ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
Page Visitors: 2989

ਇੱਕੀਵੀਂ ਸਦੀ ਅਤੇ ‘ਨਾਨਕਸ਼ਾਹੀ ਕੈਲੰਡਰ’
ਸਰਵਜੀਤ ਸਿੰਘ ਸੈਕਰਾਮੈਂਟੋ
ਕੈਲੰਡਰ ਵਿਗਿਆਨ ਦਾ ਅਰੰਭ ਵੀ, ਇਸ ਧਰਤੀ ਤੇ ਇਨਸਾਨ ਦੇ ਹੋਸ਼ ਸੰਭਾਲਣ ਨਾਲ ਹੀ ਹੋ ਗਿਆ ਸੀ। ਸਭ ਤੋਂ ਪਹਿਲਾ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਖਿਆਲ ਕਰੋ ਕਿ ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂ ਪੁਨਿਆਂ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁਨਿਆਂ ਤੋਂ ਮੱਸਿਆ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂ ਇਨਸਾਨ ਦੇ ਜੀਵਨ ਵਿਚ ਕਿੰਨੀ ਇਨਕਲਾਬੀ ਤਬਦੀਲੀ ਆਈ ਹੋਏਗੀ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭ ਤੋਂ ਪਹਿਲਾ ਚੰਦ ਅਧਾਰਤ ਕੈਲੰਡਰ ਹੀ ਹੋਂਦ ਵਿਚ ਆਇਆ ਸੀ। ਜਿਓ-ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤ ਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚੱਲਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਪ੍ਰਚੱਲਤ ਹੈ। ਭਾਵੇਂ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ। “Today each of the major religions has its own calendar which is used to programme its religious ceremonies, and it is almost as true to say that each calendar has its religion.”  (E.G.Richards, Mapping Time: The Calendar and Its History)
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ ਪੁਰਾ ਕਰਦਾ ਹੈ। ਚੰਦ ਦੇ ਸਾਲ ਦੇ 354.37 ਦਿਨ ਹੁੰਦੇ ਹੈ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.2422 ਦਿਨ ਵਿਚ ਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year) ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾ ਵਿਚ 22 ਦਿਨ , ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਇਸ ਸਾਲ ਵੀ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਸਾਲ ਹਾੜ ਦੇ ਦੋ ਮਹੀਨੇ ਹਨ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਜਿਵੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਮੁਤਾਬਕ ਪਿਛਲੇ ਸਾਲ 7 ਜਨਵਰੀ ਨੂੰ ਸੀ ਉਸ ਤੋਂ ਅੱਗਲਾ ਦਿਹਾੜਾ ਇਸ ਤੋਂ 11 ਦਿਨ ਪਹਿਲਾ ਭਾਵ 28 ਦਸੰਬਰ ਨੂੰ ਸੀ ਇਸ ਹਿਸਾਬ ਨਾਲ ਤਾਂ ਹੁਣ ਇਹ 17 ਦਸੰਬਰ ਨੂੰ ਆਉਣਾ ਚਾਹੀਦਾ ਹੈ ਪਰ ਨਹੀਂ। ਕਿਉਂਕਿ ਇਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹਨ ਇਸ ਲਈ ਹੁਣ ਇਹ ਦਿਹਾੜਾ 16 ਜਨਵਰੀ 2016 ਨੂੰ ਆਵੇਗਾ। ਉਸ ਤੋਂ ਅੱਗਲਾ, ਇਸ ਤੋਂ 11 ਦਿਨ ਪਹਿਲਾ ਭਾਵ 5 ਜਨਵਰੀ ਅਤੇ 25 ਦਸੰਬਰ 2017 ਨੂੰ ਆਵੇਗਾ। ਇਸ ਕੈਲੰਡਰ ਮੁਤਾਬਕ ਇਕ ਦਿਨ ਵਿਚ, ਚੰਦ ਦੇ ਦੋ ਦਿਨ ਜਾਂ ਦੋ ਦਿਨਾਂ ਵਿੱਚ ਚੰਦ ਦਾ ਇਕ ਦਿਨ, ਅਕਸਰ ਹੀ ਆਉਂਦੇ ਰਹਿੰਦੇ ਹਨ। ਜਿਵੇ 16 ਮਾਰਚ ਨੂੰ ਚੰਦ ਦੀ ਚੇਤਰ ਵਦੀ 10 ਅਤੇ 11 ਦੋਵੇਂ ਇਕ ਦਿਨ ਹੀ ਹਨ ਇਸ ਤੋਂ ਉਲਟ 30 ਅਤੇ 31 ਮਾਰਚ ਨੂੰ ਦੋਵੇਂ ਦਿਨ ਚੇਤਰ ਸੁਦੀ 11 ਹੋਵੇਗੀ। ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਹੀ ਕਰਨਾ ਪੈਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ  ਵਰਤ ਲਿਆ ਜਾਵੇ?
ਸੂਰਜੀ ਬਿਕ੍ਰਮੀ ਕੈਲੰਡਰ:- ਗੁਰੂ ਕਾਲ ਵੇਲੇ ਪ੍ਰਚੱਲਤ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ (ਸੂਰਜੀ ਸਿਧਾਂਤ) ਸੀ। ਸਾਲ ਦੀ ਇਹ ਲੰਬਾਈ ਰੁੱਤੀ ਸਾਲ ਦੀ ਲੰਬਾਈ (365.2422 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.2587 ਦਿਨ ਤੋਂ ਘਟਾ ਕੇ 365.2563 ਦਿਨ ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ। ਇਹ ਲੰਬਾਈ ਵੀ ਰੁੱਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਰੁੱਤੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਕੈਲੰਡਰ ਦੇ ਮਹੀਨੇ ਦਾ ਅਰੰਭ (ਸੰਗਰਾਦ) ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਹੀਨਿਆਂ ਦੇ ਅਰੰਭ ਦਾ ਦਿਨ ਅਤੇ ਦਿਨਾਂ ਦੀ ਗਿਣਤੀ, ਹਰ ਸਾਲ ਬਦਲਦੇ ਰਹਿੰਦੇ ਹਨ। ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਰੁੱਤੀ ਸਾਲ (365.2422 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਰੁੱਤੀ ਸਾਲ ਤੋਂ ਲੱਗ ਭੱਗ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨਿਆਂ ਦੇ ਅਰੰਭ ਦੀਆਂ ਤਾਰੀਖਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ, ਸਦਾ ਵਾਸਤੇ ਹੀ ਪੱਕੇ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਵੀ ਸਬੰਧ ਨਹੀ ਹੈ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 `ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ –ਖੁਸ਼ੀ ਪ੍ਰਵਾਨ ਕਰ ਲਿਆ ਸੀ। ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ ਗਈ ਕਿ ਇਸ ਕੈਲੰਡਰ ‘ਰਾਸ਼ਟਰੀ ਸੰਤ ਸਮਾਜ’ ਦੇ ਕਹਿਣ ਤੇ ਨਾਨਕਸ਼ਾਹੀ ਕੈਲੰਡਰ ਵਿਚ ਸੋਧ ਕੀਤੀ ਜਾ ਰਹੀ ਹੈ। ਸੁਝਾਓ ਦੇਣ ਵਾਸਤੇ ਦੋ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਜਿਸ `ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਅਤੇ ਜੋਤੀ ਜੋਤ ਦਿਹਾੜਾ, ਅਤੇ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦੇ ਅਰੰਭ ਦੀ ਤਾਰੀਖ (ਸੰਗਰਾਦ) ਨੂੰ ਸੂਰਜ ਦੇ ਰਾਸ਼ੀ ਪ੍ਰਵੇਸ਼ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ।
ਸ਼੍ਰੋਮਣੀ ਕਮੇਟੀ ਵੱਲੋਂ 2010 `ਚ ਸੋਧਿਆ (?) ਹੋਇਆ ਕੈਲੰਡਰ :- ਮਾਰਚ 2010 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ 365.2567 ਦਿਨ, ਜਿਸ ਮੁਤਾਬਕ ਹੁਣ ਇਹ ਸਾਲ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਦੋ-ਤਿੰਨ ਸੰਗਰਾਦਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਬਦਲ ਜਾਂਦੀ ਹਨ। ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਅਤੇ ਕੁਝ ਦਿਹਾੜੇ ਸੀ: ਈ: ਕੈਲੰਡਰ ਮੁਤਾਬਕ ਹਨ। ਬਹੁਤੇ ਦਿਹਾੜਿਆਂ ਦੀਆਂ ਅੰਗਰੇਜੀ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ ਦਾ ਅਰੰਭ ਸੂਰਜ ਦੇ ਨਵੀ ਰਾਸ਼ੀ `ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਜਿਵੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਸੰਮਤ 546(2014-15) ਦੇ ਕੈਲੰਡਰ `ਚ, ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ 24 ਨਵੰਬਰ ਦਾ ਦਰਜ ਸੀ ਜਿਸ ਮੁਤਾਬਕ ਇਹ 9 ਮੱਘਰ ਬਣਦੀ ਹੈ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਤਾਰੀਖ 11 ਮੱਘਰ ਹੈ। ਦੋ ਮੈਂਬਰੀ ਕਮੇਟੀ (ਧੁੰਮਾ ਅਤੇ ਮੱਕੜ) ਦੇ ਨਾਮ ਤੇ ਹੀ ਇਸ ਨੂੰ ਧੁਮੱਕੜਸ਼ਾਹੀ ਕੈਲੰਡਰ ਕਿਹਾ ਜਾਂਦਾ ਹੈ।
ਤਾਜ਼ਾ ਘਟਨਾਵਾਂ ਕੀ ਰੁਖ ਅਖਤਿਆਰ ਕਰਦੀਆਂ ਹਨ ਇਹ ਤਾਂ ਅਜੇ ਸਮੇ ਦੇ ਗਰਭ ਵਿੱਚ ਹੀ ਹੈ ਪਰ 9 ਮਾਰਚ ਦੀ ਮੀਟਿੰਗ ਤੋਂ  ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਰਾਸ਼ਟਰੀ ਸੰਤ ਸਮਾਜ ਨੇ ਲਿਖਤੀ ਤੌਰ ਤੇ ਇਹ ਮੰਨ ਲਿਆ ਹੈ ਕਿ ਇਨ੍ਹਾਂ ਵੱਲੋਂ ਦਸੰਬਰ 2009 ਵਿੱਚ ਕੀਤਾ ਗਿਆ ਫੈਸਲਾ ਗਲਤ ਸੀ। 1 ਚੇਤ  ਸ਼ਨਿਚਰਵਾਰ ਨੂੰ ਜਾਰੀ ਕੀਤੇ ਗਏ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ, ਜਿਸ ਬਾਰੇ ਕਿਹਾ ਗਿਆ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਗੁਰਬਾਣੀ ਅਤੇ ਇਤਹਾਸ  ਨੂੰ ਮੁਖ ਰੱਖ ਕੇ ਛਾਪਿਆ ਗਿਆ ਹੈ, ਦਾ ਨਾਮ ਤਾਂ ਭਾਵੇਂ ਨਾਨਕਸ਼ਾਹੀ ਹੀ ਰੱਖਿਆ ਗਿਆ ਹੈ ਪਰ ਇਤਿਹਾਸਿਕ ਦਿਹਾੜਿਆਂ ਦੀ ਤਾਰੀਖਾਂ ਵਿਚ ਇਕ ਨਵੀਂ ਕਿਸਮ ਦਾ ਹੀ ਭੰਬਲਭੂਸਾ ਪੈਦਾ ਕਰ ਦਿੱਤਾ ਗਿਆ ਹੈ। ਚੰਦ ਦੇ ਕੈਲੰਡਰ ਦੀਆਂ ਤਾਰੀਖਾਂ ਨੂੰ ਇਸ ਸਾਲ ਦੇ ਪ੍ਰਵਿਸ਼ਟਿਆਂ ਵਿਚ ਬਦਲ ਦਿੱਤਾ ਗਿਆ ਹੈ। ਜਿਵੇ ਕਿ ਗੁਰਗੱਦੀ ਗੁਰੂ ਅੰਗਦ ਦੇਵ ਜੀ 16 ਅੱਸੂ  ਦਰਜ ਹੈ। ਅਸੀਂ ਪ੍ਰੋ ਅਨੁਰਾਗ ਸਿੰਘ  ਨੂੰ, ਜਿਸ ਨੇ ਲਿਖਿਆ ਸੀ, “the date of succession of Guru Angad is fixed 18th September, not to be found in any source” ਪੁੱਛਣਾ ਚਾਹੁੰਦੇ ਹਾਂ ਕਿ ਹੁਣ ਦੱਸੋ ਉਪ੍ਰੋਕਤ ਤਾਰੀਖ ਦੁਨੀਆਂ ਦੀ ਕਿਸ ਕਿਤਾਬ ਵਿਚ ਦਰਜ ਹੈ? ਜਦੋਂ ਕਿ ਤੁਹਾਨੂੰ ਨੂੰ 4 ਅੱਸੂ/18 ਸਤੰਬਰ ਦੇ ਵਸੀਲੇ ਵਿਖਾਏ ਜਾ ਚੁਕੇ ਹਨ। ਸ਼ਹੀਦੀ ਗੁਰੂ ਤੇਗ ਬਹਾਦਰ ਜੀ 1 ਪੋਹ ਅਤੇ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ 3 ਮਾਘ ਕਿਸ ਇਤਿਹਾਸ ਵਸੀਲੇ ਵਿੱਚ ਦਰਜ ਹਨ? ਪਿਛਲੇ ਕਈ ਸਾਲਾਂ ਤੋਂ ਟਿੰਡ `ਚ ਕਾਨਾ ਪਾਈ ਬੈਠੇ, ਆਪੂ ਬਣੇ ਮਹਾਂਪੁਰਖਾਂ ਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤੁਸੀਂ 20 ਚੇਤ  ਨੂੰ ਗੁਰੂ ਤੇਗ ਬਹਾਦਰ ਜੀ ਦੀ ਗੁਰਗੱਦੀ ਅਤੇ ਗੁਰੂ ਹਰਿਕ੍ਰਿਸ਼ਨ ਜੀ  ਦੇ ਜੋਤੀ ਜੋਤ ਸਮਾਉਣ ਦੀ ਅਰਦਾਸ ਕਿਵੇਂ ਕਰੋਗੇ? 19 ਕੱਤਕ ਨੂੰ ਵੀ ਦੋ ਗੁਰਪੁਰਬ, ਜੋਤੀ ਜੋਤ ਗੁਰੂ ਹਰਿਰਾਏ ਜੀ ਅਤੇ ਗੁਰਗੱਦੀ ਹਰਿਕ੍ਰਿਸ਼ਨ ਜੀ ਇਕੋ ਦਿਨ ਹੀ ਹਨ। ਸੰਤਾਂ ਦੀ ਯੂਨੀਅਨ ਨੂੰ ਹੁਣ ਇਹ ਵੀ ਦੱਸਣਾ ਚਾਹੀਦਾ ਹੈ ਕਿ ਤੁਸੀਂ ਤਾ ਕਹਿੰਦੇ ਸੀ ਕਿ ਗੁਰੂ ਸਾਹਿਬ ਵਾਲਾ ਕੈਲੰਡਰ ਕਿਵੇਂ ਛੱਡ ਸਕਦੇ ਹਾਂ। ਹੁਣ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ ਮੁਤਾਬਕ ਸ਼੍ਰੋਮਣੀ ਕਮੇਟੀ ਨੇ ਉਹ ਕੈਲੰਡਰ ਛੱਡ ਦਿੱਤਾ ਹੈ। ਅੱਜ ਵਾਲਾ ਕੈਲੰਡਰ ਤਾਂ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਬਣਾਇਆ ਗਿਆ ਸੀ। ਨਵੇ ਬਣੇ ਕੈਲੰਡਰ ਨੂੰ ਤਾਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਵੀ ਮਾਨਤਾ ਮਿਲ ਚੁੱਕੀ ਹੈ। ਕੀ ਹੁਣ ਤੁਸੀਂ ਇਸ ਕੈਲੰਡਰ ਨੂੰ ਰੱਦ ਕਰੋਗੇ ਜਾਂ ਭਾਣਾ ਮੰਨ ਲਵੋਗੇ?
ਹੁਣ ਜਦੋਂ ਪੰਜ ਸਿੰਘ ਸਾਹਿਬਾਨ ਵੱਲੋਂ 9 ਮਾਰਚ ਨੂੰ, ਕੈਲੰਡਰ ਵਿਵਾਦ ਨੂੰ ਸੁਲਝਾਉਣ ਲਈ ਇਕ ਕਮੇਟੀ ਗਠਨ ਕਰਕੇ 16 ਦਸੰਬਰ ਤਾਈ ਰਿਪੋਰਟ ਦੇਣ ਲਈ ਹੁਕਮ ਕਰ ਦਿੱਤਾ ਗਿਆ ਸੀ ਤਾਂ ਇਕ ਨਵਾਂ ਕੈਲੰਡਰ ਬਣਾ ਕੇ ਇਸ ਸਮੱਸਿਆ ਨੂੰ ਹੋਰ ਉਲਝਾਉਣ ਦੀ ਕੀ ਲੋੜ ਸੀ? ਕੀ ਇਸ ਸਾਲ ਵੀ ਧੁਮੱਕੜਸ਼ਾਹੀ ਕੈਲੰਡਰ ਨਾਲ ਕੰਮ ਨਹੀ ਸੀ ਚਲਾਇਆ ਜਾ ਸਕਦਾ? ਦੂਜੇ ਪਾਸੇ, ਜਦੋਂ ਹੁਣ ਅਕਾਲ ਤਖਤ ਸਾਹਿਬ ਵੱਲੋਂ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਗੁਰਬਾਣੀ ਅਤੇ ਇਤਿਹਾਸ ਨੂੰ ਮੁਖ ਰੱਖਕੇ ਇਹ ਕੈਲੰਡਰ ਬਣਾਇਆ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ 9 ਤਾਰੀਖ ਨੂੰ ਬਣਾਈ ਗਈ 18 ਮੈਂਬਰੀ ਕਮੇਟੀ ਦੀ ਕੀ ਲੋੜ ਹੈ? ਕੀ ਉਹ ਕਮੇਟੀ ਗੁਰਬਾਣੀ ਅਤੇ ਇਤਿਹਾਸ ਤੋਂ ਬਾਹਰ ਜਾ ਕੇ ਕੈਲੰਡਰ ਬਣਾ ਸਕਦੀ ਹੈ? ਜੇ ਨਹੀ, ਤਾਂ ਫੇਰ ਕਮੇਟੀ ਦੀ ਲੋੜ ਕਿਉਂ? ਉਸ ਕਮੇਟੀ ਨੂੰ ਤਾਂ ਹੁਣ ਭੰਗ ਕਰ ਦੇਣਾ ਚਾਹੀਦਾ ਹੈ। ਕਿਉਂਕਿ ਗੁਰਬਾਣੀ ਅਤੇ ਇਤਿਹਾਸ ਨੂੰ ਮੁਖ ਰੱਖਕੇ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੰਡਰ ਬਣਾਇਆ ਜਾ ਚੁਕਾ ਹੈ!
ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਢਾਡੀਆਂ ਤੋਂ ਇਤਿਹਾਸ ਸੁਣਕੇ ਭੂਤ ਕਾਲ ਬਾਰੇ ਹੀ ਸੋਚਦੇ/ਪਛਤਾਉਂਦੇ ਰਹਾਂਗੇ? ਅਸੀਂ ਵਰਤਨਾਮ ਅਤੇ ਭਵਿੱਖ ਬਾਰੇ ਫਿਕਰਮੰਦ ਕਿਉਂ ਨਹੀ ਹੁੰਦੇ? ਜਰਾਂ ਸੋਚੋ, ਕੀ ਅਸੀਂ ਫਰਜ਼ੀ ਰਾਸ਼ੀਆਂ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਮੰਨਣਾ ਹੈ ਜਾਂ ਇਸ ਧਰਤੀ ਤੇ, ਅਕਾਲ ਪੁਰਖ ਦੇ ਹੁਕਮ ਵਿੱਚ ਬਣਦੀਆਂ/ਬਦਲਦੀਆਂ ਰੁੱਤਾ ਨੂੰ ਮੁਖ ਰੱਖ ਕੇ ਬਣਾਏ ਕੈਲੰਡਰ ਨੂੰ ਅਪਨਾਉਣਾ ਹੈ? ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 547 ਦੇ ਕੈਲੰਡਰ ਵਿਚ ਹੋਲਾ ਮਹੱਲਾ ਨਹੀ ਆਵੇਗਾ। ਅਗਲੇ ਸਾਲ ਭਾਵ ਸੰਮਤ 548 ਵਿਚ ਜਿਥੇ ਹੋਲਾ ਮਹੱਲਾ ਦੋ ਵਾਰੀ ਆਵੇਗਾ ਉਥੇ ਹੀ ਸਾਰੇ ਗੁਰਪੁਰਬਾਂ ਦੀਆਂ ਤਾਰੀਖਾਂ ਵੀ ਬਦਲ ਜਾਣਗੀਆਂ। ਇਸ ਸਾਲ ਚੇਤ, ਵੈਸਾਖ ਅਤੇ ਜੇਠ ਵਿੱਚ ਆਉਣ ਵਾਲੇ ਦਿਹਾੜੇ 18/19 ਦਿਨ ਪਛੜ ਕੇ ਅਤੇ ਸਾਵਣ ਤੋਂ ਫੱਗਣ ਵਿਚ ਆਉਣ ਵਾਲੇ ਦਿਹਾੜੇ 11 ਦਿਨ ਪਹਿਲਾ ਆਉਣਗੇ। ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਕੀ ਸਾਨੂੰ ਅਜੇਹੇ ਕੈਲੰਡਰ ਦੀ ਲੋੜ ਨਹੀ ਜਿਸ ਵਿੱਚ ਸਾਡੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹੋਣ ਜਾਂ ਹਰ ਸਾਲ ਪੰਡਤਾਂ ਵੱਲੋਂ ਬਣਾਈਆਂ ਜੰਤਰੀਆਂ ਹੀ ਉਡੀਕਣੀਆਂ ਹਨ?
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.