ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਅਵਾਰਾ ਗਊਆਂ ਕਿਸਾਨੀ ਲਈ ਬਣੀਆਂ ਗੰਭੀਰ ਸਮੱਸਿਆ
ਅਵਾਰਾ ਗਊਆਂ ਕਿਸਾਨੀ ਲਈ ਬਣੀਆਂ ਗੰਭੀਰ ਸਮੱਸਿਆ
Page Visitors: 2750

ਅਵਾਰਾ ਗਊਆਂ ਕਿਸਾਨੀ ਲਈ ਬਣੀਆਂ ਗੰਭੀਰ ਸਮੱਸਿਆ
ਅਵਾਰਾ/ਸੁੰਨੀਆਂ ਗਊਆਂ ਅੱਜ ਕੱਲ੍ਹ ਕਿਸਾਨਾਂ ਲਈ ਬਹੁਤ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ। ਅਜੋਕੇ ਮਹਿੰਗਾਈ ਦੇ ਯੁਗ ਵਿੱਚ ਘਾਟੇ ਦਾ ਧੰਦਾ ਬਣੀ ਖੇਤੀ  ਨੂੰ ਹੁਣ ਅਵਾਰਾ ਗਊਆਂ ਤੋਂ ਬਚਾਉਣਾ ਸੌਖੀ ਗੱਲ ਨਹੀਂ ਹੈ । ਫਸਲਾਂ ਨੂੰ ਹੋਰ ਕੀੜਿਆਂ (ਸੁੰਡੀਆਂ/ਤੇਲਿਆਂ ਆਦਿ) ਦੇ ਹਮਲਿਆਂ ਤੋਂ ਬਚਾਉਣ ਲਈ ਤਾਂ ਕਿਸਾਨ ਨਾ ਚਾਹੁੰਦੇ ਹੋਏ ਵੀ ਮੰਹਿਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਫਸਲਾਂ ਨੂੰ ਬਚਾ ਲੈਂਦੇ ਹਨ । ਪਰ ਸੁੰਨੀਆਂ ਗਾਵਾਂ ਤੋਂ ਫਸਲਾਂ ਨੂੰ ਬਚਾਉਣ ਦੀ ਸਮੱਸਿਆ ਬਹੁਤ ਗੰਭੀਰ ਹੈ । ਜਿਸ ਕਾਰਨ ਅੰਤਾਂ ਦੀ ਠੰਡ ਵਿੱਚ ਫਸਲਾਂ ਦੀ ਰਾਖੀ ਕਰਦਿਆਂ ਕਿਸਾਨਾਂ ਨੂੰ ਰਾਤਾਂ ਖੁੱਲੇ ਆਸਮਾਨ ਹੇਠ ਖੇਤਾਂ ਵਿੱਚ ਸੁੰਨੀਆਂ ਗਾਵਾਂ ਦੇ ਮਗਰ ਭੱਜਦਿਆਂ ਗੁਜਾਰਨੀਆਂ ਪੈਂਦੀਆਂ ਹਨ । ਜੇ ਮਹੀਨਿਆਂ ਬੱਧੀ ਦਿਨ ਰਾਤ ਰਾਖੀ ਕਰਨ ਤੋਂ ਬਾਅਦ ਕਦੇ ਦੋ ਘੰਟੇ ਕਿਸਾਨ ਨੂੰ ਨੀਂਦ ਆ ਜਾਵੇ ਜਾਂ ਮਜਬੂਰੀ ਬੱਸ ਕਿਧਰੇ ਜਾਣਾ ਪੈ ਜਾਵੇ ਤਾਂ ਸਾਰੀ ਰਾਖੀ ਰੱਖੀ ਬੇਕਾਰ ਹੋ ਜਾਂਦੀ ਹੈ । ਕਿਉਂਕਿ ਜਦੋਂ ਭੁੱਖੀਆਂ ਮਰਦੀਆਂ 25-30 ਸੁੰਨੀਆਂ ਗਾਵਾਂ ਫਸਲ ਵਿੱਚ ਵੜ ਜਾਣ ਤਾਂ ਉਹ ਦੋ ਘੰਟਿਆਂ ਵਿੱਚ ਹੀ ਪੂਰੀ ਫਸਲ ਨੂੰ ਤਬਾਹ ਕਰਕੇ ਰੱਖ ਦਿੰਦੀਆਂ ਹਨ ।
ਇਸੇ ਲਈ ਕੁੱਝ ਲੋਕ ਫਸਲਾਂ ਦੀ ਰਾਖੀ ਲਈ ਘੋੜਿਆਂ ਵਾਲਿਆਂ ਨੂੰ ਰਾਖੀ ਕਰਨ ਦੇ ਪੈਸੇ ਦਿੰਦੇ ਹਨ, ਫਿਰ ਇਹ ਘੋੜਿਆਂ ਵਾਲੇ ਘੋੜਿਆਂ ਤੇ ਚੜ੍ਹ ਕੇ ਫਸਲਾਂ ਦੀ ਰਾਖੀ ਕਰਦੇ ਹਨ, ਕੁੱਝ ਲੋਕ ਗਾਵਾਂ ਨੂੰ ਇਕੱਠੀਆਂ ਕਰਕੇ ਟਰੱਕਾਂ/ਟਰਾਲੀਆਂ ਰਾਹੀਂ ਰਾਤਾਂ ਨੂੰ ਪੰਜ-ਸੱਤ ਪਿੰਡਾਂ ਤੋਂ ਅੱਗੇ ਛੱਡ ਆਉਂਦੇ ਹਨ, ਕਿਸੇ ਨੂੰ ਪਤਾ ਲੱਗ ਜਾਣ ਦੇ ਡਰੋਂ ਉਹ ਕਾਹਲੀ ਨਾਲ ਗਊਆਂ ਨੂੰ ਵਾਹਨਾਂ ਵਿੱਚੋਂ ਠੀਕ ਢੰਗ ਨਾਲ ਉਤਾਰਨ ਦੀ ਥਾਂ ਸੜਕਾਂ ਉੱਤੇ ਹੀ ਸੁੱਟ  ਆਉਂਦੇ ਹਨ । ਜਿਸ ਕਾਰਨ ਕਈ ਗਾਵਾਂ ਦੇ ਸੱਟਾਂ ਵੀ ਵੱਜ ਜਾਂਦੀਆਂ ਹਨ । ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਜੇਕਰ ਅਗਲੇ ਪਿੰਡ ਵਾਲੇ ਲੋਕ ਜਾਂ ਗਊ ਭਗਤ ਆ ਗਏ ਤਾਂ ਫਿਰ ਉਹਨਾਂ ਦੀ ਖੈਰ ਨਹੀਂ । ਗਊ ਭਗਤ ਗਊਆਂ ਨੂੰ ਤਾਂ ਭਾਵੇਂ ਨਾ ਸੰਭਾਲਣ ਪਰ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ ਤੋੜ, ਸਾੜ ਫੂਕ ਜਰੂਰ ਕਰ ਦਿੰਦੇ ਹਨ ।
ਘੋੜੇ ਵਾਲਿਆਂ ਤੋਂ ਫਸਲਾਂ ਦੀ ਰਾਖੀ ਕਰਵਾਉਣੀ ਜਾਂ ਦੂਜੇ ਪਿੰਡ ਗਊਆਂ ਨੂੰ ਛੱਡ ਆਉਣਾ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਹੀਂ ਹੈ । ਕਿਉਂਕਿ ਘੋੜੇ ਵਾਲਿਆਂ ਦੀਆਂ ਇੱਕ ਥਾਂ ਤੋਂ ਭਜਾਈਆਂ ਗਊਆਂ ਕਿਸੇ ਹੋਰ ਥਾਂ ਜਾ ਕੇ ਨੁਕਸਾਨ ਕਰਨਗੀਆਂ । ਇਸੇ ਤਰ੍ਹਾਂ ਕਿਸੇ ਹੋਰ ਪਿੰਡ ਛੱਡੀਆਂ ਗਊਆਂ ਉੱਥੇ ਜਾ ਕੇ ਨੁਕਸਾਨ ਕਰਨਗੀਆਂ, ਜਾਂ ਉਸ ਪਿੰਡ ਵਾਲੇ ਅੱਗੇ ਹੋਰ ਪਿੰਡ ਛੱਡ ਆਉਣਗੇ, ਅਗਲੇ ਪਿੰਡ ਕਿਤੇ ਹੋਰ । ਹਿੰਦੂ ਮੱਤ ਵੱਲੋਂ ਗਊਆਂ ਨੂੰ ਧਰਮ ਨਾਲ ਜੋੜੇ ਜਾਣ ਕਾਰਨ ਹੀ ਇਹ ਸਮੱਸਿਆਂ ਗੰਭੀਰ ਬਣੀ ਹੋਈ ਹੈ । ਹਿੰਦੂ ਮੱਤ ਦੀ ਇਹ ਧਾਰਮਿਕ ਆਸਥਾ/ਸ਼ਰਧਾ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ । ਗਊਆਂ ਦੀ ਸੰਭਾਲ ਦੇ ਨਾਮ ਤੇ ਬਣੀਆਂ ਗਊਸ਼ਾਲਾਵਾਂ ਬੇਸ਼ੱਕ ਵੱਡੀ ਗਿਣਤੀ ਵਿੱਚ ਮੌਜੂਦ ਹਨ, ਪਰ ਗਊਆਂ ਨੂੰ ਸੰਭਾਲਣ ਵਿੱਚ ਉਹ ਵੀ ਨਾਕਾਮ ਹੀ ਸਾਬਤ ਹੋਈਆਂ ਹਨ। ਜਾਂ ਇਉਂ ਕਹਿ ਲਵੋ ਕਿ ਗਊਸ਼ਾਲਾਵਾਂ ਵੀ ਗਊਆਂ ਦੇ ਨਾਮ ਤੇ ਖੁੱਲੀਆਂ ਦੁਕਾਨਾਂ ਹੀ ਹਨ ਜੋ ਸਿਰਫ ਮੁਨਾਫੇ ਵਾਲੇ ਪਸ਼ੂਆਂ ਨੂੰ ਹੀ ਸੰਭਾਲਦੀਆਂ ਹਨ । ਦੁੱਧ ਨਾ ਦੇਣ ਵਾਲੀਆਂ ਫੰਡਰ ਗਾਵਾਂ ਅਤੇ ਖਾਸ ਕਰਕੇ ਅਮਰੀਕੀ ਨਸਲ ਦੇ ਵੱਛੇ/ਢੱਠਿਆਂ ਨੂੰ ਕੋਈ ਨਹੀਂ ਸੰਭਾਲਦਾ ।
ਅਜਿਹੇ ਅਵਾਰਾ ਪਸ਼ੂ ਜਿੱਥੇ ਕਿਸਾਨਾਂ ਲਈ ਮੁਸੀਬਤ ਬਣੇ ਹੋਏ ਹਨ ਉੱਥੇ ਬਜਾਰਾਂ ਅਤੇ ਬਾਹਰ ਸੜਕਾਂ ਉੱਤੇ ਵੀ ਸਮੱਸਿਆ ਪੈਦਾ ਕਰਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ । ਗਊਸ਼ਾਲਾਵਾਂ ਵਾਲੇ ਗਊਆਂ ਦੇ ਨਾਮ ਤੇ ਪਿੰਡਾਂ/ਸ਼ਹਿਰਾਂ ਵਿੱਚੋਂ ਤੂੜੀ, ਹਰਾ-ਚਾਰਾ, ਆਟਾ-ਦਾਣਾ, ਖਲ, ਗੁੜ ਅਤੇ ਪੈਸੇ ਇੱਕਠੇ ਕਰਦੇ ਹਨ, ਗਊਆਂ ਦੇ ਨਾਮ ਤੇ ਲਾਟਰੀਆਂ ਵੀ ਚਲਾਉਂਦੇ ਹਨ ਜਿਸ ਨਾਲ ਗਊਸ਼ਾਲਾਵਾਂ ਦੀ ਜਾਇਦਾਦ ਵਿੱਚ ਤਾਂ ਵਾਧਾ ਜਰੂਰ ਹੁੰਦਾ ਹੈ ਪਰ ਗਊਆਂ ਦੀ ਸੰਭਾਲ ਨਾ ਮਾਤਰ ਹੀ ਹੁੰਦੀ ਹੈ ਆਪਣੇ ਆਪ ਨੂੰ ਗਊ ਭਗਤ ਕਹਾਉਣ ਵਾਲੇ ਲੋਕ ਗਊਆਂ ਨੂੰ ਸੰਭਾਲਣ ਦੇ ਨਾਂ ਤੇ ਖਰੂਦ ਹੀ ਪਾਉਂਦੇ ਹਨ, ਜਿਸ ਕਾਰਣ ਹੁਣ ਪੰਜਾਬ ਦੀਆਂ ਪਸ਼ੂ ਮੰਡੀਆਂ ਵਿੱਚ ਗਾਵਾਂ/ਬਲਦਾਂ ਨੂੰ ਖਰੀਦਣ ਲਈ ਕੋਈ ਵਪਾਰੀ ਨਹੀਂ ਪਹੁੰਚਦਾ । ਕਿਉਂਕਿ ਜੇਕਰ ਕੋਈ ਵਪਾਰੀ ਗਾਵਾਂ ਜਾਂ ਬਲਦਾਂ ਨੂੰ ਖਰੀਦ ਕੇ ਲੈ ਜਾਂਦਾ ਹੈ ਤਾਂ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਉਹਨਾਂ ਨੂੰ ਘੇਰ ਕੇ ਲੁੱਟ ਲੈਂਦੇ ਹਨ, ਭਾਵ ਕਿ ਉਹਨਾਂ ਦੇ ਖਰੀਦੇ ਹੋਏ ਗਾਵਾਂ/ਬਲਦਾਂ ਨੂੰ ਖੋਹ ਕੇ ਗਊਸ਼ਾਲਾਵਾਂ ਵਿੱਚ ਭੇਜ ਦਿੰਦੇ ਹਨ ਅਤੇ ਗਊਆਂ ਤੇ ਬਲਦਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਭੰਨ-ਤੋੜ/ਸਾੜ-ਫੂਕ ਕਰ ਦਿੰਦੇ ਹਨ। ਬੇਸ਼ੱਕ ਗਊਆਂ ਦੀ ਸੰਭਾਲ ਲਈ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਅਤੇ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਵੀਰ ਵੀ ਗਊਆਂ ਦੀ ਪੂਜਾ ਕਰਨ ਦੀਆਂ ਗੱਲਾਂ ਤਾਂ ਕਰਦੇ ਹਨ ਪਰ ਇਹਨਾਂ ਨੇ ਗਊਆਂ ਦੀ ਸੰਭਾਲ ਲਈ ਕਦੇ ਵੀ ਕੁੱਝ ਖਾਸ ਨਹੀਂ ਕੀਤਾ ।
ਅਸਲ ਵਿੱਚ ਹੁਣ ਤੱਕ ਗਊਆਂ ਦੀ ਸੰਭਾਲ ਕਿਸਾਨਾਂ ਤੇ ਗਰੀਬ ਲੋਕਾਂ (ਮਜਦੂਰਾਂ) ਨੇ ਹੀ ਕੀਤੀ ਹੈ, ਕਿਉਂਕਿ ਕਿਸਾਨ ਦੀ ਖੇਤੀ ਵਿੱਚ ਬਲਦਾਂ ਦਾ ਅਹਿਮ ਯੋਗਦਾਨ ਸੀ, ਜਿਸ ਕਾਰਨ ਕਿਸਾਨ ਬਲਦਾਂ ਨੂੰ ਸ਼ੌਂਕ ਨਾਲ ਪਾਲਦੇ ਸਨ ਜੋ ਖੇਤੀ ਦੇ ਨਾਲ-ਨਾਲ ਖਰੀਦਣ-ਵੇਚਣ ਦੇ ਕੰਮ ਵੀ ਆਉਂਦੇ ਸਨ। ਪਰ ਹੁਣ ਮਸ਼ੀਨਰੀ ਦਾ ਯੁੱਗ ਹੋਣ ਦੇ ਕਾਰਨ ਖੇਤੀ ਵਿੱਚ ਬਲਦਾਂ ਦੀ ਲੋੜ ਨਹੀਂ ਰਹੀ, ਦੁੱਧ ਲਈ ਵੀ ਗਾਵਾਂ ਦੀ ਜਗ੍ਹਾ ਮੱਝਾਂ ਵੱਧ ਲਾਹੇਵੰਦ ਹਨ, ਜਿਸ ਕਾਰਨ ਪੰਜਾਬ ਦੇ ਕਿਸਾਨ ਤੇ ਮਜਦੂਰ ਨੇ ਗਾਵਾਂ/ਬਲਦਾਂ ਨਾਲੋਂ ਨਾਤਾ ਤੋੜ ਲਿਆ ਹੈ ਇਹੀ ਕਾਰਨ ਹੈ ਕਿ ਹੁਣ ਗਾਵਾਂ ਤੇ ਬਲਦ ਅਵਾਰਾ ਘੁੰਮ ਰਹੇ ਹਨ । ਅਵਾਰਾ ਗਊਆਂ ਦੀ ਸਮੱਸਿਆ ਦੇ ਦੋ ਮੁੱਖ ਕਾਰਨ ਹਨ, ਇੱਕ ਤਾਂ ਇਹ ਕਿ ਖੇਤੀ ਵਿੱਚ ਮਸ਼ੀਨਰੀ ਦੀ ਵਰਤੋਂ ਹੋਣ ਕਾਰਨ ਕਿਸਾਨਾਂ ਨੂੰ ਗਾਵਾਂ ਤੇ ਬਲਦਾਂ ਦੀ ਲੋੜ ਨਹੀਂ ਰਹੀ, ਦੂਜਾ ਗਊ ਭਗਤਾਂ ਦੀ ਧਾਰਮਿਕ ਆਸਥਾ/ਸ਼ਰਧਾ, ਜੋ ਨਾ ਤਾਂ ਗਊਆਂ ਨੂੰ ਨਾ ਮਰਨ ਦਿੰਦੇ ਹਨ ਤੇ ਨਾ ਖੁਦ ਸੰਭਾਲ ਕਰਦੇ ਹਨ । ਸਾਨੂੰ ਨਾ ਤਾਂ ਕਿਸੇ ਦੀ ਧਾਰਮਿਕ ਸ਼ਰਧਾ ਉਤੇ ਇਤਰਾਜ ਹੈ, ਤੇ ਨਾ ਹੀ ਅਸੀਂ ਗਊਆਂ ਨੂੰ ਮਾਰਨ ਦੇ ਹੱਕ ਵਿੱਚ ਹਾਂ । ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਮੁਬਾਰਿਕ ਹੋਵੇ । ਪਰ ਜੇ ਕਿਸੇ ਦੀ ਸ਼ਰਧਾ ਕਿਸੇ ਦੂਜੇ ਵਾਸਤੇ ਮੁਸੀਬਤ ਬਣੇ ਉਹ ਵੀ ਚੰਗੀ ਗੱਲ ਨਹੀਂ ਹੈ । ਹਿੰਦੂ ਵੀਰਾਂ ਦੀ ਗਊਆਂ ਵਿੱਚ ਸ਼ਰਧਾ ਹੈ ਤਾਂ ਉਹਨਾਂ ਨੂੰ ਚਾਹੀਂਦਾ ਹੈ ਕਿ ਉਹ ਆਪਣੀ ਸਤਿਕਾਰਤ ਗਾਵਾਂ ਨੂੰ ਸੰਭਾਲਣ ਤਾਂ ਕਿ ਇਹ ਗਾਵਾਂ ਕਿਸੇ ਲਈ ਸਮੱਸਿਆ ਨਾ ਬਣਨ । ਬੇਸ਼ੱਕ ਕਿਸਾਨਾਂ ਵੱਲੋਂ ਅਵਾਰਾ ਗਾਵਾਂ ਦੀ ਕੁੱਟਮਾਰ ਕਰਨੀ ਉਹਨ ਦੀ ਮਜਬੂਰੀ ਹੈ ਪਰ ਫਿਰ ਵੀ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਗੁੱਸੇ ਨੂੰ ਕਾਬੂ ਰੱਖਣ ਗਾਵਾਂ ਦੀ ਨਜਾਇਜ ਕੁੱਟ-ਮਾਰ ਜਾਂ ਵੱਢ-ਟੁੱਕ ਨਾ ਕਰਨ, ਕਿਉਂਕਿ ਭੁੱਖੇ ਜਾਨਵਰ ਨੇ ਤਾਂ ਪੇਟ ਭਰਨਾ ਹੀ ਹੈ । ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਗਊਸ਼ਾਲਾਵਾਂ ਨੂੰ ਤੂੜੀ, ਹਰਾ-ਚਾਰਾ, ਆਟਾ-ਦਾਣਾ ਅਤੇ ਪੈਸਾ ਦੇਣਾ ਬੰਦ ਕਰ ਦੇਣ ਅਤੇ ਸੁੰਨੀਆਂ ਅਵਾਰਾ ਗਊਆਂ ਨੂੰ ਕੁੱਟਣ ਦੀ ਥਾਂ ਘੇਰ ਕੇ ਨਜਦੀਕੀ ਗਊਸ਼ਾਲਾਵਾਂ ਜਾਂ ਸ਼ਹਿਰਾਂ ਵਿੱਚ ਵਾੜ ਦਿਆ ਕਰਨ ਅਤੇ ਹਿੰਦੂ ਵੀਰਾਂ ਨੂੰ ਪਿਆਰ ਨਾਲ ਕਹਿਣ ਕਿ ਕ੍ਰਿਪਾ ਕਰਕੇ ਆਪਣੀਆਂ ਸਤਿਕਾਰਤ ਗਊਆਂ ਨੂੰ ਸੰਭਾਲੋਕਿਉਂਕਿ ਇਸ ਸਮੱਸਿਆ ਲਈ ਗਊਆਂ ਦੇ ਰਖਵਾਲੇ ਕਹਾਉਣ ਵਾਲੇ ਹਿੰਦੂ ਵੀਰ ਹੀ ਜਿੰਮੇਵਾਰ ਹਨ ਜੋ ਗਊਆਂ ਦੇ ਸਿੱਧੇ ਤੌਰ ਤੇ ਮਰਨ ਦੀ ਥਾਂ ਬੁਰੀ ਹਾਲਤ ਨਾਲ ਮਰਨ ਦਾ ਕਾਰਣ ਬਣ ਰਹੇ ਹਨ । ਸੁੰਨੀਆਂ/ਅਵਾਰਾਂ ਗਊਆਂ ਦੀ ਸਮੱਸਿਆ ਪੂਰੀ ਕਿਸਾਨੀ ਦੀ ਬਹੁਤ ਵੱਡੀ ਸਮੱਸਿਆ ਹੈ, ਇਸ ਲਈ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਚਾਹੀਂਦਾ ਹੈ ਕਿ ਉਹ ਇਸ ਸਮੱਸਿਆ ਲਈ ਵੀ ਸੰਘਰਸ਼ ਕਰਨ ਅਤੇ ਇਸ ਸਮੱਸਿਆ ਦਾ ਢੁੱਕਵਾਂ ਹੱਲ ਲੱਭਣ । ਹਿੰਦੂ ਵੀਰਾਂ ਨੂੰ ਵੀ ਚਾਹੀਂਦਾ ਹੈ ਕਿ ਉਹ ਗਊਆਂ ਨੂੰ ਲੈ ਕੇ ਜਾਣ ਵਾਲਿਆਂ ਦੀ ਕੁੱਟਮਾਰ ਕਰਨ, ਪਰਚੇ ਦਰਜ ਕਰਵਾਉਣ ਅਤੇ ਗਊਆਂ ਨੂੰ ਲੈ ਕੇ ਜਾਣ ਵਾਲੇ ਵਾਹਨਾਂ ਦੀ ਭੰਨ-ਤੋੜ ਅਤੇ ਸਾੜ-ਫੂਕ ਕਰਨ ਦੀ ਬਜਾਇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਆਪਣੇ ਧਰਮ ਨਾਲ ਸਬੰਧਤ ਹੋਣ ਕਾਰਨ ਇਸ ਮਸਲੇ ਦੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਇਸਦਾ ਢੁੱਕਵਾਂ ਹੱਲ ਕੱਢਣ ਲਈ ਸਹਿਣਸ਼ੀਲਤਾ ਰੱਖ ਕੇ ਵਿਚਾਰ ਕਰਨ ਤਾਂ ਕਿ ਇਹ ਸਮਸਿੱਆ ਕਿਤੇ ਹੋਰ ਜਿਆਦਾ ਗੰਭੀਰ ਨਾ ਬਣ ਜਾਵੇ ਜੋ ਧਰਮ ਦੇ ਨਾਮ ਤੇ ਹੁੰਦੇ ਦੰਗਿਆਂ ਵਿੱਚ ਬਦਲ ਜਾਵੇ । ਇਸ ਲਈ ਕਿਸਾਨਾਂ ਅਤੇ ਗਊ ਪ੍ਰੇਮੀਆਂ ਨੂੰ ਇਸ ਸਮੱਸਿਆ ਦੇ ਹੱਲ ਲਈ ਜਲਦੀ ਯਤਨ ਕਰਨੇ ਚਾਹੀਦੇ ਹਨ ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.