ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਅਕਾਲ ਤਖਤ, ਸਰਬੱਤ ਖਾਲਸਾ ਅਤੇ ਸ਼ਬਦ ਗੁਰੂ*
*ਅਕਾਲ ਤਖਤ, ਸਰਬੱਤ ਖਾਲਸਾ ਅਤੇ ਸ਼ਬਦ ਗੁਰੂ*
Page Visitors: 2695

*ਅਕਾਲ ਤਖਤ, ਸਰਬੱਤ ਖਾਲਸਾ ਅਤੇ ਸ਼ਬਦ ਗੁਰੂ*
*ਅਵਤਾਰ ਸਿੰਘ ਮਿਸ਼ਨਰੀ (5104325827)*
ਅਕਾਲ ਦਾ ਅਰਥ ਹੈ ਕਾਲ, ਮੌਤ ਜਾਂ ਕਾਲ (ਸਮੇਂ) ਤੋਂ ਰਹਿਤ। ਸਰਬੱਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ-ਸਭ ਜਗ੍ਹਾ-
*ਅੰਤਰਿ ਬਾਹਰ ਸਰਬਤਿ ਰਵਿਆ ਮਨਿ ਉਜਿਆ ਬਿਸੁਆਸੋ॥(80)  * ਸਭ ਨੇ-
*ਜੀਅ ਜੰਤ ਸਰਬਤ ਨਾਉਂ ਤੇਰਾ ਧਿਆਵਣਾ॥(652)* ਸਭ ਦਾ-
*ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ । (ਅਰਦਾਸ)* ਸਰਬੱਤ ਭਾਵ ਸਮੂੰਹ।

ਖਾਲਸ-ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ ਖਾਲਸ ਭਾਵ ਸ਼ੁੱਧ, ਖਰਾ ਅਤੇ ਨਿਰੋਲ।     *ਖਾਲਸਾ* ਭਾਵ ਸ਼ੁੱਧ ਖਾਲਸ ਬਿਨਾ ਮਿਲਾਵਟ-
*ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (655)
* ਅਰਬੀ ਵਿੱਚ ਖਾਲਸਾ ਉਸ ਜਮੀਨ ਜਾਂ ਮੁਲਕ ਨੂੰ ਕਿਹਾ ਜਾਂਦਾ ਹੈ ਜੋ ਬਾਦਸ਼ਾਹ ਦਾ ਹੈ ਜਿਸ ਪੁਰ ਕਿਸੇ ਜਗੀਰਦਾਰ ਜਾਂ ਜਿਮੀਦਾਰ ਦੀ ਮਾਲਕੀ ਨਹੀਂ।
ਗੁਰੂਆਂ ਅਤੇ ਰੱਬੀ ਭਗਤਾਂ ਦੀ ਬੀਜੀ ਧਰਮ ਫਸਲ ਦਾ ਰੱਬੀ ਫਲ ਜੋ ਤੱਤ ਗੁਰਮਤਿ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਜਾਂਨਸ਼ੀਨ ਗੁਰੂ ਗੋਬਿੰਦ ਸਿੰਘ ਵੱਲੋਂ ਸੰਪੂਰਨ ਸਿੱਖ ਨੂੰ ਦਿੱਤਾ ਗਿਆ ਤਖਲਸ।
ਤਖਤ ਦਾ ਅਰਥ ਹੈ ਰਾਜ ਸਿੰਘਾਸਨ ਜਿੱਥੇ ਸਭ ਲਈ ਨਿਆਂ ਦੇ ਦਰਵਾਜੇ ਖੁੱਲ੍ਹੇ ਹੋਣ। ਹੁਣ ਜਰਾ ਧਿਆਨ ਨਾਲ ਸੋਚੋ ਅਕਾਲ ਪੁਰਖ ਕੇਵਲ ਨਿਰੰਕਾਰ ਕਰਤਾਰ ਹੀ ਹੈ। ਉਸ ਅਕਾਲ ਦਾ ਤਖਤ ਵੀ ਤਾਂ ਅਕਾਲ ਹੈ ਭਾਵ ਸਮੇਂ ਤੇ ਦੇਸ਼ ਦੀਆਂ ਹੱਦ ਬੰਦੀਆਂ ਤੋਂ ਮੁਕਤ ਹੈ। ਜੇ ਮਹਾਂਰਾਜਾ ਪਾਤਸ਼ਾਹ ਅਕਾਲ ਪੁਰਖ ਖੁਦ ਹੈ ਤਾਂ ਤਾਂ ਉਸ ਦਾ ਤਖਤ (ਰਾਜ ਸਿੰਘਸਨ, ਕਚਹਿਰੀ, ਅਦਾਲਤ) ਵੀ ਤਾਂ ਸਰਬਤ ਲਈ ਸਰਬ ਵਿਅਪਕ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਕਾਲ ਪੁਰਖ ਦਾ ਤਖਤ ਕੇਵਲ ਪੰਜਾਬ(ਭਾਰਤ) ਦੇ ਸ਼ਹਿਰ ਅੰਮ੍ਰਿਤਸਰ ਵਿੱਚ ਹੀ ਹੋ ਸਕਦਾ ਹੈ? ਕੀ ਅਕਾਲ ਪੁਰਖ ਸਾਰੀ ਦੁਨੀਆਂ ਦਾ ਮਹਾਂਰਾਜਾ ਨਹੀ? ਕੀ ਉਸ ਦੀ ਅਦਾਲਤ, ਕਚਹਿਰੀ (ਤਖਤ) ਸਰਬ ਲਈ ਅਤੇ ਸਰਬ ਵਿਆਪਕ ਨਹੀਂ? ਜੇ ਹੈ ਤਾਂ ਫਿਰ ਕਿਸੇ ਇੱਕ ਥਾਂ ਜਾਂ ਬਿਲਡਿੰਗ ਨੂੰ ਅਕਾਲ ਤਖਤ ਕਿਵੇਂ ਕਿਹਾ ਜਾ ਸਕਦਾ ਹੈ? ਮਾਨੋਂ ਜੇ ਅਕਾਲ ਤਖਤ ਸਰਬੱਤ ਦਾ ਹੈ ਤਾਂ ਓਥੇ ਪਾਰਟੀਬਾਜ, ਮਸੰਦ ਟਾਈਪ ਸੇਵਾਦਾਰ ਜਾਂ ਜਥੇਦਾਰ ਕਿਉਂ ਥਾਪੇ ਜਾਂਦੇ ਹਨ? ਦੂਜਿਆਂ ਦੀ ਗੱਲ ਛੱਡੋ ਜਿੱਥੇ ਆਪਣਿਆਂ ਨਾਲ ਹੀ ਬੇਇਨਸਾਫੀਆਂ ਹੁੰਦੀਆਂ ਹਨ। ਜਿੱਥੋਂ ਇੱਕ ਅਕਾਲ ਪੁਰਖ,ਇੱਕ ਸ਼ਬਦ ਗੁਰੂ (ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ) ਦੇ ਪੰਥ, ਇੱਕ ਵਿਧਾਨ, ਇੱਕ ਨਿਸ਼ਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਨ ਵਾਲਿਆਂ ਪ੍ਰਚਾਰਕਾਂ ,  ਵਿਦਵਾਨਾਂ, ਸਕਾਲਰਾਂ ਅਤੇ ਆਮ ਸਿੱਖਾਂ ਨੂੰ ਵੀ ਕਿਉਂ ਛੇਕਿਆ ਜਾਂਦਾ ਹੈ?
ਜੇ ਅਕਾਲ ਤਖਤ ਦਾ ਨਾਂ ਹੀ ਰੱਖਣਾ ਹੈ ਤਾਂ ਫਿਰ ਸਾਰੇ ਸੰਸਾਰ ਨੂੰ ਨਿਮਾਇਦੰਗੀ ਦੇਣੀ ਪਵੇਗੀ ਨਹੀਂ ਤਾਂ ਇਸ ਦਾ ਨਾਂ ਸਿੱਖ ਤਖਤ ਰੱਖ ਲਓ। ਗੁਰੂ ਸਾਹਿਬ ਜੀ ਨੇ ਜਿਥੇ ਵੀ ਸੱਚ ਦੇ ਅਧਾਰਤ ਫੈਸਲੇ ਕੀਤੇ  ਉਹ ਜਗ੍ਹਾ ਹੀ ਗੁਰੂ ਦਾ ਤਖਤ ਹੋ ਗਈ। ਗੁਰਬਾਣੀ ਫੁਰਮਾਂਦੀ ਹੈ ਕਿ-
*ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥ (966)
* ਹੁਣ ਸੋਚੋ ਗੁਰੂ ਬਾਬਾ ਨਾਨਕ ਸਾਹਿਬ ਜੀ ਨੇ ਜਿਹੜਾ ਰਾਜ ਚਲਾਇਆ ਸੀ ਉਸ ਦਾ ਤਖਤ ਕਿਹੜਾ ਸੀ? ਕੀ ਗੁਰੂ ਨਾਨਕ ਸਾਹਿਬ ਬਿਨਾ ਤਖਤੋਂ ਪਾਤਸ਼ਾਹ ਸਨ? ਸਰਬ ਵਿਆਪਕ, ਸਰਬੱਤ ਖਾਲਸਾ ਕੌਮ ਨੂੰ ਕਿਸੇ ਇੱਕ ਥਾਂ ਨਾਲ ਨੱਥੀ ਨਹੀ ਕੀਤਾ ਜਾ ਸਕਦਾ। ਬਾਬਾ ਗੁਰੂ ਨਾਨਕ ਸਹਿਬ ਜੀ ਦੇ ਦਸਵੇਂ ਜਾਂਨਸ਼ੀਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰਕ ਗੁਰੂ ਜਾਮੇ ਦਾ ਸਿਧਾਂਤ ਖਤਮ ਕਰਕੇ ਸਦੀਵੀ ਸ਼ਬਦ ਗੁਰੂ ਦਾ ਸਿਧਾਂਤ ਕਾਇਮ ਰੱਖਣ ਲਈ ਸਦੀਵ ਕਾਲ ਵਾਸਤੇ ਸ਼ਬਦ ਗੁਰੂ *“ਗੁਰੂ ਗ੍ਰੰਥ ਸਾਹਿਬ ਜੀ”* ਨੂੰ ਗੁਰਤਾ ਗੱਦੀ ਬਖਸ਼ੀ ਤੇ ਰਾਜ ਸਿੰਘਾਸਨ ਤੇ ਸਰਬਉੱਚ ਬਿਰਾਜਮਾਨ ਕਰਦੇ ਸਭ  ਸਿੱਖਾਂ ਨੂੰ ਹੁਕਮ ਕੀਤਾ ਸੀ ਕਿ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਇਓਂ ਗ੍ਰੰਥ 
*  ਕੀ ਇਸ ਹੁਕਮ ਨੂੰ ਛੱਡ ਕੇ ਸਿੱਖ ਨੇ ਕਿਸੇ ਹੋਰ ਜਥੇਦਾਰ, ਗੁਰੂ ਜਾਂ ਗ੍ਰੰਥ ਦਾ ਵੀ ਹੁਕਮ ਨਾਲੋ ਨਾਲ ਮੰਨਣਾ ਹੈ? ਖਾਲਸੇ ਨੂੰ ਤਾਂ ਗੁਰੂ ਸਾਹਿਬ ਜੀ ਨੇ ਰਾਜਾ ਗੁਰੂ, ਜਥੇਦਾਰ, ਪਾਤਸ਼ਾਹ ਹੀ ਐਸਾ ਦਿੱਤਾ ਹੈ ਜੋ ਸਦੀਵ ਕਾਲ ਹੈ ਤੇ ਜਿਸ ਨੂੰ ਕਦੇ ਵੀ ਲਾਹਿਆ ਜਾਂ  ਬਦਲਿਆ ਨਹੀਂ ਜਾ ਸਕਦਾ ਫਿਰ ਕਿਹੜੀ ਸਰਬਉੱਚਤਾ ਹੋਰ ਕਿਸੇ ਦੀ ਚਾਹੀਦੀ ਹੈ?
ਫਿਰ ਅੱਜ ਮੰਨੇ ਗਏ ਅਜੋਕੇ ਇਮਾਰਤੀ ਅਕਾਲ ਤਖਤ ਤੇ ਹੁਕਮ ਸਰਕਾਰੀ ਹੁਕਮਰਾਨਾਂ ਅਤੇ ਅੱਗੇ ਓਨ੍ਹਾਂ ਦੇ ਤਨਖਾਹਦਾਰ ਥਾਪੇ ਕਰਮਚਾਰੀ ਮਸੰਦ ਜਥੇਦਾਰਾਂ ਦਾ ਚੱਲਦਾ ਹੈ। ਜੋ ਗੁਰੂ ਗ੍ਰੰਥ ਸਹਿਬ ਜੀ ਦੇ  ਬਰਾਬਰ ਕੱਚੀਆਂ ਅਤੇ ਗੁਰਮਤਿ ਵਿਰਪੋਧੀ ਰਚਨਾਵਾਂ ਵਾਲੇ ਗ੍ਰੰਥਾਂ ਨੂੰ ਵੀ ਮਾਨਤਾ ਦਈ ਜਾ ਰਹੇ ਹਨ। ਦੇਖੋ ਹੇਰਕ ਦੁਨਿਆਵੀ ਤਖਤ ਅਦਾਲਤ ਦਾ ਵੀ ਕੋਈ ਵਿਧੀ ਵਿਧਾਨ ਹੁੰਦਾ ਹੈ ਤੇ ਉਸ ਦਾ ਜੱਜ ਉਸ  ਅੰਦਰ ਰਹਿ ਕੇ ਹੀ ਕੰਮ ਕਰਦਾ ਹੈ। ਖਾਲਸੇ ਦਾ ਸਵਿਧਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਹੈ ਜਾਂ ਉਸ ਬਾਣੀ ਤੇ ਮੁਤਾਬਕ ਬਣਾਈ ਜਾਂ ਬਣਾ ਦਿੱਤੀ ਜਾਣ ਵਾਲੀ ਮ੍ਰਯਾਦਾ ਹੈ।
ਅਜੋਕੇ ਮਸੰਦ ਪੇਟ ਪਾਲੂ ਜਥੇਦਾਰ ਉਸ ਸਵਿਧਾਨ ਦੇ ਖੁਦ ਹੀ ਵਿਰੁੱਧ ਹਨ। ਕੀ ਅੱਗੇ ਨਵੇਂ ਆਉਣ ਵਾਲੇ ਜਾਂ ਬਣਾ ਦਿੱਤੇ ਜਾਣ ਵਾਲੇ ਜਥੇਦਾਰ ਵੀ ਆਪੋ ਆਪਣੇ ਅਕਾਵਾਂ ਅਨੁਸਾਰ ਕੰਮ ਨਹੀ ਕਰਨਗੇ?
ਕੀ ਉਹ ਗੁਰੂ ਗ੍ਰਂਥ ਸਾਹਿਬ ਅਤੇ ਅਕਾਲ ਪੁਰਖ ਦੀ ਹਜੂਰੀ ਵਿੱਚ ਇਹ ਪਰਣ ਕਰਨਗੇ ਕਿ ਅੱਗੇ ਤੋਂ ਅਸੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉਪਦੇਸ਼ਾਂ ਰੂਪ ਹੁਕਮਨਾਮਿਆਂ ਨੂੰ ਹੀ ਲਾਗੂ ਕਰਾਂਗੇ?
ਜਾਂ ਸਮੁੱਚੇ ਪੰਥ ਦੀ ਘੋਖਵੀ ਰੈਅ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਬਿਕ ਕੋਈ ਫੈਸਲਾ ਕਰਾਂਗੇ?
ਪੁਰਾਤਨ ਸਮੇਂ ਜੇ ਔਖੇ ਵੇਲੇ ਸਰਬੱਤ ਖਾਲਸਾ ਹੋਏ ਵੀ ਹਨ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਹੋਏ ਹਨ। ਦੂਜਾ ਬੀਕਾਨੇਰ ਅਤੇ ਕਹਨੂੰਵਾਨ ਦੇ ਸ਼ੰਭਾ ਵਿੱਚ ਵੀ ਹੋਏ ਹਨ। ਵੈਸਾਖੀ ਅਤੇ ਦਿਵਾਲੀ ਦੇ ਜੋੜਮੇਲਿਆ ਤੇ ਵੀ ਹੋਏ ਹਨ। ਜਦ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਸੀ ਤਾਂ ਉਸ ਵੇਲੇ ਜੰਗਲ ਬੇਲਿਆਂ ਵਿੱਚ ਰਹਿੰਦੇ ਵੀ ਹੋਏ ਹਨ। ਪਹਿਲੇ ਸਿੱਖਾਂ ਦੇ 60 ਜਥੇ ਫਿਰ ਬਾਰਾਂ ਮਿਸਲਾਂ ਦੇ ਸਿਰਮੌਰ ਆਗੂ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿੱਚ  ਬੜੀ ਗੰਭੀਰਤਾ ਨਾਲ ਵਿਚਾਰ ਵਿਟਾਂਦਰਾ ਕਰਕੇ ਮਤੇ ਗੁਰਮਤੇ ਪਾਸ ਕਰਦੇ ਸਨ। ਫਿਰ ਉਨ੍ਹਾਂ ਵਿੱਚੋਂ ਹੀ ਸਰਬ ਪ੍ਰਵਾਣਤ ਸਿੰਘ ਜਾਂ ਸਿੰਘਣੀ ਜਥੇਦਾਰ ਦੇ ਰੂਪ ਵਿੱਚ ਪਾਸ ਕੀਤੇ ਗੁਰਮਤੇ ਸਿੱਖ ਸੰਗਤਾਂ ਵਿੱਚ ਸੁਣਾ ਕੇ ਫਿਰ ਸੰਗਤ ਵਿੱਚ ਮਿਲ ਜਾਂਦੇ ਸਨ ਨਾਂ ਕਿ ਪਰਮਾਨੈਂਟ ਪੱਕੇ ਜਥੇਦਾਰ ਬਣੇ ਰਹਿੰਦੇ ਸਨ। ਉਸ ਵੇਲੇ ਸਿੱਖਾਂ ਦਾ ਆਪੋਸ ਵਿੱਚ ਇਤਫਾਕ ਬਹੁਤ ਸੀ-
*ਸਿੱਖ ਸਿੱਖ ਪੇ ਵਾਰਤ ਪ੍ਰਾਨ। ਸਿੱਖਾਂ ਦਾ ਸੀ ਗੁਰੂ ਮਹਾਨ। ਉਸ ਪਰ ਰਾਖਤ ਇਮਾਨ ਤਮਾਮ।*
ਜਦ ਦੁਸ਼ਮਣ ਹਕੂਮਤ ਸਿੱਖਾਂ ਦਾ ਖੁਰਾਖੋਜ ਮਿਟਾਉਣ ਤੇ ਮੱਗਰ ਲੱਗੀ ਹੋਈ ਸੀ ਉਸ ਵੇਲੇ ਵੀ ਸਿੱਖ ਆਗੂ ਖੁਫਈਆ ਸੂਹੀਆਂ ਰਾਹੀਂ ਚਿੱਠੀਆਂ ਸੁਨੇਹੇ ਭੇਜ ਕੇ ਕਿਸੇ ਸੇਫ ਥਾਂ ਤੇ ਇਕੱਤਰ ਹੋ ਕੇ, ਆਪਸੀ ਵਿਚਾਰ  ਵਿਟਾਂਦਰ ਰਾਹੀਂ ਗੁਰਮਤੇ ਵਾਲੇ ਫੈਂਸਲੇ ਕਰ ਲੈਦੇ ਸਨ ਹਕੂਮਤ ਨੂੰ ਪਤਾ ਵੀ ਨਹੀ ਸੀ ਚਲਦਾ। ਤੇ ਅੱਜ ਸਰਕਾਰ ਸਿੱਖਾਂ ਦੀ ਦੁਸ਼ਮਣ ਹੋਣ ਤੇ ਵੀ ਸਿੱਖ ਆਗੂ ਮੀਡੀਏ ਰਾਹੀਂ ਢੌਂਡੀਆਂ ਪਿੱਟ ਕੇ, ਇਕੱਠ ਕਰਦੇ  ਹਨ ਜਿੱਥੇ ਸਰਕਾਰ ਨੂੰ ਪਤਾ ਚੱਲ ਜਾਂਦਾ ਹੈ ਤੇ ਉਹ ਕਿਸੇ ਨਾ ਕਿਸੇ ਬਹਾਨੇ ਵਿੱਚ ਆਪਣੇ ਬੰਦੇ ਵਾੜ ਕੇ, ਜਾਂ ਸਰਕਾਰੀ ਜਬਰ ਨਾਲ ਸਭ ਕੁਝ ਫਿਲਾਪ ਕਰ ਦਿੰਦੀ ਹੈ। ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਕੇਵਲ  ਤੇ ਕੇਵਲ ਸੁਹਿਰਦ ਆਗੂਆਂ ਨੂੰ, ਚਾਹੀਦਾ ਤਾਂ ਇਹ ਹੈ ਕਿ ਪਹਿਲਾਂ ਸਭ ਆਪੋ ਆਪਣੇ ਤੌਰ ਤੇ ਸਰਬਤ ਖਾਲਸੇ ਲਈ ਖੁਲ੍ਹੀਆਂ ਵਿਚਾਰਾਂ ਕਰਨ, ਫਿਰ ਸਾਰੇ ਆਗੂ ਇਕੱਠੇ ਹੋ ਕੇ ਫੋਨ ਜਾਂ ਵੀਡੀਓ ਕਾਨਫਰੰਸਾਂ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਮੁਤਾਬਿਕ ਗੁਰਮਤੇ ਪਾਸ ਕਰਨ, ਫਿਰ ਸਰਬ ਸਾਂਝੀ ਅਤੇ ਸਰਬਦੇਸ਼ੀ ਪੰਚਾਇਤ ਜਾ ਕਮੇਟੀ ਬਣਾ ਕੇ ਉਨ੍ਹਾਂ ਨੂੰ ਲਾਗੂ ਕਰਨ ਕਰਾਉਨ ਲਈ ਯਤਨਸ਼ੀਲ ਹੋਣ।
ਇਸ ਸਮੇ ਪੰਥ ਵਿਰੋਧੀ ਸਰਕਾਰਾਂ ਸਾਹਮਣੇ ਵੱਡੇ ਵੱਡੇ ਇਕੱਠ ਕਰਕੇ, ਨਾਹਰੇਬਾਜੀਆਂ ਕਰਨੀਆ ਸਿਵਾਏ ਜਾਨੀ ਤੇ ਮਾਲੀ ਨੁਕਸਾਨ ਕਰਾਉਣ ਤੋਂ ਬਿਨਾਂ ਕੋਈ ਪ੍ਰਾਪਤੀ ਨਹੀ ਹੈ। ਸਮਜਦਾਰ ਹੋਵੋ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਕਰਵਾਓ ਜੋ ਪਹਿਲੇ 30-40 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ। ਅੱਜ ਵੋਟਾਂ ਦਾ ਰਾਜ ਤੇ ਵੋਟਰਾਂ ਕੋਲ ਸਤਾ ਬਦਲਣ ਦੀ ਤਾਕਤ ਹੈ। ਸਿੱਖਾਂ ਨੂੰ ਪਹਿਲੇ ਸਿੱਖਾਂ ਦੀਆਂ ਦੋ ਮਹਾਨ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਅਜਾਦ ਕਰਾਉਣੀਆਂ ਚਾਹੀਦੀਆਂ ਹਨ ਜਦ ਵੀ ਇਨ੍ਹਾਂ ਸੰਸਥਾਵਾਂ ਦੀਆਂ ਚੋਣਾਂ ਹੋਣ ਓਦੋਂ ਵੱਧ ਚੜ੍ਹ ਕੇ ਚੋਣਾਂ ਵਿੱਚ ਹਿੱਸਾ ਲਵੋ। ਗੁਰਮੱਤੀ ਤੇ ਸਰਬ ਪ੍ਰਵਾਣਿਤ ਮੈਂਬਰ ਚੋਣਾਂ ਵਿੱਚ ਖੜੇ ਕਰੋ।
ਸ਼ਾਇਦ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਅਗਲੇ ਸਾਲ ਹੋਣ ਸਾਨੂੰ ਹੁਣ ਤੋਂ ਹੀ ਇਕਮੁੱਠ ਹੋ ਕੇ ਕਮਰਕੱਸੇ ਕਸ ਲੈਣੇ ਚਾਹੀਦੇ ਹਨ। ਸਰਕਾਰੀ ਤੌਰ ਤੇ ਇਸ ਵਾਰੀ ਪੰਜਾਬੀਆਂ ਨੂੰ ਮਿਸਟਰ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਹਮਾਇਤ ਕਰਕੇ, ਪੰਜਾਬ ਅਤੇ ਖਾਸ ਕਰ ਸਿੱਖੀ ਵਿਰਧੀ ਭਾਜਪਾ ਤੇ ਬਾਦਲ ਸਰਕਾਰ ਪੰਜਾਬ ਦੀ ਸਰ ਜਮੀਨ ਤੋਂ ਭਜਾਉਣੀ ਚਾਹੀਦੀ ਹੈ।
ਹੁਣ ਜੋ ਸਰਬਤ ਖਾਲਸਾ ਹੋ ਰਿਹਾ ਹੈ ਜੇ ਹੋ ਜਾਵੇ ਤਾਂ ਉਸ ਦਾ ਵੀ ਤਾਂ ਹੀ ਫਾਇਦਾ ਹੈ ਜੇ ਘੱਟੋ ਘੱਟ ਮਸੰਦ ਟਾਪ ਜਥੇਦਾਰੀ ਸਿਸਟਮ ਹੀ ਖਤਮ ਕਰ ਦਿੱਤਾ ਜਾਵੇ। ਸਿੱਖੀ ਚੋਂ ਸੰਪ੍ਰਦਾਵਾਂ ਡੇਰੇ ਬੰਦ ਕਰ ਦਿੱਤੇ ਜਾਣ।
ਇੱਕ ਹੀ ਖਾਲਸਾ ਪੰਥ ਹੋਵੇ ਅਤੇ ਇੱਕ ਹੀ ਸਰਬਉੱਚ ਰਹਿਨੁਮਾ ਜਾਥੇਦਾਰ *“ਗੁਰੂ ਗ੍ਰੰਥ ਸਾਹਿਬ”* ਨੂੰ ਮੰਨ ਲਿਆ ਜਾਵੇ। *ਸਰਬੱਤ ਖਾਲਸੇ ਵਿੱਚ ਇਹ ਵਿਸ਼ੇਸ਼ ਤੌਰ ਤੇ ਐਲਾਨ ਕੀਤਾ ਜਾਵੇ ਕਿ ਸਿੱਖਾਂ ਦੀ ਕੋਈ ਜਾਤ ਨਹੀਂ ਤੇ ਜੋ ਸਿੱਖ ਹੋ ਕੇ ਜਾਤ ਬਰਾਦਰੀ ਵਿੱਚ ਵਿਸ਼ਵਾਸ਼ ਰੱਖਦਾ ਹੈ ਉਹ ਸਿੱਖ ਨਹੀਂ। ਸਮੁੱਚੇ ਗੁਰੂ ਨਾਨਕ ਨਾਮ ਲੇਵਾ ਲੋਕ ਗੁਰੂ ਦੇ ਸਿੱਖ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ, ਸੁਣਦੇ, ਵਿਚਾਰਦੇ ਅਤੇ ਉਸ ਅਨੁਸਾਰ ਜੀਵਨ ਜੀਂਦੇ ਹਨ
ਫਿਰ ਦੇਖਣਾ ਬਾਦਲੀ ਸਰਕਾਰ ਦੇ ਬੱਦਲ ਆਪੇ ਹੀ ਉੱਡ ਜਾਣਗੇ ਅਤੇ ਪੰਜਾਬ ਵਿੱਚ ਖਾਲਸਾ ਰਾਜ ਕਾਇਮ ਹੋ ਜਾਵੇਗਾ। ਜਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮੰਨ ਕੇ ਤਾਂ ਦੇਖੋ ਹੁਕਮ ਤਾਂ ਤੁਸੀਂ ਆਪੋ ਆਪਣੇ ਸੰਤਾ, ਮਹੰਤਾਂ, ਜਥੇਦਾਰਾਂ ਅਤੇ ਪਾਰਟੀਆਂ ਦਾ ਮੰਨੀ ਜਾਂਦੇ ਹੋ ਤੇ ਫਿਰ ਡੌਂਡੀ ਪਿਟਦੇ ਹੋ ਕੇ ਅਕਾਲ ਤਖਤ ਦਾ ਹੁਕਮ ਨਹੀਂ ਮੰਨਦੇ। ਜਰਾ ਠੰਡੇ ਦਿਲ ਦਿਮਾਗ ਨਾਲ ਸੋਚਿਓ ਕੀ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ  ਨਾਂ ਕਿ ਵੱਖ ਵੱਖ ਵੱਖ ਡੇਰੇ ਤੇ ਵੱਖ ਵੱਖ ਟਕਸਾਲਾਂ ਜੋ ਆਪ ਆਪਣੀਆ ਮਰਯਾਦਾਵਾਂ ਚਲਾ ਕੇ ਸਿੱਖ ਕੌਮ ਵਿੱਚ ਵੰਡੀਆਂ ਪਾ ਰਹੇ ਹਨ। ਹਰ ਰੋਜ ਅਰਦਾਸ ਕਰਦੇ ਹਾਂ ਕਿ ਖੁਆਰ ਹੋਏ ਸਭ ਮਿਲੇਂਗੇ ਤੇ ਹੁਣ ਮਿਲਣ ਦਾ ਢੁੱਕਵਾਂ ਵੇਲਾ ਹੈ ਆਓ ਸਭ ਡੇਰੇ ਅਤੇ ਸੰਪਰਦਾਵਾਂ ਖਤਮ ਕਰਕੇ ਇੱਕ ਅਕਾਲ,ਇੱਕ ਗੁਰੂ ਗ੍ਰੰਥ ਦੇ ਪੰਥ, ਇੱਕ ਨਿਸ਼ਾਂਨ, ਵਿਧਾਂਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਦੇ ਪੰਥਕ ਝੰਡੇ ਥੱਲੇ ਇਕੱਠੇ ਹੋ ਜਈਏ-
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧ ਦੂਰਿ ਕਰਹੁ ਲਿਵ ਲਾਇ॥ (1185)
*ਜੇ ਅਜਿਹਾ ਕਰਦੇ ਹੋ ਤਾਂ ਫਿਰ ਦੁਨੀਆਂ ਦੇ ਕਿਸੇ ਵੀ ਕੋਨੇ ਤੇ ਸਰਬੱਤ ਖਾਲਸਾ ਕਰ ਲਓ ਉਹ ਸਫਲਾ ਹੀ ਹੋਵੇਗਾ।
ਗੁਰੂ ਮਿਹਰ ਕਰੇ ਸਾਨੂੰ ਸਭ ਨੂੰ ਸੁਮਤਿ ਬਖਸ਼ੇ ਤਾਂ ਕਿ ਅਸੀਂ ਆਪਣੇ ਭਰਮ ਭੁਲੇਖੇ ਦੂਰ  ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਰੂਪ ਝੰਡੇ ਥੱਲੇ ਆ ਜਾਈਏ ਤੇ ਹਰ ਥਾਂ ਇਹ ਹੀ ਨਾਹਰਾ ਲਾਈਏ ਕਿ-
*ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ।  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.