ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਗੁਰਬਾਣੀ ਚਾਨਣ ‘ਚ “ ਸ਼੍ਰੀ ” ਦੀ ਵਿਆਖਿਆ
ਗੁਰਬਾਣੀ ਚਾਨਣ ‘ਚ “ ਸ਼੍ਰੀ ” ਦੀ ਵਿਆਖਿਆ
Page Visitors: 2516

ਗੁਰਬਾਣੀ ਚਾਨਣ ‘ਚ “ ਸ਼੍ਰੀ ” ਦੀ ਵਿਆਖਿਆ
ਮਹਾਨ ਕੋਸ਼ ਅਨੁਸਾਰ ਸ੍ਰੀ ਸੰਸਕ੍ਰਿਤ ਦਾ ਲਫਜ਼ ਹੈ। ਪ੍ਰਕਰਣ ਅਨੁਸਾਰ ਵੱਖ ਵੱਖ ਅਰਥ ਹਨ- ਲਛਮੀ, ਸ਼ੋਭਾ (ਸ੍ਰੀ ਸਤਿਗੁਰ ਸੁਪ੍ਰਸੰਨ) ਸੰਪਦਾ,ਵਿਭੂਤੀ, ਜਾਇਦਾਦ, ਛੇ ਰਾਗਾਂ ਚੋਂ ਪਹਿਲਾ ਰਾਗ, ਵੈਸ਼ਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲਛਮੀ ਦੀ ਪੂਜਾ ਮੁੱਖ ਹੈ, ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ। ਇਸ ਸੰਪ੍ਰਦਾਇ ਦਾ ਪ੍ਰਚਾਰਕ ਰਾਮਾਨੁਜ ਸਵਾਮੀ ਹੋਇਆ ਹੈ। ਇੱਕ ਛੰਦ, ਸਰਸਵਤੀ, ਕੀਰਤੀ, ਆਦਰ ਬੌਧਕ ਸ਼ਬਦ ਜੋ ਬੋਲਣ ਅਤੇ ਲਿਖਣ ਚ ਵਰਤਿਆ ਜਾਂਦਾ ਹੈ ਜਿਵੇਂ ਧਰਮ ਦੇ ਆਚਾਰੀਆ ਅਤੇ ਮਹਾਂਰਾਜੇ ਲਈ ੧੦੮ ਵਾਰ,  ਮਾਤਾ ਪਿਤਾ ਵਿਦਿਆ ਗੁਰੂ ਲਈ ੬ ਵਾਰ, ਆਪਣੇ ਮਾਲਕ ਵਾਸਤੇ ੫ ਵਾਰ, ਵੈਰੀ ਨੂੰ ੪ ਵਾਰ, ਮਿਤ੍ਰ ਨੂੰ ੩ ਵਾਰ, ਨੌਕਰ ਨੂੰ ੨ ਵਾਰ, ਪੁੱਤ੍ਰ ਤਥਾ ਇਸਤਰੀ ਨੂੰ ੧ ਵਾਰ ਸ਼੍ਰੀ ਸ਼ਬਦ ਵਰਤਨਾ ਚਾਹੀਏ, ਸੁੰਦਰ, ਯੋਗ, ਲਾਇਕ, ਸ਼੍ਰੇਸ਼ਟ ਉੱਤਮ ਆਦਿਕ।
ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ- ਸ੍ਰੀ ਅਤੇ ਸਿਰੀ ਹਿੰਦੂਆਂ ਦੀ ਦੌਲਤ ਤੇ ਕਿਸਮਤ ਦੀ ਮਿਥਿਹਾਸਕ ਦੇਵੀ ਦਾ ਨਾਂ ਹੈ ਜੋ ਮਿਥਿਹਾਸਕ ਦੇਵਤੇ ਵਿਸ਼ਨੂੰ ਦੀ ਪਤਨੀ ਹੈ। ਹਿੰਦੀ ਇਸ ਨੂੰ ਲਕਸ਼ਮੀ ਵੀ ਕਹਿੰਦੇ ਹਨ। ਹਿੰਦੂ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦੀ ਪੂਜਾ ਕਰਦੇ ਹਨ ਤਾਂ ਜੋ ਇਸ ਦੇ ਵਰ ਨਾਲ, ਉਸ ਕੰਮ 'ਚ ਖੂਬ ਦੌਲਤ ਕਮਾਈ ਜਾ ਸਕੇ। ਗਣੇਸ਼ ਜਿਹੜਾ ਅੱਧਾ ਹਾਥੀ ਤੇ ਅੱਧਾ ਇਨਸਾਨ ਹੈ ਨੂੰ ਹਿੰਦੂ ਇਸ ਦੇਵੀ ਦਾ ਪੁੱਤ੍ਰ ਆਖਦੇ ਹਨ। ਦੌਲਤ ਦੇ ਲਾਲਚ ਕਰਕੇ ਬਿਨਾ ਮਤਲਬ ਜਾਣੇ, ਹਿੰਦੂ ਹੁਣ ਇਸ ਲਫਜ਼ ਨੂੰ ਹਰੇਕ ਨਾਂ ਨਾਲ ਅਗੇਤ੍ਰ ਵਜੋਂ ਵਰਤਦੇ ਹਨ ਕਿਉਂਕਿ ਉਹ ਯਕੀਨ ਕਰਦੇ ਹਨ ਕਿ ਐਸਾ ਕਰਨ ਨਾਲ ਸ਼੍ਰੀ ਦੀ ਮਿਹਰ (ਮਿਹਨਤ ਨਾਲ ਨਹੀਂ ਸਗੋਂ ਉਸ ਦੇ ਯਾਦੂ ਜਾਂ ਵਰ ਨਾਲ) ਅਮੀਰ ਬਣ ਜਾਵੇਗਾ।
ਇੱਕ ਸਿੱਖ ਵਾਸਤੇ ਲਫਜ਼ ਸਿਰਦਾਰ (ਹਿੰਦੀ ਤੇ ਉਰਦੂ ਸਰਦਾਰ) ਟਾਈਟਲ ਵਜੋਂ ਵਰਤਿਆ ਜਾਂਦਾ ਹੈ। ਸ੍ਰੀ ਲਫਜ਼ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਗੁਰੂ ਸਹਿਬਾਨ, ਸਿੱਖਾਂ ਨਾਲ ਸਬੰਧਤ ਸ਼ਹਿਰਾਂ,  ਗੁਰਦੁਵਾਰਿਆਂ, ਸਿੱਖ ਅਦਾਰਿਆਂ ਅਤੇ ਜਮਾਤਾਂ ਵਗੈਰਾ ਦੇ ਨਾਵਾਂ ਨਾਲ ਵਰਤਿਆ ਜਾਣ ਲੱਗ ਪਿਆ ਸੀ। ਲਗਦਾ ਹੈ ਕਿ ਇਹ ਨਿਰਮਲਿਆਂ ਅਤੇ ਸਿੱਖ ਰਾਜਿਆਂ ਦੇ, ਹਿੰਦੂ ਦਰਬਾਰੀਆਂ ਦੇ ਅਸਰ ਹੇਠ ਹੋਇਆ ਹੋਵੇਗਾ। ਇਸ ਦੀ ਵਰਤੋਂ ੧੯੮੦ ਤੋਂ ਮਗਰੋਂ ਫਿਰ ਵਧਣੀ ਸ਼ੁਰੂ ਹੋ ਗਈ ਸੀ ਜਦ ਪੰਜਾਬ 'ਚ ਦਰਬਾਰਾ ਸਿੰਹ ਦੀ ਸਰਕਾਰ ਨੇ ਸਿੱਖਾਂ ਦੇ ਨਾਂ ਨਾਲ ਸਿਰਦਾਰ ਦੀ ਥਾਂ 'ਤੇ ਸ਼੍ਰੀ ਲਾਉਣ ਦਾ ਸਰਕੁਲਰ ਜਾਰੀ ਕਰ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਵਿਖੇ ਸ਼੍ਰੀ ਲਫਜ਼ ਰੱਬ ਦੇ ਨਾਂ ਨਾਲ, ਮਿਥਿਹਾਸਿਕ ਹਿੰਦੂਆਂ ਦੇਵਤਿਆਂ ਨਾਲੋਂ ਵਖਰੇਵਾਂ ਦਰਸਾਉਣ ਲਈ ਵਰਤਿਆ ਗਿਆ ਹੈ। ਹਿੰਦੂਆਂ ਚ ੩੩ ਕਰੋੜ ਦੇਵਤੇ ਮੰਨੇ ਗਏ ਹਨ। ਅੱਜ ਕੱਲ ਹਿੰਦੂ ਮਤ ਦੇ ਅਸਰ ਹੇਠ ਬਹੁਤ ਸਾਰੇ ਸਿੱਖ ਗ੍ਰੰਥੀ, ਬੇਸਮਝ ਆਗੂ ਅਤੇ ਕਚਘਰੜ ਲਿਖਾਰੀ ਵੀ ਸ਼੍ਰੀ ਲਫਜ਼ ਨੂੰ ਇਸ ਦਾ ਪਿਛੋਕੜ ਜਾਣੇ ਬਿਨਾ, ਇਸ ਦੀ ਵਰਤੋਂ ਵੱਧ ਚੜ ਕੇ ਕਰਦੇ ਅਤੇ ਹਰੇਕ ਗੁਰੂ, ਹਰੇਕ ਬਾਣੀ, ਹਰੇਕ ਗੁਰੂ ਨਗਰ, ਤੇ ਹੁਣ ਤਾਂ ਸਾਧਾਂ ਦੇ ਪਿੰਡਾਂ ਤੇ ਹੋਰ ਕਈ ਚੀਜਾਂ ਦੇ ਨਾਲ ਵੀ (ਜਿਵੇਂ ਸ਼੍ਰੀ ਅਖੰਡ ਪਾਠ, ਸ਼੍ਰੀ ਪੀੜਾ ਸਾਹਿਬ, ਸ਼੍ਰੀ ਰੁਮਾਲਾ ਤੇ ਚੰਦੋਆ ਸਾਹਿਬ ਅਤੇ ਸ਼੍ਰੀ ਚੌਰ ਸਾਹਿਬ ਵਗੈਰਾ ਨਾਲ ਵੀ) ਹਿੰਦੂ ਦੇਵੀ ਦਾ ਨਾਂ ਸ਼੍ਰੀ ਲਾਉਣ ਲੱਗ ਪਏ ਹਨ। ਇਹ ਸਿੱਖੀ ਦਾ ਬ੍ਰਾਹਮਣੀ ਕਰਣ/ਹਿੰਦੂਕਰਣ ਹੀ ਹੋ ਰਿਹਾ ਹੈ।
ਨੋਟ : ਗੁਰਸਿੱਖਾਂ ਨੂੰ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ, ਪਰ ਸਿੱਖ ਤਾਂ ਤਲਵਾਰ ਨੂੰ ਵੀ ਹੁਣ "ਸ਼੍ਰੀ ਸਾਹਿਬ" ਕਹਿਣ ਲੱਗ ਪਏ ਹਨ। ਅਖੌਤੀ ਦਸਮ ਗ੍ਰੰਥ ‘ਚ ਅਜਿਹੇ ਨਾਮ ਬਹੁਤੇ ਵਰਤੇ ਹਨ ਤਾਂ ਕਿ ਸਿੱਖਾਂ ਦਾ ਵੀ ਹਿੰਦੂਕਰਣ ਕੀਤਾ ਜਾ ਸੱਕੇ। ਸਕੂਲੀ ਪੁਸਤਕਾਂ, ਅਖਬਾਰਾਂ, ਰੇਡੀਓ, ਰਸਾਲੇ, ਟੀ ਵੀ ਆਦਿਕ ਇਲੈਕਟ੍ਰੌਣਕ ਮੀਡੀਏ ਵਿੱਚ ਵੀ ਬ੍ਰਾਹਮਣੀ ਲਫਜ਼ ਘਸੋੜੇ ਜਾ ਰਹੇ ਹਨ। ਸਿੱਖ ਸਿਰਦਾਰ, ਭਾਈ, ਭੈਣ, ਬੀਬੀ, ਸਿੰਘਣੀ ਜਾਂ ਵਡੇਰੀ ਉਮਰ ਕਰਕੇ ਬਾਬਾ ਜਾਂ ਮਾਤਾ ਲਿਖਦੇ ਹਨ, ਨਾ ਕਿ ਨਾਮ ਦੇ ਪਹਿਲੇ ਸ਼੍ਰੀ। ਸਿੱਖ ਅਕਾਲ ਦੇ ਉਪਾਸ਼ਕ ਹਨ ਨਾ ਕਿ ਸ਼੍ਰੀ ਦੇਵੀ, ਦੁਰਗਾ (ਭਗੌਤੀ) ਆਦਿਕ ਦੇਵੀਆਂ ਦੇ,
ਜਰਾ ਸੋਚੋ ਅੰਨ੍ਹੇ ਵਾਹ ਗੁਰਮਤਿ ਨਾ ਵਿਗਾੜੀ ਜਾਓ!
ਅਵਤਾਰ ਸਿੰਘ ਮਿਸ਼ਨਰੀ
510-432-5827

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.