ਕੈਟੇਗਰੀ

ਤੁਹਾਡੀ ਰਾਇ

New Directory Entries


ਸਰਵਜੀਤ ਸਿੰਘ ਸੈਕਰਾਮੈਂਟੋ
ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ
ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ
Page Visitors: 280

ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ
ਸਰਵਜੀਤ ਸਿੰਘ ਸੈਕਰਾਮੈਂਟੋ
ਕਿਸੇ ਵੀ ਸੰਸਥਾ ਨੂੰ ਠੀਕ ਤਰੀਕੇ ਨਾਲ ਆਪਣਾ ਕੰਮ ਚਲਾਉਣ ਲਈ ਕਿਸੇ ਕਾਇਦੇ-ਕਨੂੰਨ ਦੀ ਲੋੜ ਹੁੰਦੀ ਹੈ। ਉਸ ਸੰਸਥਾ ਦੇ ਸਾਰੇ ਮੈਂਬਰਾਂ ਖਾਸ ਕਰਕੇ ਪ੍ਰਬੰਧਕਾਂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਬਣਾਏ ਵਿਧੀ-ਵਿਧਾਨ ਤੇ ਸਖ਼ਤੀ ਨਾਲ ਖ਼ੁਦ ਪਹਿਰਾ ਦੇਣ। ਇਸ ਤੋਂ ਵੀ ਮਹੱਤਵ ਪੂਰਨ ਗੱਲ ਇਹ ਹੁੰਦੀ ਹੈ ਸੰਸਥਾ ਨੂੰ ਸਮੇਂ ਦਾ ਹਾਣੀ ਬਣਾਈ ਰੱਖਣ ਲਈ, ਆਪਣੇ ਮੁਢਲੇ ਅਸੂਲਾਂ ਨਾਲ ਸਮਝੌਤਾ ਕੀਤਿਆਂ ਵਗੈਰ ਵਿਧਾਨ ਵਿੱਚ ਲੋੜੀਆਂ ਸੋਧਾਂ ਵੀ ਕੀਤੀਆਂ ਜਾਂਦੀਆਂ ਰਹਿਣ।
ਸਿੱਖ ਧਰਮ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਅਜੇਹੇ ਬਹੁਤ ਸਾਰੇ ਹਵਾਲੇ ਮਿਲਦੇ ਹਨ ਜਦੋ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੇ ਆਪਣੇ ਮੁਢਲੇ ਸਿਧਾਂਤਾਂ ਨਾਲ ਸਮਝੌਤਾ ਹੀ ਨਹੀ ਕੀਤਾ ਸਗੋਂ ਨਿਜੀ ਹਿੱਤਾਂ ਖਾਤਰ ਗੈਰ ਇਖ਼ਲਾਕੀ ਕੰਮ ਵੀ ਕੀਤੇ। ਸਾਡੇ ਕੇਂਦਰੀ ਅਸਥਾਨ ਤੇ ਅਜੇਹਾ ਸਮਾ ਗੁਰੂ ਕਾਲ ਵੇਲੇ ਹੀ ਆ ਗਿਆ ਸੀ, ਜਿਸ ਦੀ ਮਿਸਾਲ ਹੈ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਰੋਕਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿਛੋਂ ਸਿੱਖ ਆਪਣੀ ਹੋਂਦ ਨੂੰ ਬਚਾਉਣ ਲਈ ਜਦੋਂ ਜੰਗਲਾਂ ਵਿੱਚ ਚਲੇ ਗਏ ਤਾਂ ਗੁਰਦਵਾਰਿਆਂ ਦਾ ਪ੍ਰਬੰਧ ਨਿਰਮਲਿਆਂ ਅਤੇ ਉਦਾਸੀਆਂ ਨੇ ਸਾਂਭ ਲਿਆ। ਇਸੇ ਸਮੇਂ ਦੌਰਾਨ ਹੀ ਬਿਪਰਵਾਦ ਆਪਣੀਆਂ ਜੜ੍ਹਾਂ ਫੈਲਾਉਣ ਵਿਚ ਕਾਮਯਾਬ ਹੋ ਗਿਆ। ਇਹ ਹੀ ਸਮਾਂ ਸੀ ਜਦੋ ਹਰ ਪੁਜਾਰੀ/ਮਹੰਤ ਨੇ ਆਪੋ ਆਪਣੀ ਮਰਯਾਦਾ ਬਣਾ ਲਈ ਸੀ। ਸਿੱਖ ਰਾਜ ਵੇਲੇ ਭਾਵੇ ਸ਼ਰਧਾ ਤਾਂ ਬਹੁਤ ਸੀ ਪਰ ਸਿਧਾਂਤਕ ਕਮਜ਼ੋਰੀ ਆਪਣੀ ਸਿਖਰ ਤੇ ਪੁਜ ਚੁੱਕੀ ਸੀ। ਅੰਗਰੇਜਾਂ ਨੇ ਤਾਂ ਆਪਣੀ ਲੋੜ ਲਈ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਸਨ। ਉੱਨ੍ਹੀਵੀਂ ਸਦੀ ਦੇ ਅਖੀਰ ਵਿੱਚ ਸਿੱਖ ਸਿੰਘ ਸਭਾ ਲਹਿਰ ਕਾਰਨ ਕੁਝ ਜਾਗਰਤੀ ਆਈ ਅਤੇ ਸਿੱਖਾਂ ਨੇ ਆਪਣੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਆ ਚੁਕੀਆਂ ਕਮਜ਼ੋਰੀਆਂ ਦੇ ਸੁਧਾਰ ਵੱਲ ਧਿਆਨ ਦਿੱਤਾ। ਇਸੇ ਜਾਗਰਤੀ ਦਾ ਹੀ ਨਤੀਜਾ ਸੀ ਕਿ 12 ਅਕਤੂਬਰ 1920 ਈ: ਨੂੰ ਜਦੋਂ ਦੇਗ ਲੈ ਕੇ, ਇਕ ਕਾਫਲੇ ਦੇ ਰੂਪ ਵਿੱਚ ਦਰਬਾਰ ਸਾਹਿਬ ਪੁੱਜੇ ਤਾਂ ਪੁਜਾਰੀ ਉਥੋਂ ਭੱਜ ਗਏ ਸਨ। ਇਕੱਤਰ ਹੋਈਆਂ ਸੰਗਤਾਂ ਨੇ ਉਥੇ ਦਾ ਪ੍ਰਬੰਧ ਆਰਜ਼ੀ ਤੌਰ ਤੇ ਜਥੇਦਾਰ ਤੇਜਾ ਸਿੰਘ ਨੂੰ ਸੌਂਪ ਦਿੱਤਾ। ਇਸੇ ਸਾਲ ਨਵੰਬਰ ਵਿੱਚ ਇਕੱਠ ਕਰਕੇ 175 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਜਿਸ ਦਾ ਨਾਮ ਗੁਰਦਵਾਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਦਸੰਬਰ 1920 ਈ: ਵਿਚ ਅਕਾਲੀ ਦਲ ਦੇ ਹੋਂਦ ਵਿਚ ਆਉਣ ਨਾਲ ਹੀ ਗੁਰਦਵਾਰਾ ਸੁਧਾਰ ਲਹਿਰ ਦਾ ਅਰੰਭ ਵੀ ਹੋ ਗਿਆ। ਸਿੱਖਾਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਅੰਗਰੇਜੀ ਸਰਕਾਰ ਨੂੰ ਝੁਕਣਾ ਪਿਆ ਅਤੇ 1925 ਈ: ਵਿੱਚ ਗੁਰਦਵਾਰਾ ਕਨੂੰਨ ਬਣਾ ਕਿ ਗੁਰਧਾਮਾਂ ਦਾ ਪ੍ਰਬੰਧ, ਗੁਰਦਵਾਰਾ ਪ੍ਰਬੰਧਕ ਕਮੇਟੀ, ਜਿਸ ਦਾ ਪਹਿਲਾ ਨਾਮ ਗੁਰਦਵਾਰਾ ਸੈਂਟਰਲ ਬੋਰਡ ਸੀ, ਨੂੰ ਸੌਂਪ ਦਿੱਤਾ ਗਿਆ। ਅਖੀਰ ਉਹ ਸਮਾਂ ਵੀ ਆ ਗਿਆ ਜਦੋ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਇਕਸਾਰ ਕਰਨ ਲਈ ਵਿਧੀ ਵਿਧਾਨ ਬਣਾਉਣ ਦੀ ਲੋੜ ਮਹਿਸੂਸ ਕੀਤੀ।
ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 14-15 ਮਾਰਚ 1927 ਈ: ਨੂੰ ਆਪਣੀ ਇਕੱਤਰਤਾ ਵਿਚ ਮਤਾ ਪਾਸ ਕਰਕੇ ਰਹੁ-ਰੀਤੀ ਦਾ ਖਰੜਾ ਤਿਆਰ ਕਰਨ ਵਾਸਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ। (ਯਾਦ ਰਹੇ ਰਹਿਤ ਮਰਯਾਦਾ ਵਿੱਚ ਕਮੇਟੀ ਮੈਂਬਰਾਂ ਦੀ ਸੂਚੀ ਵਿੱਚ 25 ਨਾਮ ਦਰਜ ਹਨ ਪਰ “ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ” ਵਿੱਚ 28 ਮੈਂਬਰਾਂ ਦੇ ਨਾਮ ਦਰਜ ਹਨ) ਸ਼੍ਰੋਮਣੀ ਕਮੇਟੀ ਨੇ ਆਪਣੀ 1 ਮਾਰਚ 1932 ਈ: ਦੀ ਇਕੱਤਰਤਾ ਵਿੱਚ ਰਹੁ ਰੀਤ ਕਮੇਟੀ ਦੇ ਮੈਂਬਰਾਂ ਵਿੱਚ ਕੁਝ ਅਦਲਾ-ਬਦਲੀ ਵੀ ਕੀਤੀ ਸੀ। (4 ਮੈਂਬਰ ਹਟਾਏ ਗਏ 8 ਨਵੇ ਸ਼ਾਮਿਲ ਕੀਤੇ ਗਏ- 50 ਸਾਲਾ ਇਤਿਹਾਸ ਪੰਨਾ 90) ਇਸ ਕਮੇਟੀ ਨੇ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖਤ ਸਾਹਿਬ ਤੇ ਮੀਟਿੰਗਾਂ ਕਰਕੇ ਇਕ ਖਰੜਾ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ। ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 2 ਮਈ 1932 ਅਤੇ 26 ਸਤੰਬਰ 1932 ਈ: ਨੂੰ ਹੋਰ ਵਿਚਾਰ ਕਰਕੇ, 1 ਅਕਤੂਬਰ 1932 ਨੂੰ ਮੁੜ ਇਹ ਖਰੜਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਇਸ ਨੂੰ ਛਪਵਾ ਕੇ ਸੰਗਤਾਂ ਤੋਂ ਅੰਤਿਮ ਰਾਏ ਲੈ ਲਈ ਜਾਵੇ। ਇਸ ਖਰੜੇ ਸਬੰਧੀ ਰਾਵਾਂ ਭੇਜਣ ਵਾਲੀਆ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਸੱਜਣਾਂ ਦੀ ਸੂਚੀ ਜੋ ਰਹਿਤ ਮਰਯਾਦਾ ਵਿੱਚ ਛਪੀ ਹੋਈ ਹੈ, ਵਿੱਚ 71 ਨਾਮ ਦਰਜ ਹਨ। ਸ਼੍ਰੋਮਣੀ ਕਮੇਟੀ ਦੀ 30 ਦਸੰਬਰ 1932 ਈ: ਦੀ ਇਕੱਤਰਤਾ ਵਿੱਚ ਪ੍ਰੋ ਤੇਜਾ ਸਿੰਘ ਜੀ ਨੇ ਇਹ ਖਰੜਾ ਵਿਚਾਰ ਲਈ ਪੇਸ਼ ਕੀਤਾ ਪਰ ਮਤ ਭੇਦ ਹੋਣ ਕਾਰਨ ਪਾਸ ਨਹੀ ਸੀ ਹੋ ਸਕਿਆ। (50 ਸਾਲਾ ਇਤਿਹਾਸ ਪੰਨਾ 114) ਇਸ ਖਰੜੇ ਨੂੰ, ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰ: 1 ਮਿਤੀ 1 ਅਗਸਤ 1936 ਈ: ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਨੰ: 149 ਮਿਤੀ 12 ਅਕਤੂਬਰ 1936 ਈ: ਨੂੰ ਆਪਣੀ ਪ੍ਰਵਾਨੀ ਦਿੱਤੀ।
ਮੁੜ ਸ਼੍ਰੋਮਣੀ ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇਕੱਤਰਤਾ ਮਿਤੀ 7 ਜਨਵਰੀ 1945 ਈ: ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ ਘਾਟੇ ਕਰਨ ਦੀ ਸਿਫ਼ਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 2 ਮਾਰਚ 1945 ਈ: ਮਤਾ ਨੰਬਰ 97 ਰਾਹੀਂ ਦਿੱਤੀ। ਕੀਤੀਆਂ ਗਈਆਂ ਸੋਧਾਂ ਵਿੱਚ ਸਭ ਤੋਂ ਮਹੱਤਵ ਪੂਰਨ ਇਹ ਹੈ ਕਿ 1936 ਈ: ਵਿਚ ਤਿਆਰ ਕੀਤੇ ਗਏ ਖਰੜੇ ਵਿੱਚ ਭੋਗ ਦੇ ਸਿਰਲੇਖ ਹੇਠ ਇਹ ਸਪੱਸ਼ਟ ਲਿਖਿਆਂ ਹੋਇਆ ਸੀ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ”। ਇਸ ਵਿਚ ਵਾਧਾ ਕਰਕੇ ਇਹ ਲਿਖ ਦਿੱਤਾ ਕਿ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ”। ਸ਼ਾਮ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਵਿਚ, “ਮੁੰਦਾਵਣੀ ਤੇ ਸਲੋਕ ਮਹਲਾ ੫ ਤੇਰਾ ਕੀਤਾ ਜਾਤੋ ਨਾਹੀ” ਪੜ੍ਹਨ ਦੀ ਹਦਾਇਤ ਵੀ ਕੀਤੀ ਗਈ।
ਸ਼੍ਰੋਮਣੀ ਕਮੇਟੀ ਵੱਲੋਂ ਇਸ ਮਰਯਾਦਾ ਵਿਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਵੇ ਦੇਸ਼ ਦੀ ਵੰਡ ਤੋਂ ਪਿਛੋਂ ਅਰਦਾਸ ਵਿਚ ਕੀਤੀ ਗਈ ਤਬਦੀਲੀ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ” ਅਤੇ ਪੰਜਵੇਂ ਤਖਤ ਨੂੰ ਅਰਦਾਸ ਵਿਚ ਸ਼ਾਮਿਲ ਕਰਨਾ। ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ (ਜਪੁ, ਜਾਪੁ, 10 ਸਵੱਯੇ ਬੇਨਤੀ ਚੌਪਈ ਅਤੇ ਅਨੰਦ ਸਾਹਿਬ) ਵਿਚ ਅਨੰਦ ਸਾਹਿਬ ਦੀ ਪਹਿਲੀਆਂ ਪੰਜ ਅਤੇ ਆਖਰੀ ਪਉੜੀ ਪੜ੍ਹੀ ਜਾਂਦੀ ਸੀ ਪਰ ਜਥੇਦਾਰ ਕ੍ਰਿਪਾਲ ਸਿੰਘ ਵੇਲੇ (1982-86) ਇਸ ਨੂੰ ਬਦਲ ਕੇ ਅਨੰਦ ਸਾਹਿਬ ਕਰ ਦਿੱਤਾ ਗਿਆ ਜਿਸ ਦਾ ਭਾਵ ਹੈ 40 ਪਉੜੀਆਂ। ਕੀਰਤਨ ਦੇ ਸਿਰਲੇਖ ਹੇਠ ਇਹ ਦਰਜ ਹੈ, “ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ” ਪਰ ਸ਼੍ਰੋਮਣੀ ਕਮੇਟੀ ਵੱਲੋਂ ਮਰਯਾਦਾ ਦਾ ਅੰਗਰੇਜੀ ਵਿਚ ਤਰਜਮਾ ਕਰਨ/ਕਰਵਾਉਣ ਵੇਲੇ , “In the congregation, kirtan only of Gurbani (Guru Granth’s or Guru Gobind Singh’s hymns) and, for its elaboration, of the compositions of Bhai Gurdas and Bai Nand Lal, may be performed”, ਇਹ “Guru Granth’s or Guru Gobind Singh’s hymns” ਵਾਧੂ ਸ਼ਬਦ ਲਿਖ ਦਿੱਤੇ ਗਏ। ਇਕ ਪਾਸੇ ਤਾ ਸ਼੍ਰੋਮਣੀ ਕਮੇਟੀ ਅਜੇਹੀਆਂ ਆਪ ਹੁਦਰੀਆਂ ਕਰ ਰਹੀ ਹੈ ਦੂਜੇ ਪਾਸੇ ਉਹ ਡੇਰੇਦਾਰ ਹਨ ਜਿਨ੍ਹਾਂ ਨੇ ਆਪਣੀ ਯੂਨੀਅਨ ਬਣਾ ਕੇ ਵੱਖਰੀ ਮਰਯਾਦਾ ਬਣਾ ਲਈ ਹੈ।
   
  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.