ਕੈਟੇਗਰੀ

ਤੁਹਾਡੀ ਰਾਇ

New Directory Entries


ਇਤਹਾਸਕ ਝਰੋਖਾ
ਕੌਣ ਸੀ ਦੁੱਲਾ ਭੱਟੀ ? ਲੋਹੜੀ ਨਾਲ ਕੀ ਹੈ ਸਬੰਧ ਦੁੱਲੇ ਭੱਟੀ ਦੀ ਵਾਰ ਦਾ ?
ਕੌਣ ਸੀ ਦੁੱਲਾ ਭੱਟੀ ? ਲੋਹੜੀ ਨਾਲ ਕੀ ਹੈ ਸਬੰਧ ਦੁੱਲੇ ਭੱਟੀ ਦੀ ਵਾਰ ਦਾ ?
Page Visitors: 77

ਕੌਣ ਸੀ ਦੁੱਲਾ ਭੱਟੀ ? ਲੋਹੜੀ ਨਾਲ ਕੀ ਹੈ ਸਬੰਧ ਦੁੱਲੇ ਭੱਟੀ ਦੀ ਵਾਰ ਦਾ ?

.ਦੁੱਲਾ ਭੱਟੀ @ ਰਾਏ- ਅਬਦੁੱਲਾ ਖ਼ਾਨ ਭੱਟੀ
 ਪੰਜਾਬ ਦਾ ਇੱਕ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ  ਹੋਇਆ ਹੈ , ਜਿਸਨੇ ਮੁਗਲ ਸਮਰਾਟ ਅਕਬਰ ਦੇ ਖਿਲਾਫ ਇੱਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਉਸ ਨੂੰ ਪੰਜਾਬੀਆਂ ਦੀ ਪੱਤ ਦੇ ਰਾਖੇ ਹੋਣ ਅਤੇ ਗਰੀਬ ਪੰਜਾਬੀਆਂ ਦੀਆਂ ਧੀਆਂ ਦੀ ਲਾਜ ਬਚਾ ਕੇ ਉਹਨਾਂ ਦੇ ਡੋਲੀ ਤੋਰਨ ਦੇ ਵੱਡੇ ਕੰਮ ਕਰਨ ਲਈ ਉਸ ਨੂੰ  ਪੰਜਾਬੀ ਸੂਰਮੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਕਾਰਜ ਕੀਤੇ।  ਉਸਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫਰੀਦ ਸੀ। ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿਚ ਦੁੱਧ ਚੁੰਘਾਵੀ ਦੇ ਤੌਰ ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਦੁੱਲੇ ਭੱਟੀ ਦਾ ਜਨਮ ਸਾਂਦਲ ਬਾਰ ਵਿੱਚ 16 ਵੀਂ ਸਦੀ ਦੀ ਸ਼ੁਰੂਆਤ ਅਤੇ ਮੌਤ 16 ਵੀਂ ਸਦੀ ਦੇ ਅਖੀਰ ਵਿੱਚ ਲਹੌਰ ਵਿੱਚ ਹੋਈ ਦੱਸੀ ਜਾਂਦੀ ਹੈ। 
 ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸ ਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ। ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਅਤੇ ਇੱਕ ਇਲਾਕੇ ਦਾ ਨਾਂ 'ਦੁੱਲੇ ਦੀ ਬਾਰ' ਯਾਨੀ ਦੁੱਲਾ ਭੱਟੀ ਦਾ ਜੰਗਲ ਹੈ।
ਇਹ ਮਹਾਨ ਰਾਜਪੂਤ ਨਾਇਕ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਮੈਣੀ ਸਾਹਿਬ ਕਬਰਿਸਤਾਨ ਵਿੱਚ ਦਫਨ ਦੱਸਿਆ ਜਾਂਦਾ ਹੈ।
ਦੁੱਲੇ ਦੀ ਦਾਸਤਾਨ ਅਕਬਰ ਦੇ ਸਮੇਂ ਦੀ ਹੈ। ਦੁੱਲੇ ਦਾ ਦਾਦਾ ਸਾਂਦਲ ਭੱਟੀ ਬੜਾ ਬਹਾਦਰ ਆਗੂ ਸੀ। ਉਸਨੇ ਮੁਗ਼ਲ ਸਰਕਾਰ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰ ਦਿੱਤਾ। ਉਸਨੇ ਰਾਵੀ ਦੀ ਜੰਗ ਵਿੱਚ ਮੁਗ਼ਲ ਸਰਕਾਰ ਦੇ ਸੈਨਿਕਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਦੁੱਲੇ ਦਾ ਪਿਉ ਫਰੀਦ ਵੀ ਉਵੇਂ ਹੀ ਸੂਰਬੀਰ ਸੀ। ਅਕਬਰ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਜਦ ਉਹ ਕਿਸੇ ਤਰ੍ਹਾਂ ਨਾ ਝੁਕੇ ਤਾਂ ਅਕਬਰ ਨੇ ਦਹਿਸ਼ਤ ਪਾਉਣ ਲਈ ਉਨ੍ਹਾਂ ਦੇ ਸਿਰ ਕਲਮ ਕਰਕੇ ਲਾਸ਼ਾਂ ਵਿੱਚ ਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜੇ ਤੇ ਪੁੱਠੀਆਂ ਲਟਕਵਾ ਦਿੱਤੀਆਂ ਸਨ।
ਦੁੱਲਾ ਭੱਟੀ ਅਤੇ ਲੋਹੜੀ :-
ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਦੁੱਲਾ ਭੱਟੀ ਅਕਬਰ ਦੇ ਸ਼ਾਸ਼ਨਕਾਲ ਦੌਰਾਨ ਇੱਕ ਡਾਕੂ ਸੀ ਜੋ ਕਿ ਅਮੀਰ ਲੋਕਾਂ ਦਾ ਮਾਲ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ। ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆ-ਦਿਲੀ ਦੇ ਕਾਇਲ ਸਨ ਇਸ ਕਰਕੇ ਉਹ ਲੋਕ ਉਸ ਦਾ ਆਦਰ-ਸਤਿਕਾਰ ਤੇ ਉਸ ਨੂੰ ਪਿਆਰ ਵੀ ਕਰਦੇ ਸਨ। ਇੱਕ ਵਾਰ ਦੀ ਗੱਲ ਹੈ ਕਿ ਉਸ ਨੇ ਇੱਕ ਲੜਕੀ ਦੇ ਅਗਵਾਕਾਰਾਂ ਤੋਂ ਲੜਕੀ ਨੂੰ ਛੁਡਾਇਆ ਤੇ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾ ਲਿਆ। ਜਦ ਦੁੱਲਾ-ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸ ਨੇ ਉਸ ਦੇ ਵਿਆਹ ਵਿੱਚ ਤੋਹਫ਼ੇ ਦੇ ਤੌਰ ਤੇ ਸ਼ੱਕਰ ਪਾ ਦਿੱਤੀ ਸੀ।      
    ਇੱਕ ਹੋਰ ਦੰਤ-ਕਥਾ ਅਨੁਸਾਰ: ਸੁੰਦਰੀ-ਮੁੰਦਰੀ ਇੱਕ ਗਰੀਬ ਬ੍ਰਾਹਮਣ ਦੀਆਂ ਮੰਗੀਆਂ
ਹੋਈਆਂ ਧੀਆਂ ਸਨ ਪਰ ਗਰੀਬੀ ਕਾਰਨ ਵਿਆਹ ਵਿੱਚ ਦੇਰ ਹੋ ਰਹੀ ਸੀ। ਹਾਕਮ ਨੂੰ ਕੁੜੀਆਂ ਦੇ ਹੁਸਨ ਦਾ ਪਤਾ ਲੱਗ ਗਿਆ ਤਾਂ ਉਸ ਨੇ ਇਨ੍ਹਾਂ ਨੂੰ ਜ਼ੋਰੀਂ ਚੁੱਕਣ ਦੀ ਧਾਰ ਲਈ। ਇਸ ਦੀ ਭਿਣਕ ਬ੍ਰਾਹਮਣ ਨੂੰ ਵੀ ਪੈ ਗਈ। ਇਸ ਲਈ ਉਸਨੇ ਕੁੜੀਆਂ ਦਾ ਜਲਦੀ ਵਿਆਹ ਕਰਨ ਲਈ ਜੰਗਲ ਵਿੱਚ ਦੁੱਲੇ ਨਾਲ ਸੰਪਰਕ ਕੀਤਾ ਅਤੇ ਦੁੱਲੇ ਨੇ ਵਿਆਹ ਦੀ ਜਿੰਮੇਵਾਰੀ ਲੈ ਲਈ ਅਤੇ ਸੁਖਦੇਵ ਮਾਦਪੁਰੀ ਦੇ ਸ਼ਬਦਾਂ ਵਿੱਚ,"ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿੱਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ-ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹਤੇ ਆਪਣੇ ਵੱਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਕੰਨਿਆ-ਦਾਨ ਦੇਣ ਲਈ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
   ਇਸ ਕਰਕੇ ਹੀ ਹਰ ਲੋਹੜੀ ਦੇ ਦਿਨ ਦੁੱਲੇ ਨੂੰ ਹਰ ਲੋਹੜੀ ਦੇ ਸਮੇਂ ਯਾਦ ਕੀਤਾ ਜਾਂਦਾ ਹੈ। ਬੱਚੇ ਜਦ ਲੋਹੜੀ ਮੰਗਣ ਦੂਜਿਆਂ ਦੇ ਘਰਾਂ ਚ ਜਾਂਦੇ ਹਨ ਤਾਂ ਉਹ ਇਹ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਹਨ।:

ਸੁੰਦਰ ਮੁੰਦਰੀਏ ਹੋ!
ਤੇਰਾ ਕੌਣ ਵਿਚਾਰ ਹੋ!
ਦੁੱਲਾ ਭੱਟੀ ਵਾਲਾ ਹੋ!
ਦੁੱਲੇ ਧੀ ਵਿਆਹੀ ਹੋ!
ਸੇਰ ਸੱਕਰ ਪਾਈ ਹੋ!
ਕੁੜੀ ਦਾ ਲਾਲ ਪਤਾਕਾ ਹੋ!
ਕੁੜੀ ਦਾ ਸਾਲੂ ਪਾਟਾ ਹੋ!
ਸਾਲੂ ਕੌਣ ਸਮੇਟੇ!
ਚਾਚਾ ਗਾਲ਼ੀ ਦੇਸੇ!
ਚਾਚੇ ਚੂਰੀ ਕੁੱਟੀ!
ਜ਼ਿੰਮੀਦਾਰਾਂ ਲੁੱਟੀ!
ਜ਼ਿੰਮੀਦਾਰ ਸੁਧਾਏ!
ਗਿਣ ਗਿਣ ਪੌਲੇ ਲਾਏ!
ਇੱਕ ਭੋਲ਼ਾ ਰਹਿ ਗਿਆ!
ਸਿਪਾਹੀ ਫੜ ਕੇ ਲੈ ਗਿਆ!
ਸਿਪਾਹੀ ਨੇ ਮਾਰੀ ਇੱਟ!
ਭਾਵੇਂ ਰੋ 'ਤੇ ਭਾਵੇਂ ਪਿੱਟ!
ਸਾਨੂੰ ਦੇ ਦੇ ਲੋਹੜੀ,
'ਤੇ ਤੇਰੀ ਜੀਵੇ ਜੋੜੀ!

ਦੁੱਲੇ ਦੀ ਬਹਾਦਰੀ ਨਾਲ਼ ਸੰਬੰਧਤ ਤੁਕਾਂ-
ਮੇਰੇ ਹੇਠ ਬੱਕੀ ਲਾਖੀ
, ਜਿਹੜੀ ਟੁਰਦੀ ਸੁੰਬ ਟਕੋਰ।
ਮੈਂ ਪੁੱਤ ਹਾਂ ਬੱਗੇ ਸ਼ੇਰ ਦਾ
, ਮੇਰੀ ਸ਼ੇਰਾਂ ਵਰਗੀ ਤੋਰ।
ਜੰਮਣਾ ਤੇ ਮਰ
ਜਾਵਣਾ, ਉੱਡਣਾ ਪਿੰਜਰੇ ਵਿਚੋਂ ਭੌਰ
ਕੈਪਸ਼ਨ  : ਕਬਰ ਮਿਆਣੀ ਸਾਹਿਬ  ( ਕਬਰਿਸਤਾਨ  ) , ਲਾਹੌਰ 

    ਜਗਦੀਸ਼ ਥਿੰਦ , ਰਿਪੋਰਟਰ ,
ਬਾਬੂਸ਼ਾਹੀ ਡਾਟ ਕਾਮ, ਗੁਰਹਰਸਹਾਏ/ਜਲਾਲਾਬਾਦ

9814808944

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.