ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
= # ਮੇਰੀ ਲਾਸ਼ ਅਤੇ ਆਜ਼ਾਦੀ ! # =
= # ਮੇਰੀ ਲਾਸ਼ ਅਤੇ ਆਜ਼ਾਦੀ ! # =
Page Visitors: 2529

=   #   ਮੇਰੀ ਲਾਸ਼ ਅਤੇ ਆਜ਼ਾਦੀ !   #   =
ਗੁਰਦੇਵ ਸਿੰਘ ਸੱਧੇਵਾਲੀਆ
15 ਅਗੱਸਤ ਹੈ ਅੱਜ। ਉਹ ਕਹਿੰਦੇ ਚਲ ਜਾਹ ਤੂੰ ਆਜ਼ਾਦ।   ਉਨ੍ਹਾਂ ਜਦ ਮੇਰੀਆਂ ਬਾਹਵਾਂ ਖੋਹਲੀਆਂ ਤਾਂ ਮੈਨੂੰ ਜਾਪਿਆ ਮੈਂ ਸੱਚਮੁਚ ਆਜ਼ਾਦ ਹੋ ਗਿਆ ਹਾਂ। ਫਿਰ ਮੈਨੂੰ ਕਹਿੰਦੇ ਤੂੰ ਆਜ਼ਾਦ ਹੈਂ, ਚਲ ਦੌੜ! ਮੈਨੂੰ ਲੱਗਾ ਜਦ ਆਜ਼ਾਦ ਹੀ ਹਾਂ, ਤਾਂ ਦੌੜਨਾ ਤਾਂ ਚਾਹੀਦਾ ਏ। ਪਰ ਜਦ ਮੈਂ ਦੌੜਿਆ ਤਾਂ ਉਨ੍ਹਾਂ ਮੇਰੀ ਪਿੱਠ ਵਿਚ ਗੋਲੀ ਮਾਰ ਦਿੱਤੀ।
ਠਾਹ ਦੀ ਭਿਆਨਕ ਆਵਾਜ਼ ਨਾਲ ਰੋਹੀ ਦੀ ਚੁੱਪ ਕੰਬ ਗਈ। ਨਹਿਰ ਦੇ ਸਨਾਟੇ ਵਿੱਚ ਜਿਵੇਂ ਭੁਚਾਲ ਜਿਹਾ ਆ ਗਿਆ। ਰੁੱਖਾਂ ਤੋਂ ਘਬਰਾ ਕੇ ਉੱਡੇ ਪੰਛੀਆਂ ਦੀ ਫੜ-ਫੜਾਹਟ ਨੇ ਸ਼ਾਮ ਦੇ ਘੁੱਸ-ਮੁੱਸੇ ਵਿਚ ਇੱਕ ਭਿਆਨਕਤਾ ਪੈਦਾ ਕਰ ਦਿੱਤੀ। ਮੇਰੀ ਲਾਸ਼ ਹੁਣ ਚੌਫਾਲ ਪਈ ਸੀ। ਸ਼ਾਮ ਦੇ ਮੁਨੇਰੇ ਵਿਚ ਲਾਸ਼ ਵਿਚੋਂ ਚੋਂਦਾ ਲਹੂ ਲਾਲ ਦੀ ਬਜਾਇ ਕਾਲਾ ਕਾਲਾ ਜਿਹਾ ਜਾਪ ਰਿਹਾ ਸੀ। ਜਿਥੇ ਮੇਰੀ ਲਾਸ਼ ਡਿੱਗੀ ਸੀ, ਉਥੇ ਹਾਲੇ ਤਾਜਾ ਹੀ ਖੇਤ ਮੇਰਾ ਬਾਪੂ ਵਾਹ ਕੇ ਗਿਆ ਸੀ। ਅਗਲੇ ਭਲਕ ਉਸ ਕਣਕ ਦਾ ਛੱਟਾ ਦੇਣਾ ਸੀ। ਤਾਜੇ ਵਾਹੇ ਸਿਆੜਾਂ ਵਿਚ ਮੇਰਾ ਲਹੂ ਜੀਰਦਾ ਜਾ ਰਿਹਾ ਸੀ। ਇਥੇ ਮੇਰਾ ਬਾਪੂ ਮੈਨੂੰ ਸੁਹਾਗੇ ਚੜਾ ਝੂਟੇ ਦਿਆ ਕਰਦਾ ਸੀ ਤੇ ਮੇਰੀ ਮਾਂ ਵੱਟ ਦੇ ਬੰਨੇ ਬੈਠੀ ਸਾਨੂੰ ਦੋਵਾਂ ਨੂੰ ਇੰਝ ਦੇਖ ਦੂਣ-ਸਵਾਈ ਹੋ ਹੋ ਜਾਇਆ ਕਰਦੀ ਸੀ ਤੇ ਉਹ ਨਾਲ ਡਰਦੀ ਸੀ ਕਿ ਮੈਂ ਕਿਤੇ ਸੁਹਾਗੇ ਹੇਠ ਨਾ ਆ ਜਾਵਾਂ।
ਅੱਜ ਮੇਰੀ ਲਾਸ਼ ਮੇਰੇ ਹੀ ਖੇਤਾਂ ਵਿਚ ਲਾਵਾਰਸ ਹੋ ਗਈ ਸੀ। ਚੌਫਾਲ ਪਈ ਮੇਰੀ ਲਾਸ਼ ਨੂੰ ‘ਆਜ਼ਾਦੀ’ ਨੇ ਪੈਰ ਦੇ ਠੁੱਡੇ ਨਾਲ ਸਿੱਧਾ ਕੀਤਾ ਅਤੇ ਖਿੜ-ਖਿੜਾ ਕੇ ਹੱਸੀ।
ਸਾਲਾ ਖਾਲਿਸਤਾਨ ਦਾ ! ਸੁੱਟੋ ਇਨੂੰ ਹਰਾਮ ਦੇ ਨੂੰ ਗੱਡੀ ਵਿੱਚ !
‘ਆਜ਼ਾਦੀ’ ਦੀ ਨਫਰਤ ਮੇਰੀ ਲਾਸ਼ ਨੂੰ ਵੀ ਗਾਹਲਾਂ ਕੱਢ ਰਹੀ ਸੀ। ਉਸ ਨੂੰ ਜਾਪਦਾ ਸੀ ਜਿਵੇਂ ਹਾਲੇ ਵੀ ਮੈਂ ਤੁਰਿਆ ਫਿਰਦਾਂ ਭਗੌੜਾ ਹੋਵਾਂ। ਉਸ ਨੂੰ ਲਾਸ਼ ਅਤੇ ਤੁਰੇ ਫਿਰਦੇ ਮਨੁੱਖ ਦਾ ਫਰਕ ਵੀ ਭੁੱਲ ਗਿਆ।
ਜਦ ਲਾਸ਼ ਮੇਰੀ ਉਨੀ ਚੁੱਕੀ, ਤਾਂ ਉਹ ਲਹੂ ਅਤੇ ਮਿੱਟੀ ਨਾਲ ਲੱਥ-ਪੱਥ ਹੋ ਚੁੱਕੀ ਹੋਈ ਸੀ। ਮਿੱਟੀ ਅਤੇ ਲਹੂ ਦੇ ਸੁਮੇਲ ਨੇ ਲਾਸ਼ ਮੇਰੀ ਦੀ ਹਾਲਤ ਬੜੀ ਅਜੀਬ ਕਰ ਦਿੱਤੀ ਸੀ। ਪਰ ‘ਆਜ਼ਾਦੀ’ ਨੇ ਬੜੀ ਨਫਰਤ ਨਾਲ ਠੁੱਡਾ ਮਾਰ ਕੇ ਮੇਰੀ ਲਾਸ਼ ਦੀ ਮਿੱਟੀ ਝਾੜਨੀ ਚਾਹੀ, ਪਰ ਮੇਰਾ ਲਹੂ ਤੇ ਮੇਰੇ ਖੇਤਾਂ ਦੀ ਮਿੱਟੀ ਇੱਕ ਮਿੱਕ ਹੋ ਚੁੱਕੇ ਸਨ।
ਮੇਰੇ ਬਾਪੂ ਦਾ ਪਸੀਨਾ ਅਤੇ ਮੇਰਾ ਲਹੂ ਇਸ ਮਿੱਟੀ ਵਿਚ ਘੁੱਲ ਗਏ ਸਨ। ਕੱਲ ਨੂੰ ਜਦ ਮੇਰਾ ਬਾਪੂ ਹੱਲ ਜੋੜੇਗਾ ਤਾਂ ਉਹ ਅਪਣੇ ਜਵਾਨ ਪੁੱਤਰ ਦਾ ਲਹੂ ਪਛਾਣ ਕੇ ਗਸ਼ ਖਾ ਕੇ ਡਿੱਗ ਪਏਗਾ। ਇਸ ਖੇਤ ਵਿਚੋਂ ਉੱਗੀ ਕਣਕ ਦੀ ਬੁਰਕੀ ਮੇਰੀ ਮਾਂ ਦੇ ਸੰਘ ਹੇਠੋਂ ਕਿੰਝ ਉਤਰੇਗੀ ।
 ਆਜ਼ਾਦੀ ਹੈ ਨਾ ਅੱਜ। ਚਲੋ ਹੁਣ ਇਹ ਭੁਗਤਣੀ ਤਾਂ ਪਵੇਗੀ ਹੀ ਨਾ। ਉਨੀ ਲਾਸ਼ ਮੇਰੀ ਲਾਵਾਰਸ ਖਾਤੇ ਵਿਚ ਪਾ ਕੇ ਫੂਕਣੀ ਚਾਹੀ, ਪਰ ਸ਼ਹਿਰੀ ਸਿਵਿਆਂ ਵਾਲਿਆਂ ਹੋਰ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲੇ ਤਾਂ ਪਹਿਲਾਂ ਹੀ ਲਾਸ਼ਾਂ ਦੀ ਵੇਟਿੰਗ ਲਿਸਟ ਸੀ। ਤੇ ਸੱਚ ਮੁੱਚ ਜਦ ਲਾਸ਼ ਮੇਰੀ ਨੇ ਦੇਖਿਆ ਤਾਂ ਉਥੇ ਪਹਿਲੀਆਂ ਲਾਸ਼ਾਂ ਦੇ ਹੀ ਢੇਰ ਲੱਗੇ ਹੋਏ ਸਨ। ਮੇਰੀ ਲਾਸ਼ ਨੇ ਹੌਸਲਾ ਜਿਹਾ ਕਰਕੇ ਇੱਕ ਹੋਰ ਲਾਸ਼ ਨੂੰ ਪੁੱਛ ਹੀ ਲਿਆ ਤਾਂ ਉਸ ਗਲ-ਸੜ ਚੁੱਕੀ ਲਾਸ਼ ਨੇ ਮੇਰੀ ਲਾਸ਼ ਨੂੰ ਦੱਸਿਆ ਕਿ ਉਹ ਤਾਂ ਕਈ ਦਿਨ ਦੀ ਇਥੇ ਰੁਲ ਰਹੀ ਹੈ, ਇਨ੍ਹਾਂ ਕੋਲੇ ਬਾਲਣ ਨਹੀਂ ਪੂਰਾ ਫਟ ਰਿਹਾ। ਆਹ ਦੇਖ ਮੇਰੀ ਹਾਲਤ। ਉਹ ਲਾਸ਼ ਭੁੱਬਾਂ ਮਾਰ ਕੇ ਰੋ ਪਈ। ਉਸ ਨੂੰ ਵੀ ਉਸ ਦੇ ਹੀ ਖੇਤਾਂ ਵਿਚ ਲਵਾਰਸ ਕਰ ਦਿੱਤਾ ਗਿਆ ਸੀ ਪਰ ਹੁਣ ਘੱਟੋ ਘੱਟ ਉਸ ਨੂੰ ਫੂਕ ਤਾਂ ਆਦਰ ਨਾਲ ਦਿੰਦੇ। ਗਰਮੀ ਸੀ। ਮੇਰੀ ਲਾਸ਼ ਵੀ ਤਰਕਣ ਲੱਗ ਪਈ ਸੀ। ਉਸ ਵਿਚੋਂ ਵੀ ਬੁਦਬੂ ਪੈਦਾ ਹੋਣ ਲੱਗ ਪਈ ਸੀ। ‘ਆਜ਼ਾਦੀ’ ਨੂੰ ਫਿਕਰ ਹੋਇਆ। ਸਿਵਿਆਂ ਵਾਲਿਆਂ ਵੀ ਤਰਲਾ ਕੀਤਾ ਕਿ ਜੇ ਕੁਝ ਇਥੇ ਪਈਆਂ ਲਾਸ਼ਾਂ ਵੀ ਬੰਨੇ ਲਾ ਸਕਦੇ ਹੋਵੋਂ। ਉਨ੍ਹਾਂ ਕੀ ਕੀਤਾ ਕਿ ਟਰੱਕ ਲਾਸ਼ਾਂ ਦਾ ਭਰਿਆ ਅਤੇ ਬਿਆਸਾ ਵਲ ਹੋ ਤੁਰੇ! ਅਸੀਂ ਕੋਈ 50 ਗਲੀਆਂ-ਸੜੀਆਂ ਲਾਸ਼ਾਂ ਇੱਕੇ ਟਰੱਕ ਵਿਚ ਇੰਝ ਸਾਂ ਕਿ ਕੂੜੇ ਦਾ ਢੇਰ ਲੱਦਿਆ ਹੋਵੇ।
‘ਆਜ਼ਾਦੀ’ ਨੇ ਧੂਹ ਧੂਹ ਸਾਨੂੰ ਟਰੱਕ ਵਿਚੋਂ ਲਾਹਿਆ ਅਤੇ ਵਗਦੇ ਦਰਿਆ ਵਿਚ ਸੁੱਟ ਦਿੱਤਾ। ਸਾਨੂੰ ਸਭ ਲਾਸ਼ਾਂ ਨੂੰ ਜਾਪਿਆ ਕਿ ਚਲੋ ਹੁਣ ਘੱਟੋ-ਘੱਟ ‘ਆਜ਼ਾਦੀ’ ਤੋਂ ਖਲਾਸੀ ਤਾਂ ਹੋਵੇਗੀ। ਗਲਨ-ਸੜਨ ਨਾਲੋਂ ਤਾਂ ਚੰਗਾ ਹੈ ਕਿਸੇ ਪਾਸੇ ਲੱਗਾਂਗੇ। ਕਿਸੇ ਮੱਛੀ ਦਾ ਕਿਸੇ ਜੀਵ ਜੰਤੂ ਦਾ ਭੋਜਨ ਬਣਾਗੇ। ਗੱਲ ਖਤਮ ਹੋਵੇਗੀ।
ਪਰ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦ ਦਰਿਆ ਵਿਚ ਵੀ ਲਾਸ਼ਾਂ ਦੀ ਵੇਟਿੰਗ ਲਿਸਟ ਸੀ। ਉਥੇ ਤਾਂ ਪਹਿਲਾਂ ਹੀ ਕਈ ਟਰੱਕ ਸੁੱਟੇ ਜਾ ਚੁੱਕੇ ਸਨ। ਮੱਛੀਆਂ ਵੀ ਦੌੜ ਚੁੱਕੀਆਂ ਸਨ। ਉਨ੍ਹਾਂ ਨੂੰ ਸਾਡੀਆਂ ਲਾਸ਼ਾਂ ਤੋਂ ਨਫਰਤ ਹੋ ਗਈ ਹੋਈ ਸੀ। ਆਖਰ ਉਨ੍ਹਾਂ ਦੇ ਵੀ ਢਿੱਡ ਸਨ। ਦੂਜਾ ਉਨ੍ਹਾਂ ਲਈ ਜਗ੍ਹਾਂ ਹੀ ਕਿਥੇ ਛੱਡੀ ਸੀ। ਥਾਂ ਤਾਂ ਸਭ ਲਾਸ਼ਾਂ ਘੇਰ ਲਈ ਸੀ।
ਪਰ ਬੇਕਿਰਕ ‘ਆਜ਼ਾਦੀ’ ਨੇ ਸਾਡੀਆਂ ਲਾਸ਼ਾਂ ਵਾਲਾ ਟਰੱਕ ਵੀ ਦਰਿਆ ਵਿਚ ਉਲੱਦ ਦਿੱਤਾ ਅਤੇ ਉਥੋਂ ਪਾਣੀ ਵਿਚੋਂ ਮਾਰਦੀ ਬੁਦਬੂ ਕਾਰਨ ਦੌੜ ਪਈ! ਉਹ ਖੁਸ਼ ਸੀ! ਉਹ ਗਿਣਤੀ ਕਰਦੀ ਜਾ ਰਹੀ ਸੀ ਲਾਸ਼ਾਂ ਦੀਆਂ। ਜਿੰਨੀਆਂ ਲਾਸ਼ਾਂ ਉਨੇ ਮੈਡਲ! ਗਿਣਤੀ ਭੁੱਲਣ ਲੱਗ ਪਈ ਸੀ। ਇਨੀਆਂ ਲਾਸ਼ਾਂ ਹੁਣ ਕੌਣ ਗਿਣੇ। ਪਰ ਚਲੋ ਉਹ ਖੁਸ਼ ਸੀ।
ਖੇਤ, ਰੋਹੀਆਂ, ਨਹਿਰਾਂ, ਸਿਵੇ ਅਤੇ ਦਰਿਆ ਮੇਰੀ ਲਾਸ਼ ਦੀ ਗਵਾਹੀ ਭੁੱਬਾਂ ਮਾਰ ਮਾਰ ਦੇ ਰਹੇ ਹਨ, ਪਰ ਆਜ਼ਾਦੀ ਅੱਜ ਜਸ਼ਨ ਮਨਾ ਰਹੀ ਹੈ। ਆਜ਼ਾਦੀ ਅੱਜ ਝੰਡੇ ਲਹਿਰਾ ਰਹੀ ਹੈ। ਆਜ਼ਾਦੀ ਅੱਜ ਖੁਸ਼ ਹੈ ਕਿਉਂਕਿ 15 ਅੱਗਸਤ ਹੈ ਨਾ! ਖੁਸ਼ ਤਾਂ ਹੋਵੇਗੀ ਹੀ! ਨਹੀਂ ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.