ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਵਿਰੋਧਵਾਦ ਦਾ ਦਾਈਰਾ
ਵਿਰੋਧਵਾਦ ਦਾ ਦਾਈਰਾ
Page Visitors: 2567

  ਵਿਰੋਧਵਾਦ  ਦਾ  ਦਾਈਰਾ
ਸਿੱਖ ਧਰਮ, ਭਾਵ;ਸਿੱਖਾਂ ਦਾ ਧਰਮ, ਉਨ੍ਹਾਂ ਦਾ ਮਤ ਯਾਨੀ ਗੁਰਮਤਿ! ਇਸ ਨੂੰ ਸਮਝਣ ਵਿਚ ਭੇਦ ਹੋ ਸਕਦਾ ਹੈ ਪਰ ਜੋ ਵਿਚਾਰਕ ਬੰਦਾ, ਮਨਮਤਿ ਦੀ ਰਾਹ ਤੇ ਤੁਰਦਾ ਹੋਵੇ, ਤਾਂ ਕਈਂ ਵਾਰ ਨਵੀਂ ਗਲ ਕਹਿਣ ਦੇ ਭੁੱਸ ਵਿਚ ਉਸਨੂੰ ਸਿੱਖ ਧਰਮ ਨਜ਼ਰ ਨਹੀਂ ਆਉਂਦਾ। ਇਹ ਇਕ ਪ੍ਰਕਾਰ ਨਾਲ ਹਉਮੇ ਦੀ ਬੀਮਾਰੀ ਜਿਹੀ ਹੈ, ਜੋ ਕਿ ਮਨੁੱਖਤਾ ਦੇ ਡਾਕਟਰ ਬਣੇ ਕਿਸੇ ਸੱਜਣ ਨੂੰ ਲੱਗਦੀ ਹੈ ਅਤੇ ਫਿਰ ਉਸ ਨੂੰ ਸਿੱਖਾਂ ਦਾ ਧਰਮ, ਉਨ੍ਹਾਂ ਦਾ ਮਤ ਭਾਵ ਗੁਰੂ ਦਾ ਮਤ ਨਜ਼ਰ ਨਹੀਂ ਆਉਂਦਾ। ਗੁਰੂ ਨੇ ਤਾਂ ‘ਕੁੱਝ ਕਰਨ’ ਅਤੇ ‘ਕੁੱਝ ਨਾ ਕਰਨ’ ਦੀ ਮਤ ਦੇ ਕੇ, ਮਨਮਤਿ ਅਤੇ ਗੁਰਮਤਿ ਵਿਚਕਾਰ ਲਕੀਰ ਖਿੱਚ ਦਿੱਤੀ। ਹੁਣ ਇਸ ਨੂੰ ਕੋਈ ਕਿਸ ਸਥਿਤੀ ਵਿਚ ਸਮਝਦਾ ਹੈ ਇਹ ਇਕ ਵੱਖਰੀ ਗੱਲ ਹੈ।
ਕਿਸੇ ਹਵਾਈ ਜਹਾਜ਼ ਦੇ ਸਾ੍ਹਮਣੇ ਖੜੇ ਹੋ ਜਾਈਏ, ਤਾਂ ਨਜ਼ਰ ਆਉਂਦੇ ਹਨ ਜਹਾਜ਼ ਦੇ ਦੋ ਪਰ। ਇਕ ਸੱਜਾ ਤੇ ਦੂਜਾ ਖੱਬਾ! ਤੇ ਫਿਰ ਜੇ ਕਰ ਜਹਾਜ਼ ਵੱਲ ਪਿੱਠ ਕਰ ਲਈਏ, ਤਾਂ ਸੱਜਾ ਪਰ ਖੱਬਾ ਅਤੇ ਖੱਬਾ ਸੱਜਾ ਹੋ ਜਾਂਦਾ ਹੈ। ਦੋਵੇਂ ਸਥਿਤੀਆਂ ਵੱਖਰੀਆਂ, ਵਰਨਾ ਬੰਦਾ ਵੀ ਉਹੀ ਅਤੇ ਜਹਾਜ਼ ਵੀ!
ਕੋਈ ਸਿਆਣਾ ਇਕ ਸੋਟੀ ਦੇ ਦੋ ਸਿਰੇਆਂ ਨੂੰ ਸਹਿਜਤਾ ਨਾਲ ਕਬੂਲ ਕਰ ਸਕਦਾ ਹੈ, ਜਦ ਕਿ ਕੋਈ ਦੁਸਰਾ ਉਪਦ੍ਰਵੀ, ਇਹ ਬਵਾਲ ਮੱਚਾ ਸਕਦਾ ਹੈ ਕਿ; 'ਭਾਈ ਜੇ ਕਰ ਸੋਟੀ ਇਕ ਹੈ ਤਾਂ ਸਿਰਾ ਵੀ ਇਕ ਹੀ ਹੋਣਾ ਚਾਹੀਦਾ ਹੈ!' ਰੱਬ ਇਕ ਹੋਣ ਦਾ ਮਤਲਬ ਇਹ ਨਹੀਂ  ਲਿਆ ਜਾ ਸਕਦਾ ਕਿ ਮਨੁੱਖਾਂ ਦੇ ਮਤ ਵੱਖਰੇ ਨਹੀਂ ਹੋ ਸਕਦੇ।
ਈਸ਼ਵਰ ਜੀਵਨ ਨੂੰ ਇਕ ਸਥਿਤੀ ਤੋਂ ਦੂਜੀ ਸਥਿਤੀ ਵਿਚ ਕਰਕੇ ਸਮਝਾਉਂਦਾ ਹੈ, ਕਿਉਂਕਿ ਇਕ ਤੋਂ ਬਿਨ੍ਹਾਂ ਦੂਜੀ ਅਤੇ ਦੂਜੀ ਤੋਂ ਬਿਨ੍ਹਾਂ ਪਹਿਲੀ ਦੀ ਸਮਝ ਨਹੀਂ ਆਉਂਦੀ। ਇਹ ਹੈ ਹੁਕਮ ਵਿਚਲਾ ਵਿਸਮਾਦਮਈ ਤਾਲਮੇਲ! ਅੱਖਾਂ ਜੇ ਕਰ ‘ਕੇਵਲ ਖੁੱਲੀਆਂ’ ਜਾਂ ‘ਕੇਵਲ ਬੰਦ’ ਹੀ ਰਹਿ ਜਾਣ, ਤਾਂ ਸਮਝ ਲੋ ਬਿਮਾਰੀ ਹੈ। ਚਾਨਣ ਅਤੇ ਹਨੇਰੇ ਦਾ ਪ੍ਰਬੰਧ ਬੰਦੇ ਦੇ ਅੰਦਰ ਮੋਜੂਦ ਹੈ। ਜੇ ਦੋਹਾਂ ਵਿਚੋਂ ਇਕ ਦਾ ਬੋਧ ਹੀ ਨਾ ਰਹੇ, ਤਾਂ ਇੰਝ ਜਿਵੇਂ ਕਿ ਸਮਝ ਨੂੰ ਲਕਵਾ!
‘ਕਰਤੇ’ ਦੇ ਸੰਸਾਰ ਵਿਚ ਦਿੱਸਦੀ ਹਰ ਵਸਤ ਦਾ ਇਕ ਅਕਾਰ ਭਾਵ; ਦਾਈਰਾ ਹੈ। ਕੋਈ ਸ਼ੈਅ ਐਸੀ ਨਹੀਂ ਜਿਸਦਾ ਕੋਈ ਦਾਈਰਾ ਨਾ ਹੋਵੇ। ਵਿਸ਼ਾਲ ਸਮੰਦਰਾਂ ਤੋਂ ਮੈਦਾਨਾਂ ਤਕ, ਹਰ ਵਸਤ ਦਾ ਇਕ ਦਾਈਰਾ ਹੈ। ਠੀਕ ਇੰਝ ਹੀ ਮਨੁੱਖੀ ਸੋਚ ਦਾ ਵੀ ਇਕ ਦਾਈਰਾ ਹੈ, ਜੋ ਬੇਸ਼ੱਕ ਵੱਡਾ-ਛੋਟਾ ਤਾਂ ਹੋ ਸਕਦਾ ਹੈ, ਪਰ ਸੀਮਾ ਰਹਿਤ ਨਹੀਂ! ਬੰਦਾ, ਪਰਿਵਾਰ, ਮੁਹੱਲਾ, ਬਸਤੀਆਂ, ਸ਼ਹਿਰ, ਦੇਸ਼ ਅਤੇ ਸੰਸਕ੍ਰਿਤਿਆਂ  ਦਾਈਰੇ ਹੀ ਤਾਂ ਹਨ। ਨਹੀਂ ?
ਮਨੁੱਖ ਦੀਆਂ ਰੱਗਾਂ ਵਿਚ ਦੋੜਦਾ ਖ਼ੂਨ ਵੀ ਇੱਕ ਨਹੀਂ। ਕਈਂ ਗਰੁੱਪ ਹਨ। ਭਲਾ 'ਇਕ' ਨੇ ਸਭ ਇਕੋ ਹੀ ਕਿਉਂ ਨਾ ਕੀਤਾ ? ਇਹ ਵੰਡ ਪਾਉਣ ਦੀ ਕੀ ਲੋੜ ਸੀ ? ਇਸ ਨੂੰ ਵਿਚਾਰਨ ਦੀ ਲੋੜ ਹੈ।
ਬਿਨ੍ਹਾਂ ਦਾਈਰੇਆਂ ਦੇ ਸੰਸਾਰ ਸੰਭਵ ਹੀ ਨਹੀਂ ਸੀ ਹੋ ਸਕਦਾ। ਜੰਗਲ ਨੂੰ ਵੇਖ ਲੋ ਤਾਂ ਜਾਨਵਰਾਂ ਵਿਚਲੇ ਦਾਈਰੇ ਨਜ਼ਰ ਆਉਣ ਗੇ, ਫਿਰ ਚਾਹੇ ਉਹ ਜਾਨਵਰ, ਇਕੋ ਹੀ ਜਾਤੀ-ਪ੍ਰਜਾਤੀ ਦੇ ਕਿਉਂ ਨਾ ਹੋਣ। ਕੀ ਉਨ੍ਹਾਂ ਨੂੰ ਕਿਸੇ ਪੂਜਾਰੀ, ਬ੍ਰਾਹਮਣ ਜਾਂ ਧਾਰਮਕ ਗ੍ਰੰਥ ਨੇ ਦਾਈਰੇਆਂ ਵਿਚ ਵੰਡਿਆ ਹੈ ? ਉਨ੍ਹਾਂ ਵਿਚਲਾ ਲਾਲਚ, ਆਪਸੀ ਮੋਹ ਅਤੇ ਹਿੰਸਕ ਵਰਤਾਉ  ਕਿਸੇ ਪੂਜਾਰੀ ਦੀ ਚਾਲ ਹੈ ਜਾਂ ਫਿਰ ਈਸ਼ਵਰ ਦੀ ਖੇਡ?
ਵਿਚਾਰਾਂ ਦੀ ਸਵਤੰਤ੍ਰਤਾ ਦੀ ਵਕਾਲਤ ਕਰਨ ਵਾਲੇ ਕੁੱਝ ਸੱਜਣ ਇਤਨਾ ਨਹੀਂ ਵਿਚਾਰ ਸਕਦੇ ਕਿ ਵਿਚਾਰ ਦੀ ਸਵਤੰਤ੍ਰਤਾ ਦੀ ਹੋਂਦ ਹੀ 'ਸੋਚ ਦੇ ਦਾਈਰੇ' ਦੀ ਸਵਕ੍ਰਿਤੀ ਹੈ ? ਆਪਣੀ-ਆਪਣੀ ਗਲ ਕਹਿਣ ਦਾ ਹੱਕ ਹੀ ਤਾਂ ਦਾਈਰੇਆਂ ਦਾ ਸੂਚਕ ਹੈ। ਕਿ ਨਹੀਂ ? ਆਪਣੇ ਅਤੇ ਪਰਾਏ ਹੱਕ ਵਿਚਕਾਰ ਇਕ ਦਾਈਰਾ, ਇਕ ਵੰਡ ਹੀ ਤਾਂ ਹੁੰਦੀ ਹੈ। ਕਿ ਨਹੀਂ ? ਤੇ ਫਿਰ ਆਪਣੀ ਇਸਤਰੀ ਅਤੇ ਪਰ ਇਸਤਰੀ ? ਕੋਈ ਦਾਈਰਾ, ਕੋਈ ਫ਼ਾਸਲਾ ਨਹੀਂ ?
ਗੁਰਮਤਿ ਵਿਚ ਤਾਂ ਫ਼ਾਸਲਿਆਂ ਨੂੰ ਸਮਝਣ ਦੀ ਜੁਗਤ ਹੈ। ਸਿੱਖ ਨੇ ਕਈਂ ਥਾਂ ਫ਼ਾਸਲੇ ਦੂਰ ਕਰਨੇ ਹਨ ਅਤੇ ਕਈਂ ਥਾਂ ਕਾਯਮ ਰੱਖਣੇ ਹਨ। ਇਹ ਸਿੱਖ ਦੇ ਧਰਮ (ਸਿੱਖ ਧਰਮ) ਦੀ ਇਕ ਵਾਸਤਵਿਕਤਾ ਹੈ। ਜਿਨ੍ਹਾਂ ਨੂੰ ਸਿੱਖ ਧਰਮ (ਸਿੱਖ ਦੇ ਧਰਮ) ਦੀ ਸਮਝ ਨਹੀਂ ਉਹ ਇਹ ਸੱਚ ਨਹੀਂ ਸਮਝ ਸਕਦੇ।  ਗੁਰੂ ਸਾਹਿਬਾਨ ਦੇ ਮਤ ਦੀ ਹੋਂਦ ਅਤੇ ਉਸ ਦੇ ਸਾਰੇ ਨਿਸ਼ਾਨਾਂ ਨੂੰ ਮਿਟਾਉਣ ਦਾ ਜਤਨ, ਗੁਰੂਕਾਲ ਅਤੇ ਅੱਜ ਦੇ ‘ਵਿਰੋਧਵਾਦ’ ਵਿਚਲਾ ਦਾਈਰਾ ਹੈ, ਜਿਸ ਨੂੰ ਮਾਨਵਤਾਵਾਦ ਦੇ ਨਾਮ ਤੇ ਖਿੱਚਿਆ ਜਾ ਰਿਹਾ ਹੈ। ‘ਵਿਰੋਧਵਾਦ’ ਦੇ ਇਸ ਦਾਈਰੇ ਦੀ ਅਸਲੀਅਤ ਨੂੰ ਵਿਚਾਰਨ-ਸਮਝਣ ਦੀ ਲੋੜ ਹੈ। ਆਖ਼ਰ ਸਿੱਖ ਧਰਮ ਨੂੰ ਖ਼ਤਮ ਕਰਕੇ ਮਨੁੱਖੀ ਏਕਾ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ?
ਹਰਦੇਵ ਸਿੰਘ, ਜੰਮੂ-੧੩.੦੯.੨੦੧੭

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.