ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਦੇਹਧਾਰੀ ਬਨਾਮ ਸ਼ਬਦ ਗੁਰੂ
ਦੇਹਧਾਰੀ ਬਨਾਮ ਸ਼ਬਦ ਗੁਰੂ
Page Visitors: 2631

ਦੇਹਧਾਰੀ  ਬਨਾਮ  ਸ਼ਬਦ  ਗੁਰੂ
ਅਵਤਾਰ ਸਿੰਘ ਮਿਸ਼ਨਰੀ (5104325827)
ਸ਼ਬਦ ਦੇ ਅਰਥ ਧੁਨਿ, ਅਵਾਜ਼, ਸੁਰ, ਪਦ, ਲਫਜ਼, ਗੁਫਤਗੂ, ਗੁਰ-ਉਪਦੇਸ਼, ਕਰਤਾਰ, ਧਰਮ, ਮਜ਼ਹਬ, ਪੈਗਾਮ, ਸੁਨੇਹਾ ਅਤੇ ਗਿਆਨ ਆਦਿਕ ਹਨ। ਗੁਰੂ ਵੀ ਬਹੁ ਅਰਥੀ ਲਫਜ਼ ਤੇ ਅਰਥ ਹਨ ਗੁਰ ਦੱਸਣ ਵਾਲਾ, ਗਿਆਨ ਦਾਤਾ, ਪ੍ਰਕਰਣ ਅਨੁਸਾਰ ਜੋ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਕੇ, ਗਿਆਨ ਦਾ ਪ੍ਰਕਾਸ਼ ਕਰ ਦੇਵੇ। ਸਕੂਲਾਂ ਕਾਲਜਾਂ ਵਿੱਚ ਜੋ ਦੁਨਿਆਵੀ ਗਿਆਨ ਦੇਵੇ ਉਸ ਨੂੰ ਅਧਿਆਪਕ, ਆਚਾਰੀਆ, ਪ੍ਰੋਫੈਸਰ ਜਾਂ ਪ੍ਰਿੰਸੀਪਲ ਆਖਦੇ ਹਨ। ਦੂਜੇ ਪਾਸੇ ਰੂਹਾਨੀ ਗੁਰੂ, ਪ੍ਰਮਾਰਥ ਦਾ ਗਿਆਨ ਦਿੰਦਾ ਹੈ। ਜਦ ਦਾ ਮਨੁੱਖ ਬੋਲਣ ਚੱਲਣ ਲੱਗਿਆ ਤੇ ਉਸ ਦਾ ਮਨ ਵਿਗਸਤ ਹੋਇਆ, ਸਿੱਖਣ ਸਿਖਾਉਣ ਵੱਲ ਵਧਿਆ ਤਦ ਤੋਂ ਹੀ ਸਿਖਿਆ ਦਾਤਿਆਂ ਦੀ ਲੋੜ ਪਈ। ਦੁਨਿਆਵੀ ਵਿਦਿਆ ਵਿੱਚ ਮੁਹਾਰਤ ਰੱਖਣ ਵਾਲੇ ਅਧਿਆਪਕ ਤੇ ਪ੍ਰਮਾਰਥਕ ਵਿਦਿਆ ਦੇ ਗਿਆਨੀ, ਗੁਰੂ ਥਾਪੇ ਗਏ। ਬਾਬਾ ਨਾਨਕ ਜੀ ਤੋਂ ਪਹਿਲੇ ਦੇਹਧਾਰੀ ਗੁਰੂ ਪ੍ਰਥਾ ਪ੍ਰਚਲਤ ਸੀ। ਦੇਹਾਂ ਨੂੰ ਖਾਣ, ਪੀਣ, ਪਹਿਨਣ, ਓਡਣ, ਰਹਿਣ, ਸਹਿਣ ਤੇ ਅਰਾਮ ਲਈ ਨੀਂਦ ਦੀ ਲੋੜ ਹੁੰਦੀ ਹੈ। ਬਾਬੇ ਨਾਨਕ ਨੇ ਗਿਆਨ ਦਿੱਤਾ ਕਿ ਦੇਹਾਂ ਬਿਨਸਣਹਾਰ ਨੇ ਜੋ ਸਖਸ਼ੀ ਪੂਜਾ ਦਾ ਪ੍ਰਤੀਕ ਬਣਾ ਲਈਆਂ ਜਾਂਦੀਆਂ ਹਨ। ਅਵਤਾਰ ਪੀਰਾਂ ਤੋਂ ਬਾਅਦ ਗੱਦੀਦਾਰ, ਗੁਰੂ ਜਾਂ ਵਾਰਸ ਬਣ ਜਾਂਦੇ ਹਨ। ਫਿਰ ਗੱਦੀ ਜਾਂ ਪਦਵੀ ਹਾਸਲ ਕਰਨ ਲਈ ਜਦੋ-ਜ਼ਹਿਦ ਸ਼ੁਰੂ ਹੋ ਜਾਂਦੀ ਜੋ ਲੜਾਈ ਝਗੜਿਆਂ ਦਾ ਕਾਰਨ ਬਣਦੀ ਹੈ।
ਇਸ ਲਈ ਬਾਬੇ ਨਾਨਕ ਨੇ "ਸ਼ਬਦ-ਗੁਰੂ" ਦਾ ਸਿਧਾਂਤ ਲੋਕਾਈ ਨੂੰ ਦਰਸਾਇਆ ਤੇ ਦ੍ਰਿੜਾਇਆ। ਜਦ ਪ੍ਰਚਾਰਕ ਦੌਰਿਆਂ ਸਮੇਂ ਸਿੱਧਾਂ, ਜੋਗੀਆਂ ਜਾਂ ਵਕਤੀ ਧਰਮ ਆਗੂਆਂ ਨੇ ਬਾਬਾ ਨਾਨਕ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ?
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥?
ਤਾਂ ਬਾਬੇ ਫੁਰਮਾਇਆ ਸ਼ਬਦ ਮੇਰਾ ਗੁਰੂ ਤੇ ਸੁਰਤਿ ਮੇਰੀ ਉਸ ਦਾ ਚੇਲਾ ਹੈ-
ਸਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩)
ਬਾਬਾ ਨਾਨਕ ਜੀ ਦੇ ਉਤ੍ਰਾਧਿਕਾਰੀਆਂ ਨੇ ਵੀ ਦਰਸਾਇਆ ਕਿ ਸਤਿਗੁਰੂ ਕਦੇ ਆਉਂਦਾ-ਜਾਂਦਾ ਭਾਵ ਜੰਮਦਾ ਮਰਦਾ ਨਹੀਂ, ਉਹ ਨਾਸ਼ ਰਹਿਤ ਅਤੇ ਸਰਬ-ਵਿਆਪਕ ਹੈ-
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ॥
ਓਹੁ ਅਭਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ
॥੧੩॥(੭੫੯)
ਸ਼ਬਦ ਹੀ ਗੁਰੂ, ਪੀਰ, ਗਹਿਰ ਗੰਭੀਰ ਏ, ਉਸ ਤੋਂ ਬਿਨਾਂ ਜਗਤ ਦੁਨਿਆਵੀ ਪਦਾਰਥਾਂ ਤੇ ਬਿਨਸਨਹਾਰ ਛਲਾਵਿਆਂ ਵਿੱਚ ਕਮਲਾ ਹੋਇਆ ਫਿਰਦਾ ਹੈ-
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗ ਬਉਰਾਨੰ॥ (੬੩੫)
ਭਾਈ ਗੁਰਦਾਸ ਜੀ ਵੀ ਜਿਕਰ ਕਰਦੇ ਹਨ-
ਸਬਦ ਗੁਰੂ, ਗੁਰੁ ਜਾਣੀਐ, ਗੁਰਮੁਖਿ ਹੋਇ ਸੁਰਤਿ ਧੁਨਿ ਚੇਲਾ।(੨੦/੭)
ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ।(ਭਾ.ਗੁ.)
"ਸ਼ਬਦ ਗੁਰੂ" ਦਾ ਅਸਲ ਗਿਆਨ ਨਾ ਹੋਣ ਕਰਕੇ ਬਹੁਤੇ ਦੇਹਧਾਰੀ ਗੁਰੂ ਵੀ ਅੰਧ-ਸਾਗਰ ਵਿੱਚ ਉਲਝ ਗਏ ਤੇ ਚੇਲੇ ਭਾਵ ਸਿਖਿਆਰਥੀ ਵੀ ਰੋੜ ਦਿੱਤੇ-
ਕਬੀਰ ਮਾਏ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ॥
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ
॥ (੧੩੭੦)
ਬਹੁਤੇ ਦੇਹਧਾਰੀ ਗੁਰੂ, "ਸ਼ਬਦ ਗੁਰੂ" ਨੂੰ ਵਿਸਾਰ ਕੇ, ਖੁਦ ਰੱਬ ਜਾਂ ਪ੍ਰਮਾਤਮਾਂ ਕਹਾਉਣ ਲੱਗ ਪਏ। ਜਰਾ ਸੋਚੋ! ਭਾਵੇਂ "ਸ਼ਬਦ ਗੁਰੂ" ਦੇਹਾਂ ਰਾਹੀਂ ਪ੍ਰਗਟ ਹੁੰਦਾ ਤੇ ਸਦੀਵ ਹੈ ਪਰ ਦੇਹਾਂ ਰੂਪੀ ਚੋਲੇ ਬਦਲਦੇ ਤੇ ਖਤਮ ਹੁੰਦੇ ਰਹਿੰਦੇ ਹਨ। ਜਿਵੇਂ ਸਾਫ ਭਾਂਡਿਆਂ ਵਿੱਚ ਦੁੱਧ ਫਟਦਾ ਨਹੀਂ ਇਵੇਂ ਹੀ ਸਾਫ ਹਿਰਦਿਆਂ ਵਿੱਚ ਸੱਚਾ ਸ਼ਬਦ ਸਮਾਉਂਦਾ ਹੈ ਪਰ ਉੱਚੇ-ਸੁੱਚੇ ਆਚਰਣ ਵਾਲੇ ਵਿਰਲੇ ਹੁੰਦੇ ਹਨ। ਬਾਬਾ ਨਾਨਕ ਖੁਦ ਫੁਰਮਾਂਦੇ ਹਨ ਕਿ ਨਾਨਕ ਉਸ ਉੱਚੇ ਸੁੱਚੇ ਸ਼ਬਦ ਗੁਰੂ ਦੀ ਸ਼ਰਣ ਆਇਆ ਹੈ ਜੋ ਜੀਵ ਆਤਮਾਂ ਨੂੰ ਪ੍ਰਮਾਤਮਾਂ ਨਾਲ ਮਿਲਾ ਦਿੰਦਾ ਹੈ-
ਸੂਚੈ ਭਾਂਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ॥
ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ
॥(੫੯੭)
"ਸ਼ਬਦ ਗੁਰੂ" ਆਦਿਕਾਲੀ ਤੇ ਸਦੀਵਕਾਲ ਅਮਰ, ਕਦੇ ਜੰਮਦਾ, ਮਰਦਾ, ਖਾਂਦਾ ਪੀਂਦਾ, ਰੋਂਦਾ-ਸੌਂਦਾ ਅਤੇ ਸਰਦੀ ਗਰਮੀ ਮਹਿਸੂਸ ਨਹੀਂ ਕਰਦਾ। "ਸ਼ਬਦ ਗੁਰੂ" ਵਿਕਾਰਾਂ ਰਹਿਤ ਤੇ ਅਭੁੱਲ ਹੁੰਦਾ ਹੈ-
ਭੁਲਣ ਅੰਦਰਿ ਸਭੁ ਕੋ ਅਭੁਲ ਗੁਰੂ ਕਰਤਾਰ॥ (੬੧)
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ॥ (੧੩੪੪)
ਇਹ ਸ਼ਬਦ, ਗੁਰੂ ਬਾਬਾ ਨਾਨਕ ਜੀ ਦਾ ਉਚਾਰਣ ਹੈ ਜੋ ਸ਼ਬਦ ਨੂੰ ਸਦੀਵ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਕੋਈ ਦੇਹਧਾਰੀ ਗੁਰੂ ਨਹੀਂ ਸੀ। ਅਸਲੀ ਗੁਰੂ ਨਾ ਕਦੇ ਭੁੱਲਦਾ ਅਤੇ ਨਾਂ ਹੀ ਗਲਤ ਫੈਂਸਲੇ ਲੈਂਦਾ ਹੈ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਜੋੜੀਆਂ ਗਈਆਂ ਗੁਰਮਤਿ ਵਿਰੋਧੀ ਮਨਘੜਤ ਸਾਖੀਆਂ ਜਾਂ ਕਥਾ ਕਹਾਣੀਆਂ ਹੀ ਗਲਤ ਨੇ ‘ਤੇ ਉਨ੍ਹਾਂ ਦਾ ਸਹਾਰਾ ਲੈ ਕੇ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ‘ਤੇ ਚਿੱਕੜ ਨਹੀਂ ਸੁੱਟਣਾ ਚਾਹੀਦਾ।
ਦੂਜੇ ਪਾਸੇ ਉਹ ਦੇਹਾਂ ਵੀ ਸਤਿਕਾਰਯੋਗ ਹਨ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਆਦਿਕ ਵਿਕਾਰਾਂ ਤੇ ਕਾਬੂ ਪਾ, ਉੱਚੇ-ਸੁੱਚੇ ਆਚਰਣ ਵਾਲੀਆਂ ਹੋ ਜਾਂਦੀਆਂ ਹਨ। ਫਰਕ ਇਨ੍ਹਾਂ ਹੈ ਕਿ ਦੇਹਾਂ ਦੁਨਿਆਵੀ ਕਰਿਆਵਾਂ ਕਰਦੀਆਂ ਪਰ "ਸ਼ਬਦ ਗੁਰੂ" ਇਨ੍ਹਾਂ ਤੋਂ ਮੁਕਤ ਹੁੰਦਾ ਹੈ। ਦੇਹਧਾਰੀ ਰੱਬੀ ਭਗਤ ਅਤੇ ਸਿੱਖ ਗੁਰੂ ਸਹਿਬਾਨ "ਸ਼ਬਦ ਗੁਰੂ" ਦੀ ਸ਼ਰਣ ਵਿੱਚ ਓਤ-ਪੋਤ ਹੋਏ, ਉਨ੍ਹਾਂ ਦੀ ਸੁਰਤ ਬਹੁਤ ਉੱਚੀ-ਸੁੱਚੀ ਹੋ ਚੁੱਕੀ ਸੀ। ਗੁਰੂ ਸ਼ਰਣ ਆਉਣ ਤੋਂ ਪਹਿਲਾਂ ਉਹ ਵੀ ਆਮ ਦੁਨਿਆਵੀ ਇਨਸਾਨ ਸਨ ਪਰ ਸ਼ਬਦ ਗੁਰੂ ਦਰ ਆ ਮਹਾਨ ਹੋ ਗਏ। ਉਨ੍ਹਾਂ ਦੇ ਸਦੀਵੀ ਤੇ ਸ਼ਬਦੀ ਉਪਦੇਸ਼, "ਸ਼ਬਦ ਗੁਰੂ" ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹਨ। ਸਾਨੂੰ ਰੱਬੀ ਭਗਤਾਂ, ਸਿੱਖ ਗੁਰੂ ਸਹਿਬਾਨਾਂ ਨਾਲ ਅਖੌਤੀ ਸਾਧਾਂ, ਸੰਤਾਂ, ਡੇਰਾਵਾਦੀਆਂ ਸੰਪ੍ਰਦਾਈਆਂ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀ ਜਾਂ ਵਿਸ਼ਵਾਸ਼ੀ ਲਿਖਾਰੀਆਂ ਵੱਲੋਂ ਮਨਘੜਤ ਦੰਦ ਕਥਾਵਾਂ ਅਤੇ ਜੋੜੀਆਂ ਗਈਆਂ ਕਥਾ ਕਹਾਣੀਆਂ ਉੱਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ ਜੋ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਉਲਝਣਾ ਪੈਦਾ ਕਰਕੇ, ਭਰਾ ਮਾਰੂ ਜੰਗ ਦਾ ਸਾਧਨ ਬਣ ਰਹੀਆਂ ਹਨ।
ਦੇਹ ਅਤੇ "ਸ਼ਬਦ ਗੁਰੂ" ਦਾ ਸਬੰਧ ਇਉਂ ਹੈ ਜਿਵੇਂ ਰੂਹ-ਸਰੀਰ, ਸ਼ਿਆਹੀ-ਕਾਗਦ, ਮਲਾਹ-ਬੇੜੀ, ਡ੍ਰਾਈਵਰ-ਗੱਡੀ, ਕ੍ਰਿਪਾਨ-ਮਿਆਨ ਅਤੇ ਅਧਿਆਪਕ-ਸਕੂਲ ਆਦਿਕ ਦਾ ਹੈ। ਸੋ ਸਰੀਰ, ਬੇੜੀ, ਗੱਡੀ, ਮਿਆਨ ਅਤੇ ਸਕੂਲ ਮਨਫੀ ਨਹੀਂ ਕੀਤੇ ਜਾ ਸਕਦੇ ਪਰ ਉਨ੍ਹਾਂ ਨੂੰ ਰੂਹ, ਸ਼ਿਆਹੀ, ਮਲਾਹ, ਡ੍ਰਾਈਵਰ, ਕ੍ਰਿਪਾਨ ਅਤੇ ਅਧਿਆਪਕ ਨਹੀਂ ਮੰਨਿਆਂ ਜਾ ਸਕਦਾ, ਉਹ ਆਪਣੀ ਥਾਂ ਸਤਿਕਾਰਤ ਹਨ। ਇਵੇਂ ਜਿੰਨ੍ਹਾਂ ਦੇਹਾਂ ਵਿੱਚ "ਸ਼ਬਦ ਗੁਰੂ" ਦਾ ਪ੍ਰਕਾਸ਼ ਹੋ ਗਿਆ ਜਾਂ ਜਿੰਨ੍ਹਾਂ ਦੇਹਾਂ ਰਾਹੀਂ "ਸ਼ਬਦ ਗੁਰੂ" ਪ੍ਰਗਟ ਹੋਇਆ ਅਤੇ ਪ੍ਰਚਾਰਿਆ ਗਿਆ, ਉਹ ਵੀ ਆਪਣੀ ਥਾਂ ਸਤਿਕਾਰਤ ਹਨ। ਬਾਬਾ ਗੁਰੂ ਨਾਨਕ ਦਾ ਭਾਵ ਵੀ ਇਹ ਹੈ ਕਿ ਬਾਬੇ ਦੀ ਦੇਹ ਵਿੱਚ "ਸ਼ਬਦ ਗੁਰੂ" ਪ੍ਰਕਾਸ਼। ਦੇਹ ਬਿਨਸ ਜਾਂਦੀ ਤੇ "ਸ਼ਬਦ ਗੁਰੂ" ਸਦਾ ਪ੍ਰਕਾਸ਼ ਰਹਿੰਦਾ ਹੈ। ਇਸੇ ਲਈ ਇਤਿਹਾਸ ਵਿੱਚ ਮਿਲਦਾ ਹੈ ਕਿ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗਿ ਮਿਲੀ" ਲਹਿਣੇ ਪਾਈ ਨਾਨਕੋਂ (ਭਾ.ਗੁ.) ਉਹ ਗਿਆਨ ਦਾ ਪ੍ਰਕਾਸ਼ ਸ਼ਬਦ, ਅੱਗੇ ਉਨ੍ਹਾਂ ਦੇ ਨੌਂ ਉਤ੍ਰਾਧਿਕਾਰੀਆਂ ਵਿੱਚ ਵਰਤਿਆ ਪਰ ਚਲਾਕ ਤੇ ਅਗਿਆਨੀ ਲੋਕ ਦੇਹਾਂ ਨੂੰ ਹੀ ਗੁਰੂ ਤੇ ਰੱਬ ਮੰਨਣ ਲੱਗ ਪਏ। ਇਸ ਲਈ ਬਾਬਾ ਗੁਰੂ ਨਾਨਕ ਸਾਹਿਬ ਦੇ ਆਖਰੀ ਉਤ੍ਰਾਧਿਕਾਰੀ ਦਸ਼ਮੇਸ਼ ਜੀ ਵੱਲੋਂ ਪੱਕੇ ਤੌਰ ਤੇ ਸਦੀਵ ਕਾਲ ਲਈ "ਸ਼ਬਦ ਗੁਰੂ" ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਆਗਿਆ ਕਰ ਦਿੱਤੀ ਗਈ ਕਿ-
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਯਾਦ ਰਹੇ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੱਖਰ, ਪੱਤਰੇ, ਜਿਲਦ ਅਤੇ ਰੁਮਾਲੇ ਗੁਰੂ ਸ਼ਬਦ ਨਹੀਂ ਸਗੋਂ ਇਨ੍ਹਾਂ ਰਾਹੀਂ ਦਿੱਤਾ ਗਿਆ ਸੰਸਾਰੀ ਅਤੇ ਨਿਰੰਕਾਰੀ ਗਿਆਨ ਹੀ "ਸ਼ਬਦ ਗੁਰੂ" (ਰੱਬੀ ਨਿਯਮ) ਦੀ ਵਿਆਖਿਆ ਅਤੇ ਇਹ ਅੱਖਾਂ ਮੀਟ ਸਮਾਧੀਆਂ ਜਾਂ ਮੰਤ੍ਰ ਜਾਪਾਂ ਰਾਹੀਂ ਸਮਝਿਆਂ ਨਹੀਂ ਜਾ ਸਕਦਾ-
ਅਖੀ ਤ ਮੀਟਹਿ ਨਾਕ ਪਕਰਹਿ ਠਗਣ ਕਉ ਸੰਸਾਰੁ॥੧॥.
..ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ॥
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ
॥੪॥(੬੬੩)
ਗਾਇ ਸੁਣੇ ਆਖੇ ਮੀਟੇ ਪਾਈਏ ਨ ਪਰਮਪਦ, ਗੁਰ ਉਪਦੇਸ਼ ਗਹਿ ਜਉ ਲਉ ਨ ਕਮਾਈਐ । (ਭਾ.ਗੁ)
ਹੁਣ ਸਾਡੇ ਪਾਸ ਗੁਰੂ ਗ੍ਰੰਥ ਸਾਹਿਬ ਹੀ ਅਸਲੀ ਪਰਖ ਦੀ ਕਸਵੱਟੀ ਹਨ। ਇਸ ਲਈ ਸਾਨੂੰ ਲਿਖੀਆਂ ਗਈਆਂ ਮਨਘੜਤ ਸਾਖੀਆਂ, ਇਤਿਹਾਸ ਅਤੇ ਭਗੌਤੀ-ਦੁਰਗਾ ਆਦਿਕ, ਇਤਿਹਾਸ ਤੇ ਮਰਯਾਦਾ ਚੋਂ ਸੋਧ ਲੈਣੀਆਂ ਚਾਹੀਦੀਆਂ ਹਨ।
ਯਾਦ ਰਹੇ ਕਿ ਰੱਬੀ ਭਗਤਾਂ, ਬਾਬੇ ਨਾਨਕ ਅਤੇ ਉਨ੍ਹਾਂ ਦੇ ਉਤ੍ਰਾਧਿਕਾਰੀਆਂ ਨੇ ਕਦੇ ਦਾਹਵਾ ਨਹੀਂ ਕੀਤਾ ਕਿ ਦੇਹਾਂ ਸਦੀਵੀ ਗੁਰੂ ਜਾਂ ਰੱਬ ਹਨ। ਉਨ੍ਹਾਂ ਇਹ ਜਰੂਰ ਕਿਹਾ ਕਿ ਜਿਨਾ ਕੁ ਸਾਨੂੰ ਰੱਬੀ ਗਿਆਨ ਸਮਝ ਆਇਆ, ਅਸੀਂ ਲੋਕਾਈ ਨੂੰ ਦਰਸਾਇਆ ਤੇ ਵਰਤਾਇਆ ਹੈ। ਜੋ ਭਗਤਾਂ ਦੇ ਵਾਰਸ਼ਾਂ ਤੋਂ ਬਾਣੀ ਲੈ, ਖੁਦ ਉਚਾਰ ਅਤੇ ਹੱਥੀਂ ਲਿਖ ਗਿਆਨ ਸਾਗਰ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਕਰ ਦਿੱਤਾ, ਉਹ ਹੀ "ਸ਼ਬਦ ਗੁਰੂ" ਹੈ।
"ਸ਼ਬਦ ਗੁਰੂ" ਦੀ ਮਹਾਂਨਤਾ ਤੋਂ ਮਨੁੱਕਰ ਬਹੁਤੇ ਅਖੌਤੀ ਸਾਧ, ਸੰਤ, ਡੇਰੇਦਾਰ ਅਤੇ ਸੰਪ੍ਰਦਾਈ ਆਪੋ ਆਪਣੇ ਵੱਡੇ ਵਡੇਰਿਆਂ ਤੇ ਆਪਣੀਆਂ ਦੇਹਾਂ ਦੀ ਸ਼ਖਸ਼ੀ ਪੂਜਾ ਕਰਾਉਂਦੇ ਤੇ ਉਨ੍ਹਾਂ ਦੀਆਂ ਸਮਾਧਾਂ ਬਣਾ ਬਣਾ ਮੱਥੇ ਟੇਕਦੇ-ਟਿਕਾਉਂਦੇ ਅਤੇ ਅੱਗੇ ਤੋਂ ਅੱਗੇ ਗੱਦੀਦਾਰ ਥਾਪਦੇ ਹਨ। "ਸ਼ਬਦ ਗੁਰੂ", ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਣ ਦੀ ਬਜਾਏ, ਆਪੋ ਆਪਣੇ ਬਣਾਏ ਗਏ ਮਹਾਂਪੁਰਖਾਂ ਦੀਆਂ ਮਨਘੜਤ ਕਥਾ ਕਹਾਣੀਆਂ ‘ਤੇ ਵੱਧ ਯਕੀਨ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਵਿਆਖਿਆ ਕਰਨ ਵਾਲਿਆਂ ਦੇ ਰਾਹ ਰੋਕਦੇ, ਗਾਲ੍ਹਾਂ ਕੱਢਦੇ, ਪੱਗਾਂ ਲਾਹੁੰਦੇ ਅਤੇ ਕਤਲ ਕਰਨ ਤੱਕ ਜਾਂਦੇ ਹਨ।
ਦਾਸ ਨੇ ਉਪ੍ਰੋਕਤ ਲੇਖ, ਗੁਰਮਤਿ ਦੀ ਰੌਸ਼ਨੀ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ। ਵਿਚਾਰ ਲਈ ਸਾਨੂੰ ਸਾਰਥਕ ਸ਼ਬਦ ਵਰਤਣੇ ਅਤੇ ਭੱਦੀ ਸ਼ਬਦਾਵਲੀ ਵਰਤ ਕੇ ਤਲਖੀ ਨਹੀਂ ਪੈਦਾ ਕਰਨੀ ਚਾਹੀਦੀ। ਅਜਿਹੇ ਸ਼ਬਦ ਵਿਚਾਰ ਯਤਨ ਸਦਾ ਚਲਦੇ ਰਹਿਣੇ ਚਾਹੀਦੇ ਹਨ। ਖੋਜ ‘ਚੋਂ ਕੁਝ ਨਾਂ ਕੁਝ ਉਪਜਦਾ, ਲੱਭਦਾ ਅਤੇ ਬਾਦਾਂ ਵਿੱਚ ਬਿਨਸਦਾ, ਇਸ ਲਈ ਮੈਂ ਤਾਂ ਗਿਆਨ ਦਾਤੇ ਗੁਰੂ ਕਰਤਾਰ ਤੋਂ ਬਲਿਹਾਰ ਜਾਂਦਾ ਹਾਂ-
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ॥ (੧੨੫੫)
ਸੋ ਦੇਹਾਂ ਤੋਂ ਉੱਪਰ ਉੱਠ ਚੁੱਕੇ ਲੋਕ ਹੀ "ਸ਼ਬਦ ਗੁਰੂ" ਦੇ ਸਿਧਾਂਤ ਨੂੰ ਸਮਝ ਸਕਦੇ ਅਤੇ ਦੇਹਾਂ ਨਾਲ ਜੁੜੇ (ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ) ਪੜ੍ਹਦੇ ਹੋਏ ਅੱਜ ਵੀ ਪਾਖੰਡੀ ਸਾਧਾਂ-ਸੰਤਾਂ ਦੇ ਖਰੌੜੇ ਧੋ ਧੋ ਪੀਂਦੇ ਹੋਏ ਹੋਰ ਹੋਰ ਸੰਤਾਂ ਤੇ ਗ੍ਰੰਥਾਂ ਨੂੰ ਮੰਨੀ ਜਾ ਰਹੇ ਹਨ।
 



 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.