ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਪੰਥ ਨੂੰ ਖਤਰਾ ਹੈ !!!
ਪੰਥ ਨੂੰ ਖਤਰਾ ਹੈ !!!
Page Visitors: 2514

ਪੰਥ ਨੂੰ ਖਤਰਾ ਹੈ !!!
ਇਸ ਵਾਰੀ ਕੀ ਹੋਇਆ ਕਿ ਟਰੰਟੋ ਵਿਚ ਮਹੀਨਾ ਭਰ ਮੀਂਹ ਕਣੀ ਨਹੀਂ ਪਿਆ। ਧਰਤੀ ਸੜ ਰਹੀ ਸੀ। ਘਾਹ ਫਸਲਾਂ ਦਾ ਬੁਰਾ ਹਾਲ! ਤੇ ਆਖਰ ਚਿਰ ਬਾਅਦ ਮੀਂਹ ਪਿਆ, ਧਰਤੀ ਨੂੰ ਠੰਡ ਪਈ। ਮੀਂਹ ਪਿਆ ਤਾਂ ਧਰਤੀ ਹੇਠ ਲੁੱਕੇ ਬੈਠੇ ਗੰਡੋਏ ਜਿਉਂ ਲੱਗੇ ਪੈਰਾਂ ਹੇਠ ਆਉਂਣ ਯਾਣੀ ਉਨੀ ਵੀ ਆਣ 'ਦਰਸ਼ਨ' ਦਿੱਤੇ!
ਉਨ੍ਹਾਂ ਗੰਡੋਆਂ ਵੰਨੀ ਦੇਖ ਪਤਾ ਨਹੀਂ ਕਿਉਂ ਮੈਨੂੰ ਪੰਜਾਬ ਯਾਦ ਆਈ ਜਾਂਦਾ। ਜਿਵੇਂ ਸਾਡੇ ਫੁੱਟ-ਪਾਥਾਂ ਤੇ ਗੰਡੋਆਂ ਦੀਆਂ ਰੌਣਕਾਂ ਲੱਗੀਆਂ ਰਹੀਆਂ ਇੰਝ ਜਾਪਦਾ ਜਿਵੇਂ ਪੰਜਾਬ ਵਿਚਲੇ ਸਾਰੇ ਗੰਡੋਏ ਹਵਾ ਹਰੇ ਹੋ ਗਏ ਹੋਣ।
ਰਾਜਨੀਤਕ ਖੇਡਾਂ ਤਾਂ ਚਲਦੀਆਂ ਰਹਿੰਦੀਆਂ। ਇਸ ਵਾਰੀ ਤੀਜੀ ਧਿਰ ਨੇ ਪੰਜਾਬ ਦਾ ਰਾਜਨੀਤਕ ਪਿੜ ਕਾਫੀ ਦੁੱਖੀ ਕੀਤਾ ਪਿਆ। ਕਹਿੰਦੇ ਕੇਜਰੀ ਵਾਲ ਪੰਜਾਬ ਆ ਕੇ ਕੁਝ ਬੋਲ ਗਿਆ? ਦਰਬਾਰ ਸਾਹਬ ਦੀ ਕਹਿੰਦੇ ਕਿਤੇ ਫੋਟੋ ਲਾਈ ਫਿਰਦਾ ਰਿਹਾ?
ਲਓ ਜੀ ਪੰਥ ਨੂੰ ਹੋ ਖਤਰਾ ਗਿਆ ਤੇ ਬਾਦਲਾਂ ਦੇ ਗੰਡੋਏ ਨਿਕਲ ਸੜਕਾਂ 'ਤੇ ਆਏ। ਤੁਹਾਡੇ ਨਸ਼ੇੜੀ ਤੇ ਭੰਗ ਪੀਣੇ ਨਿਹੰਗਾਂ ਦੀਆਂ ਧਾੜਾਂ ਨੂੰ ਵੀ ਪੰਥ ਯਾਦ ਆ ਗਿਆ! ਬੇਅਦਬੀ ਵੀ ਤਾਂ ਵੱਡੀ ਹੋਈ?? ਪੰਥ ਨੂੰ ਖਤਰਾ ਵੀ ਤਾਂ ਵੱਡਾ ਹੋਣਾ ਸੀ! ਨਹੀਂ?
ਲਾਅ ਤੁਹਾਡੇ ਸੰਤ ਸਮਾਜ ਤੋ ਜਥੇਦਾਰਾਂ ਤੱਕ, ਧੁੰਮਿਆਂ ਤੋਂ ਲੈ ਕੇ ਲਾਡਲੀਆਂ ਫੌਜਾਂ ਤੱਕ ਸਭ ਦੀ ਬੋਦੀ ਖੁਰਕ ਹੋ ਆਈ। ਕੋਈ ਪਿੱਛੇ ਨਹੀਂ ਰਿਹਾ ਜਿਸ ਨੂੰ ਹੁਣ ਪੰਥ ਖਤਰੇ ਵਿਚ ਨਾ ਦਿੱਸਦਾ ਹੋਵੇ। ਸੰਤ ਸਮਾਜ ਤਾਂ ਦਿੱਲੀ ਤੱਕ ਭੁਗਤ ਆਇਆ ਸੀ ਬਾਦਲਾਂ ਮਗਰ ਹੁਣ ਤਾਂ ਫਿਰ ਪੰਜਾਬ ਵਿਚ 'ਖਤਰਾ' ਪੰਥ ਨੂੰ?
ਉਂਝ ਸਾਨੂੰ ਸਮਝ ਨਹੀਂ ਆ ਜਾਣਾ ਚਾਹੀਦਾ ਕਿ ਤੁਹਾਡੇ ਦਿੱਤੇ ਹੋਏ 'ਦਾਨ' ਕਿੰਨੇ ਫਲ ਰਹੇ ਨੇ? ਇਹ ਕੌੜੀ ਫਸਲ ਤੁਹਾਡੇ ਦਾਨਾ ਦੀ ਹੀ ਤਾਂ ਨਹੀਂ ਬੀਜੀ ਹੋਈ? ਸੁਨੇਹਾ ਕੀ ਮਿਲਿਆ ਸਾਨੂੰ ਇਸ ਤੋਂ? ਇਹ ਕਿ ਧਾੜਾਂ ਜਿਹੜੀਆਂ ਤੁਸੀਂ ਪਾਲੀਆਂ ਇਹ ਤੁਹਾਡੀਆਂ ਨਹੀਂ! ਗੱਲ ਇਹ ਨਹੀਂ ਕਿ ਜੇ ਇਹ ਆਮ ਪਾਰਟੀ ਮਗਰ ਹੋ ਖੜੋਂਦੇ ਫਿਰ ਤੁਹਾਡੇ ਸਨ, ਪਰ ਇਸ ਵਾਰੀ ਪਾਰਟੀਆਂ ਤੋਂ ਗੱਲ ਅੱਗੇ ਦੀ ਸੀ। ਉਹ ਸੀ ਕਿ ਬਾਦਲਾਂ ਦੇ ਖੂਨੀ ਪੰਜਿਆਂ ਵਿਚੋਂ ਪੰਜਾਬ ਨੂੰ ਛਡਾਇਆ ਕਿਵੇਂ ਜਾਣਾ ਚਾਹੀਦਾ?
ਗੱਲ ਕਿਸੇ ਪਾਰਟੀ ਨੂੰ ਜਿਤਾਉਣਾ ਜਾਂ ਹਰਾਉਂਣਾ ਨਹੀਂ ਸੀ, ਸਵਾਲ ਤਾਂ ਬਾਦਲਾਂ ਦੀ ਪਾਪ ਦੀ ਜੰਝ ਨੂੰ ਗਲੋਂ ਲਾਹੁਣ ਦਾ ਸੀ, ਪਰ ਤੁਸੀਂ ਦੇਖ ਰਹੇ ਹੋਂ ਕਿ ਹਰੇਕ ਨੂੰ ਅੱਜ ਸਿੱਖੀ ਚੜੀ ਪਈ ਹੈ। ਇਹ ਚੜਾਈ ਗਈ ਹੈ। 2017 ਤੱਕ ਇਹ ਬਾਦਲਾਂ ਦੀ ਸਿੱਖੀ ਸੜਕਾਂ ਤੇ ਤੁਹਾਨੂੰ ਆਮ ਦਿੱਸੇਗੀ। ਜੇ ਬਾਦਲ ਜਿੱਤ ਗਏ ਤਾਂ ਪੰਥ ਨੂੰ ਖਤਰਾ ਟਲੇਗਾ, ਨਹੀਂ ਤਾਂ ਬਣਿਆਂ ਰਹਿ ਸਕਦਾ ਹੈ। ਬਾਦਲਾਂ ਨੂੰ ਪਤੈ ਲੋਕਾਂ ਨੂੰ ਸਿੱਖੀ ਕਦੋਂ ਚੜਾਉਂਣੀ ਤੇ ਚੜਾ ਕੇ ਬਾਅਦ ਵਿਚ ਲਾਹੁਣੀ ਕਿਵੇਂ?
ਉਧਰ ਮਾਨ ਦਾ ਖਾਲਿਸਤਾਨ ਦਾ ਗੱਡਾ ਵੀ ਚੀਕਣ ਲੱਗਾ ਹੋਇਆ। ਜਿਸ ਨੂੰ ਬਾਦਲਾਂ ਦਾ ਢੱਗਾ ਮਾਨ ਉਸ ਵੇਲੇ ਤੋਂ ਖਿੱਚਦਾ ਆ ਰਿਹਾ ਜਦ ਵੀ ਬਾਦਲਾਂ ਦੇ ਪੰਥ ਨੂੰ ਖਤਰਾ ਹੁੰਦਾ! ਬਰਗਾੜੀ ਵੇਲੇ ਦੀ ਬਣੀ ਲਹਿਰ ਨੂੰ ਮਾਨ ਦੇ ਸ਼ਰਬਤ ਖਾਲਸੇ ਜਿਸ ਤਰੀਕੇ ਤਹਿਸ ਨਹਿਸ ਕਰਕੇ ਬਾਦਲਾਂ ਦੇ ਕਫਨ ਵਿਚ ਕਿੱਲ ਠੁੱਕਣੋਂ ਬਚਾਇਆ, ਸਭ ਦੇ ਸਾਹਵੇਂ ਹੈ। ਤੇ ਜਿਹੜੇ ਅਜਨਾਲੇ, ਦਾਦੂਵਾਲ ਵਰਗੇ ਗੁੰਡੇ ਉਸ ਚੁਣੇ ਉਸ ਬਾਰੇ ਜੇ ਹਾਲੇ ਵੀ ਕੋਈ ਮਨੁੱਖ ਭੁਲੇਖੇ ਵਿਚ ਹੈ ਤਾਂ ਉਸ ਨੂੰ ਜਰੂਰ ਅਪਣੀਆਂ ਅੱਖਾਂ ਦਾ ਇਲਾਜ ਕਰਾਉਂਣ ਦੀ ਲੋੜ ਹੈ।
ਕੁੱਲ ਪਾ ਕੇ ਬੀ. ਜੇ. ਪੀ., ਕਾਂਗਰਸ, ਕਾਲੀ, ਬਸਪਾ, 'ਖਾਲਿਸਤਾਨ, ਸੰਤ ਸਮਾਜ, ਜਥੇਦਾਰ, ਟਕਸਾਲਾਂ, ਸ਼੍ਰੋਮਣੀ ਕਮੇਟੀ, ਬਾਦਲਾਂ, ਬਰਨਾਲਿਆਂ, ਟੌਹੜਿਆਂ ਦੇ ਰਾਜਨੀਤਕ ਪੁੱਤ ਸਭ ਇੱਕੇ ਬੰਦੇ ਮਗਰ ਪਏ ਨਜਰ ਆ ਰਹੇ ਹਨ!
ਤੇ ਜਦ ਇੰਨੀ ਮੰਡੀਰ ਇੱਕ ਬੰਦੇ ਮਗਰ ਪਈ ਹੋਵੇ ਤਾਂ ਸੋਚਣ ਨੂੰ ਦਿੱਲ ਜਿਹਾ ਨਹੀਂ ਕਰਦਾ ਕਿ ਯਾਰ ਕੋਈ ਗੱਲ ਤਾਂ ਹੋਵੇਗੀ ਬੰਦੇ ਵਿੱਚ! ਨਹੀਂ?
ਗੁਰਦੇਵ ਸਿੰਘ ਸੱਧੇਵਾਲੀਆ
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.