ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ। ਹਰਲਾਜ ਸਿੰਘ ਬਹਾਦਰਪੁਰ।
ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ। ਹਰਲਾਜ ਸਿੰਘ ਬਹਾਦਰਪੁਰ।
Page Visitors: 2499

ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ। ਹਰਲਾਜ ਸਿੰਘ ਬਹਾਦਰਪੁਰ।
ਕੁਦਰਤ ਨੇ ਹਰ ਜੀਵ ਜਾਤੀ ਦੀ ਪਦੈਸ਼ ਲਈ ਜੋੜਾ ਪੈਦਾ ਕੀਤਾ ਹੈ, ਸਾਰੇ ਜੀਵਾਂ ਦੇ ਜੋੜੇ ਕੁਦਰਤੀ ਢੰਗ ਨਾਲ ਆਪਣੇ ਬੱਚੇ ਪਾਲ ਰਹੇ ਹਨ ਅਤੇ ਆਪਣੇ ਫਰਜ ਵੀ ਸਹੀ ਨਿਭਾਉਂਦੇ ਹੋਏ ਜੀਅ ਰਹੇ ਹਨ। ਕੋਈ ਜੀਵ ਕਿਸੇ ਦੇ ਹੱਕ ਨੂੰ ਮਾਰਦਾ ਵੀ ਨਹੀਂ ਹੈ, ਨਕਾਰਦਾ ਵੀ ਨਹੀਂ ਹੈ ਅਤੇ ਬਰਾਬਰਤਾ ਦੇ ਹੱਕ ਲੈਣ ਦੇਣ ਦਾ ਰੌਲਾ ਵੀ ਨਹੀਂ ਪਾਉਂਦਾ। ਨਾ ਕੋਈ ਊਚ ਨੀਚ ਦੀ ਵੰਡੀ ਹੈ, ਨਾ ਕੋਈ ਮੂਰਖ ਹੈ ਨਾ ਸਿਆਣਾ ਹੈ। ਨਾ ਉਹਨਾ ਨੂੰ ਸਿਆਣੇ ਬਣਾਉਣ ਲਈ ਕੋਈ ਸਕੂਲ, ਕਾਲਜ, ਯੂਨੀਵਰਸਿਟੀ ਹੈ, ਨਾ ਕੋਈ ਧਰਮ ਹੈ, ਪਰ ਉਹ ਫਿਰ ਵੀ ਆਪਣੇ ਫਰਜ ਸਹੀ ਨਿਭਾਅ ਰਹੇ ਹਨ। ਇੱਕ ਮਨੁੱਖ ਹੀ ਹੈ ਜੋ ਆਪਣੇ ਆਪ ਨੂੰ ਸਾਰੇ ਜੀਵਾਂ ਤੋਂ ਸਿਆਣਾ ਸਮਝਦਾਰ ਸਮਝਦਾ ਹੈ, ਜਿਸ ਨੂੰ ਹੋਰ ਸਿਆਣਾ ਸਮਝਦਾਰ ਬਣਾਉਣ ਲਈ ਬੇਅੰਤ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਅਨੇਕਾਂ ਹੀ ਧਰਮ ਹਨ।         ਪਰ ਇਹ ਹਾਲੇ ਵੀ ਆਪਣੇ ਮੁਢਲੇ ਫਰਜਾਂ ਤੋਂ ਅਣਜਾਣ ਹੀ ਹੈ, ਜਿਸ ਕਾਰਨ ਹੱਕ ਮਾਰਨ, ਹੱਕ ਨਕਾਰਨ, ਬਰਾਬਰਤਾ ਦੇਣ ਅਤੇ ਲੈਣ ਦੇ ਰੌਲੇ ਪੈ ਰਹੇਹਨ। 
     ਮੇਰੀ ਸੋਚ ਮੁਤਾਬਿਕ ਇਹਨਾ ਰੌਲਿਆਂ ਦਾ ਮੁੱਖ ਕਾਰਨ ਵੰਡੀ ਹੈ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਪਰ ਮੈਨੂੰ ਮਨੁੱਖਤਾ ਵਿੱਚ ਹਰ ਤਰਾਂ ਦੀਆਂ ਪਈਆਂ ਵੰਡੀਆਂ ਬਹੁਤ ਮਾੜੀਆਂ ਲੱਗਦੀਆਂ ਹਨ। ਇਹ ਵੰਡੀਆਂ ਚਾਹੇ ਧਰਮ, ਜਾਤ, ਦੇਸ਼, ਸੂਬੇ ਅਤੇ ਇਸਤਰੀ ਪੁਰਸ਼ ਆਦਿ ਦੀਆਂ ਹੋਣ। ਵੰਡੀ ਬੇਸੱਕ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਸੱਭ ਤੋਂ ਖਤਰਨਾਕ ਵੰਡੀ ਮਨੁੱਖ ਨੂੰ ਵੰਡਣ ਵਾਲੀ ਹੈ ਜੋ ਇਸਤਰੀ ਅਤੇ ਪੁਰਸ਼ ਨੂੰ ਵੀ ਵੰਡਦੀ ਹੈ। ਇਸ ਵਿੱਚ ਕੋਈ ਸੱਕ ਨਹੀਂ ਹੈ ਕਿ ਕੁੱਝ ਪੁਰਸ਼ਾਂ ਨੇ ਕੁਦਰਤੀ ਕਾਰਨਾ ਨੂੰ ਨਾ ਸਮਝਦਿਆਂ ਪੁਰਸ਼ ਨੂੰ ਉੱਤਮ ਅਤੇ ਇਸਤਰੀ ਨੂੰ ਨੀਚ ਹੋਣ ਦਾ ਦਰਜਾ ਦੇ ਦਿੱਤਾ ਸੀ (ਹੈ)। ਨਾਲੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸਤਰੀ ਨੀਚ ਹੈ, ਤਾਂ ਫਿਰ ਨੀਚ ਦੇ ਪੇਟ ਵਿੱਚੋਂ ਪੈਦਾ ਹੋਣ ਵਾਲਾ ਪੁਰਸ਼ ਉੱਤਮ ਕਿਵੇਂ ਹੋ ਸਕਦਾ।
   ਪਰ ਸਾਨੂੰ ਹੁਣ ਉਹਨਾ ਪੁਰਾਣੀਆਂ ਉੱਤਮ, ਨੀਚ ਵਾਲੀਆਂ ਮਨੌਤਾਂ ਨੂੰ ਛੱਡ ਕੇ ਬਰਾਬਰਤਾ ਦਾ ਜੀਵਨ ਜਿਉਣ ਦਾ ਅਨੰਦ ਲੈਣਾ ਚਾਹੀਂਦਾ। ਕਿਉਂਕਿ ਅਸਲ ਵਿੱਚ ਇਸਤਰੀ ਅਤੇ ਪੁਰਸ਼ ਦੋਹੇਂ ਰਲ ਕੇ ਹੀ ਇੱਕ ਮਨੁੱਖ ਬਣਦੇ ਹਨ, ਇਸ ਲਈ ਇਹਨਾ ਨੂੰ ਵੰਡਿਆ ਹੀ ਨਹੀਂ ਜਾ ਸਕਦਾ। ਇਸਤਰੀ ਅਤੇ ਪੁਰਸ਼ ਇੱਕ ਦੂਜੇ ਤੋਂ ਬਗੈਰ ਦੋਨੋ ਹੀ ਅਧੂਰੇ ਹਨ। ਮਨੁੱਖ ਜਾਤੀ ਨੂੰ ਪੈਦਾ ਕਰਨ ਜਾਂ ਇਸ ਦੀ ਹੋਂਦ ਨੂੰ ਜਿੰਦਾ ਰੱਖਣ ਲਈ ਲਈ ਦੋਹੇਂ ਇੱਕੋ ਜਿੰਨੇ ਜਰੂਰੀ ਹਨ। ਹਾਂ ਜੋ ਕੁਦਰਤੀ ਤੌਰ ਤੇ ਇਹਨਾ ਵਿੱਚ ਸਰੀਰਕ ਤੌਰ ਤੇ ਵਖਰੇਵੇਂ ਹਨ, ਉਹ ਰਹਿਣਗੇ ਵੀ ਅਤੇ ਉਹ ਲੋੜ ਅਨੁਸਾਰ ਜਰੂਰੀ ਵੀ ਹਨ। ਇਹ ਵਖਰੇਵੇਂ ਪੁਰਸ਼ ਦੇ ਉੱਤਮ ਜਾਂ ਇਸਤਰੀ ਦੇ ਨੀਚ ਹੋਣ ਦੇ ਸੂਚਕ ਵੀ ਨਹੀਂ ਹਨ।
    ਅਫਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਅਣਪੜਤਾ ਜਾਂ ਰੂੜੀਵਾਦੀ ਵਿਚਾਰਾਂ ਕਾਰਨ ਇਸਤਰੀ ਨੂੰ ਨੀਚ ਸਮਝ ਕੇ ਉਸ ਨਾਲ ਧੱਕਾ ਹੁੰਦਾ ਰਿਹਾ ਹੈ, ਹੁਣ ਬਰਾਬਰਤਾ ਦੇ ਨਾਮ ਤੇ ਵੀ ਇਸਤਰੀ ਦਾ ਹੀ ਸੋਸਣ ਹੋ ਰਿਹਾ ਹੈ, ਪਰ ਇਸ ਦਾ ਨੁਕਸਾਨ ਦੋਹਾਂ ਨੂੰ ਹੀ ਹੁੰਦਾ ਹੈ। ਇਸਤਰੀ ਨੂੰ ਆਰਥਿਕ ਤੌਰ ਤੇ ਹਰ ਖੇਤਰ ਵਿੱਚ ਕੰਮ ਕਰਨ ਅਤੇ ਨੌਕਰੀ ਦੇ ਦੇਣਾ ਹੀ ਬਰਾਬਰਤਾ ਨਹੀਂ ਹੁੰਦੀ, ਕਿਉਂਕਿ ਇਸ ਬਰਾਬਰਤਾ ਨੇ ਤਾਂ ਇਸਤਰੀ ਉੱਤੇ ਹੋਰ ਵੀ ਬੋਝ ਵਧਾ ਦਿੱਤਾ ਹੈ, ਜਿਸ ਕਾਰਨ ਨੌਕਰੀ ਕਰਨ ਵਾਲੀਆਂ ਇਸਤਰੀਆਂ ਨੂੰ ਘਰਦੇ ਕੰਮਾ ਦੇ ਨਾਲ ਨਾਲ ਬਾਹਰਲੇ ਕੰਮ ਵੀ ਕਰਨੇ ਪੈਂਦੇ ਹਨ। ਮੈਨੂੰ ਤਾਂ ਇਸ ਵਿੱਚ ਵੀ ਇਸਤਰੀ ਦੀ ਗੁਲਾਮੀ ਹੀ ਦਿਸ ਰਹੀ ਹੈ।ਜਿਸ ਕਾਰਨ ਹੁਣ ਬਰਾਬਰਤਾ ਦਾ ਇੱਕ ਹੋਰ ਪੈਮਾਨਾ ਵੀ ਸਾਹਮਣੇ ਆ ਰਿਹਾ ਹੈ, ਕਿ ਜਿੰਨਾ ਪੜਿਆ ਲੜਕਾ/ਲੜਕੀ ਹੋਵੇ ਉਸ ਨੂੰ ਓਨਾ ਹੀ ਪੜਿਆ ਲੜਕੀ/ਲੜਕੇ ਦਾ ਰਿਸਤਾ ਚਾਹੀਂਦਾ ਹੈ, ਜਾਂ ਜਿੰਨੀ ਵੱਡੀ/ਛੋਟੀ ਨੌਕਰੀ ਲੜਕਾ/ਲੜਕੀ ਕਰਦਾ ਹੈ ਉਸ ਨੂੰ ਓਨੀ ਹੀ ਵੱਡੀ/ਛੋਟੀ ਨੌਕਰੀ ਕਰਦੇ ਲੜਕੀ/ਲੜਕੇ ਦਾ ਰਿਸਤਾ ਚਾਹੀਂਦਾ ਹੈ। ਅਜਿਹੀ ਅਜੋਕੀ ਬਰਾਬਰਤਾ ਵਿੱਚ ਦੋਹੇਂ ਪਤੀ ਪਤਨੀ ਆਰਥਿਕ ਤੌਰ ਤੇ ਪੈਸੇ ਕਮਾਉਣ ਵਾਲੇ ਸੰਦ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ, ਕਿਉਂਕਿ ਅਜਿਹੀ ਬਰਾਬਰਤਾ ਵਾਲੇ ਪਤੀ ਪਤਨੀਆਂ ਲਈ ਆਪਸ ਵਿੱਚ ਇੱਕ ਦੂਜੇ ਦੇ ਕੰਮ ਆਉਣਾ, ਬੱਚਿਆਂ ਦਾ ਪਾਲਣ ਪੋਸ਼ਣ, ਵੱਡਿਆਂ ਦੀ ਸਾਂਭ ਸੰਭਾਲ ਕਰਨਾ ਅਤੇ ਹੋਰ ਰਿਸਤੇ ਨਾਤਿਆਂ ਦੀ ਥਾਂ ਸੱਭ ਕੁੱਝ ਸਿਰਫ ਪੈਸਾ ਹੀ ਹੁੰਦਾ ਹੈ, ਜਦ ਕਿ ਅਸਲ ਵਿੱਚ ਪੈਸਾ ਲੋੜ ਤਾਂ ਹੁੰਦੀ ਹੈ ਪਰ ਸੱਭ ਕੁੱਝ ਨਹੀਂ ਹੁੰਦਾ।          ਇਸ ਲਈ ਇਸਤਰੀ ਨੂੰ ਆਰਥਿਕ ਤੌਰ ਤੇ ਕਮਾਈ ਕਰਨ ਲਈ ਇੱਕ ਸੰਦ ਵਜੋਂ ਬਰਾਬਰਤਾ ਦੇਣੀ ਕੋਈ ਬਰਾਬਰਤਾ ਨਹੀਂ ਹੁੰਦੀ। ਸਹੀ ਬਰਾਬਰੀ ਤਾਂ ਇਸ ਵਿੱਚ ਹੈ ਕਿ ਅਸੀਂ ਇੱਕ ਦੂਜੇ ਨੂੰ ਵੱਧ, ਘੱਟ ਅਧਿਕਾਰ ਦੇਣ, ਉੱਤਮ ਜਾਂ ਨੀਚ ਸਮਝਣ ਦੀ ਵਜਾਏ ਦੋਹਾਂ ਨੂੰ ਮਨੁੱਖ ਦੇ ਇੱਕ ਅੰਗ ਵਜੋਂ ਹੀ ਜਾਣੀਏਂ ਨਾ ਕਿ ਵੱਖ ਵੱਖ ਦੋ। ਜਿਵੇਂ ਕਿ ਮਨੁੱਖਾ ਸਰੀਰ ਦੇ ਦੋ ਲੱਤਾਂ ਦੋ ਬਾਹਾਂ ਆਦਿ ਅੰਗ ਹਨ, ਉਹਨਾ ਵਿੱਚੋਂ ਕੋਈ ਵੀ ਬੇਲੋੜਾ ਜਾਂ ਉਤਮ ਨੀਚ ਨਹੀਂ ਹੁੰਦਾ। ਇਸੇ ਤਰਾਂ ਇਸਤਰੀ ਅਤੇ ਪੁਰਸ਼ ਵੀ ਦੋਹੇਂ ਇੱਕ ਮਨੁੱਖ ਦੇ ਅੰਗ ਹਨ ਇਹਨਾ ਵਿੱਚੋਂ ਕੋਈ ਵੀ ਬੇਲੋੜਾ ਜਾਂ ਉਤਮ ਨੀਚ ਨਹੀਂ ਹੈ। ਪਰ ਅਸੀਂ ਆਪਣੇ ਆਪ ਨੂੰ ਇੱਕ ਸਮਝਣ ਦੀ ਥਾਂ ਕੋਈ ਇਸਤਰੀ ਨੂੰ ਨੀਚ ਸਿੱਧ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਕੋਈ ਪੁਰਸ਼ ਨੂੰ ਹੰਕਾਰੀ ਸਿੱਧ ਕਰ ਰਿਹਾ ਹੈ। ਜਦੋਂ ਕਿ ਗੁਣ ਔਗੁਣ ਦੋਹਾਂ ਵਿੱਚ ਬਰਾਬਰ ਹੀ ਹੁੰਦੇ ਹਨ, ਅਸੀਂ ਫਿਰ ਵੀ ਦੋਹੇਂ ਇੱਕ ਦੂਜੇ ਨੂੰ ਬਰਾਬਰ ਮੰਨਣ ਲਈ ਤਿਆਰ ਨਹੀਂ ਹਾਂ। ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ। ਮੇਰੀ ਸਮਝ ਅਨੁਸਾਰ ਸਾਨੂੰ ਸਰੀਰਕ ਪਰਸਥਿਤੀਆਂ, ਸਮੇ ਅਤੇ ਸਥਾਨ ਅਨੁਸਾਰ ਰਲ ਮਿਲ ਕੇ ਕਾਰ ਵਿਹਾਰ ਕਰਨੇ ਚਾਹੀਂਦੇ ਹਨ। ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤੀ ਤੰਗ ਹੈ ਤਾਂ ਪਤਨੀ ਉਸ ਦੀ ਹਰ ਤਰਾਂ ਦੀ ਸੇਵਾ ਕਰੇ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ਤੇ ਖੁਸ਼ ਰੱਖਣ ਤੋਂ ਲੈ ਕੇ ਰੋਟੀ ਟੁੱਕ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁਟਣ ਤੱਕ। ਇਸੇ ਤਰਾਂ, ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤਨੀ ਤੰਗ ਹੈ ਤਾਂ ਪਤੀ ਨੂੰ ਵੀ ਉਸ ਦੀ ਹਰ ਤਰਾਂ ਦੀ ਸੇਵਾ ਕਰਨੀ ਚਾਹੀਂਦੀ ਹੈ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ਤੇ ਖੁਸ਼ ਰੱਖਣ ਤੋਂ ਲੈ ਕੇ ਰੋਟੀ ਟੁੱਕ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁਟਣ ਤੱਕ। ਅਜਿਹੇ ਹਲਾਤਾਂ ਵਿੱਚ ਅਸੀਂ ਇੱਕ ਦੂਜੇ ਨੂੰ ਬੋਝ ਜਾਂ ਉੱਤਮ ਨੀਚ ਸਮਝਣ ਦੀ ਥਾਂ ਸੱਚੇ ਸਾਥੀ ਜਾਂ ਆਪਣੇ ਹੀ ਸਰੀਰ ਦਾ ਅੰਗ ਜਾਣ ਕੇ ਇੱਕ ਦੂਜੇ ਦੇ ਕੰਮ ਆਈਏ ਫਿਰ ਹੀ ਸਹੀ ਅਰਥਾਂ ਵਿੱਚ ਬਰਾਬਰਤਾ ਹੋਵੇਗੀ।
    ਇੱਕ ਪੜੀ ਲਿਖੀ ਜਾਂ ਨੌਕਰੀ ਕਰਦੀ ਪਤਨੀ ਦਾ ਪਤੀ ਅਣਪੜ ਵੀ ਹੋ ਸਕਦਾ ਹੈ, ਇਸੇ ਤਰਾਂ ਇੱਕ ਪੜੇ ਲਿਖੇ ਜਾਂ ਨੌਕਰੀ ਕਰਦੇ ਪਤੀ ਦੀ ਪਤਨੀ ਵੀ ਅਣਪੜ ਹੋ ਸਕਦੀ ਹੈ ਇਹ ਰਿਸਤੇ ਰੂਹਾਂ ਦੇ ਹੋਣੇ ਚਾਹੀਂਦੇ ਹਨ ਨਾ ਕਿ ਨੌਕਰੀ ਜਾਂ ਪੈਸੇ ਦ ਸੌਦੇ। ਪਰ ਅਫਸੋਸ ਕਿ ਅੱਜ ਅਸੀਂ ਕਿਸੇ ਵਿਰਲੇ ਨੂੰ ਛੱਡ ਕੇ, ਬਰਾਬਰਤਾ ਦੇ ਨਾਹਰੇ ਲਾਉਣ ਵਾਲੇ ਸਾਰੇ ਹੀ ਇਸਤਰੀ,ਪੁਰਸ਼ ਇੰਨਸਾਨੀਅਤ ਦੀ ਥਾਂ ਬਰਾਬਰਤਾ ਸਿਰਫ ਡਿਗਰੀਆਂ ਜਾਂ ਪੈਸੇ ਨੂੰ ਹੀ ਸਮਝ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਅਸੀਂ ਸਮਝਦਾਰ ਅਤੇ ਸਾਰੇ ਸਾਧਨਾ ਦੇ ਹੁੰਦੇ ਹੋਏ ਵੀ ਅਨੰਦ ਮਾਨਣ ਦੀ ਥਾਂ ਲੜਾਈ ਝਗੜਿਆਂ ਵਾਲਾ ਜੰਗਲੀ ਜਾਨਵਰਾਂ ਤੋਂ ਵੀ ਮਾੜਾ ਜੀਵਨ ਜਿਉਂ ਰਹੇ ਹਾਂ। ਕਾਸ ਸਾਨੂੰ ਇੱਕ ਦੂਜੇ ਨੂੰ ਵੱਖ ਸਮਝ ਕੇ ਉਸ ਤੋਂ ਹੱਕ ਅਤੇ ਬਰਾਬਰਤਾ ਲੈਣ ਲਈ ਲੜਨ ਦੀ ਥਾਂ ਇੱਕ ਦੂਜੇ ਨੂੰ ਇੱਕ ਹੀ (ਆਪਣਾ ਹੀ ਅੰਗ) ਸਮਝ ਕੇ ਹੱਕ ਅਤੇ ਬਰਾਬਰਤਾ ਦੇਣ ਦੀ ਸੋਝੀ ਆ ਜਾਵੇ ।

 ਹਰਲਾਜ ਸਿੰਘ ਬਹਾਦਰਪੁਰ
 ਮੋਬਾਇਲ-94170-23911
ਤਾਰੀਖ, 14-03-2019 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.