ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
* - = ‘ਗੁਰਮਤਿ’ = - *
* - = ‘ਗੁਰਮਤਿ’ = - *
Page Visitors: 2810

*  -  =  ‘ਗੁਰਮਤਿ’  =  -  *
ਗੁਰਮਤਿ! ਇਸ ਦਾ ਸਿੱਧਾ  ਜਿਹਾ ਅਰਥ ਹੈ ਗੁਰ ਦੀ ਮਤ, ਗੁਰੂ ਦੀ ਦਿੱਤੀ ਮਤ ਜਾਂ ਗੁਰੂ ਦੀ ਦਿੱਤੀ ਸਿੱਖੀਆ! ਇਹ ਇੱਕ ਬੇਸ਼ਕੀਮਤੀ, ਸੰਪੁਰਣ ਅਤੇ ਭਾਵਪੁਰਣ ਸ਼ਬਦ ਹੈ। ਇਹ ਸ਼ਬਦ, ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਜੀ ਵਿਚਲੀ ਬਾਣੀ ਦੇ ਸਮੁੱਚੇ ਉਪਦੇਸ਼ਾਂ ਦੇ ਸੰਬੋਧਨ ਦਾ ਪ੍ਰਤੀਕ ਹੈ। ਗੁਰਮਤਿ ਤੋਂ ਕੀਮਤੀ ਤਾਂ ਕੁੱਝ ਵੀ ਨਹੀਂ। ਖ਼ੈਰ!
ਅਸੀਂ ਇੱਕ ਹੋਰ ਸ਼ਬਦ ਬਾਰੇ ਵੀ ਜਾਂਣਦੇ ਹਾਂ। ਉਹ ਸ਼ਬਦ ਹੈ ‘ਯਗਯ’। ਯਗ ਕਰਣਾ ਵੈਧਿਕ ਧਰਮ ਪਰੰਪਰਾ ਦਾ ਇੱਕ ਅੰਗ ਹੈ। ਸਮਾਂ ਬੀਤਣ ਤੇ ਕਈਆਂ ਨੇ ਆਪਣੇ ਦੁਆਰਾ ਕੀਤੇ ਜਾ ਰਹੇ ਯਗ ਨੂੰ ਜਿਆਦਾ ਵੱਡਾ ਦੱਸਣ ਵਾਸਤੇ ਇੱਕ ਸ਼ਬਦ ਨਾਲ ਜੋੜ ਦਿੱਤਾ ‘ਮਹਾ’। ਯਾਨੀ ਕੇ ‘ਮਹਾ ਯਗਯ’। ਫਿਰ ੲਹੀ ਗਲ ਹੋਰ ਅਗੇ ਵੱਧੀ ਤਾਂ ਇਹ ਹੋ ਗਿਆ ‘ਅਤਿ ਮਹਾ ਯਗਯ’। ਹੋ ਸਕਦਾ ਹੈ ਕਿ ਇਹ ਵੈਦਿਕ ਪਰੰਪਰਾ ਦਾ ਯਗਾਂ ਬਾਰੇ ਕੋਈ ਵਿਧਾਨ ਹੋਵੇ। ਪਰ ਜਿਵੇਂ ਕਿ ਪਹਿਲਾਂ ਵਿਚਾਰ ਆਏ, ਸਿੱਖੀ ਦੇ ਦਰਸ਼ਨ ਵਿੱਚ ਹੈ ਇੱਕ ਮਜਬੂਤ ਸ਼ਬਦ ‘ਗੁਰਮਤਿ’। ਇਹ ਸ਼ਬਦ ਸਾਰੇ ਸਿੱਖੀ ਦੇ ਦਰਸ਼ਨ ਪ੍ਰਤੀ ਪ੍ਰਯੋਗ ਕੀਤੇ ਜਾਂਣ ਵਾਲਾ ਇੱਕ ਬੇਹਦ ਢੁਕਵਾਂ ਤੇ ਸੰਪੂਰਨ ਸ਼ਬਦ ਹੈ। ਇਸ ਲਈ ਇਹ ਮਹੱਤਵਪੁਰਨ ਸ਼ਬਦ ‘ਮਹਾ’, ‘ਅਤਿ ਮਹਾ’ ਜਾਂ ‘ਤੱਤ’ ਵਰਗੇ ਸ਼ਬਦਾਂ ਦਾ ਮੋਹਤਾਜ ਨਹੀਂ। ਹਾਂ ਅਸੀਂ‘ਗੁਰਮਤਿ ਦਾ ਤੱਤ’, ‘ਗੁਰਮਤਿ ਦਾ ਭਾਵ’ ਜਾਂ ‘ਗੁਰਮਤਿ ਦਾ ਅਸਲ ਭਾਵ’ ਵਰਗੇ ਸ਼ਬਦ ਪ੍ਰਯੋਗ ਕਰ ਸਕਦੇ ਹਾਂ ਕਿਉਂਕਿ ਇਨਾਂ ਸ਼ਬਦਾ ਵਿੱਚ ਗੁਰਮਤਿ ਸ਼ਬਦ ਹੀ ਸਿਰਮੋਰ ਨਜ਼ਰ ਆਉਂਦਾ ਹੈ।
ਪਰ ਜੇ ਕਰ ਕਿਸੇ ਬਹਾਨੇ ਸਿਰ ਅਸੀਂ ‘ਗੁਰਮਤਿ’ ਲਈ ‘ਅਸਲ ਗੁਰਮਤਿ’ ਜਾਂ ‘ਤੱਤ ਗੁਰਮਤਿ’ ਵਰਗੇ ਸ਼ਬਦ ਪ੍ਰਯੋਗ ਕਰਨਾ ਆਰੰਭ ਕਰੀਏ ਤਾਂ ‘ਗੁਰਮਤਿ’ ਸ਼ਬਦ ‘ਦੁਸਰੇ ਦਰਜੇ’(Secondary position) ਤੇ ਖੜਾ ਨਜ਼ਰ ਆਉਂਦਾ ਹੈ ਜਿਵੇਂ ਕਿ ‘ਮਹਾ ਯਗ’ ਦੇ ਮੁਕਾਬਿਲ ‘ਯਗ’ ਜਾਂ ‘ਅਤਿ ਮਹਾ ਯਗ’ ਦੇ ਮੁਕਾਬਿਲ ‘ਮਹਾ ਯਗ’ ਹਲਕੇ ਸ਼ਬਦ ਜਾਪਦੇ ਨੇ। ਇੰਝ ਲੱਗਦਾ ਹੈ ਕਿ ਜਿਵੇਂ ਕਿ ‘ਗੁਰਮਤਿ’ ਤੋਂ ਪਹਿਲਾਂ ‘ਤੱਤ’ ਸ਼ਬਦ ਵਰਤ ਕੇ ‘ਗੁਰਮਤਿ’ ਨੂੰ ਕਿਸੇ ਨੀਵੀਂ ਅਵਸਥਾ ਵਿੱਚ ਦਰਸਾਇਆ ਜਾ ਰਿਹਾ ਹੋਵੇ ਅਤੇ ਤੱਤ ਗੁਰਮਤਿ ਨੂੰ ਗੁਰਮਤਿ ਤੋਂ ਉੱਪਰ!
ਐਸੀ ਸੂਰਤ ਵਿੱਚ ਕੋਈ ਇਹ ਵੀ ਭਾਵ ਲੇ ਸਕਦਾ ਹੈ ਕਿ ਸ਼ਾਯਦ ‘ਅਸਲ ਗੁਰਮਤਿ’ ਜਾਂ ‘ਤੱਤ ਗੁਰਮਤਿ’ ਹੀ ਹੈ ਅਤੇ ‘ਗੁਰਮਤਿ’ ਕੋਈ ਹਲਕੀ ਜਾਂ ਕੱਚੀ ਗਲ ਹੈ। ਗੁਰਮਤਿ ਸਿੱਖੀ ਦੇ ਦਰਸ਼ਨ ਦਾ ਉਹ ਤੱਤ ਅਧਾਰ ਹੈ ਜਿਸ ਤੇ ਸਿੱਖੀ ਦਾ ਦਰਸ਼ਨ ਉਬਰਿਆ ਹੈ ਫਿਰ ਗੁਰਮਤਿ ਸ਼ਬਦ ਤੋਂ ਪਹਿਲਾਂ ਹੋਰ ਵਿਸ਼ੇਸ਼ਣ ਜੋੜਨਾ ਗੁਰਮਤਿ ਅਨੁਸਾਰੀ ਅਤੇ ਢੁਕਵਾਂ ਨਹੀ ਹੈ। ਇਹ ਵਿਚਾਰਣ ਦੀ ਗਲ ਹੈ ਕਿ ਗੁਰਮਤਿ ਸ਼ਬਦ ਨੂੰ ਕਿਸੇ ਦੁਸਰੇ ਦਰਜੇ ਤੇ ਖੜਾ ਕਰਨ ਦਾ ਪ੍ਰਭਾਵ ਦੇਂਣਾ ਗੁਰਮਤਿ ਨਹੀਂ!
ਜੇ ਕਰ ਅਸੀਂ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਬਣ ਚੁੱਕੇ ਸ਼ਬਦ ਦੇ ਰੂਪ ਵਿੱਚ ਐਲਾਨ ਕੇ ਇਸ ਨਾਲ ‘ਤੱਤ’ ਲਫ਼ਜ਼ ਵਰਤਨ ਦੀ ਲੌੜ ਦੀ ਗਲ ਕਰੀਏ ਤਾਂ ਕਲ ਨੂੰ ਕੋਈ ਸੱਜਣ ਤੱਤ ਗੁਰਮਤਿ ਸ਼ਬਦ ਨੂੰ ਮਨਮਤਿ ਦਾ ਪ੍ਰਤੀਕ ਐਲਾਨਦੇ ਇਸ ਨੂੰ ‘ਅਤਿ ਤੱਤ ਗੁਰਮਤਿ’ ਕਹਿਣਾ ਆਰੰਭ ਕਰ ਦਵੇਗਾ। ਫ਼ਿਰ ਸਾਨੂੰ ਪੜਨ ਨੂੰ ਮਿਲਣਗੇ ‘ਗੁਰਮਤਿ’, ‘ਤੱਤ ਗੁਰਮਤਿ’ ਅਤੇ ‘ਅਤਿ ਤੱਤ ਗੁਰਮਤਿ’ ਸ਼ਬਦ!
ਗੁਰਮਤਿ ਦਾ ਸੰਧੀ ਵਿਛੇਦ ਤਾਂ ਯੋਗ ਅਰਥਾਂ ਵੱਲ ਇਸ਼ਾਰਾ ਕਰਦਾ ਹੈ ਪਰ ਜੇ ਕਰ ਪਹਿਲਾਂ ‘ਤੱਤ’ ਜਾਂ ‘ਅਤਿ’ ਸ਼ਬਦ ਜੋੜ ਕੇ ਗੁਰਮਤਿ ਦਾ ਸੰਧੀ ਵਿਛੇਦ ਕੀਤਾ ਜਾਏ ਤਾਂ ਦਾਸ ਦੀ ਸੋਚ ਅਨੁਸਾਰ ‘ਤੱਤ ਗੁਰਮਤਿ’ ਜਾਂ ‘ਅਤਿ ਤੱਤ ਗੁਰਮਤਿ’ ਦਾ ਅਰਥ ਬਣੇਗਾ:- ‘ਤੱਤ ਗੁਰੂ ਦੀ ਮਤਿ’ ਅਤੇ ‘ਅਤਿ ਤੱਤ ਗੁਰੂ ਦੀ ਮਤਿ! ਵੈਸੇ ਇਸ ਅਜੀਬ ਸਥਿਤੀ ਬਾਰੇ ਕੋਈ ਵਿਆਕਰਣ ਗਿਆਤਾ ਸੱਜਣ ਜ਼ਿਆਦਾ ਰੋਸ਼ਨੀ ਪਾ ਸਕਦੇ ਹਨ। ਖੈਰ!
ਕੀ ਸਿੱਖ ਗੁਰਮਤਿ ਨੂੰ ਵੈਦਿਕ ਯਗਾਂ ਦੀ ਤਰਜ਼ ਤੇ ‘ਤੱਤ’ ਜਾਂ ‘ਅਤਿ’ ਜੋੜ ਕੇ ਪ੍ਰਚਾਰਨ/ਵਰਤਨ ਗੇ? ਨਿਰਸੰਦੇਹ: ਇਹ ਉਂਚ ਨੀਚ ਵਾਲੀ ਬ੍ਰਹਾਮਣੀ ਰੀਤ ਦੀ ਨਕਲ ਹੈ ਗੁਰਮਤਿ ਨਹੀਂ। ਜੇ ਕਰ‘ਗੁਰੂ ਦੀ ਮਤਿ’ ਹੀ ‘ਗੁਰਮਤਿ’ ਹੈ ਤਾਂ ਇਸ ਨਾਲ ਨਾ ‘ਤੱਤ’ ਦੀ ਲੋੜ ਹੈ ਨਾ ਹੀ ‘ਅਤਿ’ ਦੀ!
ਹਰਦੇਵ ਸਿੰਘ, ਜੰਮੂ



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.