ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ (ਭਾਗ-੨)
"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ (ਭਾਗ-੨)
Page Visitors: 2696

"ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਬਾਰੇ (ਭਾਗ-੨)
 ਘੱਗਾ ਜੀ ਨੇ ਆਪਣੇ ਲੇਖ "ਗੁਰੂ ਸਾਹਿਬ ਰਬਾਬੀ ਜਾਂ ਇਨਕਲਾਬੀ?" ਵਿਚ ਆਪਣੇ ਕਿਸੇ ਵਿਦੇਸ਼ ਦੋਰੇ ਦਾ ਜ਼ਿਕਰ ਕਰਦੇ ਕੀਰਤਨ ਬਾਰੇ ਆਪਣੇ ਇਲਮ ਦੀ ਜਾਣਕਾਰੀ ਇਨ੍ਹਾਂ ਸ਼ਬਦਾ ਵਿਚ ਸਾਂਝੀ ਕੀਤੀ ਹੈ:-
ਵਿਦੇਸ਼ ਵਿੱਚ ਕਥਾ ਤੋਂ ਬਾਅਦ ਕਾਫ਼ੀ ਸਾਰੇ ਮਾਈ ਭਾਈ ਮੇਰੇ ਕੋਲ ਸਵਾਲ ਕਰਨ ਵਾਸਤੇ ਆ ਗਏ। ਮੇਰੀ ਕਥਾ ਬਾਕੀਆਂ ਨਾਲੋਂ ਅਲੱਗ ਕਿਸਮ ਦੀ ਹੁੰਦੀ ਹੈ। ਹੋਰ ਕਈ ਸਵਾਲਾਂ ਵਿੱਚੋਂ ਇਕ ਮਹੱਤਵਪੂਰਨ ਉਹਨਾਂ ਦਾ ਸਵਾਲ ਸੀ ਕੀਰਤਨ ਬਾਰੇ। ਅਖੇਜੀ ਗੁਰੂ ਸਾਹਿਬ ਨੇ ਕੀਰਤਨ ਨੂੰ ਪ੍ਰਮੁੱਖਤਾ ਦਿੱਤੀ ਹੈ... ਆਦਿ। ਮੈਂ ਗੁਰਬਾਣੀ ਸਮਝਣ ਵਾਸਤੇ ਪ੍ਰੇਰਨਾ ਕਰਦਾ ਰਿਹਾ। ਉਹ ਕੀਰਤਨ ਦੀ ਹਮਾਇਤ ਕਰਦੇ ਰਹੇ।
ਗੱਲ ਕਿਸੇ ਸਿਰੇ ਨਾ ਲਗਦੀ ਵੇਖਕੇ ਮੈਂ ਉਹਨਾਂ ਨੂੰ ਸਵਾਲ ਕੀਤਾ-
‘‘ਵੀਰੋ ਭੈਣੋ! ਨੌਜੁਆਨੋ!! ਮੈਂ ਤੁਹਾਡੀਆਂ ਸਾਰੀਆਂ ਦਲੀਲਾਂ ਨਾਲ ਸਹਿਮਤ ਹੋ ਜਾਵਾਂਗਾ। ਕੀਰਤਨ ਦੇ ਹੱਕ ਵਿੱਚ ਪ੍ਰਚਾਰ ਕਰਨ ਲੱਗ ਜਾਵਾਂਗਾ। ਤੁਹਾਡੇ ਵਿਚ ਪੜ੍ਹੇ ਲਿਖੇ ਵਿਦਵਾਨ ਬੈਠੇ ਹਨ। ਕਾਲਜਾਂ ਵਿੱਚ ਪੜ੍ਹ ਰਹੇ ਨੌਜੁਆਨ ਬੈਠੇ ਹਨ। ਜਿੰਦਗੀ ਦਾ ਲੰਮਾ ਤਜਰਬਾ ਹਾਸਲ ਕਰ ਚੁੱਕੇ ਬਜ਼ੁਰਗ ਬੈਠੇ ਹਨ। ਤੁਹਾਡੇ ਵਿਚੋਂ ਕੋਈ ਭੀ ਮੈਨੂੰ ਇਹ ਜਾਣਕਾਰੀ ਦੇ ਕੇ ਧੰਨਵਾਦੀ ਬਣਾ ਦੇਵੇ ਕਿ ਦੁਨੀਆਂ ਵਿੱਚ ਜਿੰਨੇ ਰਾਜ ਪਲਟੇ ਹੋਏ ਨੇ। ਇਨਕਲਾਬੀ ਲਹਿਰਾਂ ਪੈਦਾ ਹੋਈਆਂ ਨੇ। ਆਪੋ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਬਹਾਦਰਾਂ ਨੇ ਯੋਗਦਾਨ ਪਾਇਆ ਹੈ। ਸਿੱਖਾਂ ਤੋਂ ਇਲਾਵਾ ਹੋਰ ਭੀ ਧਾਰਮਕ ਜਾਂ ਸਮਾਜਿਕ ਲਹਿਰਾਂ ਸਮੇਂ ਸਮੇਂ ਉਠਦੀਆਂ ਰਹੀਆਂ ਨੇ। ਗੋਰਿਆਂ ਤੋਂ ਅਨੇਕਾਂ ਦੇਸਾਂ ਵਾਲਿਆਂ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ। ਸਾਰੀ ਦੁਨੀਆਂ ਦੀ ਆਜਾਦੀ ਦੀ ਤਹਿਰੀਕ ਵਿਚੋਂ, ਮੈਨੂੰ ਕੋਈ ਇੱਕ ਕਰਾਂਤੀਕਾਰੀ ਯੋਧਾ ਦੱਸ ਦਿਓ, ਜਿਸਨੇ ਕੀਰਤਨ ਰਾਹੀਂ ਆਜ਼ਾਦੀ ਪ੍ਰਾਪਤ ਕੀਤੀ ਹੋਵੇ।’’
ਕਾਫੀ ਦੇਰ ਚੁੱਪ ਛਾਈ ਰਹੀ, ਮੈਂ ਦੁਬਾਰਾ ਫਿਰ ਇਹੀ ਸਵਾਲ ਦੁਹਰਾਇਆ ਪਰ ਕਿਸੇ ਨੂੰ ਜਵਾਬ ਨਾ ਅਹੁੜਿਆ।
ਅਖੀਰ ਜੋ ਭਾਈ ਸਭ ਤੋਂ ਜ਼ਿਆਦਾ ਕੀਰਤਨ ਦੇ ਹੱਕ ਵਿੱਚ ਬੋਲ ਰਿਹਾ ਸੀ, ਉਸਨੇ ਨਿਰਮਤਾ ਨਾਲ ਮੁਆਫੀ ਮੰਗੀ” (ਘੱਗਾ ਜੀ)
ਜਾਪਦਾ ਹੈ ਕਿ ਕਿਸੇ ਅਣਜਾਣ ਭੋਲੇ ਵਲੋਂ ਮੰਗੀ ਮੁਆਫ਼ੀ ਨੇ ਘੱਗਾ ਜੀ ਨੂੰ ਇਸ ਭਰਮ ਵਿਚ ਪਾ ਦਿੱਤਾ ਕਿ ਸੰਸਾਰ ਵਿਚ ਉਨ੍ਹਾਂ ਦੇ ਉਪਰੋਕਤ ਸਵਾਲ ਦਾ ਜਵਾਬ ਕਿਸੇ ਪਾਸ ਨਹੀਂ।
 ਪਹਿਲੀ ਗਲ ਤਾਂ ਇਹ ਕਿ ਆਪਣੇ ਉਪਰੋਕਤ ਤਰਕ ਵਿਚ ਘੱਗਾ ਜੀ ਨੇ ਕ੍ਰਾਂਤੀ ਤੋਂ  ਮੁੱਖ ਭਾਵ ਕੇਵਲ ਜੰਗ-ਯੁੱਧ ਅਤੇ ਦੇਸ਼ ਅਜਾਦੀ ਦੀ ਕ੍ਰਿਆ ਮਾਤਰ ਲੈ ਲਿਆ। ਹੁਣ ਇੰਕਲਾਬੀ ਲਹਿਰਾਂ ਦੀ ਗਲ ਕਰੀਏ ਤਾਂ ਉਹ ਜ਼ਰੂਰੀ ਨਹੀਂ ਕਿ ਮਾਰ-ਕੁਟਾਈ ਦੇ ਰੂਪ ਵਿਚ ਹੀ ਚਲਦੀਆਂ ਹੋਣ। ਇਸ ਤੋਂ ਘੱਗਾ ਜੀ ਵੀ ਮੁਨਕਰ ਨਹੀਂ ਹੋ ਸਕਦੇ। ਇਸ ਥਾਂ ਕੇਵਲ ਤਿੰਨ ਮਾਹਨ ਵਿਚਾਰਕਾਂ ਦੀ ਗਲ ਕਰਦੇ ਹਾਂ ਜਿਨ੍ਹਾਂ ਦੇ ਵਿਚਾਰਾਂ ਨੇ ਦਾਰਸ਼ਨਕ ਇਨਕਲਾਬਾਂ, ਰਾਜਸੀ ਸਿਧਾਤਾਂ ਅਤੇ ਉਨ੍ਹਾਂ ਦੇ ਇਨਕਲਾਬੀ ਪੱਖਾਂ ਨੂੰ ਪ੍ਰਭਾਵਤ ਕੀਤਾ।
 ਇਹ ਵਿਚਾਰਕ ਸਨ ਸੁਕਰਾਤ , ਪਲੇਟੋ ਅਤੇ ਸਿੰਕਦਰ  ਦਾ ਉਸਤਾਦ ਅਰਸਤੂ!
 ਵਿਸ਼ਵਾਸ ਹੈ ਕਿ ਘੱਗਾ ਜੀ ਇਨ੍ਹਾਂ ਵਿਚਾਰਕਾਂ ਦਾ ਨਾਮ ਜਾਣਦੇ ਹੋਣਗੇ। ਮੰਨਣ ਭਾਵੇਂ ਨਾ ਪਰ ਆਤਮੇ ਤੋਂ ਇਹ ਵੀ ਜਾਣਦੇ ਹੋਣ ਗੇ ਕਿ ਇਨ੍ਹਾਂ ਤਿੰਨ ਵਿਦਵਾਨਾਂ ਦੇ ਵਿਚਾਰਕ ਕਦ ਸਮਕਕਸ਼ ਉਹ ਆਪ ਕਿਸ ਪੱਧਰ ਦੇ ਟਿੱਪਣੀਕਾਰ ਹਨ। ਖੈਰ, ਘੱਗਾ ਜੀ ਨੂੰ ਚਾਹੀਦਾ ਹੈ ਕਿ ਉਹ ਸੰਗੀਤ ਬਾਰੇ ਇਨ੍ਹਾਂ ਤਿੰਨ ਵਿਦਵਾਨ ਵਿਚਾਰਕਾਂ ਦੇ ਦ੍ਰਿਸ਼ਟੀਕੋਣ ਨੂੰ ਪੜਨ ਦੀ ਖੇਚਲ ਕਰਨ
ਸੁਕਰਾਤ ਅਨੁਸਾਰ - ਸੰਗੀਤਮਈ ਸਿੱਖਿਆ ਕਿਸੇ ਵੀ ਦੂਸਰੇ ਸਾਧਨ ਨਾਲੋ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ। ਕਿਉਂਕਿ ਉਸਦੀ ਤਾਲ ਅਤੇ ਸਮਰਸਤਾ ਆਪਣਾ ਰਾਹ ਆਤਮੇ ਦੇ ਅਜਿਹੇ ਅੰਦਰੂਨੀ ਸਥਾਨ ਵਿਚ ਹਾਸਲ ਕਰਦੀ ਹੈ ਜਿੱਥੇ ਉਹ ਦੋਵੇਂ (ਸੰਗੀਤਮਈ ਸਿੱਖਿਆ ਅਤੇ ਮਨ) ਆਪਸ ਵਿਚ ਸ਼ਕਤੀਸ਼ਾਲੀ ਰੂਪ ਵਿਚ ਜੱਕੜੇ ਜਾਂਦੇ ਹਨ।
ਮਾਹਨ ਵਿਚਾਰਕ ਪਲੇਟੋ ਮੁਤਾਬਕ- ਸੰਗੀਤ ਇਕ ਨੈਤਿਕ ਨਿਯਮ ਹੈ। ਇਹ ਬ੍ਰਹਮੰਡ ਨੂੰ ਆਤਮਾ, ਚੇਤਨ ਨੂੰ ਪੰਖ, ਵਿਚਾਰ ਨੂੰ ਉਡਾਰੀ, ਉਦਾਸੀ ਨੂੰ ਆਨੰਦ ਅਤੇ ਹਰ ਸ਼ੈਅ ਨੂੰ ਰੰਗ ਅਤੇ ਜੀਵਨ ਦਿੰਦਾ ਹੈ। ਸੰਗੀਤ ਨਿਯਮ ਦਾ ਮੂਲ ਤੱਤਵ ਹੁੰਦਾ ਹੈ।
ਅਰਸਤੂ ਅਨੁਸਾਰ- ਸੰਗੀਤ ਸਿੱਦਾ ਆਤਮੇ ਦੀਆਂ ਭਾਵਨਾਵਾਂ ਨੂੰ ਆਕ੍ਰਸ਼ਤ ਕਰਦਾ ਹੈ।
ਹੁਣ ਘੱਗਾ ਜੀ ਦੱਸਣ ਕਿ ਇਨ੍ਹਾਂ ਵਿਚਾਰਕਾਂ ਨੇ ਸੰਸਾਰ ਵਿਚ ਕਈਂ ਥਾਂ ਕਾਲਾਂਤਰ ਉਭਰੇ ਵਿਚਾਰਕ ਅਤੇ ਰਾਜਸੀ ਸਿਧਾਤਾਂ ਦੀਆਂ ਲਹਿਰਾਂ ਨੂੰ ਪ੍ਰਭਾਵਤ ਨਹੀਂ ਸੀ ਕੀਤਾ ?
 ਕੀ ਯੂਰੋਪ ਵਿਚ ਪੁਨਰਜਾਗਰਣ ਦੀ ਲਹਿਰ ਵਿਚ ਕਲਾਕਾਰਾਂ ਦੀ ਕਲਾ ਨੇ ਵੀ ਇਨਕਲਾਬੀ ਮਾਨਸਿਕਤਾਵਾਂ ਨੂੰ ਪਲਟਾ ਨਹੀਂ ਸੀ ਦਿੱਤਾ ?
 ਵਿਦੇਸ਼ ਵਿਚ ਕਿਸੇ ਭੋਲੇ ਸੱਜਣ ਨੇ ਮਾਫੀ ਮੰਗ ਲਈ ਤਾਂ ਇਸਦਾ ਅਰਥ ਇਹ ਨਹੀਂ ਕਿ ਘੱਗਾ ਜੀ ਕੀਰਤਨ, ਰਾਗ ਅਤੇ ਸੰਗੀਤ ਦਾ ‘ਮ੍ਰਿਤਯੂ ਲੇਖ’ ਲਿਖਣ ਯੋਗ ਵਿਦਵਾਨ ਸਮਝੇ ਜਾਣ!
ਸੰਸਾਰ ਦੀ ਹਰ ਸੁੰਦਰ ਅਤੇ ਚੰਗੀ ਵਸਤ ਦਾ ਦੁਰਪਿਯੋਗ ਵੀ ਹੋ ਸਕਦਾ ਹੈ ਜਿਵੇਂ ਕਿ ਲੇਖਨ ਵਰਗੀ ਸੁੰਦਰ ਅਤੇ ਚੰਗੀ ਕਲਾ ਦਾ ਦੁਰਪਿਯੋਗ ਘੱਗਾ ਜੀ ਵਲੋਂ ਹੋਇਆ ਹੈ। ਘੱਗਾ ਜੀ ਮਨੁੱਖੀ ਸਮਾਜ ਦੀ ਗਲ ਕਰਦੇ ਹਨ, ਵਿਗਿਆਨੀਆਂ ਦਾ ਤਾਂ ਮੰਨਣਾ ਹੈ ਕਿ ਸੁੰਨ ਵਿਚ ਬ੍ਰਹਮਾਂਡ ਦੀ ਉੱਤਪਤੀ ਵਰਗੇ ਇੰਕਲਾਬ ਦੇ ਆਰੰਭ ਵਿਚ ਇਕ ਆਵਾਜ਼ (ਨਾਦ) ਦੀ ਅਹਿਮ ਭੂਮਿਕਾ ਸੀ। ਪਰ ਘੱਗਾ ਜੀ ਮੁੰਹ ਵਿਚੋਂ ਕੋਈ ਧੁਨਿ ਕੱਡਣ ਅਤੇ ਸੋਚਣ ਕਿ ਉਨ੍ਹਾਂ ਦੀ ਧੁਨਿ ਨਾਲ ਕਿਸੇ ਬ੍ਰਹਮਾਂਡ ਦੀ ਰਚਨਾ ਆਰੰਭ ਨਹੀਂ ਹੋ ਰਹੀ ਤਾਂ ਇਸ ਵਿਚ ਧੁਨਿ ਦਾ ਕੀ ਦੋਸ਼ ? ਬਾਣੀ ਵਿਚ ਬਾਣੀ ਅੰਦਰ ਇਕ ਅਨਹਦ ਧੁਨਿ ਹੋਣ ਦੇ ਵੀ ਸੰਕੇਤ ਹਨ ਜੋ ਕਿ ਘੱਗਾ ਜੀ ਦੀ ਸਮਝ ਵਿਚ ਨਾ ਆਉਣ ਤਾਂ ਇਸ ਵਿਚ ਧੁਨਿ ਦਾ ਕੀ ਦੋਸ਼ ? ਘੱਗਾ ਜੀ ਕੇਵਲ ਮਨੁਮੁੱਖੀ ਦੋਸ਼ਾਂ ਦੀ ਗਲ ਕਰਦੇ ਤਾਂ ਕੋਈ ਗਲ ਨਹੀਂ ਸੀ ਪਰ ਗੁਰਬਾਣੀ ਪ੍ਰਸਾਰ ਅਤੇ ਵਿਚਾਰ ਲਈ ਨਿਯਤ ਸਿੱਖਿਆਮਈ ਕੀਰਤਨ ਨੂੰ ਰਾਗਾਂ ਨੂੰ  ਦੋਸ਼ੀ ਅਤੇ ਹਰਾਮ ਜਿਹਾ ਦਰਸਾ ਕੇ ਉਨ੍ਹਾਂ ਆਪਣੀ ਨਾਸਮਝੀ ਦਾ ਨਮੂਨਾ ਪੇਸ਼ ਕੀਤਾ ਹੈ।
 ਹਰਦੇਵ ਸਿੰਘ, ਜੰਮੂ-੩੦.੦੬.੨੦੧੬
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.