ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸਟੇਂਡ ਵਾਲੇ ਕੁੱਝ ਸੱਜਣ
ਸਟੇਂਡ ਵਾਲੇ ਕੁੱਝ ਸੱਜਣ
Page Visitors: 2623

ਸਟੇਂਡ ਵਾਲੇ ਕੁੱਝ ਸੱਜਣ
ਸਟੇਂਡ (Stand) ਅੰਗ੍ਰਜ਼ੀ ਭਾਸ਼ਾ ਦਾ ਇੱਕ ਸ਼ਬਦ ਹੈ, ਜਿਸ ਦੇ ਸਾਧਾਰਨ ਜਿਹੇ ਅਰਥ ਹਨ; ਖੜਾ ਹੋਣਾ, ਠਹਰਾਉ ਜਾਂ ਸਥਿਰ ਰਹਿਣਾ! ਜੇ ਕਰ ਕੋਈ ਲਿਖਦਾ-ਕਹਿੰਦਾ ਹੈ ਕਿ 'ਫ਼ਲਾਂ ਵਿਸ਼ੇ ਬਾਰੇ ਉਸਦਾ ਸਟੇਂਡ ਇਹ ਹੈ' ਤਾਂ ਇਸਦਾ ਮਲਤਬ ਇਹ ਨਿਕਲਦਾ ਹੈ ਕਿ ਉਹ ਸੱਜਣ ਵਿਚਾਰਕ ਰੂਪ ਵਿਚ, ਕਿਸੇ ਵਿਸ਼ੇ ਬਾਰੇ, ਉਸ ਥਾਂ ਸਥਿਰਤਾ ਨਾਲ ਖੜਾ ਹੈ। ਹੁਣ ਜੇ ਕਰ ਕਿਸੇ ਵਲੋਂ 'ਸਟੇਂਡ' ਨਾਲ 'ਸਪਸ਼ਟ' ਸ਼ਬਦ ਵੀ ਵਰਤਿਆ ਜਾਏ ਤਾਂ ਮਤਲਬ ਇਹ ਹੋਇਆ ਕਿ ਉਹ ਸੱਜਣ ਕਿਸੇ ਵਿਸ਼ੇ ਤੇ 'ਸਪਸ਼ਟ ਸਥਿਰਤਾ' ਨਾਲ ਖੜੇ ਹਨ। ਆਉ ਇਸ ਚਰਚਾ ਰਾਹੀਂ ਅਸੀਂ 'ਸਟੇਂਡ ਵਾਲੇ' ਉਨ੍ਹਾਂ ਸੱਜਣਾਂ ਦੇ ਸਟੇਂਡ ਬਾਰੇ ਵਿਚਾਰ ਕਰੀਏ ਜਿਹੜੇ ‘ਸਪਸ਼ਟ ਸਟੇਂਡ’ ਦੇ ਦਾਵੇ ਨਾਲ ਕੁੱਝ ਗਲਾਂ ਬਾਰੇ ਇੰਝ ਵਿਚਰਦੇ ਹਨ ਜਿਵੇਂ ਕਿ ਕੋਈ ਸਿਟੀ ਬੱਸ! ਯਾਨੀ ਕੁੱਝ ਦੂਰੀ ਬਾਦ ਇਕ ਨਵਾਂ ਸਟੇਂਡ, ਜੋ ਕੁੱਝ ਚਿਰ ਬਾਦ ਫਿਰ ਬਦਲ ਜਾਂਦਾ ਹੈ।
ਕੋਈ ਸਿੱਖਣ ਦੌਰਾਨ ਆਪਣਾ ਸਟੇਂਡ ਬਦਲਦਾ ਰਹੇ ਕੋਈ ਗੱਲ ਨਹੀਂ ਪਰ ਗੁਰਮਤਿ ਬਾਰੇ ਆਏ ਦਿਨ ਦਾਵਾ ਪੁਰਣ ਨਵੇਂ ਸਟੇਂਡ ਪੇਸ਼ ਕਰਨਾ ਬੜੀ ਵਚਿੱਤਰ ਸਥਿਤੀ ਉੱਤਪੰਨ ਕਰਦਾ ਹੈ। ‘ਸਟੇਂਡ ਵਾਲੇ’ ਇਹ ਸੱਜਣ ਜਿਸ "ਸਪਸ਼ਟ ਸਟੇਂਡ" ਤੇ ਖੜੇ ਹੋ ਦੂਜਿਆਂ ਨੂੰ ਗੁਰਮਤਿ ਬਾਰੇ ਸੇਧਾਂ ਦਿੰਦੇ ਹਨ, ਉਹ ਕੁੱਝ ਚਿਰ ਬਾਦ, ਕੁੱਝ ਵਿਸ਼ੇਆਂ ਬਾਰੇ, ਪਹਿਲੀ ਥਾਂ ਤੋਂ ਆਪਣੇ ਸਟੇਂਡ ਦੀ ਦਰੀ ਚੁੱਕ,  ਨਵੇਂ ਸਟੇਂਡ ਜਾ ਅਪੜਦੇ ਹਨ।
ਦਰਅਸਲ ਜਿਸਨੂੰ ਇਹ ਸਟੇਂਡ (ਕੁੱਝ ਗਲਾਂ ਬਾਰੇ) ਕਹਿਦੇ ਹਨ ਉਹ ਗਲਤ 'ਸਟਾਪ' (Stop) ਨਿਕਲਦਾ ਹੈ ਅਤੇ ਸਟੇਂਡ ਕਦੇ ਆਉਂਦਾ ਹੀ ਨਹੀਂ।ਸੁਭਾਵਕ ਜਿਹੀ ਗਲ ਹੈ ਕਿ ਕਿਸੇ ਗਲਤ ਸਟੇਂਡ ਵੱਲ ਸਫ਼ਰ ਕਰਦੀ ਬਸ ਦੇ ਸਟਾਪ ਵੀ ਗਲਤ ਹੀ ਹੋਣਗੇ। ਮਸਲਨ ਲੁਧਿਆਣੇ ਤੋਂ ਦਿੱਲੀ ਜਾਉਣ ਵਾਲੀ ਬਸ ਜੇ ਕਰ ਦਿੱਲੀ ਜਾਉਣ  ਦੀ ਚਾਹਵਾਨ ਸਵਾਰੀਆਂ ਲੈ ਪਠਾਨਕੋਟ ਵੱਲ ਚਲ ਪਏ ਤਾਂ 'ਸਟਾਪ' ਵੀ ਗਲਤ ਅਤੇ 'ਸਟੇਂਡ' ਵੀ!
ਇਕ ਸੱਜਣ ਨੇ ੬੦ ਸਾਲ ਬਾਦ ਤਕਰੀਬਨ ੧੨ ਸਟੇਂਡ ਬਦਲੇ ਹਨ। ਉਨ੍ਹਾਂ ਦੇ ਸਮਰਥਕ ਕਹਿੰਦੇ ਹਨ ਕਿ ਜਿਸ ਵੇਲੇ ‘ਸੇਵਾਦਾਰ’ ਜੀ ਦੇ ਲਗਭਗ ਸਾਰੇ ਸਟੇਂਡ ਗਲਤ ਸਨ, ਉਸ ਵੇਲੇ ਉਨ੍ਹਾਂ ਕੋਮ ਦੀ ਬੜੀ ਮਹਾਨ ਸੇਵਾ ਕੀਤੀ! ਇਕ ਹੋਰ ਸੱਜਣ ਨੇ ਆਪਣੀ ਮਨਮਤਿ ਨੂੰ ਗੁਰਮਤਿ ਸਿੱਧ ਕਰਨ ਲਈ ਸਟੇਂਡ ਬਦਲਿਆ ਤਾਂ ਛਾਪੇ ਖਾਨੇ ਤੋਂ ਛੱਪਦੀ ਕਿਤਾਬ ਇਸ ਲਈ ਮੋੜ ਲਈ ਕਿ ਪਹਿਲੇ ਸਟੇਂਡ ਦੇ ਅਧਾਰ ਗਲਤ ਸਨ। ਇਸ ਲਈ ਅਧਾਰ ਬਦਲਣ ਲਈ ਛੱਪੇ ਹੋਏ ਲੇਖ ਵੀ ਬਦਲਵਾ ਲਏ।
ਇਹ ਲੇਖ ਬਦਲਣ-ਛੁਪਾਉਣ ਦੀ ਜੁਗਤ ਵੀ ਸਟੇਂਡ ਬਦਲਣ ਨਾਲ ਜੁੜਦੀ ਹੈ। ਕਈਂ ਵਾਰ ਤਾਂ ਪੁਰੀ ਵੈਬਸਾਈਟ ਹੀ ਬਦਲ ਦਿੱਤੀ ਜਾਂਦੀ ਹੈ ਤਾਂ ਕਿ ਪਹਿਲੇ ਵਾਲੇ "ਸਪਸ਼ਟ ਸਟੇਂਡਾਂ" ਦਾ ਰਿਕਾਰਡ ਅਸਪਸ਼ਟ ਹੋ ਜਾਏ ਤਾਂ ਨਵੇਂ ਜੁਗਾੜ ਤੇ ਛਲਾਂਗ ਮਾਰੀ ਜਾਏ। ਇਕ ਗਿਆਨੀ ਜੀ ਨੇ ਆਪਣੀ ਕਲਮ ਤੋਂ ਕੁੱਝ ਪੰਗਤਿਆਂ ਲਿਖ ਕੇ ਉੱਪਰ ਇਹ ਸਿਰਲੇਖ ਲਿਖਿਆ' "ਅੰਮ੍ਰਿਤਮਈ ਬਚਨ"! ਗੁਰਮਤਿ ਸੇਧਾਂ ਦੇਣ ਵਾਲੇ ਗਿਆਨੀ ਜੀ ਨੂੰ ਇਤਨਾ ਗਿਆਨ ਨਹੀਂ ਸੀ ਕਿ ਗੁਰਸਿੱਖ ਲਈ ਕੇਵਲ ਗੁਰਬਾਣੀ ਹੀ "ਅੰਮ੍ਰਿਤਮਈ ਬਚਨ" ਹੁੰਦੀ ਹੈ। ਮੈਂ ਧਿਆਨ ਦਵਾਇਆ ਤਾਂ ਸਿਰਲੇਖ ਬਦਲ ਕੇ ਲਿਖ ਦਿੱਤਾ "ਉਪਦੇਸ਼ਮਈ ਬਚਨ"! ਹੁਣ ਗੁਰਸਿੱਖ ਲਈ  ਉਪਦੇਸ਼ਮਈ ਬਚਨ ਵੀ ਤਾਂ ਕੇਵਲ ਗੁਰੂ ਦੇ ਹੀ ਹੋ ਸਕਦੇ ਹਨ।ਬੜੇ ਮਜਬੂਰ ਜਿਹੇ ਹੋ ਕੇ ਗਿਆਨੀ ਜੀ ਨੇ ਸਟੇਂਡ ਤਾਂ ਬਦਲਿਆ ਪਰ ਮਨ ਤੋਂ ਬਦਲਿਆ ਹੋਵੇ ਇਹ ਨਹੀਂ ਪਤਾ। ਹਦ ਤਾਂ ਇਹ ਵੀ ਸੀ ਕਿ ਵੈਬਸਾਈਟ ਤੇ ਮੁੱਖ ਪੰਨੇ ਤੇ ਥਾਂ ਪਰ ਥਾਂ ਮੂਲ ਮੰਤਰ ਵੀ  ਇੰਝ ਬਦਲ ਕੇ ਲਿਖ ਦਿੱਤਾ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਹੈ ਹੀ ਨਹੀਂ। ਫਿਰ ਸਟੇਂਡ ਬਦਲਣ ਲਈ ਪੰਨਾ ਬਦਲਣਾ ਪਿਆ।
ਹੁਣ ‘ਸਟੇਂਡ ਵਾਲੇ’ ਕਹਿਣਗੇ ਕਿ 'ਭਾਈ ਬੰਦਾ ਸਿੱਖਦਾ ਹੀ ਰਹਿੰਦਾ ਹੈ, ਇਸ ਲਈ ਸਟੇਂਡ ਬਦਲਦੇ ਵੀ ਰਹਿੰਦੇ ਹਨ'।ਮਾੜੀ ਗਲ ਨਹੀਂ ਪਰ ਜੇ ਕਰ ਇਨ੍ਹਾਂ ਵਲੋਂ ਦਰਸਾਈ-ਪ੍ਰਚਾਰੀ ਜਾਂਦੀ ਮਤਿ ਆਏ ਦਿਨ ਬਦਲਦੀ ਰਹਿੰਦੀ ਹੈ ਤਾਂ ਇਹ ਸੱਜਣ ਆਪਣੀ ਮਤਿ ਨੂੰ ਨਿਰੋਲ ਗੁਰਮਤਿ ਕਿਉਂ ਕਹਿੰਦੇ ਹਨ? ਕੀ ਐਸਾ ਵਿਵਹਾਰ ਕਰਨਾ ਗੁਰਮਤਿ ਅਨੁਸਾਰ ਸਹੀ ਹੈ? ਆਏ ਦਿਨ ਆਪਣੀ ਮਨਮਤਿ ਸਿੱਧ ਕਰਨ ਲਈ ਸਟੇਂਡ-ਸਟਾਪ ਬਦਲਣੇ ਅਤੇ ਬਹਾਨਾ ਸਿੱਖਣ ਦਾ ! ਕੀ ਰੋਜ਼ ਬਦਲਦੇ ਸਟੇਂਡ ਵਾਲੇ ਸੱਜਣਾਂ ਨੂੰ ਇਹ ਸੋਭਦਾ ਹੈ ਕਿ ਉਹ ਦੂਜਿਆਂ ਬਾਰੇ ਆਏ ਦਿਨ ਨਵੇਂ ਫ਼ਤਵੇ ਜਾਰੀ ਕਰਦੇ ਰਹਿਣ? ਜੇ ਕਰ 'ਸਟੇਂਡ ਵਾਲਿਆਂ' ਦਾ ਗੁਰਮਤਿ ਬਾਰੇ ਕੋਈ ਦਾਵਾ ਅੰਤਿਮ ਨਹੀਂ ਤਾਂ ਆਖ਼ਰ ਉਹ ਖ਼ੁਦ ਸਿੱਖ ਅਤੇ ਗੁਰਮਤਿ ਵਿਚਕਾਰ ਨਿਰਣਾਤਮਕ ਵਿਚੋਲਾ (ਪੂਜਾਰੀ) ਕਿਉਂ ਬਣਨਾ ਚਾਹੁੰਦੇ ਹਨ?
‘ਸਟੇਂਡ ਵਾਲੇ’ ਕੁੱਝ ਸੱਜਣਾਂ ਦਾ ਕਹਿਣਾ ਹੈ ਕਿ; ਗੁਰੂ ਗ੍ਰੰਥ ਸਾਹਿਬ ਜੀ ਅੱਗੇ ਭੇਂਟਾ ਨਾ ਦੇ ਕੇ ਸਾਡੇ ਸਟੇਂਡ ਦੀ ਪਰਚੀ ਕਟਾ ਮਾਇਆ ਭੇਂਟ ਕਰੋ! ਕੁੱਝ ਨੇ ਤਾਂ ਭੇਂਟਾ ਲੇਣ ਲਈ ਆਪਣੇ ਸਟੇਂਡ (ਵੈਬਸਾਈਟ) ਤੇ ਮਾਇਆ ਲੇਂਣ ਲਈ ਬਟਨ ਦਬਾਉਣ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
'ਸਟੇਂਡ ਵਾਲੇ' ਸੱਜਣੋਂ, ਜੇ ਕਰ ਸਿੱਖ ਨੂੰ ਸਿੱਧਾ (Direct) ਗੁਰੂ ਨਾਲ ਜੋੜਨ ਦਾ ਦਾਵਾ ਕਰਦੇ ਹੋ ਤਾਂ ਵਿਚੋਂ ਆਪਣੇ-ਆਪਣੇ ਸੰਗਠਤ ਸਟੇਂਡ (ਅੱਡੇ) ਵੀ ਚੁੱਕੋ। ਦੂਜਿਆਂ ਨੂੰ ਵਿਚੋਲਾ ਕਹਿ ਨਿੰਦਦੇ ਆਪ ਵਿਚੋਲੇ ਕਿਉਂ ਬਣ ਗਏ ਹੋ ? ਕੁੱਝ ਭੇਖੀ ਬਾਬਿਆਂ ਅਤੇ ਸਾਧਾਂ ਕੋਈ ਕਸਰ ਛੱਡੀ ਹੈ ਜਿਹੜੀ ਤੁਸੀ ਪੁਰੀ ਕਰਨਾ ਚਾਹੁੰਦੇ ਹੋ? ਗੁਰਮਤਿ ਅਤੇ ਸਿੱਖ ਵਿਚਕਾਰ ਅਜਿਹੇ 'ਸਟੇਂਡਾਂ' ਦਾ ਦਖ਼ਲ ਉੱਚਿਤ ਹੈ ?

ਹਰਦੇਵ ਸਿੰਘ, ਜੰਮੂ-੩੧-੦੫-੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.