ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਸਿੰਘ ਸਾਹਿਬ ਦੀ ਗ੍ਰੇਟ / ਸਿੰਘ ਸਾਬ ਦੀ ਗ੍ਰੇਟ
ਸਿੰਘ ਸਾਹਿਬ ਦੀ ਗ੍ਰੇਟ / ਸਿੰਘ ਸਾਬ ਦੀ ਗ੍ਰੇਟ
Page Visitors: 2878

ਸਿੰਘ ਸਾਹਿਬ ਦੀ ਗ੍ਰੇਟ / ਸਿੰਘ ਸਾਬ ਦੀ ਗ੍ਰੇਟ
-: ਹਰਲਾਜ ਸਿੰਘ ਬਹਾਦਰਪੁਰ
* ਜਾਗੋ ਸਿੱਖ ਕੌਮ ਦੇ ਦਰਦੀਓ ਜਾਗੋ, ਗੱਲ ਫਿਲਮ ਦੇ ਨਾਮ ਬਦਲਣ ਦੀ ਨਹੀਂ। ਗੱਲ ਤਾਂ ਪੰਜ ਪੁਜਾਰੀਆਂ ਦੇ ਸਿੱਖ ਕੌਮ ਦੇ ਸਾਹਿਬ (ਮਾਲਕ) ਬਣਨ ਦੀ ਹੈ।
ਸਿੰਘ ਸਹਿਬਾਨਾਂ ਨੂੰ 'ਸਿੰਘ ਸਾਬ ਦਿ ਗ੍ਰੇਟ' ਉੱਤੇ ਕੋਈ ਇਤਰਾਜ ਨਹੀਂ, ਇਹ ਸਿਰਲੇਖ ਹੈ 23 ਨਵੰਬਰ ਨੂੰ ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫੇ ਉੱਤੇ ਲੱਗੀ, ਉਸ ਖਬਰ ਦਾ ਜਿਸ ਵਿੱਚ ਅਕਾਲ ਤਖਤ ਵਿਖੇ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ਦਾ ਵੇਰਵਾ ਸੀ। ਮਸਲਾ ਇਹ ਸੀ ਕਿ ਮਸ਼ਹੂਰ ਫਿਲਮ ਕਲਾਕਾਰ ਸੰਨੀ ਦਿਓਲ ਦੇ ਮੁੱਖ ਕਿਰਦਾਰ ਵਾਲੀ ਫਿਲਮ ਦਾ ਨਾਮ ਸਿੰਘ ਸਾਹਿਬ ਦੀ ਗ੍ਰੇਟ ਰੱਖਿਆ ਗਿਆ ਸੀ। ਇਸ ਫਿਲਮ ਵਿੱਚ ਸਿੰਘ ਸਾਹਿਬ ਦਾ ਕੀ ਰੋਲ ਹੈ, ਇਸ ਫਿਲਮ ਵਿੱਚ ਸਿੱਖ ਕਿਰਦਾਰ ਨੂੰ ਨੀਵਾਂ ਵਿਖਾਇਆ ਗਿਆ ਹੈ ਜਾਂ ਉੱਚਾ ਇਸ ਦੀ ਵੀ ਕੋਈ ਗੱਲ ਨਹੀਂ ਸੀ। ਬੱਸ ਜੇ ਇਤਰਾਜ ਸੀ ਉਹ ਸਿਰਫ ਤੇ ਸਿਰਫ ਨਾਮ ਉੱਤੇ ਹੀ ਸੀ। ਫਿਲਮ ਦੀ ਟੀਮ ਨੇ ਸਿੱਖਾਂ ਵੱਲੋਂ ਵਿਰੋਧ ਕੀਤੇ ਜਾਣ ਤੇ ਆਪਣੀ ਇਸ ਫਿਲਮ ਦਾ ਨਾਮ “ਸਿੰਘ ਸਾਹਿਬ” ਦੀ ਥਾਂ “ਸਿੰਘ ਸਾਬ” ਰੱਖ ਲਿਆ, ਇਸੇ ਕਰਕੇ 22 ਨਵੰਬਰ ਨੂੰ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਹੁਣ ਇਸ ਫਿਲਮ ਉੱਤੇ ਕੋਈ ਇਤਰਾਜ ਨਹੀਂ ਹੈ। ਸਿੰਘ ਸਾਹਿਬਾਨਾਂ ਨੇ ਕਿਹਾ ਕਿ “ਸਿੰਘ ਸਾਹਿਬ” ਸ਼ਬਦ ਪੰਜ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਲਈ ਹੀ ਵਰਤਿਆ ਜਾਂਦਾ ਹੈ, ਇਸ ਤੋਂ ਇਲਾਵਾ ਜਿਸ ਵਿਅਕਤੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬ ਦੀ ਉੋਪਾਧੀ ਦਿੱਤੀ ਜਾਵੇ, ਉਸ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ।

ਆਪਣੇ ਇਸ ਰਾਖਵੇਂ ਕਰਨ ਨੂੰ ਸਿੱਧ ਕਰਨ ਲਈ ਪੁਜਾਰੀਆਂ (ਜਥੇਦਾਰਾਂ) ਨੇ ਫਿਲਮ ਦਾ ਨਾਮ “ਸਿੰਘ ਸਾਹਿਬ ਦਿ ਗ੍ਰੇਟ” ਦੀ ਥਾਂ “ਸਿੰਘ ਸਾਬ ਦਿ ਗ੍ਰੇਟ” ਕਰਵਾ ਦਿੱਤਾ ਹੈ। “ਸਿੰਘ” ਨਾਮ ਵਰਤਣ ਉਪਰ ਤਾਂ ਕਿਸੇ ਨੂੰ ਇਤਰਾਜ ਨਹੀਂ ਹੈ, ਸਿਰਫ “ਸਾਹਿਬ” ਸ਼ਬਦ ਉਪਰ ਹੀ ਇਤਰਾਜ ਸੀ।
ਪਰ “ਸਾਹਿਬ” ਸ਼ਬਦ ਇਹਨਾਂ ਪੁਜਾਰੀਆਂ ਲਈ ਕਿਵੇਂ, ਕਦੋਂ ਅਤੇ ਕਿਸਨੇ ਰਾਖਵਾਂ ਕਰ ਦਿੱਤਾ ਇਸ ਗੱਲ ਦੀ ਸਮਝ ਨਹੀਂ ਆਈ। ਕਿਉਂਕਿ “ਸਾਹਿਬ” ਦਾ ਅਰਥ ਮਾਲਿਕ ਹੁੰਦਾ ਹੈ, ਫਿਰ ਇਹ ਪੰਜ ਪੁਜਾਰੀ ਸਿੱਖਾਂ ਅਤੇ ਗੈਰ ਸਿੱਖਾਂ ਦੇ ਮਾਲਕ ਕਿਵੇਂ ਬਣ ਗਏ ? ਕੀ ਇਹ ਤਨਖਾਹਦਾਰ ਪੁਜਾਰੀ “ਸਾਹਿਬ” ਸ਼ਬਦ ਉੱਤੇ ਪੂਰੇ ਉਤਰਦੇ ਹਨ ? ਕਿਉਂਕਿ ਗੁਰਬਾਣੀ ਵਿੱਚ ਤਾਂ ਸਾਹਿਬ ਸ਼ਬਦ ਮਾਲਕ/ਅਕਾਲ ਪੁਰਖ ਲਈ ਵਰਤਿਆ ਗਿਆ ਗੈ, ਜਿਵੇਂ ਕਿ ਗੁਰਵਾਕ ਹਨ :-……॥ ਸਾਹਿਬੁ ਮੇਰੇ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥1॥ (ਪੰਨਾ ਨੰਬਰ 350) ਹੇ ਭਾਈ ! ਪ੍ਰਮਾਤਮਾ ਹੀ ਸਾਡਾ ਇੱਕੋ ਇੱਕ ਖਸਮ-ਮਾਲਕ ਹੈ, ਬੱਸ! ਉਹ ਹੀ ਇਕੋ ਮਾਲਕ ਹੈ, ਉਸ ਵਰਗਾ ਹੋਰ ਕੋਈ ਮਾਲਕ ਨਹੀਂ ਹੈ॥………..॥ ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ॥ (ਪੰਨਾ ਨੰਬਰ 420) ਹੇ ਭਾਈ! ਸਾਡਾ ਮਾਲਕ-ਪ੍ਰਭੂ ਬੇ-ਮਿਸਾਲ ਹੈ, ਉਸ ਵਰਗਾ ਹੋਰ ਕੋਈ ਨਹੀਂ। ਜੇ ਉਸ ਸਦਾ-ਥਿਰ ਪ੍ਰਭੂ ਦੇ ਆਸਰੇ-ਪਰਨੇ ਟਿਕੇ ਰਹੀਏ, ਤਾਂ ਉਸ ਦੀ ਮੇਹਰ ਨਾਲ ਆਤਮਕ ਅੰਨਦ ਮਿਲਦਾ ਹੈ॥ ਗੁਰਬਾਣੀ ਅਨੁਸਾਰ ਤਾਂ ਸਾਡਾ ਸਾਰਿਆਂ (ਸਣੇ ਸਿੰਘ ਸਹਿਬਾਨਾਂ) ਦਾ ਸਾਹਿਬ/ਮਾਲਕ ਇੱਕ ਪ੍ਰਮਾਤਮਾ/ਅਕਾਲ ਪੁਰਖ ਹੀ ਹੈ, ਜੋ ਜੰਮਦਾ ਮਰਦਾ ਨਹੀਂ, ਸਦਾ ਕਾਇਮ ਰਹਿਣ ਵਾਲਾ ਹੈ। ਫਿਰ ਇਹ ਮਰਨ ਜੰਮਣ ਦੇ ਚੱਕਰਾਂ ਵਿੱਚ ਪਏ ਹੋਏ, ਸਿਆਸੀ ਆਗੂਆਂ ਦੇ ਹੱਥਾਂ ਵਿੱਚ ਖੇਡਣ ਵਾਲੇ, ਜਿੰਨ੍ਹਾਂ ਨੂੰ ਸਿਆਸੀ ਆਗੂ ਹੀ ਆਪਣੀ ਮਰਜੀ ਨਾਲ ਤਖਤਾਂ ਦੇ ਜਥੇਦਾਰ ਬਣਾਉਂਦੇ ਅਤੇ ਹਟਾਉਂਦੇ ਹਨ, ਇਹ ਸਾਹਿਬ ਕਿਵੇਂ ਹੋਏ ?

ਸਿੰਘ ਸਾਹਿਬ ਦਿ ਗ੍ਰੇਟ” ਫਿਲਮ ਵਿੱਚ ਕੀ ਗਲਤ ਤੇ ਕੀ ਠੀਕ ਹੈ, ਇਸ ਬਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਮੈਂ ਇਹ ਫਿਲਮ ਵੇਖੀ ਨਹੀਂ ਹੈ। ਇਸ ਦੇ ਨਾਮ ਤੇ ਪੁਜਾਰੀਆਂ ਨੂੰ ਕਿਉਂ ਇਤਰਾਜ ਹੋਇਆ ਉਹ ਗੱਲ ਜਰੂਰ ਸਾਹਮਣੇ ਆ ਗਈ ਕਿ ਪੁਜਾਰੀ ਸ਼ਬਦ ਤੋਂ ਸ਼ੁਰੂ ਹੋਏ ਜਥੇਦਾਰ ਬਣੇ ਇਹਨਾਂ ਪੁਜਾਰੀਆਂ ਨੇ ਸਿੰਘ ਸਾਹਿਬ ਸ਼ਬਦ ਨੂੰ ਆਪਣੇ ਲਈ ਰਜਿਸਟਰਡ (ਰਾਖਵਾਂ) ਕਰਵਾ ਲਿਆ ਹੈ। ਹੁਣ ਹੋਰ ਕੋਈ ਸਿੱਖ ਜਾਂ ਗੈਰ ਸਿੱਖ ਇਸ ਨਾਮ ਦੀ ਵਰਤੋਂ ਨਹੀਂ ਕਰ ਸਕਦਾ। ਇਸ ਲਈ ਇਹਨਾਂ ਪੁਜਾਰੀਆਂ ਨੇ ਇਸ ਫਿਲਮ ਦਾ ਨਾਮ ਬਦਲ ਕੇ “ਸਿੰਘ ਸਾਹਿਬ” ਦੀ ਥਾਂ “ਸਿੰਘ ਸਾਬ” ਕਰਵਾ ਦਿੱਤਾ। ਇਸ ਨਾਮ ਬਦਲਣ ਨਾਲ ਚੰਗਾ ਕੀ ਹੋਇਆ ਉਹ ਤਾਂ ਪੁਜਾਰੀ ਹੀ ਦੱਸ ਸਕਦੇ ਹਨ। ਪਰ ਜੋ ਮਾੜਾ ਹੋਇਆ ਉਹ ਸਾਫ ਹੀ ਦਿਸਦਾ ਹੈ।
ਇੱਕ ਤਾਂ ਇਹ ਕਿ ਜਿਸ ਸਿੱਖ ਮੱਤ ਵਿੱਚ ਸਿਰਫ ਇੱਕ ਅਕਾਲ ਪੁਰਖ ਨੂੰ ਹੀ ਮਾਲਕ ਮੰਨਿਆ ਗਿਆ ਹੈ, ਉਸ ਮੱਤ ਵਿੱਚ ਹੁਣ ਇੱਕ ਅਕਾਲ ਪੁਰਖ ਦੀ ਥਾਂ ਪੰਜ ਪੁਜਾਰੀਆਂ ਨੇ ਆਪਣੇ ਆਪ ਨੂੰ ਸਿੱਖਾਂ ਦੇ ਸਾਹਿਬ/ਮਾਲਕ ਹੋਣ ਦਾ ਐਲਾਨ ਕਰਕੇ ੳੇਸਨੂੰ ਲਾਗੂ ਵੀ ਕਰਵਾ ਦਿੱਤਾ ਹੈ।
ਦੂਜਾ ਇਹ ਕਿ ਪੰਜਾਬੀ ਭਾਸ਼ਾ ਵਿੱਚ ਇੱਕ ਨਵੇਂ ਸ਼ਬਦ “ਸਾਬ” ਦਾ ਜਨਮ ਹੋ ਗਿਆ। ਜੋ ਕਿ ਬਹੁਤ ਮਾੜਾ ਹੋਇਆ ਕਿਉਂਕਿ ਦੋ ਅਣ ਹੋਏ ਸਿੱਖਾਂ ਦੀ ਝੋਲੀ ਪੈ ਗਏ ਇੱਕ ਪੁਜਾਰੀ/ਜਥੇਦਾਰ (ਸਿੰਘ ਸਾਹਿਬ) ਅਤੇ ਦੂਜਾ “ਸਾਹਿਬ” ਸ਼ਬਦ ਦਾ ਵਿਗੜਿਆ ਰੂਪ “ਸਾਬ”।

ਅਸਲ ਵਿੱਚ ਨਾ ਤਾਂ ਸਿੱਖ ਮੱਤ ਵਿੱਚ ਪੁਜਾਰੀਆਂ ਲਈ ਕੋਈ ਥਾਂ ਅਤੇ ਨਾ ਹੀ ਪੰਜਾਬੀ ਭਾਸ਼ਾ ਵਿੱਚ “ਸਾਬ” ਸ਼ਬਦ ਲਈ ਕੋਈ ਥਾਂ ਹੈ। “ਸਾਹਿਬ” ਤੇ “ਸਾਬ” ਇੱਕੋ ਸ਼ਬਦ ਦੇ ਦੋ ਨਾਮ ਹਨ। ਇਸਦਾ ਸਹੀ ਨਾਮ “ਸਾਹਿਬ” ਹੀ ਹੈ, “ਸਾਹਿਬ” ਨੂੰ ਹੀ ਆਮ ਬੋਲ ਚਾਲ ਵਿੱਚ “ਸਾਬ” ਕਿਹਾ ਜਾਂਦਾ ਹੈ, ਜਿਵੇਂ ਕਿ ਬਹੁਤੇ ਲੋਕ ਅੰਮ੍ਰਿਤਸਰ ਨੂੰ ਅੰਬਰਸਰ ਕਹਿੰਦੇ ਹਨ। ਕੀ “ਅੰਮ੍ਰਿਤਸਰ” ਨੂੰ “ਅੰਬਰਸਰ” ਕਹਿਣ ਨਾਲ ਅੰਬਰਸਰ ਕੋਈ ਵੱਖਰਾ ਹੋ ਜਾਵੇਗਾ। ਇਸੇ ਤਰ੍ਹਾਂ ਸ਼ੁੱਧ ਸ਼ਬਦ “ਸਾਹਿਬ” ਦੇ ਵਿਗੜੇ ਹੋਏ ਰੂਪ ਨੂੰ ਆਮ ਬੋਲਚਾਲ ਵਿੱਚ “ਸਾਬ” ਕਹਿਣ ਨਾਲ ਇਸਦੇ ਅਰਥ ਵੱਖਰੇ ਨਹੀਂ ਹੋ ਸਕਦੇ।
ਹਾਂ ਇੰਨਾ ਤਾਂ ਜਰੂਰ ਹੋ ਜਾਵੇਗਾ ਕਿ “ਸਾਹਿਬ” ਦੇ ਵਿਗੜੇ ਹੋਏ ਰੂਪ “ਸਾਬ” ਨੂੰ ਹੁਣ ਵੱਖਰਾ ਦਰਜਾ ਅਤੇ ਵੱਖਰੀ ਪਹਿਚਾਣ ਮਿਲ ਜਾਵੇਗੀ। “ਸਾਹਿਬ” ਦੇ ਵਿਗੜੇ ਹੋਏ ਰੂਪ ਨੂੰ ਵੱਖਰਾ ਦਰਜਾ ਦੇਣ ਵਾਲੇ ਪੁਜਾਰੀਆਂ ਨੇ ਇਸ ਸ਼ਬਦ ਦੇ ਅਰਥ ਵੀ ਦੱਸ ਦੇਣੇ ਸਨ, ਕਿ “ਸਾਹਿਬ” ਦੇ ਅਰਥ ਤਾਂ ਮਾਲਕ ਹੁੰਦੇ ਹਨ ਅਤੇ “ਸਾਬ” ਦੇ ਅਰਥ ਹੁਣ ਤੋਂ ਇਹ ਹੋਇਆ ਕਰਨਗੇ। ਪੁਜਾਰੀਆਂ ਵੱਲੋਂ ਇਸ ਤਰ੍ਹਾਂ ਨਾਮ ਬਦਲਣ ਨਾਲ ਫਿਲਮ ਨੂੰ ਤਾਂ ਕੋਈ ਫ਼ਰਕ ਨਹੀਂ ਪੈਣਾ ਤੇ ਨਾ ਹੀ ਆਮ ਲੋਕਾਂ ਉੱਤੇ ਇਸ ਗੱਲ ਦਾ ਕੋਈ ਅਸਰ ਹੋਣਾ ਹੈ। ਪਰ ਇੱਕ ਗੱਲ ਜਰੂਰ ਹੋ ਗਈ ਕਿ ਪੰਜਾਬੀ ਭਾਸ਼ਾ ਵਿੱਚ ਇੱਕ ਨਵੇਂ ਸ਼ਬਦ “ਸਾਬ” ਦਾ ਜਨਮ ਹੋ ਗਿਆ ਅਤੇ ਪੁਰਾਣਾ ਟਕਸਾਲੀ ਸਾਹਿਬ ਸ਼ਬਦ ਪੁਜਾਰੀਆਂ ਅਤੇ ਜਾਂ ਪੁਜਾਰੀਆਂ ਦੇ ਚਹੇਤਿਆਂ ਲਈ ਰਾਖਵਾਂ ਹੋ ਗਿਆ। ਸਾਡੇ ਨਾਵਾਂ ਨਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ “ਸਿੰਘ ਸ਼ਬਦ ਲਾਇਆ ਸੀ, ਸਿੰਘ ਬਣ ਕੇ ਜਾਂ ਸਿੰਘ ਨਾਮ ਰੱਖ ਕੇ ਤਾਂ ਕੋਈ ਜੋ ਮਰਜੀ ਕਰੇ, ਇਸ ਬਾਰੇ ਤਾਂ ਪੁਜਾਰੀਆਂ ਨੂੰ ਕੋਈ ਇਤਰਾਜ ਨਹੀਂ ਹੈ। ਜੇ “ਸਾਹਿਬ” ਸ਼ਬਦ ਸਿਰਫ ਪ੍ਰਮਾਤਮਾ ਲਈ ਹੀ ਵਰਤਿਆ ਜਾਂਦਾ ਹੁੰਦਾ, ਪੁਜਾਰੀਆਂ ਨੂੰ ਫਿਰ ਵੀ ਕਿਸੇ ਵੱਲੋਂ ਆਪਣੇ ਨਾਮ ਨਾਲ ਇਹ ਸ਼ਬਦ ਲਾਏ ਜਾਣ ਤੇ ਕੋਈ ਇਤਰਾਜ ਨਹੀਂ ਸੀ ਹੋਣਾ। ਪਰ ਪੁਜਾਰੀਆਂ ਨੇ “ਸਾਹਿਬ” ਸ਼ਬਦ ਨੂੰ ਆਪ ਹੀ ਆਪਣੇ ਨਾਮ ਨਾਲ ਜੋੜ ਕੇ ਇਸ ਨੂੰ ਆਪਣੇ ਲਈ ਰਾਖਵਾਂ ਕਰ ਲਿਆ ਹੈ, ਇਸ ਲਈ ਹੁਣ “ਸਾਹਿਬ” ਸ਼ਬਦ ਨੂੰ ਆਪਣੇ ਨਾਮ ਨਾਲ ਲਾਉਣ ਜਾਂ ਵਰਤਣ ਦੀ ਕਿਸੇ ਨੂੰ ਇਜਾਜਤ ਨਹੀਂ ਹੈ। ਕਿਉਂ ਬਣ ਗਏ ਨਾ ਪੁਜਾਰੀ ਗੁਰੂਆਂ ਜਾਂ ਰੱਬ ਨਾਲੋਂ ਵੀ ਵੱਡੇ !!! ਹੈ ਕੋਈ ਜੋ ਇਨ੍ਹਾਂ ਮੂਹਰੇ ਸਾਹ ਕੱਢੇ ?

ਚਲੋ, ਜੇ ਇਹ ਵੀ ਮੰਨ ਲਈਏ ਕਿ ਜਥੇਦਾਰਾਂ ਨੇ ਸਿਰਫ ਆਪਣੇ ਨਾਮ ਲਈ ਹੀ ਇੰਨਾ ਕੁੱਝ ਨਹੀਂ ਕੀਤਾ, ਇਹ ਤਾਂ ਸਿੱਖ ਕੌਮ ਦੇ ਮਾਣ-ਸਨਮਾਨ ਲਈ ਕੀਤਾ ਹੈ, ਤਾਂ ਕਿ ਕੋਈ ਗੈਰ ਸਿੱਖ ਆਦਿ ਆਪਣੇ ਨਾਮ, ਗਾਣੇ, ਜਾਂ ਫਿਲਮ ਦੇ ਨਾਮ ਨਾਲ “ਸਾਹਿਬ” ਸ਼ਬਦ ਵਰਤਕੇ, ਆਪ, ਗਾਣੇ ਜਾਂ ਫਿਲਮ ਵਿੱਚ ਮਾੜਾ ਰੋਲ (ਕਿਰਦਾਰ) ਨਿਭਾਵੇ ਜਿਸ ਨਾਲ ਸਿੱਖ ਕੌਮ ਦੀ ਬੇਇੱਜਤੀ ਹੁੰਦੀ ਹੋਵੇ, ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਜਥੇਦਾਰਾਂ ਨੇ ਇਹ ਕਦਮ ਚੁੱਕਿਆ ਹੈ। ਤਾਂ ਇਸ ਗੱਲ ਵਿੱਚ ਵੀ ਬਹੁਤਾ ਵਜਨ ਨਹੀਂ ਦਿਸਦਾ, ਕਿਉਂਕਿ ਕਿਸੇ ਗੈਰ ਸਿੱਖ ਵੱਲੋਂ ਸਿੱਖੀ ਦੇ ਸਤਿਕਾਰਤ ਸ਼ਬਦ ਵਰਤ ਕੇ ਨਿਭਾਵੇ ਮਾੜੇ ਰੋਲ ਨਾਲ ਸਿੱਖੀ ਦੀ ਬੇਇੱਜਤੀ ਨਹੀਂ ਹੁੰਦੀ। ਸਿੱਖੀ ਦੀ ਬੇਇਜਤੀ ਤਾਂ ਸਿੱਖ ਭੇਖ ਵਿੱਚ ਵਿਚਰ ਰਹੇ ਸਿੱਖ ਆਗੂਆਂ (ਅਕਾਲੀ ਲੀਡਰਾਂ, ਜਥੇਦਾਰਾਂ, ਸਿੰਘ ਸਾਹਿਬਾਨਾਂ) ਵੱਲੋਂ ਗੈਰ ਸਿੱਖਾਂ ਜਾਂ ਸਿੱਖ ਦੁਸ਼ਮਣਾਂ ਵਾਲੇ ਨਿਭਾਏ ਰੋਲ ਨਾਲ ਹੁੰਦੀ ਹੈ। ਇਸ ਲਈ ਗੈਰ ਸਿੱਖਾਂ ਵੱਲੋਂ ਬਣਾਈ ਗਈ ਫਿਲਮ ਦਾ ਨਾਮ “ਸਿੰਘ ਸਾਹਿਬ ਦਿ ਗ੍ਰੇਟ” ਰੱਖਣ ਨਾਲ ਸਿੱਖਾਂ ਦੀ ਇੱਜਤ ਵਿੱਚ ਕੋਈ ਫਰਕ ਨਹੀਂ ਸੀ ਪੈਣਾ। ਕਿਉਂਕਿ ਨਾਮ ਤਾਂ ਇੱਕ ਨਾਮ ਹੀ ਹੁੰਦਾ ਹੈ ਵੱਡੀ ਗੱਲ ਤਾਂ ਰੋਲ (ਕਿਰਦਾਰ) ਦੀ ਹੁੰਦੀ ਹੈ। ਜਿਵੇਂ ਕਿ ਬਹੁਤੇ ਲੋਕਾਂ ਨੇ ਆਪਣੀਆਂ ਦੁਕਾਨਾਂ, ਭਾਰ ਤੋਲਣ ਵਾਲੇ ਕੰਡਿਆਂ, ਸਕੂਲਾਂ, ਕਲੱਬਾਂ ਆਦਿ ਦੇ ਨਾਮ ਗੁਰੂਆਂ, ਸ਼ਹੀਦ ਸਿੰਘਾਂ ਆਦਿ ਦੇ ਨਾਵਾਂ ਤੇ ਰੱਖੇ ਹੁੰਦੇ ਹਨ। ਬਹੁਤਿਆਂ ਵਿਅਕਤੀਆਂ ਦੇ ਨਾਮ ਵੀ ਗੁਰੂਆਂ, ਸ਼ਹੀਦ ਸਿੰਘ ਵਾਲੇ ਹੁੰਦੇ ਹਨ। ਜਿਵੇਂ ਕਿ ਨਾਨਕ, ਗੋਬਿੰਦ ਸਿੰਘ, ਮਨੀ ਸਿੰਘ, ਦੀਪ ਸਿੰਘ, ਅਜੀਤ ਸਿੰਘ ਆਦਿ ਅਜਿਹੇ ਨਾਵਾਂ ਵਾਲੇ ਵਿਅਕਤੀਆਂ ਅਤੇ ਦੁਕਾਨਾਂ, ਸਕੂਲਾਂ, ਕਲੱਬਾਂ, ਸੰਸਥਾਵਾਂ ਵਿੱਚ ਹਰ ਤਰ੍ਹਾਂ ਦੀ ਬੁਰਾਈ ਵੇਖੀ ਜਾ ਸਕਦੀ ਹੈ। ਸ਼ਰਾਬਾਂ, ਬੀੜੀਆਂ, ਠੱਗੀਆਂ, ਚੋਰੀਆਂ, ਹੇਰਾ ਫੇਰੀਆਂ, ਅਜਿਹੀਆਂ ਸਤਿਕਾਰਤ ਨਾਵਾਂ ਵਾਲੀਆਂ ਸੰਸਥਾਵਾਂ ਅਤੇ ਅਜਿਹੇ ਨਾਵਾਂ ਵਾਲੇ ਵਿਅਕਤੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਇਹਨਾਂ ਕਲਾਕਾਰਾਂ ਨੇ ਇਸ ਫਿਲਮ ਦਾ ਨਾਮ “ਸਿੰਘ ਸਾਹਿਬ ਦਿ ਗ੍ਰੇਟ” ਰੱਖਿਆ ਸੀ, ਇਸ ਫਿਲਮ ਵਿੱਚ ਵੀ ਉਪਰੋਕਤ ਵਾਂਗ ਸਭ ਕੁੱਝ ਹੋਰ ਵੀ ਹੋਣਾ ਸੀ।
-
ਸੰਨੀ ਦਿਓਲ ਪੰਜਾਬ ਨਾਲ ਸਬੰਧਤ ਹੈ, ਇਸ ਕਰਕੇ ਸਿੰਘਾਂ ਦੀ ਬਹਾਦਰੀ ਤੋਂ ਜਾਣੂ ਹੈ, ਇਸੇ ਲਈ ਇਸਨੇ “ਸਿੰਘ ਸਾਹਿਬ” ਨਾਮ ਦੀ ਚੋਣ ਕੀਤੀ ਹੋਵੇਗੀ। ਪਰ ਕੀ ਜਿਹੜੀਆਂ ਫਿਲਮਾਂ ਸਿੱਖਾਂ ਨਾਲ ਸਬੰਧਤ ਨਾਵਾਂ ਉੱਤੇ ਨਹੀਂ ਬਣੀਆਂ, ਪਰ ਉਨ੍ਹਾਂ ਵਿੱਚ ਸਿੱਖੀ ਭੇਖ ਵਾਲੇ ਕਿਰਦਾਰ ਦੀ ਰੱਜ ਕੇ ਬੇਇੱਜਤੀ ਕੀਤੀ ਹੁੰਦੀ ਹੈ, ਕੀ ਉਹ ਜਾਇਜ ਹਨ?
-
ਕੀ ਅਜਿਹੀਆਂ ਫਿਲਮਾਂ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ ? ਜਦੋਂ ਸਿੱਖੀ ਭੇਖ ਵਾਲੇ ਅੰਮ੍ਰਿਤਧਾਰੀ ਸਿੰਘ ਅਫੀਮਾਂ, ਭੁੱਕੀਆਂ, ਸ਼ਰਾਬਾਂ ਆਦਿ ਨਸ਼ੇ ਖਾਂਦੇ-ਪੀਂਦੇ ਅਤੇ ਵੇਚਦੇ ਫੜੇ ਜਾਂਦੇ ਹਨ, ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਜਦੋਂ ਅਕਾਲ ਤਖਤ ਦੇ ਜਥੇਦਾਰ ਪੰਜਾਬੀਆਂ ਦੇ ਕਾਤਲ ਜਨਰਲ ਡਾਇਰ ਨੂੰ ਅਕਾਲ ਤਖਤ ਤੋਂ ਸਿਰੋਪਾ ਦੇ ਦੇਣ ਅਤੇ ਸਿੱਖਾਂ ਦੇ ਸੱਚੇ ਹਮਦਰਦਾਂ ਪ੍ਰੋ: ਗੁਰਮੁੱਖ ਸਿੰਘ ਤੋਂ ਲੈ ਕੇ ਪ੍ਰੋ: ਦਰਸ਼ਨ ਸਿੰਘ ਵਰਗਿਆਂ ਤੱਕ ਨੂੰ ਪੰਥ ਵਿੱਚੋਂ ਛੇਕ ਦੇਣ, ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਜਦੋਂ ਅਕਾਲ ਤਖਤ ਦੇ ਜਥੇਦਾਰ (ਪੂਰਨ ਸਿੰਘ) ਸਿੱਖਾਂ ਨੂੰ ਲਵ-ਕੁਸ਼ ਦੀ ਵੰਸ਼ ਕਹਿ ਦੇਣ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਜਦੋਂ ਦਿੱਲੀ ਸਿੱਖ ਕਤਲੇਆਮ ਦੀਆਂ ਪੀੜਤ ਸਿੱਖ ਬੀਬੀਆਂ ਅਕਾਲ ਤਖਤ ਤੇ ਆਪਣੇ ਦੁਖੜੇ ਸੁਣਾਉਣ ਲਈ ਆ ਕੇ ਰੋਣ ਤਾਂ ਅੱਗੋਂ ਅਕਾਲ ਤਖਤ ਦਾ ਜਥੇਦਾਰ (ਜੋਗਿੰਦਰ ਸਿੰਘ ਵੇਦਾਂਤੀ) ਉਨ੍ਹਾਂ ਦੁਖੀ ਬੀਬੀਆਂ ਨੂੰ ਕਹੇ ਕਿ ਇਹ ਤਾਂ ਖੇਖਣ ਕਰਦੀਆਂ ਹਨ। ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਬਲਾਤਕਾਰ ਦੀ ਪੀੜਤ ਇੱਕ ਬੱਚੀ ਆਪਣੇ ਨਾਲ ਸਾਧ ਧਨਵੰਤ ਸਿੰਘ ਵੱਲੋਂ ਕੀਤੇ ਧੱਕੇ ਦੀ ਸ਼ਿਕਾਇਤ ਲੈ ਕੇ ਅਕਾਲ ਤਖਤ ਤੇ ਆਵੇ ਤਾਂ ਅਕਾਲ ਤਖਤ ਦਾ ਜਥੇਦਾਰ ਦੋਸ਼ੀ ਸਾਧ ਧਨਵੰਤ ਸਿੰਘ ਨੂੰ ਦੋਸ਼ ਮੁਕਤ ਕਰਕੇ ਪੀਤੜ ਲੜਕੀ ਨਾਲ ਬੇਇਨਸਾਫੀ ਕਰੇ, ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਜਦੋਂ ਅਸ਼ਲੀਲ ਕਵਿਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਵੇਸ਼ਵਾ ਕੋਲ ਭੇਜ ਦਿੱਤਾ ਜਾਂਦਾ ਹੈ :- ॥ਚਲਯੋ ਧਾਰਿ ਆਤੀਤ ਕੋ ਭੇਸ ਰਾਈ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ॥ ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ॥ ਧਸਯੋ ਜਾਇਕੈ ਵਾ ਤ੍ਰਿਯਾ ਕੇ ਸੁ ਡੇਰੇ॥ (ਅਸ਼ਲੀਲ ਕਿਤਾਬ ਪੰਨਾ ਨੰਬਰ 838) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਇਸ ਬੇਸ਼ਵਾ ਨੂੰ ਹਜ਼ਾਰਾਂ ਰੁਪਏ ਦਿਵਾ ਦਿੱਤੇ :- ॥ਛਿਮਾ ਕਰਹੁ ਤ੍ਰਿਯਹ ਮੈ ਬਹੁਰਿ ਨ ਕਰਯੁਹਿ ਰਾਂਧਿ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ॥ (ਅਸ਼ਲੀਲ ਕਿਤਾਬ ਪੰਨਾ ਨੰਬਰ 844) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਫਿਰ ਗੁਰੂ ਗੋਬਿੰਦ ਸਿੰਘ ਜੀ ਤੋਂ ਲੋਕਾਂ ਦੀਆਂ ਪੱਗਾਂ ਲੁਹਾ ਦਿੱਤੀਆਂ:- ॥ਚੌਪਈ॥ ਮੋਲਹਿ ਏਕ ਪਾਗ ਨਹਿ ਪਾਈ॥ ਤਬ ਮਸਲਤਿ ਹਮ ਜਿਯਹਿ ਬਨਾਈ॥ ਜਾਹਿ ਇਹਾਂ ਮੂਤਤਿ ਲਖਿ ਪਾਵੋ॥ ਤਾਕੀ ਛੀਨ ਪਗਰਿਯਾ ਲਯਾਵੋ॥ (ਅਸ਼ਲੀਲ ਕਿਤਾਬ ਪੰਨਾ ਨੰ: 901) ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ? ਜਿੰਨੀ ਅਸ਼ਲੀਲਤਾ ਅਖੌਤੀ ਦਸ਼ਮ ਗ੍ਰੰਥ ਵਿੱਚ ਹੈ, ਕੋਈ ਵੀ ਕਲਾਕਾਰ ਨਾ ਤਾਂ ਇੰਨੀ ਅਸ਼ਲੀਲ ਫਿਮਲ ਬਣਾ ਸਕਦਾ ਹੈ, ਨਾ ਹੀ ਕੋਈ ਇੰਨਾ ਅਸ਼ਲੀਲ ਗੀਤ ਗਾ ਸਕਦਾ ਹੈ।
-
ਇੱਕ ਆਮ ਫਿਲਮ ਦੇ ਨਾਮ ਤੇ ਇਤਰਾਜ ਕਰਨ ਵਾਲੇ ਪੁਜਾਰੀਓ ਤੁਸੀਂ ਇਸ ਅਸ਼ਲੀਲ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਮੱਥੇ ਟਿਕਵਾ ਰਹੇ ਹੋਂ ਕਿ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਸਿੰਘ ਸਾਹਿਬਾਨੋ, ਜਿਸ ਵਿਅਕਤੀ ਨੂੰ ਤੁਸੀਂ ਪੰਥ ਰਤਨ ਅਤੇ ਫਖਰ-ਏ-ਕੌਮ ਦੀ ਉਪਾਧੀ ਅਕਾਲ ਤਖਤ ਤੋਂ ਦਿੱਤੀ ਹੈ, ਉਸ ਵਿਅਕਤੀ ਨੇ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸਿੰਘ ਸੈਣੀ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰਕੇ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾ ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੋਈ ?
-
ਤੁਹਾਡੇ ਇਸੇ ਪੰਥ ਰਤਨ ਨੇ ਇੱਕ ਹੋਰ ਸਿੱਖ ਨੌਜੁਆਨਾਂ ਦੇ ਕਾਤਲ ਇਜਹਾਰ ਆਲਮ ਦੇ ਘਰ ਵਾਲੀ ਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਵਿਧਾਨ ਸਭਾ ਦੀ ਮੈਂਬਰੀ ਦਿਵਾਈ ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੋਈ?
-
ਤੁਹਾਡਾ ਇਹ ਫਖਰ-ਏ-ਕੌਮ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣ ਵਾਲੇ ਅਟਲ ਬਿਹਾਰੀ ਵਾਜਪਾਈ ਨੂੰ ਭਾਰਤ ਰਤਨ ਦੀ ਉਪਾਧੀ ਦੇਣ ਦੀ ਮੰਗ ਕਰ ਰਿਹਾ ਹੈ, ਕੀ ਇਸ ਨਾਲ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਜਦੋਂ ਤੁਸੀਂ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਪ੍ਰਚਾਰੀ ਜਾਂਦੀ ਸਿੱਖ ਰਹਿਤ ਮਰਯਾਦਾ ਦੇ ਉਲਟ ਖੁਦ ਕੀਰਤਪੁਰ ਵਿਖੇ ਮਰੇ ਹੋਏ ਪ੍ਰਾਣੀਆਂ ਦੀਆਂ ਅਸਥੀਆਂ (ਫੁੱਲ) ਪਾਉਂਦੇ ਤੇ ਪਵਾਉਂਦੇ ਹੋਂ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਸਿੰਘ ਸਾਹਿਬਾਨੋਂ ਜਦੋਂ ਤੁਸੀਂ ਆਪਣੇ ਵੱਲੋਂ ਹੀ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਕਹੇ ਅਨੁਸਾਰ ਰੱਦ ਕਰ ਦਿੰਦੇ ਹੋਂ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
-
ਸਿੰਘ ਸਹਿਬਾਨੋ, ਜਦੋਂ ਤੁਸੀਂ ਪੂਰਨ ਸਿੰਘ ਦੇ ਰੂਪ ਵਿੱਚ ਹੁਕਮਨਾਮੇ ਜਾਰੀ ਕਰਕੇ ਸਿੰਘ ਸਾਹਿਬਾਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੰਦੇ ਹੋਂ ਫਿਰ ਜੋਗਿੰਦਰ ਸਿੰਘ ਵੇਦਾਂਤੀ ਦੇ ਰੂਪ ਵਿੱਚ ਸਾਰੇ ਹੁਕਮਨਾਮਿਆਂ ਨੂੰ ਰੱਦ ਕਰ ਦਿੰਦੇ ਹੋਂ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਹੁੰਦੀ?
ਸਿੰਘ ਸਾਹਿਬਾਨੋ ਮੰਨਿਆ ਕਿ ਤੁਸੀਂ ਉਪਰੋਕਤ ਲਿਖੇ ਦੇ ਬਾਵਜੂਦ ਵੀ ਇੰਨੇ ਸੰਵੇਦਨਸ਼ੀਲ ਹੋ, ਕਿ ਤੁਹਾਨੂੰ ਸੰਨੀ ਦਿਓਲ ਦੀ ਮਾੜੀ (ਪਤਾ ਨੀ ਮਾੜੀ ਹੈ ਕਿ ਨਹੀਂ) ਫਿਲਮ ਦੇ ਸਿਰਫ ਨਾਮ ਉੱਤੇ ਹੀ ਇਤਰਾਜ ਹੋ ਗਿਆ, ਕਿਉਂਕਿ ਤੁਸੀਂ ਸਿੱਖਾਂ ਦੇ ਮਾਲਕ ਹੋਂ ਇਸ ਲਈ ਤੁਹਾਡੀ ਇਹ ਜਿੰਮੇਵਾਰੀ ਵੀ ਬਣਦੀ ਸੀ, ਤਾਂ ਤੁਸੀਂ ਇਸਦਾ ਵਿਰੋਧ ਕੀਤਾ ਚਲੋ ਵਧੀਆ ਕੀਤਾ। ਜੇ ਕੋਈ ਫਿਲਮ ਸਿੱਖਾਂ ਦੇ ਦਰਦ ਨੂੰ ਸਹੀ ਬਿਆਨ ਕਰਦੀ ਹੋਵੇ ਤਾਂ ਸਿੱਖਾਂ ਦੇ ਮਾਲਕ ਹੋਣ ਦੇ ਨਾਮ ਤੇ ਤੁਹਾਡਾ ਫਰਜ ਬਣਦਾ ਹੈ, ਕਿ ਤੁਸੀਂ ਅਜਿਹੀ ਫਿਲਮ ਬਣਾਉਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਅਤੇ ਅਜਿਹੀ ਸਿੱਖਾਂ ਪੱਖੀ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਪੰਥ ਵਿੱਚੋਂ ਛੇਕ ਦਿੰਦੇ। ਪਰ ਪੁਜਾਰੀਓ ਤੁਸੀਂ ਅਜਿਹਾ ਨਹੀਂ ਕੀਤਾ।
ਸਿੱਖਾਂ ਦੇ ਦਰਦ ਨੂੰ ਬਿਆਨ ਕਰਦੀ ਫਿਲਮ ਸਾਡਾ ਹੱਕ ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ, ਗੁਰੂ ਕੇ ਸੱਚੇ ਸਿੱਖ ਵੀ ਹਜਾਰਾਂ ਦੀ ਗਿਣਤੀ ਵਿੱਚ ਇਸ ਫਿਲਮ ਦੇ ਹੱਕ ਵਿੱਚ ਸਨ ਫਿਰ ਵੀ ਤੁਹਾਡੇ ਵੱਲੋਂ ਪੰਥ ਰਤਨ ਫਖਰ-ਏ-ਕੌਮ ਬਣਾਏ ਗਏ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਇਸ ਫਿਲਮ ਤੇ ਪਾਬੰਦੀ ਲਗਾ ਦਿੱਤੀ ਸੀ ਤੁਸੀਂ ਚੁਪ ਚਾਪ ਵੇਖਦੇ ਰਹੇ ਕੀ ਉਦੋਂ ਸਿੱਖਾਂ ਦੀ ਬੇਇੱਜਤੀ ਨਹੀਂ ਸੀ ਹੋਈ? ਸਿੰਘ ਸਾਹਿਬਾਨੋ ਤੁਹਾਡੀਆਂ ਅਜਿਹੀਆਂ ਹਰਕਤਾਂ ਨਾਲ ਤੁਹਾਡੇ ਸਿੱਖਾਂ ਦੀ ਤਾਂ ਚੜ੍ਹਦੀਕਲਾ ਹੀ ਹੁੰਦੀ ਹੈ, ਇਸਦਾ ਅਫਸੋਸ ਤਾਂ ਗੁਰੂ ਕੇ ਸੱਚੇ ਸੁੱਚੇ ਸਿੰਘਾਂ ਨੂੰ ਹੀ ਹੁੰਦਾ ਹੈ ਉਹੀ ਸੋਚਦੇ ਹਨ ਕਿ ਸਾਡੀ ਕੌਮ ਦਾ ਕੀ ਹਾਲ ਹੋ ਗਿਆ ਹੈ। ਵਿਰਲੇ ਗੁਰ ਸਿੱਖਾਂ ਨੂੰ ਛੱਡ ਕੇ ਸਿੱਖ ਹੁਣ ਅਕਾਲ ਪੁਰਖ ਦੀ ਥਾਂ ਤੁਹਾਡੇ (ਪੁਜਾਰੀਆਂ ਦੇ) ਹੋ ਚੁੱਕੇ ਹਨ। ਸਿੱਖੀ ਦੇ ਮਾਲਕ ਹੁਣ ਅਕਾਲ ਪੁਰਖ ਦੀ ਥਾਂ ਤਖਤਾਂ ਦੇ ਜਥੇਦਾਰ ਅਤੇ ਜਥੇਦਾਰਾਂ ਦੇ ਚਹੇਤੇ ਬਣ ਗਏ ਹਨ। ਜਦੋਂ ਸਿੱਖੀ ਦੇ ਮਾਲਕ (ਸਾਹਿਬ) ਅਜਿਹੇ ਨਾਸ਼ਵੰਤ (ਮਰਨਯੋਗ) ਹੋਣਗੇ ਫਿਰ ਅਜਿਹੀ ਸਿੱਖੀ ਕਿਵੇਂ ਜਿਉਂਦੀ ਰਹਿ ਸਕਦੀ ਹੈ?
ਗੁਰੁ ਨਾਨਕ ਪਾਤਸ਼ਾਹ ਜੀ ਨੇ ਤਾਂ ਸਿਖ ਕੌਮ ਨੂੰ ਜਿਸ ਇੱਕ ਸਾਹਿਬ ਦੇ ਲੜ ਲਾਇਆ ਸੀ ਉਹ ਤਾਂ ਸਦਾ ਥਿਰ ਅਕਾਲ ਪੁਰਖ ਸੀ। ਪਰ ਹੁਣ ਤਾਂ ਸਿੱਖਾਂ ਦੇ ਸਾਹਿਬ (ਮਾਲਕ) ਪੰਜ ਹੋ ਗਏ ਹਨ। ਹੁਣ ਇਹਨਾਂ ਦਾ ਆਪਸੀ ਟਕਰਾਓ ਵੀ ਹੋਵੇਗਾ ਕਿ ਮੈਂ ਵੱਡਾ ਹਾਂ, ਦੂਜਾ ਕਹੇਗਾ ਕਿ ਮੈਂ ਵੱਡਾ ਹਾਂ। ਫਿਰ ਇਹ ਸਾਹਿਬ, ਦੂਜੇ ਸਾਹਿਬ ਨੂੰ ਪੰਥ ਵਿੱਚੋਂ ਵੀ ਛੇਕਣਗੇ। ਫਿਰ ਇਹਨਾਂ ਦੀ ਆਪਣੇ ਤਖਤਾਂ ਦੇ ਨਾਲ-ਨਾਲ ਤਖਤਾਂ ਦੇ ਖੇਤਰ (ਏਰੀਏ) ਦੀ ਵੰਡ ਅਤੇ ਗੋਲਕਾਂ ਦੀ ਮਾਲਕੀ ਲਈ ਵੀ ਲੜਾਈ ਹੋਵੇਗੀ। ਸਿੱਖਾਂ ਦੇ ਇੰਨ੍ਹਾਂ ਸਾਹਿਬਾਂ ਨੂੰ ਬਿਮਾਰੀਆਂ ਵੀ ਲੱਗਣਗੀਆਂ। ਦਿਲਾਂ ਦੇ ਦੌਰੇ ਵੀ ਪੈਣਗੇ ਅਤੇ ਇਹ ਮਰਨਗੇ ਵੀ, ਫਿਰ ਹੋਰ ਨਵੇਂ ਸਾਹਿਬ ਬਣਨਗੇ। ਜਿਹੜੀ ਕੌਮ ਦੇ ਸਾਹਿਬ ਇਹੋ ਜਿਹੇ ਹੋਣਗੇ, ਫਿਰ ਉਸ ਕੌਮ ਦਾ ਕੀ ਬਣੇਗਾ, ਕੀ ਅਜਿਹੀ ਕੌਮ ਬਰਬਾਦ ਨਹੀਂ ਹੋਵੇਗੀ? ਭੁੱਖੀ ਨਹੀਂ ਮਰੇਗੀ?
ਗੁਰੂ ਸਾਹਿਬ ਜੀ ਨੇ ਸ਼ਾਇਦ ਅਜਿਹੇ ਸਾਹਿਬ (ਮਾਲਕਾਂ) ਲਈ ਹੀ ਇਹ ਸ਼ਬਦ ਉਚਾਰਨ ਕੀਤਾ ਹੋਵੇਗਾ :- ਮ:4 ॥ ਸਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸੁ ਦਾ ਨਫਰੁ ਕਿਥਹੁ ਰਜਿ ਖਾਏ॥ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਈ ਕਿਥਹੁ ਪਾਏ॥ (ਪੰਨਾ ਨੰਬਰ 306) ਅਰਥ :- ਜਿਸ ਨੌਕਰ ਦਾ ਮਾਲਕ ਕੰਗਾਲ ਹੋਵੇ, ਉਸਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਣਾ ਹੋਇਆ? ਨੌਕਰ ਨੂੰ ਉਹ ਵਸਤ ਮਿਲ ਸਕਦੀ ਹੈ, ਜੋ ਮਾਲਕ ਦੇ ਘਰ ਵਿੱਚ ਹੋਵੇ, ਜੇ ਘਰ ਵਿੱਚ ਹੀ ਨਾ ਹੋਵੇ ਉਹ ਉਸਨੂੰ ਕਿੱਥੋਂ ਮਿਲੇ? ਅਜੋਕੀ ਸਿੱਖ ਕੌਮ ਦੀ ਜੋ ਇੰਨੀ ਮਾੜੀ ਹਾਲਤ ਹੈ ਉਹ ਇਸੇ ਲਈ ਹੈ ਇਸਦਾ ਮਾਲਕ ਹੁਣ ਅਕਾਲ ਪੁਰਖ ਨਹੀਂ ਰਿਹਾ, ਅਜੋਕੀ ਸਿੱਖ ਕੌਮ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੀ ਉੱਤਮ ਹੁਣ ਜਥੇਦਾਰਾਂ ਦੇ ਹੁਕਮਨਾਮੇ ਹਨ। ਇਹਨਾਂ ਜਥੇਦਾਰਾਂ, ਸਾਹਿਬ (ਮਾਲਕਾਂ) ਦੀ ਹੈਸੀਅਤ ਸਿਆਸੀ ਆਗੂਆਂ ਦੇ ਮੁਲਾਜਮਾਂ ਤੋਂ ਵੱਧ ਨਹੀਂ ਹੈ।
ਇਹਨਾਂ ਸਿੱਖ ਕੌਮ ਦੇ ਮਾਲਕਾਂ ਦੇ ਕਰਤੇ ਪੁਰਖ ਸਿਆਸੀ ਆਗੂ ਹਨ ਉਹ ਜਿਸਨੂੰ ਮਰਜੀ ਚਾਹੁਣ ਸਿੰਘ ਸਾਹਿਬ ਬਣਾ ਦੇਣ ਜਿਸਨੂੰ ਜਦੋਂ ਮਰਜੀ ਇਸ ਮਾਲਕੀ ਦੇ ਅਹੁਦੇ ਤੋਂ ਲਾਹ ਦੇਣ। ਆਪਣੇ ਇਹਨਾਂ ਮੁਲਾਜਮਾਂ (ਸਿੱਖਾਂ ਦੇ ਮਾਲਕਾਂ) ਤੋਂ ਕਿਸੇ ਨੂੰ ਜਾਂ ਆਪ ਨੂੰ ਜੋ ਮਰਜੀ (ਸਿੰਘ ਸਾਹਿਬ, ਪੰਥ ਰਤਨ, ਫਖਰ-ਏ-ਕੌਮ) ਉਪਾਧੀ ਦਿਵਾ ਦੇਣ। ਫਿਰ ਜਿਹੜੀ ਕੌਮ ਦੇ ਸਾਹਿਬ (ਮਾਲਕ) ਇਹੋ ਜਿਹੇ ਹੋਣਗੇ, ਉਹ ਕੌਮ ਕਿਹੋ ਜਿਹੀ ਹੋ ਸਕਦੀ ਹੈ? ਉਹੋ ਜਿਹੀ ਜਿਹੋ ਜਿਹੀ ਅਜੋਕੀ ਸਿੱਖ ਕੌਮ (ਕਿਸੇ ਵਿਰਲੇ ਨੂੰ ਛੱਡ ਕੇ) ਬਣ ਚੁੱਕੀ ਹੈ। ਜਾਗੋ ਸਿੱਖ ਕੌਮ ਦੇ ਦਰਦੀਓ ਜਾਗੋ ਗੱਲ ਫਿਲਮ ਦੇ ਨਾਮ ਬਦਲਣ ਦੀ ਨਹੀਂ। ਗੱਲ ਤਾਂ ਪੰਜ ਪੁਜਾਰੀਆਂ ਦੇ ਸਿੱਖ ਕੌਮ ਦੇ ਸਾਹਿਬ (ਮਾਲਕ) ਬਣਨ ਦੀ ਹੈ। ਜਿਸਨੂੰ ਇਹਨਾਂ ਪੁਜਾਰੀਆਂ ਨੇ ਲਾਗੂ ਵੀ ਕਰ ਦਿੱਤਾ ਹੈ। ਜਰਾ ਸੋਚੋ ਕਿ ਤੁਹਾਡਾ ਮਾਲਕ ਅਕਾਲ ਪੁਰਖ ਹੈ ਜਾਂ ਇਹ ਨਾਸ਼ਵੰਤ ਮਨਮੱਤੀਏ ਪੁਜਾਰੀ, ਤੁਸੀਂ ਗੁਰਬਾਣੀ ਦੇ ਹੁਕਮਾਂ ਨੂੰ ਮੰਨਣਾ ਹੈ ਜਾਂ ਪੁਜਾਰੀਆਂ ਦੇ ਮਨ ਮੱਤੀ ਹੁਕਮਨਾਮਿਆਂ ਨੂੰ ਇਹ ਫੈਸਲਾ ਤੁਸੀਂ ਕਰਨਾ ਹੈ, ਹੁਣ ਹੋਰ ਦੇਰ ਕੀਤੀ ਤਾਂ ਪੂਰੀ ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗੀ, ਜਾਗੋ!!! ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ।
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
E-mail : harlajsingh7@gmail.com

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.