ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਦੇਵ ਸਿੰਘ ਸੱਧੇਵਾਲੀਆ
< = - ਅਰਦਾਸ - = >
< = - ਅਰਦਾਸ - = >
Page Visitors: 98

<  =  -  ਅਰਦਾਸ  -  =  >
  ਗੁਰਦੇਵ ਸਿੰਘ ਸੱਧੇਵਾਲੀਆ
ਬਾਬਾ ਫੌਜਾ ਸਿੰਘ ਗੁਰਦੁਆਰੇ ਦੇ ਗ੍ਰੰਥੀ ਸਿੰਘ ਨਾਲ ਬੈਠਾ ਚਾਹ ਛੱਕ ਰਿਹਾ ਸੀ, ਜਦ ਇੱਕ ਬੀਬੀ ਭਾਈ ਜੀ ਨੂੰ ਆਣ ਕੇ ਕਹਿੰਦੀ ਕਿ ਅਰਦਾਸ ਕਰਨੀ ਹੈ। ਉਸ ਦੇ ਨਾਲ ਇੱਕ ਕੋਈ 16 ਕੁ ਸਾਲ ਦਾ ਉਸ ਦਾ ਬੇਟਾ ਸੀ ਜਿਸ ਦੇ ਦੋਹਾਂ ਕੰਨਾਂ ਵਿੱਚ ਮੁੱਤੀਆਂ ਪਾਈਆਂ ਹੋਈਆਂ ਸਨ, ਢਿੱਲੀ ਪਿੰਟ ਦੀ ‘ਗੱਦ’ ਹੇਠਾਂ ਤੱਕ ਲਮਕਦੀ ਵਿੱਚ ਉਹ ਇਵੇਂ ਜਾਪਦਾ ਸੀ ਜਿਵੇਂ ਝੋਲੇ ‘ਚ ਪੰਪ ਪਾਇਆ ਹੁੰਦਾ, ਗਲ ਵਿੱਚ ਉਸ ਕਈ ਚੈਨੀਆਂ ਜਿਹੀਆਂ ਪਾ ਵਿੱਚ ਖੰਡਾ ਲਮਕਾਇਆ ਹੋਇਆ ਸੀ, ਸਿਰ ਉਪਰ ਗੁਰਦੁਆਰਾ ਕਰਕੇ ਉਸ ਪਟਕਾ ਬੰਨ ਲਿਆ ਸੀ, ਪਰ ਪਟਕੇ ਵਿਚਦੀ ਉਸ ਦੀਆਂ ਝਾਤੀਆਂ ਮਾਰਦੀਆਂ ਬੂਦਾਂ ਦੱਸਦੀਆਂ ਸਨ ਕਿ ਸਿਰ ਦੀ ਵੀ ਖੈਰ ਨਹੀਂ, ਲਵੀ ਜਿਹੀ ਆ ਰਹੀ ਦਾਹੜੀ ਦੀਆਂ ਸੁਰਮੇ ਦੀਆਂ ਧਾਰੀਆਂ ਵਰਗੀਆਂ ਲਕੀਰਾਂ ਜਿਹੀਆਂ ਉਸ ਖਿੱਚੀਆਂ ਹੋਈਆਂ ਸਨ, ਉਹ ਖੜਾ ਖੜਾ ਹੀ ਤੇਜ ਹਵਾ ਆਈ ਤੋਂ ਕੇਲੇ ਦੇ ਪੱਤਿਆਂ ਵਾਂਗ ਝੂਲੀ ਜਾ ਰਿਹਾ ਸੀ।
ਅਰਦਾਸ ਉਸ ਲਈ ਹੀ ਸੀ ਕਿ ਸਕੂਲੇ ਕੋਈ ‘ਪੰਗਾਂ’ ਖੜਾ ਕਰ ਲ਼ਿਆ ਸੀ ‘ਨੌ-ਨਿਹਾਲ’ ਨੇ ਤੇ ਸਕੂਲ ਵਾਲਿਆਂ ‘ਸਸਪੈਂਡ’ ਕਰ ਦਿੱਤਾ ਹੋਇਆ ਸੀ। ਭਾਈ ਜੀ ਨੇ ਅਰਦਾਸ ਕੀ ਕਰਨੀ ਸੀ ਪਤਾ ਹੀ ਹੈ ਉਸ ਮੂੰਹ ਚੜ੍ਹੇ ਗਿਣੇ-ਚੁਣਵੇਂ ਪੱਕੇ ਹੀ ਲਫਜ਼ ਬੋਲ ਦਿੱਤੇ ਕਿ ਬੱਚੇ ਨੂੰ ਸਮੱਤ ਬਖਸ਼ਣੀ ਜੀ, ਬੱਚੇ ਨੂੰ ਅਕਲ ਦਾਨ ਬਖਸ਼ੋ ਜੀ, ਇਸ ਨੂੰ ਵਿਦਿਆ ਦੀ ਦਾਤ ਬਖਸ਼ੋ ਜੀ, ਪ੍ਰ੍ਰਵਾਰ ਵਿੱਚ ਸੁੱਖ-ਸ਼ਾਂਤੀ ਅਤੇ ਚੜ੍ਹਦੀ ਕਲ੍ਹਾ ਬਖਸ਼ੋ ਜੀ ਆਦਿ...
ਭਾਈ ਜੀ ਨੇ ਅਰਦਾਸ ਕੀਤੀ, ਹੁਕਮ ਲਿਆ, 20 ਡਾਲਰ ਜ੍ਹੇਬ ‘ਚ ਪਾਏ, ਪ੍ਰਸ਼ਾਦ ਦਿੱਤਾ ਤੇ ਫਤਿਹ।
ਉਹ ਪ੍ਰਸ਼ਾਦ ਵਾਲੇ ਹੱਥ ਪੂਝਦਾ ਹੋਇਆ ਫਿਰ ਬਾਬੇ ਫੌਜਾ ਸਿੰਘ ਕੋਲੇ ਆ ਕੇ ਬੱਚਦੀ ਚਾਹ ਦੇ ਸੁੜਾਕੇ ਲਾਉਣ ਲੱਗ ਪਿਆ।
ਬਾਬੇ ਹੁੱਜ ਮਾਰੀ! ਕਿੰਨੇ ਹੋਏ ਫਿਰ?
ਕੁਝ ਨਹੀਂ  ਬਾਬਾ! ਐਵੇਂ 20 ਕੁ ਹੀ।
ਗੱਲ ਸੁਣ ਭਾਈ ਕਨੇਡਾ ਵਰਗੇ ਮੁੱਲਖ ਵਿੱਚ 10 ਕੁ ਮਿੰਟਾਂ ‘ਚ 20 ਥੋੜੇ ਜਿਥੇ ਉਸ ਬੀਬੀ ਨੇ ਫੈਕਟਰੀ ‘ਚ ਦੋ ਘੰਟੇ ਖੱਪ ਕੇ 20 ਬਣਾਏ ਹੋਣੇ, ਹੋਰ ਤੈਨੂੰ ਮੁੰਡੇ ਦੀਆਂ ਸੋਨੇ ਦੀਆਂ ਮੁੱਤੀਆਂ ਲਾਹ ਕੇ ਦੇ ਜਾਂਦੀ?
ਅਰਦਾਸ ਵੀ ਤਾਂ ਫਿਰ ਉਨੀ ਲੱਗਣੀ ਸੀ ਨਾਲੇ ਕੁਆਰੀਆਂ ਵਾਗੂੰ ਪਾਈਆਂ ਮੁੱਤੀਆਂ ਹੀ ਤਾਂ ਬੇੜੀਆਂ ‘ਚ ਬਹਿੰਦੀਆਂ ਨਿਆਣਿਆਂ ਦੀਆਂ ਦੇ ਜਾਂਦੀ ਜਾਨ ਤਾਂ ਛੁੱਟਦੀ। ਉਹ ਹੱਸ ਪਿਆ।
ਇਸ ਦਾ ਮੱਲਤਬ ਤੈਂ ਅਰਦਾਸ ਨਹੀਂ  ਮਨ ਲਾ ਕੇ ਕੀਤੀ!
ਅਰਦਾਸ ਕੀ ਕਰਦਾ ਉਹ ਤਾਂ ਪਹਿਲਾਂ ਹੀ ਭਾਅ ਪੁੱਛਣ ਲੱਗ ਗਈ ਸੀ ਕਿ ਭਾਈ ਜੀ ਅਰਦਾਸ ਦੀ ਕੀ ਸੇਵਾ? ਤੇ ਜਿਹੜਾ ਪਹਿਲਾਂ ਭਾਅ ਪੁੱਛਦਾ ਉਸ ਬਾਰੇ ਸਾਨੂੰ ਪੱਤਾ ਹੁੰਦਾ ਕਿ 10-20 ਵਾਲਾ ਹੀ ਹੈ, ਉਵੇਂ ਕੁ ਦੀ ਅਰਦਾਸ ਕਰ ਦਈਦੀ ਏ ਥੋਕ ‘ਚ ਹੀ ਲੱਖ ਖੁਸ਼ੀਆਂ ਹੋਰ ਐਵੇਂ ਲੈ ਕੇ ਦਿੰਦੇ ਫਿਰੀਏ।
ਪਰ ਤੂੰ ਉਸ ਨੂੰ ਕਿਹੜਾ ਪੁੱਛਿਆ ਕਿ ਬੀਬਾ ਤੇਰਾ ਇਹ ਫਰਜੰਦ ਸਕੂਲੋਂ ਕਿਉਂ ਸਸਪੈਂਡ ਹੋਇਆ? ਤੇਰੇ ਘਰ ਦਾ ਮਹੌਲ ਕਿਹੋ ਜਿਹਾ ਹੈ, ਤੂੰ ਜਾਂ ਇਸ ਦਾ ਬਾਪ ਇਸ ਨੂੰ ਸਮਾ ਕਿੰਨਾ ਕੁ ਦਿੰਦੇ ਹੋ, ਸਕੂਲ ਇਸ ਦੇ ਕਿੰਨੀ ਵਾਰੀ ਗੇੜਾ ਮਾਰਦੇ ਹੋ, ਇਸ ਦੇ ਮਿੱਤਰ-ਦੋਸਤ ਕਿਹੋ ਕਿਹੇ ਹਨ, ਇਸ ਦੀ ਸ਼ਕਲ-ਸੂਰਤ ਤੋਂ ਨਾ ਤੈਨੂੰ ਪੱਤਾ ਲੱਗਾ ਕਿ ਇਹ ਸਕੂਲ ਜਾ ਕੇ ਕੀ ਪੂਰੀਆਂ ਪਾਉਂਦਾ ਹੋਊ।
ਬਾਬਾ ਤੂੰ ਵੀ ਭੋਲਾ ਏਂ! ਮੈਂ 20 ਡਾਲਰਾਂ ਪਿੱਛੇ ਇਹ ਸਿਰਦਰਦੀ ਕਿਉਂ ਲਵਾਂ ਜਦ ਮਾਂ-ਪੇ ਖੁਦ ਅਪਣੀ ਉਲਾਦ ਦੀ ਸਿਰ ਦਰਦੀ ਨਹੀਂ  ਲੈਦੇ। ਪਹਿਲੀ ਗੱਲ ਬਾਪ ਇੰਨ੍ਹਾ ਦੇ ਘਰੀਂ ਨਹੀਂ  ਵੜਦੇ 10-10 ਦਿਨ, ਜੇ ਵੜਦੇ ਤਾਂ ਬੀਅਰਾਂ ਪੀ ਕੇ ਸੋਫੇ ਤੋੜਦੇ ਜਾਂ ਗੇੜੀਆਂ ਦੇਣ ਚਲੇ ਜਾਂਦੇ, ਬੀਬੀਆਂ ਦਾ ਓਵਰ ਟਾਇਮਾਂ ਚੋਂ ਵਿਹਲ ਨਹੀਂ  ਜੇ ਉਧਰੋਂ ਵਿਹਲ ਮਿਲਦੀ ਤਾਂ ਡਰਾਮਿਆਂ ‘ਚ ਬਿੱਜੀ ਨੇ ਜਾਂ ਬਿਉਟੀ ਪਾਰਲਰ ਦਿਓਂ ਸਮਾ ਨਹੀਂ  ਮਿਲਦਾ, ਜਾਂ ਜੇ ਘਰੇ ਨੇ ਤਾਂ ਫੋਨਾ ਤੇ ਗੱਪਾਂ ਮਾਰ ਲੈਦੀਆਂ ਤਾਂ ਇਹ ਮੁੱਤੀਆਂ ਵਾਲੇ ਇੰਝ ਦੇ ਹੀ ਪੇਦਾ ਹੋਣੇ। ਸਾਡੀ 2-4 ਮਿੰਟ ਦੀ ਅਰਦਾਸ ਜਾਂ ਕਿਸੇ ਬਾਬੇ ਦਾ ਸਿਰ ਤੇ ਰਖਾਇਆ ਹੱਥ ਕੀ ਕਰੇਗਾ। ਸਿਰ ਤੇ ਹੱਥ ਰਖਾਉਂਣ ਜਾਂ ਅਰਦਾਸ ਕਰਾਉਂਣ ਵੀ ਇਹ ਉਦੋਂ ਭੱਜਦੇ ਜਦ ਪਾਣੀ ਸਿਰ ਤੋਂ ਲੰਘ ਜਾਂਦਾ।
ਉਸ ਨੇ ਇੱਕ ਗੱਲ ਸੁਣਾਈ ਕਿ ਇੱਕ ਵਾਰ ਅਸੀਂ ਚੰਡੀਗੜ ਕਿਸੇ ਡੇਰੇ ‘ਸੰਪਟ ਪਾਠ’ ਕਰਨ ਗਏ। ਉਥੇ ਦਾ ਅੱਨਪ੍ਹੜ ਸਾਧ ਲੋਕਾਂ ਨੂੰ ‘ਜਲ’ ਕਰਕੇ ਦਿੰਦਾ ਸੀ। ਸਾਡੇ ਬੈਠਿਆ ਇੱਕ ਮਾਈ ਆਈ ਉਹ ‘ਜਲ’ ਕਰਾ ਕੇ ਲੈ ਗਈ। ਉਸ ਦੇ ਜਾਣ ਉਪਰੰਤ ਅਸੀਂ ਪੁੱਛਿਆ ਕਿ ਬਾਬਾ ਜੀ ਇਹ ਪਾਣੀ ਕਿਹਾ ਸੀ। ਉਹ ਚੰਗੀ ਤਗੜੀ ਗ੍ਹਾਲ ਕੱਢ ਕੇ ਕਹਿਣ ਲੱਗਾ ਜਲ ਜੁਲ ਕਾਹਦਾ ਸੀ ਹੇਥੋਂ ਟੂਟੀ ਤੋਂ ਕੈਨੀ ਭਰ ਕੇ ਰੱਖੀ ਹੋਈ ਏ ਚਾਰ ਫੂਕਾਂ ਮਾਰ ਕੇ ਦੇ ਦਈਦੀਆਂ ਇਹ ਇੰਨੇ ‘ਚ ਹੀ ਖੁਸ਼ ਨੇ।
ਪਰ ਇਸ ਨੂੰ ਕੀ ਤਕਲੀਫ ਸੀ ਜਿਹੜੀ ਇਸ ‘ਜਲ’ ਨਾਲ ਠੀਕ ਹੋਣੀ ਹੈ?
ਪੋਤੇ ਦੇ ਇਮਤਿਹਾਨ ਨੇ ਫਿਕਰ ਹੈ ਕਿ ਕਿਤੇ ਫਿਹਲ ਨਾ ਹੋ ਜੇ, ਜਿੰਨਾ ਚਿਰ ਇਮਤਿਹਾਨ ਚਲਣੇ ਇਸ ਰੋਜ ‘ਜਲ’ ਕਰਾ ਕੇ ਲਿਜਾਣਾ ਮੁੰਡਾ ਫਿਹਲ ਹੋਵੇ ਜਾਂ ਪਾਸ ਅਪਣੀਆਂ ਦੱਸੇ ਘਿਉ ‘ਚ ਨੇ। ਇੱਕ ਹੋਰ ਮਾਈ ਆਉਂਦੀ ਉਸਦਾ ਨੂੰਹ-ਪੁੱਤ ਆਖੇ ‘ਚ ਨਹੀਂ । ਸੱਸ ਕਬਜਾ ਨਹੀਂ  ਛੱਡਦੀ ਨੂੰਹ ਬਰਦਾਸ਼ਤ ਨਹੀਂ  ਕਰਦੀ। ‘ਜਲ’ ਕਬਜਾ ਬਣਾਈ ਰੱਖਣ ਦਾ ਹੈ। ਇਹੀ ‘ਜਲ’ ਨੂੰਹ ਵੀ ਲੈ ਕੇ ਜਾਂਦੀ ਕਿ ਸੱਸ ਦਾ ਫਸਤਾ ਵੱਡ ਹੋ ਜਾਏ। ‘ਜਲ’ ਇੱਕ ਏ ਮੁਕੱਦਮੇ ਦੋ ਨੇ ‘ਜਲ’ ਕਿਸ ਦੀ ਮੰਨੇ? ਸੋ ਮੇਰੇ ‘ਜਲ’ ਨਾਲ ਇਨ੍ਹਾਂ ਦਾ ਕੁਝ ਨਹੀਂ  ਸੰਵਰਨਾ ਪਰ ਅਪਣੀਆਂ ਮੌਜਾਂ!
ਸੋ ਬਾਬਾ ਮੇਰੀ ਅਰਦਾਸ ਨੇ ਇਸਦਾ ਕੁਝ ਨਹੀਂ ਸਵਾਰਨਾ ਕਿਉਂਕਿ ਇਹ ਲੋਕ ਖੁਦ ਫੁਕਰੇ ਪਨ ਵਿੱਚ ਰੁੜ ਰਹੇ ਨੇ, ਵਿਖਾਵਿਆਂ ਵਿੱਚ ਉਜੜ ਰਹੇ ਨੇ, ਮਹਿੰਗੇ ਘਰ, ਫਰਨੀਚਰ, ਕਾਰਾਂ, ਵਿਖਾਵਾ, ਨਿੱਤ ਦਿਨ ਦੀਆਂ ਪਾਰਟੀਆਂ, ਉਥੇ ਉਡਦੀਆਂ ਸ਼ਰਾਬਾਂ, ਮੁੱਫਤੀ ਪੀਤੀ ਨਾਲ ਸ਼ਰਾਬੀ ਹੋਏ ਡਿੱਗਦੇ ਫਿਰਦੇ ਪਿਉ ਤੇ ਉਨ੍ਹਾਂ ਨੂੰ ਕੁੱਤਿਆਂ ਵਾਂਗ ਧੂਹ-ਧੂਹ ਗੱਡੀਆਂ ‘ਚ ਸੁੱਟਦੀਆਂ ਮਾਵਾਂ ਵਲ ਦੇਖਦੇ ਬੱਚੇ, ਇਨ੍ਹਾਂ ਦੇ ਭਵਿੱਖ ਨੂੰ ਹਨੇਰੇ ਖੁੂਹ ਵਿੱਚ ਸੁੱਟ ਰਿਹਾ ਹੈ ਤੇ ਜਦ ਨਿਆਣੇ ਇੰਝ ਕੰਨਾ ‘ਚ ਮੁੱਤੀਆਂ ਪਾ ਸਿਗਰਟਾਂ ਫੂਕਦੇ ਸੜਕਾਂ ਤੇ ਗੱਡੀਆਂ ਦੀਆਂ ਚੀਖਾਂ ਮਰਵਾਉਂਦੇ ਫਿਰ ਇੰਨ੍ਹਾਂ ਦੀਆਂ ਅੱਖਾਂ ਖੁਲ੍ਹਦੀਆਂ ਕਿ ਗਏ....?
ਬਾਬੇ ਨੂੰ ਜਾਪਿਆ ਕਿ ਇਹ ਕੋਈ ਆਮ ਭਾਈ ਨਹੀਂ ਬਲਕਿ ਕੋਈ ਚੰਗਾ ਹੰਡਿਆ ਬੰਦਾ ਬੋਲ ਰਿਹਾ ਹੈ। ਬਾਬੇ ਪੁੱਛਿਆ ਕਿ ਯਾਰ! ਜੇ ਤੈਨੂੰ ਸਾਰੀ ਕਹਾਣੀ ਦਾ ਪੱਤੈ ਤਾਂ ਤੂੰ ਇਕ ਜਿੰਮੇਵਾਰ ਹੋਣ ਨਾਤੇ ਲੋਕਾਂ ਨੂੰ ਕਿਉਂ ਨਹੀਂ  ਹਲੂਣਦਾ ਫੜਕੇ..?
ਹਲੂਣਿਆ ਸੀ! ਪਰ ਪ੍ਰਬੰਧਕਾਂ ਫੜਕੇ ਮੈਨੂੰ ਅਜਿਹਾ ਹਲੂਣਿਆਂ ਕਿ ਗੁਰਦੁਆਰਿਓ ਕੱਢ ਕੇ ਦਮ ਲਿਆ। ਇੰਗਲੈਂਡ ਮੈਂ ਕਥਾ ਕਰ ਰਿਹਾ ਸੀ ਉਥੋਂ ਦੇ ਹਲਾਤ ਦੇਖ ਮੈਂ ਅਪਣੇ ਸਿੱਖ ਭਰਾਵਾਂ ਨੂੰ ਹਲੂਣਾ ਦਿੱਤਾ ਕਿ ਸਿੱਖੋ ਬੱਚ ਜੋ ਕੁੜੀਆ ਤੁਹਾਡੀਆਂ ਮੁਸਲਮਾਨ ਪਾਕਿਸਤਾਨ ਲਿਜਾ ਕੇ ਚਕਲਿਆ ਤੇ ਵੇਚ ਰਹੇ ਨੇ ਤੁਹਾਡੇ ਘਰ, ਵਿਖਾਵੇ, ਸਰਦਾਰੀਆਂ ਕੀ ਕਰਨਗੀਆਂ, ਕੋਈ ਹੋਸ਼ ਕਰੋ ਕਿਧਰ ਗਈ ਤੁਹਾਡੀ ਅਣਖ?
ਤੇ ਉਥੋਂ ਦੇ ਪ੍ਰਬੰਧਕ ਦੀ ਇੱਕ ਦੀ ਅਣਖ ਨੇ ਅਜਿਹਾ ਉਬਾਲ ਖਾਧਾ ਕੇ ਉਸ ਮੈਨੂੰ ਹੀ ਚਲਦਾ ਕਰ ਦਿੱਤਾ। ਦਰਅਸਲ ਮੈਨੂੰ ਬਾਅਦ ‘ਚ ਪਤਾ ਚਲਿਆ ਕਿ ਉਸ ਦੀ ਖੁਦ ਦੀ ਨੌਜਵਾਨ ਬੱਚੀ ਮੁਸਲਮਾਨ ਨਾਲ ਨਿਕਲ ਗਈ ਹੋਈ ਸੀ ਤੇ ਉਸ ਨੂੰ ਜਾਪਿਆ ਮੈ ਕਿਸੇ ਵਿਰੋਧੀ ਦੀ ਭਾਸ਼ਾ ਵਿੱਚ ਉਸ ਨੂੰ ਜਿੱਚ ਕਰ ਰਿਹਾ ਹਾਂ ਸੋ ਤੂੰ ਦੱਸ ਮੇਰੀ ਰੋਟੀ ਦਾ ਕੋਈ ਪ੍ਰਬੰਧ ਹੈ ਤੇਰੇ ਕੋਲੇ? ਜੇ ਹੈ ਤਾਂ ਮੈ ਹਲੂਣ ਦਿੰਨਾ ਲੋਕਾਂ ਨੂੰ, ਮੈਨੂੰ ਅਰਦਾਸਾਂ ਵਾਲਿਆਂ ਤੋਂ ਸਭ ਪਤਾ ਕਿ ਇਹ ਕਿੰਨੇ ਕੁ ਪਾਣੀ ‘ਚ ਨੇ ਤੇ ਇਥੇ ਕੀ ਕੜ੍ਹੀ ਘੁੱਲ ਰਹੀ ਹੈ ਘਰਾਂ ਵਿੱਚ ਲੋਕਾਂ ਦੇ!!
ਪਰ ਕੋਈ ਹੱਲ? ਬਾਬੇ ਨੂੰ ਉਸ ਅਗੇ ਕੋਈ ਚੰਗਾ ਜਵਾਬ ਨਾ ਅਹੁੜਿਆ।
ਕੋਈ ਹੱਲ ਨਹੀਂ ! ਵਪਾਰ ਦਾ ਕੋਈ ਹੱਲ ਹੋ ਹੀ ਨਹੀਂ  ਸਕਦਾ। ਅਸੀਂ ਵੀ ਵਪਾਰੀ ਹਾਂ ਸਾਨੂੰ ਅਪਣੀ ਰੋਜੀ-ਰੋਟੀ ਦਾ ਫਿਕਰ ਹੈ, ਪ੍ਰਬੰਧਕ ਵਪਾਰੀ ਏ ਉਸ ਨੂੰ ਵਧ ਤੋਂ ਵਧ ‘ਸੰਗਤ’ ਚਾਹੀਦੀ ਤੇ ਲੋਕ ਖੁਦ ਵਪਾਰੀ ਨੇ ਜਾਂ ਤਾਂ ਉਹ ਕੁਝ ਮੰਗਣ ਆਉਂਦੇ ਜਾਂ ਅਪਣੇ ਰੋਣੇ ਰੋਣ ਪਰ ਖੁਦ ਕੁਝ ਕਰਕੇ ਕੋਈ ਖੁਸ਼ ਨਹੀਂ । ਉਹ ਸੋਚਦੇ ਭਾਈ ਨੂੰ ਪੈਸੇ ਦਿਓ, ਪਾਠ ਕਰਾਓ, ਆਪ ਭੋਗ ਵਾਲੇ ਦਿਨ ਕੋਟ ਪਿੰਟਾਂ ਤੇ ਨਵੇ ਸੂਟ-ਬੂਟ ਪਾ ਕੇ ਇੱਕ ਦੂਜੇ ਰਿਸ਼ਤੇਦਾਰ ਤੇ ਬਹੁਤ ਬੰਦਿਆਂ ਨਾਲ ਬਣੀ ਹੋਣ ਦਾ ਟੌਹੁਰ ਪਾਉਂਣ ਲਈ ਸੱਦੇ ਗਏ ਵਧ ਤੋਂ ਵਧ ਲੋਕਾਂ ਨਾਲ ਗੱਪ-ਸ਼ੱਪ ਮਾਰੋ, ਲੰਗਰ-ਪਕੌੜਿਆਂ ਨਾਲ ਲਿਹੜੋ ਤੇ ਘਰ ਜਾਓ। ਸੁਣਨਾ-ਸਿਖਣਾ ਕਿਸ ਬਲਾ ਦਾ ਨਾਂ, ਇਸ ਤੋਂ ਕੀ ਲੈਣਾ। ਤੇ ਬਾਬਾ ਸਾਡਾ ਮਹਿਕਮਾ ਘੱਟ ਨਹੀਂ  ਉਸ ਨੂੰ ਪੱਤੈ ਇਨ੍ਹਾ ਦੀ ‘ਸਰਦਾਰੀ’ ਦਾ ਤੇ ਉਹ ਰਾਤ ਗੁਣ ਗੁਣ ਕਰਕੇ ਪੱਤਰੇ ਥੱਲ ਅੱਧਾ ਕੁ ਸੌ-ਜਾਗ ਕੇ ਨੌਵਾਂ ਮਹੱਲਾ ਹੇਕ ਲਾ ਕੇ ਪੜਕੇ ‘ਲੱਖ ਖੁਸ਼ੀਆਂ’ ਦਾ ‘ਲੌਲੀ-ਪੌਪ’ ਦੇ ਕੇ ਘਰੀਂ ਤੋਰ ਦਿੰਦੇ ਤੇ ਦੱਸ ਇਥੇ ਸਿਖਣ ਵਾਲਾ ਕੀ ਹੈ? ਤੇ ਇੰਨਾਂ ਅਗੋਂ ਅਪਣੀ ਉਲਾਦ ਨੂੰ ਕੀ ਸਿਖਾਉਂਣਾ?
ਉਸ ਦੀਆਂ ਗੱਲਾਂ ਤੋਂ ਜਾਪਿਆ ਕਿ ਵਾਕਿਆ ਹੀ ਡਰੱਗੀ, ਸਮੈਕੀ ਜਾਂ ਮੁੱਤੀਆਂ ਵਾਲੇ ਕੋਈ ਅਕਾਸ਼ ਵਿਚੋਂ ਨਹੀਂ  ਡਿੱਗ ਰਹੇ ਨਾ ਧਰਤੀ ਵਿੱਚੋਂ ਉੱਗ ਰਹੇ ਨੇ ਇਹ ਸਾਡੀ ਹੀ ਦੇਣ ਹੈ, ਸਾਡੇ ਹੀ ਘਰਾਂ ਵਿੱਚੋਂ ਸਾਡੀਆਂ ਹੀ ਮਾਵਾਂ ਦਾ ਦੁੱਧ ਚੁੰਘ ਕੇ ਇਹ ਇਥੋਂ ਤੱਕ ਉਪੜੇ ਨੇ। ਇਹ ਕੋਈ ਜੰਮਦੇ ਹੀ ਅਜਿਹੇ ਨਹੀਂ  ਸਨ। ਕੁਦਰਤ ਨੇ ਬੜੇ ਸੁਹਣੇ ਕੋਮਲ ਫੁੱਲ ਸਾਡੀ ਝੋਲੀ ਪਾਏ ਸਨ ਪਰ ਇਨ੍ਹਾ ਨੂੰ ਅਸੀਂ ਅਪਣੀ ਗੰਦਗੀ ਨਾਲ ਮੁਰਝਾ ਦਿੱਤਾ ਹੈ, ਇੰਨ੍ਹਾ ਦੀ ਕੋਮਲਤਾ ਨੂੰ ਕਠੋਰਤਾ ਵਿਚ ਬਦਲ ਦਿਤਾ ਹੈ। ਕੋਈ ਮਾਂ ਦੱਸੇ ਕਿ ਅੱਜ ਸੜਕਾਂ ਤੇ ਸਿਗਰਟਾਂ ਫੂਕਦਾ ਫਿਰਦਾ, ਕੁੱਕੜ ਵਰਗੇ ਵਾਲ ਰੰਗਾਈ ਫਿਰਦਾ ਉਸ ਦਾ ਬੱਚਾ ਜਦ ਪਹਿਲੀ ਵਾਰ ਉਸ ਦੀ ਗੋਦ ਵਿੱਚ ਕੁਦਰਤ ਨੇ ਦਿੱਤਾ ਸੀ ਤਾਂ ਕੀ ਉਹ ਅਜਿਹਾ ਹੀ ਸੀ?


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.