚ ਖੁਬਿਆ ਸਿੱਖ ਸਮਾਜ
 ਪਿਛਲੇ ਦਿਨੀਂ ਪੰਜਾਬ ਤੋਂ ਛਪਦੀ ਇੱਕ ਅਖ਼ਬਾਰ ਵਿਚ ਛੱਪੀ ਖ਼ਬਰ ਮੁਤਾਬਿਕ ਪਿੰਡ ਫ਼ਤਿਹਪੁਰ ਪਿੰਡੀ (ਧੌਲ਼ਾ) ਵਿਚ ਗੁਰਦਵਾਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਦਾ ਲੈਂਟਰ ਪਾਉਣ ਤੋਂ ਇਸ ਲਈ ਰੋਕ ਦਿੱਤਾ ਗਿਆ ਹੈ ਕਿ ਪੈਂਚਕਾਂਚੱਲ ਰਹੀਆਂ ਹਨ। ਗੁਰਦਵਾਰਾ, ਜਿੱਥੇ ਵਹਿਮਾਂ-ਭਰਮਾਂ ਦੇ ਖ਼ਿਲਾਫ਼ ਪ੍ਰਚਾਰ ਹੋਣਾ ਹੈ, ਉਸ ਦੀ ਬਣ ਰਹੀ ਇਮਾਰਤ ਦੀ ਛੱਤ ਪੈਂਚਕਾਂ ਵਿਚ ਨਹੀਂ ਪਾਈ ਗਈ। ਇਹ ਕਿਵੇਂ ਮੰਨ ਲਿਆ ਜਾਵੇ ਕਿ ਪ੍ਰਬੰਧਕਾਂ ਨੇ ਕਦੇ ਗੁਰਬਾਣੀ ਪੜ੍ਹੀ/ ਸਮਝੀ ਹੋਵੇਗੀ? ਨਹੀਂ! ਇਹ ਹੋ ਹੀ ਨਹੀਂ ਸਕਦਾ ਕਿ ਪ੍ਰਬੰਧਕਾਂ ਨੇ ਕਦੇ ਸ਼ਬਦ ਦੀ ਵਿਚਾਰ ਕੀਤੀ/ਸੁਣੀ ਹੋਵੇ। ਬਹੁਗਿਣਤੀ ਪ੍ਰਬੰਧਕ ਤਾਂ ਸਿਰਫ਼ ਇਮਾਰਤ ਬਣਾਉਣ, ਕੀਮਤੀ ਪੱਥਰ ਲਾਉਣ, ਨਿਸ਼ਾਨ ਸਾਹਿਬ ਨੂੰ ਹੋਰ ਉੱਚਾ ਕਰਨ ਅਤੇ ਚਾਰ-ਚਾਰ ਸਪੀਕਰ ਲਾਉਣ ਨੂੰ ਹੀ ਧਰਮ ਸਮਝ ਰਹੇ ਹਨ। ਗੁਰੂ ਸਾਹਿਬ ਤਾਂ ਗੁਰਬਾਣੀ ਵਿਚ ਫ਼ਰਮਾਉਂਦੇ ਹਨ ਕਿ-
ਥਿਤੀ ਵਾਰ ਸੇਵਹਿ ਮੁਗਧ ਗਾਵਾਰ॥
ਜਿਥੇ ਇਸ ਪਾਵਨ ਪੰਗਤੀ ਦੀ ਵਿਚਾਰ ਹੋਣੀ ਹੈ ਉਹ ਅਸਥਾਨ ਤਾਂ ਖ਼ੁਦ, ਪ੍ਰਬੰਧਕਾਂ ਦੀ ਬੇਅਕਲੀ ਕਾਰਨ ਪੈਂਚਕਾਂ ਦੇ ਮੱਕੜ ਜਾਲ ਵਿੱਚ ਉਲਝ ਗਿਆ ਹੈ। ਪੱਕੀ ਗੱਲ ਹੈ ਕਿ ਪ੍ਰਬੰਧਕਾਂ ਵਿੱਚੋਂ ਕਿਸੇ ਨੇ ਪੰਡਤ ਜੀ ਨੂੰ ਪੁੱਛਿਆ ਹੋਵੇਗਾ ਕਿ ਅਸੀਂ ਗੁਰਦਵਾਰੇ ਦੀ ਨਵੀਂ ਇਮਾਰਤ ਦਾ ਲੈਟਰ ਪਾਉਣਾ ਹੈ, ਪੱਤਰੀ ਵੇਖ ਕੇ ਦੱਸਿਓ ਕਿ ਕੀ ਹੁਕਮ ਹੈ? ਤਾਂ ਉਸ ਨੇ ਦੱਸਿਆ ਹੋਣਾ ਕਿ ਸੋਮਵਾਰ 7 ਮਾਰਚ ਨੂੰ 2 ਵੱਜ ਕੇ 51 ਮਿੰਟ  ਤੋਂ ਪੈਂਚਕਾਂ ਅਰੰਭ ਹੋਣਗੀਆਂ ਅਤੇ ਵੀਰਵਾਰ 10 ਮਾਰਚ ਨੂੰ 3 ਵੱਜ ਕੇ 42 ਮਿੰਟ ਤੇ ਖ਼ਤਮ ਹੋਣਗੀਆਂ, ਇਨ੍ਹਾਂ ਦਿਨਾਂ ਵਿਚ ਲੈਂਟਰ ਨਾ ਪਾਇਓ।
ਬਿਪਰ ਵੱਲੋਂ ਬੁਣੇ ਗਏ ਮੱਕੜ ਜਾਲ ਵਿਚ ਹਰ ਰੋਜ਼ ਦਾਨ ਪੁੰਨ ਕਰਨ ਦਾ ਵਿਧਾਨ ਹੈ। ਪੁੰਨਿਆ, ਮੱਸਿਆ, ਸੰਗਰਾਂਦ, ਵਰਤ, ਨਰਾਤੇ, ਸਰਾਧ ਆਦਿ ਅਨੇਕਾਂ ਹੀ ਦਿਨ ਅਜੇਹੇ ਹਨ, ਜਿਨ੍ਹਾਂ ਨਾਲ ਕੋਈ ਨਾ ਕੋਈ ਵਹਿਮ ਭਰਮ ਜੋੜ ਕੇ ਦਾਨ ਦੇਣ ਦਾ ਵਿਧਾਨ ਬਣਿਆ ਹੋਇਆ ਹੈ। ਭਾਰਤੀ ਸਮਾਜ ਵਿਚ ਹਰ ਕੰਮ ਅਰੰਭ ਕਰਨ ਤੋਂ ਪਹਿਲਾ ਕਿਸੇ ਸਿਆਣੇ ਨੂੰ ਪੁੱਛਣਾ ਵੀ ਜ਼ਰੂਰੀ ਸਮਝਿਆ ਜਾਂਦਾ ਸੀ/ਹੈ। ਅੱਗੋਂ ਦੱਸਣ ਵਾਲੇ ਦੀ ਮਰਜ਼ੀ, ਉਹ ਕੀ ਦੱਸਦਾ ਹੈ।  ਅੱਜ ਮੰਗਲ ਹੈ, ਅੱਜ ਸ਼ਨਿੱਚਰ ਹੈ, ਇਹ ਅਸ਼ੁੱਭ ਦਿਨ ਹਨ। ਇੱਥੇ ਹੀ ਵੱਸ ਨਹੀਂ, ਹਰ ਤੀਜੇ-ਚੌਥੇ ਸਾਲ ਇੱਕ ਪੂਰਾ ਮਹੀਨਾ ਹੀ ਅਸ਼ੁੱਭ ਕਰਾਰ ਦੇ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਹਰ ਮਹੀਨੇ 5 ਦਿਨ ਵੀ ਅਜੇਹੇ ਹੀ ਹਨ, ਜਿਨ੍ਹਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਕਹਿੰਦੇ ਹਨ ਪੈਂਚਕਾਂ। ਪੈਂਚਕਾਂ ਦੇ ਸਮੇਂ ਮੁਰਦੇ ਨੂੰ ਜਲਾਉਣਾ, ਮੰਜਾ-ਚਟਾਈ ਆਦਿ ਬੁਣਨਾ, ਦੱਖਣ ਦਿਸ਼ਾ ਦਾ ਸਫ਼ਰ ਅਤੇ ਮਕਾਨ-ਦੁਕਾਨ ਆਦਿ ਦੀ ਛੱਤ ਪਾਉਣ ਦੀ ਮਨਾਹੀ ਹੁੰਦੀ ਹੈ।
ਪੰਚਕ:ਸੰਗਯਾ ਔਰ ਪੰਜ ਦਾ ਸਮੂਹ। ਪੰਜ ਵਸਤਾਂ ਦਾ ਇਕੱਠ ।
੨ ਪੰਜ ਨਛੱਤਰਾਂ ਦਾ ਸਮੁਦਾਯਔਧਨਿਸ਼ਠਾ, ਸ਼ਤਭਿਖਾ, ਪੂਰਵਾਭਾਦ੍ਰਪਦ, ਉੱਤਰਾਭਾਦ੍ਰਪਦ ਅਤੇ ਰੇਵਤੀ, ਇਹ ਪੰਜ ਨਛੱਤਰ, ਜਿਨ੍ਹਾਂ ਵਿੱਚ ਕਿਸੇ ਕਾਰਜ ਦਾ ਕਰਨਾ, ਫਲਿਤਜਯੋਤਿਸ਼ ਅਨੁਸਾਰ ਵਰਜਿਤ ਹੈ। (ਮਹਾਨ ਕੋਸ਼)
ਜਿਵੇਂ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਪੰਜ ਦਾ ਸਮੂਹ ਹੈ। ਇਹ ਪੰਜ ਤਿੱਥਾਂ ਹਨ ਭਾਵ ਚੰਦ ਦੇ ਕਲੰਡਰ ਦੇ ਪੰਜ ਦਿਨ ਅਤੇ ਪੰਜ ਨਛੱਤਰ। ਚੰਦ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ। ਸੂਰਜੀ ਦਿਨਾਂ ਮੁਤਾਬਿਕ ਇਹ ਸਮਾਂ 29 ਦਿਨ 12 ਘੰਟੇ 44 ਮਿੰਟ 3 ਸੈਕੰਡ ਮੰਨਿਆ ਗਿਆ ਹੈ। ਪਰ ਇਸ ਸਮੇਂ ਵਿਚ ਚੰਦ ਦੀਆਂ 30 ਤਿੱਥਾਂ ਹੁੰਦੀਆਂ ਹਨ। ਭਾਵ ਇੱਕ ਤਿੱਥ 12 ਡਿਗਰੀ (30*12=360) ਦੇ ਬਰਾਬਰ  ਹੁੰਦੀ ਹੈ। ਚੰਦ ਦਾ ਧਰਤੀ ਤੋਂ ਫ਼ਾਸਲਾ ਵਧਦਾ-ਘਟਦਾ ਰਹਿੰਦਾ ਹੈ । 10 ਮਾਰਚ ਨੂੰ ਚੰਦ ਦੀ ਧਰਤੀ ਤੋਂ ਦੂਰੀ 359508 ਕਿੱਲੋਮੀਟਰ ਸੀ ਅਤੇ 25 ਮਾਰਚ ਨੂੰ 406123 ਕਿੱਲੋਮੀਟਰ ਹੋਵੇਗੀ।  ਚੰਦ ਜਦੋਂ ਧਰਤੀ ਦੇ ਨੇੜੇ ਹੁੰਦਾ ਹੈ ਉਦੋਂ 12 ਡਿਗਰੀ ਦਾ ਫ਼ਾਸਲਾ ਲਗਭਗ 20.30 ਘੰਟੇ ਵਿਚ ਪੂਰਾ ਕਰ ਲੈਂਦਾ ਹੈ ਪਰ ਜਦੋਂ ਧਰਤੀ ਤੋਂ ਦੂਰ ਹੁੰਦਾ ਹੈ, ਉਦੋਂ ਇਹ ਸਫ਼ਰ ਲਗਭਗ 26.30 ਘੰਟੇ ਵਿਚ ਪੂਰਾ ਹੁੰਦਾ ਹੈ।
ਨਛੱਤਰ: ਚੰਦ ਦੇ ਧਰਤੀ ਦੁਆਲੇ ਚੱਕਰ ਲਾਉਣ ਦੇ ਪੰਧ 'ਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ, ਇਨ੍ਹਾਂ ਨੂੰ ਨਛੱਤਰ ਕਹਿੰਦੇ ਹਨ। ਭਾਵ ਜਦੋਂ ਚੰਦ 13.33 ਡਿਗਰੀ (360/27=13.33333) ਸਫ਼ਰ ਤੈਅ ਕਰ ਲਏ ਤਾਂ ਇੱਕ ਨਛੱਤਰ ਗਿਣਿਆ ਜਾਂਦਾ ਹੈ। ਚੰਦ ਇੱਕ ਨਛੱਤਰ ਵਿਚ ਇੱਕ ਦਿਨ ਰਹਿੰਦਾ ਹੈ। ਇਸ ਹਿਸਾਬ ਨਾਲ ਚੰਦ ਧਰਤੀ ਦੁਆਲੇ 27 ਦਿਨ 7 ਘੰਟੇ 43 ਮਿੰਟ 11 ਸੈਕੰਡ 'ਚ ਚੱਕਰ ਪੂਰਾ ਕਰਦਾ ਹੈ। ਇਸੇ ਦੌਰਾਨ ਧਰਤੀ ਖ਼ੁਦ ਸੂਰਜ ਦੁਆਲੇ ਵੀ ਘੁੰਮਦੀ ਹੈ। ਧਰਤੀ ਇੱਕ ਮਹੀਨੇ 'ਚ (360/12=30) 30 ਡਿਗਰੀ ਦਾ ਸਫ਼ਰ ਤੈਅ ਕਰਦੀ ਹੈ। ਇਸ ਵਧੇ ਹੋਏ ਫ਼ਾਸਲੇ ਕਾਰਨ ਚੰਦ ਨੂੰ ਆਪਣਾ ਚੱਕਰ ਪੂਰਾ ਕਰਨ ਲਈ 29 ਦਿਨ 12 ਘੰਟੇ 44 ਮਿੰਟ 3 ਸੈਕੰਡ ਲਗਦੇ ਹਨ।
ਰਾਸ਼ੀ: ਭਾਵੇਂ ਸਚਾਈ ਇਹ ਹੈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਪਰ ਮੰਨ ਕੇ ਇਹ ਚੱਲਿਆ ਜਾਂਦਾ ਹੈ ਕਿ ਸੂਰਜ ਧਰਤੀ ਦੁਆਲੇ ਘੁੰਮਦਾ ਹੈ। ਸੂਰਜ ਦੇ ਪੰਧ ਵਿਚ ਤਾਰਿਆਂ ਦੇ 12 ਸਮੂਹ ਮੰਨੇ ਗਏ ਹਨ। ਇਨ੍ਹਾਂ ਨੂੰ ਰਾਸ਼ੀਆਂ ਕਿਹਾ ਜਾਂਦਾ ਹੈ। 12 ਰਾਸ਼ੀਆਂ ਇਹ ਹਨ; ਮੇਖ਼, ਬਿਰਖ, ਮਿਥੁਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਕਸ਼ਚਕ, ਧੁਨ, ਮਕਰ, ਕੁੰਭ, ਮੀਨ। ਸੂਰਜ ਜਦੋਂ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ।
ਸੰਗਰਾਂਦ ਲਫ਼ਜ਼ ਸੰਗਰਾਂਦ ਸੰਸਕ੍ਰਿਤ ਦੇ ਸਾਂਕ੍ਰਾਂਤ ਦਾ ਵਿਗਾੜ ਹੈ, ਇਸ ਦਾ ਅਰਥ ਹੈ 'ਸੂਰਜ ਦਾ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਲੰਘਣਾ'। (ਬੁਰਾਈ ਦਾ ਟਾਕਰਾ, ਪੰਨਾ 125)
ਕਰਤੇ ਦੇ ਨਿਯਮ ਮੁਤਾਬਿਕ ਚੰਦ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ ਤਾਂ ਨਛੱਤਰ ਅਤੇ ਰਾਸ਼ੀ ਦੋਵੇਂ ਹੀ ਇਸ ਦੇ ਪੰਧ ਵਿਚ ਆਉਂਦੇ ਹਨ। ਹੁਣ ਜਦੋਂ ਚੰਦ 25 ਤਿੱਥਾਂ (25*12=300 ਡਿਗਰੀ) ਅਤੇ 22 ਨਛੱਤਰਾਂ (22*13.33= 293.26 ਡਿਗਰੀ) ਦਾ ਸਫ਼ਰ ਤੈਅ ਕਰਕੇ ਗਿਆਰ੍ਹਵੀਂ ਰਾਸ਼ੀ (ਕੁੰਭ) ਵਿਚ ਦਾਖਲ ਹੁੰਦਾ ਹੈ ਤਾਂ ਪੈਂਚਕਾਂ ਅਰੰਭ ਹੁੰਦੀਆਂ ਹਨ। ਚੰਦ, ਜਦੋਂ ਦੋ ਰਾਸ਼ੀਆਂ (ਕੁੰਭ ਅਤੇ ਮੀਨ) ਭਾਵ 60 ਡਿਗਰੀ ਅਤੇ ਆਖ਼ਰੀ 5 ਨਛੱਤਰਾਂ (ਧਨਿਸ਼ਠਾ, ਸ਼ਤਭਿਖਾ, ਪੂਰਬਾਭਾਦ੍ਰਪਦ, ਉਤ੍ਰਾਭਾਦ੍ਰਪਦ ਅਤੇ ਰੇਵਤੀ ) ਦਾ ਸਫ਼ਰ ਤੈਅ ਕਰਕੇ ਮੇਖ਼ ਰਾਸ਼ੀ ਵਿਚ ਦਾਖਲ ਹੁੰਦਾ ਹੈ ਤਾਂ ਪੈਂਚਕਾਂ ਖ਼ਤਮ ਹੋ ਜਾਂਦਿਆਂ ਹਨ। ਪੈਂਚਕਾਂ ਸਾਲ ਵਿਚ ਬਾਰਾਂ ਵਾਰੀ ਆਉਂਦੀਆਂ ਹਨ। 3 ਅਪ੍ਰੈਲ ਐਤਵਾਰ ਤੋਂ ਪੈਂਚਕਾਂ ਫੇਰ ਅਰੰਭ ਹੋਣਗੀਆਂ ਅਤੇ ਵੀਰਵਾਰ 7 ਅਪ੍ਰੈਲ ਦੇਰ ਰਾਤ ਖ਼ਤਮ ਹੋਣਗੀਆਂ।
ਇਨਸਾਨ ਨੇ ਆਪਣੀ ਸਹੂਲਤ ਲਈ ਸਮੇਂ ਦੀ ਵੰਡ ਕੀਤੀ, ਆਪ ਹੀ ਤਾਰਿਆਂ ਦੇ ਨਾਮ ਰੱਖੇ, ਤਾਰਿਆਂ ਦੇ ਇੱਕ ਸਮੂਹ ਨੂੰ ਰਾਸ਼ੀਆਂ ਅਤੇ ਦੂਜੇ ਨੂੰ ਨਛੱਤਰਾਂ ਦਾ ਨਾਮ ਦਿੱਤਾ। ਆਪ ਹੀ ਉਨ੍ਹਾਂ ਤੋਂ ਡਰਨ ਜਾਂ ਦੂਜੇ ਨੂੰ ਡਰਾਉਣ ਲੱਗ ਪਿਆ। ਵਾਹ! ਇਸ ਨੂੰ ਬਿਪਰਵਾਦ ਕਹਿੰਦੇ ਹਨ। ਬਿਨਾ ਕਿਸੇ ਦਲੀਲ ਦੇ ਬਿਪਰ ਨੇ 60 ਦਿਨਾਂ ਨੂੰ ਅਸ਼ੁੱਭ ਦੱਸ ਕੇ ਆਪਣੇ ਤੋਰੀ-ਫੁਲਕੇ ਦਾ ਪ੍ਰਬੰਧ ਪੱਕਾ ਕਰ ਲਿਆ। ਗੁਰੂ ਸਾਹਿਬ ਨੇ ਅੱਜ ਤੋਂ ਪੰਜ ਸਦੀਆਂ ਪਹਿਲਾ ਵਿਪਰ ਦੀ ਲੁੱਟ ਨੀਤੀ ਦਾ ਖੰਡਨ ਕਰਕੇ, ਸਾਰੇ ਵਹਿਮਾਂ ਭਰਮਾ ਤੋਂ ਛੁਟਕਾਰਾ ਦਿਵਾ, ਸਾਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ ਸੀ। ਪਰ ਧਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ। ਲੱਖ ਲਾਹਨਤ ਹੈ ਅਜੇਹੇ ਪ੍ਰਬੰਧਕਾਂ ਦੇ।  ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ

ਕਾਸ਼! ਕਦੇ ਪ੍ਰਬੰਧਕਾਂ ਨੇ ਕਬੀਰ ਜੀ ਦੇ ਇਸ ਸ਼ਬਦ ਦੀ ਵਿਚਾਰ ਕੀਤੀ, ਪੜ੍ਹੀ ਜਾਂ ਸੁਣੀ ਹੁੰਦੀ ਤਾਂ ਅੱਜ ਸਾਨੂੰ ਇਹ ਖ਼ਬਰ ਪੜ੍ਹਨ ਨੂੰ ਨਾ ਮਿਲਦੀ। 
ਸਰਵਜੀਤ ਸਿੰਘ ਸੈਕਰਾਮੈਂਟੋ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.