ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਆਖਣਿ ਅਉਖਾ ਸਾਚਾ ਨਾਉ
ਆਖਣਿ ਅਉਖਾ ਸਾਚਾ ਨਾਉ
Page Visitors: 2569

ਆਖਣਿ ਅਉਖਾ ਸਾਚਾ ਨਾਉ
ਮੇਰੇ ਜਾਣੂੰ ਮਿੱਤਰ ਦੇ ਇੱਕ ਬਜ਼ੁਰਗ ਨੇ ਉਹ ਬਹੁਤ ਤੜਕਿਉਂ ਉਠ ਖੜਦੇ ਹਨ ਤੇ ਜਦ ਵੀ ਕਦੇ ਮਿੱਤਰ ਨੂੰ ਮਿਲਣ ਜਾਓ ਉਹ ਅਕਸਰ ਹੀ ਗੱਲਬਾਤ ਦੌਰਾਨ ਵਿੱਚ ਆ ਬੈਠਦੇ ਹਨ। ਉਨ੍ਹਾਂ ਦੀ ਇੱਕੋ ਗੱਲ ਹੁੰਦੀ ਹੈ ਤੇ ਉਸ ਗੱਲ ਨੂੰ ਉਹ ਬੜੀ ਲਮਕਾ ਕੇ ਤੇ ਲੰਮਾ ਜਿਹਾ ਸਾਹ ਲੈਕੇ ਕਹਿਣਗੇ ਕਿ ਬਈ,
'ਆਖਣ ਅਉਖਾ ਸਾਚਾ ਨਾਓਂ' ਬੜਾ ਔਖਾ ਹੈ ਨਾਮ ਜਪਣਾ ਭਾਈ। ਹਾਂਅ!
ਦਰਅਸਲ ਉਸ ਸਮੇ ਉਹ ਨਹੀ ਬੋਲਦੇ ਹੁੰਦੇ ਉਨ੍ਹਾਂ ਦਾ ਸਵੇਰੇ ੨ ਵਜੇ ਉਠਣਾ ਬੋਲ ਰਿਹਾ ਹੁੰਦਾ ਹੈ। ਜਹਾਜ ਚਲਾਉਂਣ ਵਾਲੇ ਤਾਂ ਕਹਿਣਾ ਹੀ ਹੈ ਇੱਕ ਟਰੱਕ ਚਲਾਉਣ ਵਾਲਾ ਵੀ ਕਹੇਗਾ ਕਿ ਟਰੱਕ ਚਲਾਉਂਣਾ ਕਿਤੇ ਸੌਖਾ ਥੋੜੋਂ!
ਮੱਤਲਬ ਦੋਵਾਂ ਦਾ ਇੱਕੋ ਹੁੰਦਾ ਕਿ ਜਿਹੜਾ ਕੰਮ 'ਮੈਂ' ਕਰ ਰਿਹਾਂ ਉਹ ਸੌਖਾ ਨਹੀ ਯਾਨੀ ਉਹ ਮੈਂ ਹੀ ਹਾਂ ਜਿਹੜਾ ਇੰਨਾ ਔਖਾ ਕੰਮ ਕਰ ਲੈਂਨਾ। ਇਹ ਗੱਲ ਇੱਕ ਪੇਡੂੰ ਔਰਤ ਦੀ ਲੜਾਈ ਜਿਹੀ ਵਰਗੀ ਹੈ ਜਿਹੜੀ ਹੋਰ ਤਾਂ ਕੁਝ ਨਹੀ ਕਰ ਸਕਦੀ ਪਰ ਅੜਬ ਬੰਦੇ ਤੋਂ ਪਸਲ੍ਹੀਆਂ ਭੰਨਵਾ ਕੇ ਇਸੇ ਗੱਲ ਵਿੱਚ ਹੀ ਵਿਚਾਰੀ ਮਾਣ ਕਰ ਲੈਂਦੀ ਹੈ ਕਿ ਉਹ ਮੈਂ ਹੀ ਹਾਂ ਜਿਹੜੀ ਇਸ ਨਾਲ ਕੱਟ ਗਈ।
ਮਲੱਤਬ ਕੁੱਟੇ ਜਾਣ ਵਿੱਚ ਵੀ 'ਮੈਂ' ਹੀ ਹਾਂ ਤੇ ਜਿਹੜਾ ਮਾਲਾ ਫੜਕੇ ਬਹਿ ਗਿਆ ਉਸ ਦੇ ਹੰਕਾਰ ਦਾ ਅੰਦਾਜਾ ਲਾਉਂਣਾ ਸੌਖਾ ਨਹੀ ਇਹੀ ਕਾਰਨ ਹੈ ਬਹੁਤੇ 'ਧਰਮੀ' ਫੂੰਅ-ਫਾਂਅ ਦੂਜਿਆਂ ਨਾਲੋਂ ਵੀ ਜਿਆਦਾ ਕਰਦੇ ਨਜਰ ਆ ਰਹੇ ਹਨ।
ਇੱਕ ਦਿਨ ਮੈਂ ਉਨ੍ਹਾਂ ਬਜ਼ੁਰਗਾਂ ਨੂੰ ਕਿਹਾ ਕਿ ਬਜ਼ੁਰਗੋ ਸਾਚਾ ਨਾਮ ਆਖਣਾ ਵਾਕਿਆ ਹੀ ਔਖਾ ਹੈ। ਮੇਰੀ ਗੱਲ ਸੁਣ ਕੇ ਉਹ ਮਾਲਾ ਫੜਕੇ ਨਾਮ ਜਪਣ ਦੀ ਵਿਆਖਿਆ ਹੋਰ ਜੋਰ-ਸ਼ੋਰ ਨਾਲ ਕਰਨ ਲੱਗ ਪਏ। ਪਰ ਮੈਂ ਉਨ੍ਹਾਂ ਦਾ ਧਿਆਨ ਦਿਵਾਇਆ ਕਿ ਜਿਹੜੇ ਨਾਮ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਉਸ ਦੀ ਨਹੀ ਕਰਨ ਲੱਗਿਆ?
ਫਿਰ ਹੋਰ ਨਾਮ ਕਿਹੜਾ ਹੈ? ਉਹ ਤੱਲਖੀ ਵਿੱੱਚ ਆ ਗਏ।
ਇਹ ਔਖਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਤਾਂ ਬਾਬਰ ਦੀਆਂ ਚੱਕੀਆਂ ਪੀਹਣੀਆਂ ਪਈਆਂ। ਨਾਮ ਪੰਜਵੇਂ ਗੁਰੂ ਨੇ ਆਖਿਆ ਤਾਂ ਤੱਤੀਆਂ ਲੋਹਾਂ ਤੇ ਭੁੰਨ ਕੇ ਰੱਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਔਖਾ ਨਾਮ ਕਿਹਾ ਤਾਂ ਚਾਰੇ ਪੁੱਤਰ ਪਰੀਵਾਰ ਸਾਰਾ ਵਾਰਨਾ ਪਿਆ, ਅਨੰਦਪੁਰ ਉਜੜ ਗਿਆ, ਬੁਰੇ ਹਾਲ, ਸੀਤ ਹਵਾਵਾਂ, ਪਾਟੇ ਪੈਰ, ਗੁਲਾਬੇ ਮਸੰਦ ਵਰਗੇ ਠਾਹਰ ਵੀ ਦੇਣ ਤੋਂ ਦੌੜ ਗਏ! ਉਸ ਤੋਂ ਬਾਅਦ ਆਉਖਾ ਨਾਮ ਆਖਣ ਵਾਲਿਆਂ ਦੀਆਂ ਚਮੜੀਆਂ ਉਧੇੜ ਦਿੱਤੀਆਂ। ਸਾਰਾ ਸਿੱਖ ਇਤਿਹਾਸ ਨਾਮ ਆਖਣ ਵਾਲਿਆਂ ਦੇ ਲਹੂ ਨਾਲ ਭਰਿਆ ਪਿਆ ਹੈ। ਬੰਦਾ ਸਿੰਘ ਮਾਧੋ ਦੇ ਰੂਪ ਵਿੱਚ ਚੰਗਾ ਭਲਾ ਨਾਮ ਜਪੀ ਜਾਂਦਾ ਸੀ ਕਿਸੇ ਨੂੰ ਕੀ ਤਕਲੀਫ। ਪਰ ਜਦ ਉਸ ਗੁਰੂ ਦੇ ਆਖੇ ਲੱਗ ਗੁਰੂ ਵਾਲਾ ਨਾਮ ਜਪਣਾ ਸ਼ੁਰੂ ਕੀਤਾ ਤਾਂ ਅਗਲਿਆਂ ਸੱਕੇ ਪੁੱਤ ਦਾ ਕਲੇਜਾ ਪਹਿਲਾਂ ਮੂੰਹ ਵਿੱਚ ਤੁੰਨਿਆਂ ਤੇ ਫਿਰ ਉਸੇ ਜ਼ਿਬ੍ਹਾ ਕੀਤੇ ਪੁੱਤਰ ਦੇ ਲਹੂ ਦੇ ਚੁੱਬਚੇ ਵਿੱਚ ਹੀ ਉਸ ਨੂੰ ਜੰਬੂਰਾਂ ਨਾਲ ਨੋਚ ਸੁੱਟਿਆ।
ਬਜ਼ੁਰਗ ਨਹੀ ਬੋਲਿਆ ਪਰ ਉਸ ਦਾ ਮੁੰਡਾ ਬੋਲ ਪਿਆ
ਭਾਅਜੀ ਅਸੀਂ ਤਾਂ ਨਾਮ ਹੋਰ ਹੀ ਸਮਝੀ ਗਏ ਯਾਣੀ ਭੋਰਿਆਂ ਵਿਚ ਦੱੜ ਵੱਟੂਆਂ ਨੂੰ ਪੂਜੀ ਗਏ ਇਧਰ ਤਾਂ ਧਿਆਨ ਹੀ ਨਹੀ ਸੀ ਗਿਆ।
ਚਲ ਆਪਾਂ ਨਾਮ ਦੀ ਵਿਆਖਿਆ ਅੱਜ ਦੇ ਜੁੱਗ ਵਿੱਚ ਕਰ ਲੈਂਨੇ ਆਂ। ਕਹਿੰਦੇ ਨਾਮ ਹੋ ਚੁੱਕੇ ਵੱਡੇ ਵੱਡੇ 'ਬ੍ਰਹਮਗਿਆਂਨੀਆਂ' ਬੜਾ ਜਪਿਆ ਮਾਰ ਭੋਰਿਆਂ ਵਿੱਚ ਸਾਹੋ ਸਾਹੀ ਹੋਏ ਰਹੇ ਨਾਮ ਜਪਦੇ, ਕਿਧਰੇ ਖੜੇ ਪਾਣੀਆਂ ਵਿੱਚ ਤੱਪ, ਕਿਧਰੇ ਕਿੱਲ਼ੀਆਂ ਨਾਲ ਕੇਸ ਬੰਨ, ਕਿਧਰੇ ਪੁੱਠ ਹੋ, ਕਿਧਰੇ ਸਿੱਧੇ ਹੋ, ਪਤਾ ਨਹੀ ਨਾਮ ਵਾਲੀਆਂ ਧੂੜਾਂ ਪੁੱਟ ਸੁੱਟੀਆਂ ਪਰ ਕੁਝ ਨਹੀ ਹੋਇਆ ਉਨ੍ਹਾਂ ਨੂੰ।
 ਉਨ੍ਹਾਂ ਦੇ ਹੀ ਸਮਕਾਲੀ ਭਾਈ ਲਛਮਣ ਸਿੰਘ ਵਰਗਿਆਂ ਤੇ ਹੋਰ ਸਿੰਘਾਂ ਜਦ ਗੁਰੂ ਦਾ ਦੱਸਿਆ ਔਖਾ ਨਾਮ ਜਪਿਆ ਤਾਂ ਉਨ੍ਹਾਂ ਨੂੰ ਜੰਡਾਂ ਨਾਲ ਬੰਨ ਕੇ ਸਾੜ ਦਿੱਤਾ ਗਿਆ, ਨਰੈਣੂੰ ਮਹੰਤ ਦੇ ਗੁੰਡਿਆਂ ਟੱਕੂਆਂ ਗੰਡਾਸਿਆਂ ਨਾਲ ਉਨ੍ਹਾਂ ਨੂੰ ਵੱਡ ਟੁੱਕ ਕੇ ਸ਼ਹੀਦ ਕਰ ਦਿੱਤਾ।
 ਗੁਰੂ ਕੇ ਬਾਗ ਵਾਲਿਆਂ ਸੂਰਬੀਰਾਂ ਇਹੀ ਗੁਰੂ ਵਾਲਾ ਔਖਾ ਨਾਮ ਜਦ ਕਿਹਾ ਤਾਂ ਛੱਲੀਆਂ ਵਾਂਗ ਝੰਬ ਦਿੱਤਾ ਗਿਆ ਪਰ ਉਸ ਵੇਲੇ ਦੇ ਸਮਕਾਲੀ 'ਬ੍ਰਹਮਗਿਆਨੀ' ਸਾਹਵੇਂ ਹੁੰਦਾ ਤਮਾਸ਼ਾ ਦੇਖਦੇ ਰਹੇ, ਉਨ੍ਹਾਂ ਦਾ ਨਾਮ ਨਹੀ ਬੋਲਿਆ। ਜੇ ਇੱਕ ਵੀ ਨਾਮਵਰ 'ਮਹਾਂਪੁਰਖ' ਬੋਲਿਆ ਤਾਂ ਇਤਿਹਾਸ ਵਿੱਚ ਉਸ ਦਾ ਨਾਮ ਦੱਸ ਦਿਓ। ਅਖੇ ਬਾਬਾ ਸੁੰਦਰ ਸਿੰਘ ਜੀ ਜਦ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਕੁੱਦਣ ਲੱਗੇ ਤਾਂ ਅਕਾਲੀਆਂ ਬਦਨੀਤੀ ਨਾਲ ਰੋਕ ਦਿੱਤਾ ਕਿ ਕਿਤੇ ਵਾਗਡੋਰ ਨਾ ਸੰਭਾਲ ਲੈਣ! ਮੋਰਚੇ 'ਚ ਜਾਣ ਲਈ ਜਾਂ ਕਿਸੇ ਕੁਰਬਾਨੀ ਲਈ ਕਿਸੇ ਅਕਾਲੀ ਦੀ ਕੀ ਇਜਾਜਤ ਚਾਹੀਦੀ ਸੀ? ਬਾਬਾ ਨੰਦ ਸਿੰਘ ਉਸ ਸਮੇ ਮੌਜੂਦ ਸਨ, ਬਾਬਾ ਅੱਤਰ ਸਿੰਘ ਜਿਉਂਦੇ ਸਨ, ਪਰ ਕਿਸ ਆਖਿਆ ਗੁਰੂ ਦਾ ਔਖਾ ਨਾਮ? ਕਿਸੇ 'ਸੰਤ' ਨੂੰ ਅੰਗਰੇਜ ਨੇ ਫਾਹੇ ਨਹੀ ਲਾਇਆ!!
ਇਹ ਸਾਰੇ ਉਹੀ ਨਾਮ ਜਪਣ ਵਾਲੇ ਸਨ ਜੀਹਨਾ ਦੀਆਂ ਬਰਸੀਆਂ ਦੀਆਂ ਅੱਜ ਧੂੜਾਂ ਪੁੱਟੀਆਂ ਜਾ ਰਹੀਆਂ, ਬੈਂਡ ਵਾਜੇ ਵੱਜ ਰਹੇ, ਜਹਾਜਾਂ ਤੋਂ ਫੁੱਲ ਬਰਸਾਏ ਜਾ ਰਹੇ, ਫੁੱਲੜਝੀਆਂ ਲੱਗ ਰਹੀਆਂ, ਕੋਤਰੀਆਂ ਕਰਵਾਈਆਂ ਜਾ ਰਹੀਆਂ ਨੇ ਪਰ ਉਧਰ ਗੁਰੂ ਦਾ ਔਖਾ ਨਾਮ ਜਪਣ ਕਰਕੇ ਅੰਗਰੇਜਾਂ ਵਲੋਂ ਫਾਹੇ ਟੰਗੇ ਗਇਆਂ, ਕਾਲੇ ਪਾਣੀਆਂ ਵਿੱਚ ਜਵਾਨੀਆਂ ਗਾਲ ਗਇਆਂ, ਸਭ ਕੁਝ ਕੁਰਕ ਕਰਵਾ ਕੇ ਘਰੋਂ ਬੇਘਰ ਹੋਇਆਂ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀ?
ਚਲੋ ਹੋਰ ਅਗੇ ਆਜੋ। ਬਾਬਾ ਜਰਨੈਲ ਸਿੰਘ ਨੇ ਜਦ ਔਖਾ ਨਾਮ ਆਖਿਆ ਤਾਂ ਅਗਲਿਆਂ ਟੈਂਕ ਡਾਹ ਕੇ ਉਡਾ ਦਿੱਤਾ ਪਰ ਉਸ ਸੰਥਥਾ ਦੇ ਵੱਡੇਰਿਆਂ ਦੇ ਨਾਮ ਤੋਂ ਕਦੇ ਕਿਸੇ ਨੂੰ ਕੋਈ ਤਕਲੀਫ ਨਹੀ ਹੋਈ। ਖੂਨੀ ਹਨੇਰੀ ਸਮੇ ਬਾਬਾ ਠਾਕੁਰ ਸਿੰਘ ੨੧ ਸਾਲ ਬਾਬੇ ਜਰਨੈਲ ਸਿੰੰਘ ਦੇ ਬਾਅਦ 'ਨਾਮ ਜਪਦਾ' ਰਿਹਾ, ਮਾਅਰ ਤੁਰਿਆ ਫਿਰਦਾ ਵੀ ਸੁਖਮਨੀ ਸੁਣੀ ਜਾਂਦਾ ਸੀ ਪਰ ਬਾਬੇ ਦੇ ਚਾਰ ਕੁ ਸਾਹਾਂ ਵਾਲੇ ਸਰੀਰ ਨੂੰ ਕਦੇ ਖਰੋਚ ਤੱਕ ਨਹੀ ਆਈ ਕਦੇ ਚੌਕ ਮਹਿਤੇ ਪੁਲਿਸ ਨੇ ਘੇਰਾ ਨਹੀ ਪਾਇਆ ਸਗੋਂ ਸਿੱਖ ਜਵਾਨੀ ਦੀ ਨਸਲਕੁਸ਼ੀ ਕਰਨ ਵਾਲਾ, ਕੋਹ ਕੋਹ ਕੇ ਮਾਰਨ ਵਾਲਾ ਸਿੱਖ ਜਵਾਨੀ ਨੂੰ, ਖੂੰਖਾਰ ਭੇੜੀਆ ਕੇ.ਪੀ. ਗਿੱਲ ਜਾ ਕੇ ਬਾਬਾ ਜੀ ਦੇ ਦੁੱਧ ਛੱਕਦਾ ਰਿਹਾ ਹੈ ਤੇ ਬਾਬੇ ਦੀ ਹੁਣ ਤੱਕ 'ਬ੍ਰਹਮਗਿਆਨੀ' ਵਜੋਂ ਪੂਜਾ ਹੁੰਦੀ ਹੈ।ਆਹ ਨਾਨਕਸਰੀਆਂ ਰਾੜੇ-ਰਤਵਾੜੇ ਵਾਲਿਆਂ ਤਾਂ ਭੋਰੇ ਪੁੱਟ-ਪੁੱਟ ਧਰਤੀ ਪੋਲੀ ਕੀਤੀ ਪਈ ਤੇ ਢੋਲਕੀਆਂ ਚਿਮਟਿਆਂ ਨਾਲ 'ਨਾਮ ਜਪਣ' ਦੀਆਂ ਤਬਾਹੀਆਂ ਲਿਆਦੀਆਂ ਪਈਆਂ ਪਰ ਸੂਲੀ ਕਿਹੜੇ ਚ੍ਹੜੇ?
ਜਸਵੰਤ ਸਿੰਘ ਖਾਲੜਾ ਕਹਿੰਦੇ ਨੈਕਸਲਾਈਟ ਲਹਿਰ ਵਿੱਚੋਂ ਆਇਆ ਸੀ ਪਰ ਉਸ ਥੋੜਾ ਸਮਾ ਹੀ ਗੁਰੂ ਦਾ ਦਿੱਤਾ ਔਖਾ ਨਾਮ ਕਿਹਾ ਤਾਂ ਅਗਲਿਆਂ ਕੋਹ ਕੋਹ ਕੇ ਮਾਰਿਆ। ਬੇਅੰਤ ਸਤਵੰਤ ਨੇ ਭੋਰੇ ਵਿੱਚ ਤਾਂ ਕੀ ਬਹਿਣਾ ਸੀ ਉਨ੍ਹੀਂ ਤਾਂ ਅੰਮ੍ਰਤਿ ਵੀ ਕੁਝ ਦਿਨ ਪਹਿਲਾਂ ਹੀ ਛਕਿਆ ਸੀ ਪਰ ਉਨ੍ਹਾਂ ਔਖਾ ਨਾਮ ਆਖਿਆ ਤਾਂ ਇੱਕ ਗੋਲੀਆਂ ਨਾਲ ਭੁੰਨ ਦਿੱਤਾ ਤੇ ਦੂਜਾ ਫਾਹੇ ਟੰਗ ਦਿੱਤਾ। ਸੁੱਖਾ ਜਿੰਦਾ ਵਰਗੇ ਔਖਾ ਨਾਮ ਜਦ ਪੱਲੇ ਬੰਨ ਤੁਰੇ ਤਾਂ ਨਤੀਜਾ?
ਜਿਵੇਂ ਪਹਾੜਾਂ ਵਿੱਚ ਨਾਮ ਜਪਣ ਵਾਲੇ ਜੋਗੀਆਂ ਦੇ ਪਿੰਡੇ ਤੇ ਕਦੇ ਖਰੋਚ ਨਹੀ ਸੀ ਆਈ ਇਵੇਂ ਹੀ ਭੋਰਿਆ ਵਾਲਿਆਂ ਇਨ੍ਹਾਂ 'ਮਹਾਂਪੁਰਖਾਂ' ਦਾ ੮੪ ਦੀ ਵ੍ਹਰਦੀ ਅੱਗ ਵੇਲੇ ਕਦੇ ਵਾਲ ਵਿੰਗਾ ਨਹੀ ਹੋਇਆ। ਮੁੱਛ ਫੁੱਟਦੀ ਤੋਂ ਹੀ ਮੁੰਡਿਆਂ ਨੂੰ ਅਗਲੇ ਘਰੋਂ ਚੁੱਕ ਕੇ ਲੈ ਜਾਂਦੇ ਸਨ ਤੇ ਖ਼ਬਰ ਝੂਠੇ ਮੁਕਾਬਲੇ ਦੀ ਮਿਲਦੀ ਸੀ। ਪਰ ਇਧਰ 'ਨਾਮ ਦੀ ਬਰਕਤ' ਸਦਕਾ ਬਾਬਿਆਂ ਦੇ ਮੁੱਛ ਫੁੱਟ ਗੱਡੀਆਂ ਤੇ ਖੇਹ ਉਡਾਉਂਦੇ ਫਿਰਦੇ ਸਨ ਪਰ ਕਿਸੇ ਦੀ ਕੀ ਤਾਕਤ ਹੱਥ ਦੇ ਕੇ ਰੋਕ ਵੀ ਜਾਏ।
ਇੱਕ ਆਮ ਸਿੱਖ ਕਿਸਾਨ ਦੇ ਘਰ ਮੁੰਡੇ ਦੀ ਜਵਾਨੀ ਤੋਂ ਖਤਰਾ ਸੀ ਕਿ ਇਹ ਕਿਤੇ ਔਖੇ ਨਾਮ ਵਲ ਨਾ ਤੁਰ ਪਏ ਤੇ ਹਕੂਮਤ ਪਹਿਲਾਂ ਖੁਦ ਪ੍ਰੇਸ਼ਾਨ ਕਰਕੇ ਘਰੋਂ ਭਜਉਂਦੀ ਫਿਰ ਰੋਹੀਆਂ ਤੇ ਲਿਜਾ ਕੇ ਗੋਲੀ ਮਾਰ ਦਿੰਦੀ। ਪਰ ਉਧਰ ਭੋਰਿਆਂ ਵਾਲੇ ਦੇ ਨਾਮ ਤੋਂ ਹਕੂਮਤ ਨੂੰ ਕੋਈ ਖਤਰਾ ਨਹੀ ਸੀ। ਕਿਸੇ ਕਾਰ ਸੇਵੀਏ, ਨਾਨਕਸਰੀਏ, ਰਾੜੇ, ਰਤਵਾੜੇ ਦੇ ਚੇਲੇ ਦੀ ਲਾਸ਼ ਕਿਸੇ ਨੇ ਨਹਿਰ ਦੇ ਦਰਾਂ ਹੇਠ ਫਸੀ ਦੇਖੀ? ਬਾਬਿਆਂ ਦੇ ਨਾਮ ਨੂੰ ਹਕੂਮਤ ਹੱਲਾਸ਼ੇਰੀ ਦੇ ਰਹੀ ਹੈ ਪਰ ਉਧਰ ਇੱਕ ਆਮ ਸਿੱਖ ਗੁਰੂ ਦਾ ਔਖਾ ਨਾਮ ਜਦ ਲੋਕਾਂ ਵਿੱਚ ਕਹਿੰਦਾ ਹੈ ਤਾਂ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ।
ਮੈਂ ਭਵੇਂ ਸਾਰੀ ਉਮਰ ਅਪਣੇ ਘਰ ਜਾਂ ਭੋਰੇ ਵਿੱਚ ਪੁੱਠਾ ਲਮਕੀ ਜਾਵਾਂ ਕਿਸੇ ਦੇ ਕੀ ਢਿੱਡ ਪੀੜ? ਤਕਲੀਫ ਉਦੋਂ ਹੋਣੀ ਜਦ ਮੈਂ ਸੱਚ ਕਿਹਾ, ਬੋਲਿਆ ਤੇ ਲੋਕਾਂ ਵਿੱਚ ਲੈ ਕੇ ਗਿਆ। ਇਹੀ ਔਖਾ ਨਾਮ ਹੈ। ਤੇ ਗੁਰੂ ਨੂੰ ਪਤਾ ਸੀ ਇਹ ਹਰੇਕ ਦੇ ਆਖਣ ਦੇ ਵੱਸ ਨਹੀ ਇਸੇ ਲਈ ਗੁਰੂ ਜੀ ਨੇ ਕਿਹਾ ਭਾਈ'
'ਆਖਣਿ ਅਉਖਾ ਸਾਚਾ ਨਾਉ'
ਤੇ ਇਸ ਸਾਚੇ ਨਾਮ ਦੀ ਜਦ ਭੁੱਖ ਲੱਗਦੀ ਹੈ ਫਿਰ ਡੇਰਾ, ਘਰਬਾਰ, ਚੇਲੇ ਬਾਲਕੇ, ਨਿੱਕੇ ਨਿਆਣੇ, ਧੰਨ ਦੌਲਤ, ਅਹੁਦਾ, ਸ਼ੋਹਰਤ ਕੁਝ ਨਹੀ ਦਿੱਸਦਾ ਬੰਦਾ ਸਿੱਧਾ ਵੱਜਦਾ ਪਤੰਗੇ ਵਾਂਗ ਸ਼ਮਾਂ 'ਚ! ਪਤੰਗੇ ਤੇ ਟਟਹਿਣੇ ਦੀ ਜਦ ਸ਼ਮਾ ਨੂੰ ਪਿਆਰ ਕਰਨ ਦੀ ਬਹਿਸ ਹੋਈ ਤਾਂ ਪਤੰਗਾ ਕਹਿਣ ਲੱਗਾ ਜਾਹ ਦੇਖ ਕੇ ਆ ਫਿਰ ਸ਼ਮਾ ਜਗ ਪਈ ਹੁਣੇ ਪਰਖ ਲੈਂਦੇ ਆਂ। ਟਟਹਿਣਾ ਮੁੜ ਆਇਆ, ਕਹਿੰਦਾ ਜਗ ਪਈ ਤਾਂ ਪਤੰਗਾ ਕਹਿਣ ਲੱਗਾ ਇਥੇ ਵਾਪਸ ਵੜੇਵੇਂ ਲੈਣ ਆਇਆਂ ਉਥੇ ਈ ਸੜ ਮਰਦਾ!
ਇਹ ਭੁੱਖ ਫਿਰ ਦੁੱਖ ਵੀ ਨਹੀ ਰਹਿਣ ਦਿੰਦੀ। ਕਦੇ ਬੰਦ ਬੰਦ ਕਟੇ ਜਾਣ ਵਾਲੇ ਕਿਹਾ ਜਲਾਦ ਨੂੰ ਕਿ ਯਾਰ ਟੋਕਾ ਹੌਲੀ ਮਾਰ! ਜਾਂ ਕਦੇ ਆਰੇ ਹੇਠ ਸਿਰ ਦੇਣ ਵਾਲੇ ਕਿਹਾ ਹੋਵੇ ਆਰਾ ਸਹਿਜੇ ਫੇਰ। ਦੁਖ ਲੱਗਦਾ ਨਹੀ ਔਖਾ ਨਾਮ ਆਖਣ ਦੀ ਭੁੱਖ ਵਾਲੇ ਨੂੰ ਤੇ ਦੂਖ ਸਾਰੇ ਚਲੇ ਜਾਂਦੇ ਹਨ। ਭਵੇਂ ਆਰੇ ਹੇਠ ਦਈ ਜਾਓ ਭਵੇਂ ਦੇਗ ਵਿੱਚ ਸੁੜਾਕੇ ਲਵਾਈ ਜਾਓ ਤੇ ਚਾਹੇ ਚਰਖੜੀ ਤੇ ਚਾ੍ਹੜ ਦਿਓ ਫਿਰ ਵੀ ਕਹਿੰਦੇ ਰਹੇ ਭਰਾਵੋ ਨਾਮ ਜਰੂਰ ਔਖਾ ਸੀ ਪਰ ਮਰਨ ਦਾ ਸਵਾਦ ਹੀ ਵੱਖਰਾ ਸੀ।
ਆਸਾ ਮਹਲਾ ੧ ॥
 ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥
 ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ
॥੧
ਉਸ ਤੋਂ ਬਾਅਦ ਉਹ ਬਜ਼ੁਰਗ ਮੇਰੇ ਤੋਂ ਕਤਰਾਉਂਣ ਲੱਗ ਪਿਆ ਤੇ ਸਰਸਰੀ ਜਿਹੇ ਹਾਲ-ਹਵਾਲ ਤੋਂ ਬਾਅਦ ਉਹ ਮੇਰੇ ਕੋਲੇ ਬੈਠਦਾ ਨਾਂ। ਪਰ ਮੁੰਡੇ ਉਸ ਦੇ ਨੂੰ ਸਮਝ ਲੱਗਣ ਲੱਗ ਪਈ ਕਿ ਇਹ ਔਖਾ ਨਾਮ ਕੀ ਹੈ?
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.