ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਦੇਵ ਸਿੰਘ ਸੱਧੇਵਾਲੀਆ
ਸਰਬ ਰੋਗ ਕਾ ਅਉਖਦੁ ਨਾਮੁ
ਸਰਬ ਰੋਗ ਕਾ ਅਉਖਦੁ ਨਾਮੁ
Page Visitors: 61

ਸਰਬ ਰੋਗ ਕਾ ਅਉਖਦੁ ਨਾਮੁ
 ਮੇਰੀ ਇਹੀ ਮੁਸ਼ਕਲ ਰਹੀ ਕਿ ਗੁਰਬਾਣੀ ਤਾਂ ਮੇਰੇ ‘ਸਰਬ ਰੋਗ’ ਕੱਟਣੇ ਚਾਹੁੰਦੀ ਸੀ ਮੈਂ ਉਸ ਅੱਗੇ ਅਪਣੇ ਗੋਡੇ ਲੈ ਕੇ ਬੈਠ ਗਿਆ। ਗੁਰਬਾਣੀ ਤਾਂ ਮੇਰੇ ਉਹ ਰੋਗ ਕੱਟਣੇ ਚਾਹੁੰਦੀ ਸੀ ਜਿਹੜੇ ਬਾਕੀ ਸਾਰੀਆਂ ਬੀਮਾਰੀਆਂ ਦੀ ਜ੍ਹੜ ਹਨ ਪਰ ਮੈਂ ਅਪਣਾ ਸਿਰ ਦੁੱਖਦਾ ਲੈ ਕੇ ਦੁਹਾਈ ਚੁੱਕ ਦਿੱਤੀ। ਮੈ ਇਹ ਨਹੀਂ ਸੋਚਿਆ ਕਿ ਸਿਰ ਮੇਰਾ ਦੁੱਖਦਾ ਕਿਉਂ ਹੈ। ਬਲੱਡ ਪ੍ਰੈਸ਼ਰ ਹਾਈ ਹੋਵੇਗਾ, ਕਲੈਸਟਰ ਜਾਂ ਕੋਈ ਹੋਰ ਪ੍ਰੈਸ਼ਾਨੀ ਹੋਵੇਗੀ। ਉਹ ਮੈਂ ਦੂਰ ਨਾ ਕੀਤੀਆਂ ਤੁਰ ਪਿਆ ਗੁਰਬਾਣੀ ਨੂੰ ਮੰਤਰ ਬਣਾ ਰੋਗ ਦੂਰ ਕਰਨ।
ਮੇਰੀ ਪਿੱਛਲੇ ਘਰ ਦੀ ਬੇਸਮਿੰਟ ਵਿੱਚ ਇੱਕ ਬਜ਼ੁਰਗ ਜੋੜਾ ਰਹਿੰਦਾ ਹੁੰਦਾ ਸੀ ਉਨ੍ਹਾਂ ਦੇ ਸਵੇਰੇ ਸਵੇਰੇ ਫਾਇਰ ਅਲਾਰਮ ਖੜਕਣੇ ਸ਼ੁਰੂ ਹੋ ਜਾਂਦੇ ਸਨ। ਦੇਸੀ ਖੁਰਾਕ ਦੇ ਸ਼ੌਕੀਨ ਸਨ ਮੂਲੀਆਂ ਆਲੂਆਂ ਵਾਲੇ ਪਰੌਠੇਂ ਤਵੇ ਦੇ ਉਪਰ ਦੀ ਰ੍ਹਾੜਨ ਦੇ ਧੂੰਏ ਨਾਲ ਆਲਾਰਮ ਦੁਹਾਈਆਂ ਚੁੱਕ ਲੈਂਦਾ ਸੀ ਕਿ ਬਚਾਓ। ਇੱਕ ਦਿਨ ਸਵੇਰੇ ਸਵੇਰੇ ਕਿਤੇ ਚਲੇ ਤਾਂ ਗਰਾਜ ਅਗੇ ਖੜੇ ਮੈਂ ਪੁੱਛ ਲਿਆ ਕਿ ਬੇਬੇ ਬਾਪੂ ਕਿਧਰ?
ਆਹ ਪੁੱਤ ਅੰਕਲ ਤੇਰੇ ਦਾ ਸਿਰ ਬੜਾ ਦੁੱਖਦਾ ਰਹਿੰਦਾ ਤੇ ਦੱਸ ਪਈ ਕਿ ਪੰਜਾਬੋਂ ਇੱਕ ਸਿਆਣਾ ਆਇਆ ਕਿਸੇ ਘਰ ਠਹਿਰਿਆ ਉਹ ਹਥੌਲਾ ਕਰ ਦਿੰਦਾ।
ਮਾਤਾ ਇਸ ਨੂੰ ਡਾਕਟਰ ਦੇ ਲੈ ਕੇ ਜਾਹ ਜਾਂ ਤਾਂ ਇਸ ਦਾ ਬਲੱਡ ਪ੍ਰੈਸ਼ਰ ਹਾਈ ਜਾਂ ਕਲੈਸਟਰ ਅੱਖਾਂ ਵੇਖ ਲਾਲ ਪਈਆਂ।
ਡਾਕਟਰਾਂ ਨੂੰ ਸਵਾਹ ਪਤਾ ਐਂਵੇ ਗੋਲੀਆਂ ਜਿਹੀਆਂ ਲਿੱਖ ਦਿੰਦੇ।
ਹੁਣ ਇਸ ਦਾ ਇਲਾਜ ਕੋਈ ਕੀ ਕਰੇ। ਸਰਬ ਰੋਗ ਵਾਲੇ ਇਲਾਜ ਵੀ ਸਾਡੇ ਇੰਝ ਕੁ ਦੇ ਹੀ ਹਨ। ਦੇਹ ਦੇ ਹੇਠਾਂ ਅਸੀਂ ਚਸਕਿਆਂ ਦੀਆਂ ਅੱਗਾਂ ਬਾਲਣੋਂ ਨਹੀਂ ਹੱਟਦੇ, ਪਰ ਸੋਚਦੇ ਹਾਂ ਕਿ ਗੁਰਬਾਣੀ ਦੇ ਪਾਠਾਂ ਦੀ ਗਿਣਤੀਆਂ ਦੇ ਘੋਟੇ ਦਿੱਤਿਆਂ ਦੇਹ ਅੰਦਰ ਲੱਗੇ ਰੋਗ ਸ਼ਾਂਤ ਹੋ ਜਾਣ।
ਹੁਣ ਨੁਕਸ ਕੀ ਹੈ?
ਘੋਟੇ ਲਵਾਉਂਣ ਵਾਲੇ ਮੈਨੂੰ, ‘ਤ੍ਰਿਸ਼ਨਾ ਵਡਾ ਰੋਗ ਲਗਾ’ ਬਾਰੇ ਨਹੀਂ ਦੱਸਣਗੇ,
‘ਨਾਮ ਬਿਸਾਰਿ ਕਰੇ ਰਸ ਭੋਗ, ਸੁਖੁ ਸੁਪਨੇ ਨਹੀਂ, ਤਨ ਮਹਿ ਰੋਗ’ ਨਹੀਂ ਪੜਾਉਂਣਗੇ।
 ਕਿਉਂਕਿ ਇਸ ਨਾਲ ਤੁਹਾਨੂੰ ਛੱਡਣਾ ਬਹੁਤ ਕੁਝ ਪੈਣਾ। ਹੁਣ ਤ੍ਰਿਸ਼ਨਾ ਤਾਂ ਬਕਸੇ ਵਿੱਚ ਪੈਣ ਤੱਕ ਨਾ ਮੈਂ ਛੱਡਾਂ ਤੇ ਇਹ ਪੜ੍ਹਾਈ ਜਾਂਦੇ ਅਸਲ ਰੋਗ ਤੇਰਾ ਤ੍ਰਿਸ਼ਨਾ।
ਹੱਦ ਹੋ ਗਈ ਇਹ ਕਜਿਹੇ ਡਾਕਟਰ ਨੇ ਮੈਂ ਕਹਿੰਨਾ ਮੇਰਾ ਸਿਰ ਦੁਖਦਾ, ਇਹ ਕਹੀ ਜਾਂਦੇ ਨਹੀਂ ਤੇਰਾ ਰੋਗ ਤ੍ਰਿਸ਼ਨਾ। ਚਲੋ ਹੋਰ ਕਿਤੇ ਬਥੇਰੇ ਸਵਾਹਾਂ ਦੇ ਕੇ ਜਾਂ ਫੂਕਾਂ ਮਾਰ ਕੇ ‘ਠੀਕ’ ਕਰ ਦਿੰਦੇ ਨੇ।
ਮੈਂ ਕਹੀ ਜਾਂਦਾ ਮੇਰੀ ਦੇਹੀ ਹਿੱਲਦੀ ਨਹੀਂ, ਇਸ ਨੂੰ ਕੋਈ ਤੁਰਦਾ ਕਰਦੇ ਥੋੜਾ ਬਾਹਲਾ ਹੋਰ ਜੀ ਲਵਾਂ ਹੋਰ ਥੋੜਾ ਭੋਗ ਲਵਾਂ ਪਰ ਇਹ ਸਭ ਉਲਟਾ ਕਰੀ ਜਾਂਦੇ ਅਖੇ ਤੇਰੇ ਤੇ ਰੋਗਾਂ ਦਾ ਕਾਰਨ ਹੀ ਭੋਗ ਨੇ। ਭੋਗਣ ਲਈ ਹੀ ਤਾਂ ਮੈਂ ਦੇਹੀ ਤੋਰਨੀ ਚਾਹੁੰਦਾ ਤੇ ਇਹ ਕਹੀ ਜਾਂਦੇ ਭੋਗ ਹੀ ਰੋਗ ਨੇ।
ਮੈਂ ਕਹਿੰਨਾ ਮੇਰਾ ਸਾਹ ਰੁੱਕਦਾ, ਦਮ ਘੁਟਦਾ, ਪੁਰਾਣੀ ਖਾਂਸੀ ਦਮਾ ਬਣ ਗਈ ਕੋਈ ਸ਼ਬਦ ਦੱਸੋ ਸਾਹ ਸੌਖਾ ਤੁਰਨ ਲੱਗ ਪਵੇ ਇਹ ਕਹੀ ਜਾਂਦੇ ਇਸ ਨੂੰ ਛੱਡ ਤੇਰਾ ਦੀਰਘ ਰੋਗ ਤਾਂ ਹਾਉਮੈ ਹੈ ਇਸ ਨੂੰ ਛੱਡ। ਲਓ ਜੇ ਹਉਮੈ ਹੀ ਛੱਡ ਦਿੱਤੀ ਤਾਂ ਸਾਹ ਕਾਹਦੇ ਲਈ ਲੈਣਾ। ਲੰਕਾ ਤਾਂ ਸਾਰੀ ਮੇਰੀ ਹਉਂ ਤੇ ਖੜੀ ਇਹ ਕਹੀ ਜਾਂਦੇ ਇਹ ਦੀਰਘ ਰੋਗ ਹੈ। ਇਥੇ ਸਭ ਕੁਝ ਉਲਟਾ ਪੁਲਟਾ ਹੈ। ਹੁਣ ਦੱਸੋ ਇਨ੍ਹਾਂ ਕੈਪਾਂ ਵਿੱਚ ਕੌਣ ਆਵੇਗਾ। ਤੇ ਮੈਂ ਕਿਉਂ ਪੜਾਵਾਂ ਏਹ ਸਭ ਕੁਝ? ਮੈਂ ਕਿਉਂ ਪੜਾਂਵਾਂ ਕਿ ਤੇਰੇ ਰੋਗ ਤਾਂ ਹੋਰ ਨੇ ਦਵਾਈਆਂ ਤੂੰ ਹੋਰ ਰੋਗਾਂ ਦੀਆਂ ਲੱਭਦਾ ਫਿਰਦਾਂ।
ਮੇਰੀਆਂ ਅੱਖਾਂ ਰੋਗੀ ਨੇ, ਕੰਨ ਰੋਗੀ ਨੇ, ਜੀਭ ਰੋਗੀ ਹੈ, ਬਾਕੀ ਇੰਦਰੇ ਰੋਗੀ ਨੇ। ਦੇਖਣ ਦਾ, ਸੁਣਨ ਦਾ ਚਸਕਿਆਂ ਦਾ ਮੈਂ ਜੀਵਨ ਭਰ ਦਾ ਗੁਲਾਮ ਹਾਂ। ਕਾਮ ਮੇਰੇ ਅੰਦਰ ਭੂਤਰਿਆ ਰਹਿੰਦਾ ਹੈ, ਕ੍ਰੋਧ ਮੇਰੇ ਤੇ ਕਾਠੀ ਪਾਈ ਰੱਖਦਾ, ਲੋਭ ਦਾ ਕੁੱਤਾ ਮੇਰੇ ਅੰਦਰ ਨਿੱਤ ਭਉਂਕਦਾ, ਮੋਹ ਦੀਆਂ ਕੱਸੀਆਂ ਤੰਦਾਂ ਮੈਨੂੰ ਨਿੱਤ ਜਲੀਲ ਕਰਦੀਆਂ, ਹੰਕਾਰ ਤਾਂ ਅੰਨ੍ਹਾ ਕਰੀ ਰੱਖਦਾ ਤੇ ਇੰਨੇ ਭਿਆਨਕ ਰੋਗਾਂ ਦੇ ਹੁੰਦਿਆਂ ਦੇਹੀ ਦੇ ਛੋਟੇ ਰੋਗਾਂ ਨੂੰ ਲੈ ਕੇ ਮੈਂ ਡੇਰਿਆਂ ਵਲ ਧੂੜਾਂ ਪੱਟੀਆਂ ਪਈਆਂ।
ਮਸਲਨ 2011 ਵਿੱਚ ਮੇਰਾ ਐਕਸੀਡੈਂਟ ਹੋ ਗਿਆ, ਟਰੱਕ ਉਲਟਣ ਨਾਲ ਖੱਬਾ ਚੂਲਾ ਫੈਕਚਰ ਕਰ ਗਿਆ, ਦੋ ਸਾਲ ਡਾਕਟਰਾਂ ਫਹੁੜੀਆਂ ਤੇੱ ਰੱਖ ਛੱਡਿਆ ਕਿਉਂਕਿ ਸਰਜਰੀ ਲਈ ਵੇਟਿੰਗ ਲਿਸਟ ਲੰਮੀ ਸੀ ਵਾਰੀ ਆਈ ਹਿੱਪ ਰੀਪਲੇਸ ਹੋ ਗਈ। ਚਲੋ ਉਹ ਠੀਕ ਹੋਇਆ। ‘ਸਿੱਖ ਲਹਿਰ’ ਦੀ ਲੜਾਈ ਵੇਲੇ ਟਕਸਾਲੀ ਤੇ ਬਾਕੀ ‘ਜੋਧਿਆਂ’ ਦੀਆਂ ਫੌਜਾਂ ਖੱਬਾ ਗੁੱਟ ਤੋੜ ਗਈਆਂ। ਦੋ ਮਹੀਨੇ ਉਹ ਲਮਕਦਾ ਰਿਹਾ। ਇੰਡੀਆ ਗਿਆ ਉਥੇ ਐਕਸੀਡੈਂਟ ਨਾਲ ਸੱਜਾ ਗਿੱਟਾ ਟੁੱਟ ਗਿਆ, 2-3 ਤਿੰਨ ਮਹੀਨੇ ਉਹ ਬੱਧਾ ਰਿਹਾ ਹਾਲੇ ਅਗਲੇ ਕੁਝ ਮਹੀਨਿਆਂ ਬਾਅਦ ਫਿਰ ਮੇਰਾ ਇੱਕ ਵੱਡਾ ਅਪ੍ਰੇਸ਼ਨ ਹੈ। ਇਹ ਮੇਰੀ ਦੇਹੀ ਦੇ ਰੋਗ ਹਨ । ਇਹ ਡਾਕਟਰਾਂ ਠੀਕ ਕਰਨੇ ਹਨ ਇਹ ਉਨ੍ਹਾਂ ਦੇ ਕਰਨ ਵਾਲੇ ਹਨ ਨਾ ਕਿ ਕਿਸੇ ਕੈਂਪਾਂ ਵਾਲਿਆਂ।
ਪਰ ਮੈਂ ਕੀ ਕਰਨਾ ਹੈ।
ਮੇਰੇ ਕਰਨ ਵਾਲਾ ਕੇਵਲ ਇਹੀ ਹੈ ਮੈਂ ਦੇਹੀ ਅਪਣੀ ਨਾਲ ਹੋ ਰਹੇ ਤਮਾਸ਼ੇ ਨੂੰ ਗੁਰੂ ਦੀ ਰਜਾ ਸਮਝ ਕੇ ‘ਫੇਸ’ ਕਰਾਂ। ਗੁਰਬਾਣੀ ਨੇ ਮੇਰੇ ਗਿੱਟੇ ਨੂੰ ਪਲੱਸਤਰ ਨਹੀਂ ਲਾਇਆ, ਪਰ ਗੁਰਬਾਣੀ ਨੇ ਮੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਿਆ ਤੇ ਮੇਰਾ ਮਾਨਸਿਕ ਪੱਧਰ ਬਣਾਈ ਰੱਖਿਆ। ਹਰੇਕ ਪਾਸਿਓਂ ਹਲਾਤ ਡਾਵਾਂਡੋਲ ਹੋਣ ਦੇ ਬਾਵਜੂਦ ਗੁਰਬਾਣੀ ਨੇ ਮੈਨੂੰ ਥੰਮ ਕੇ ਰੱਖਿਆ। ਕਿਸੇ ਡੇਰੇ ਕਿਸੇ ਨਕਲੀ ਗੁਰੂ ਕਿਸੇ ਵਿਹਲੜ ਸਾਧ ਦੇ ਖਰੌੜਿਆਂ ਵਿੱਚ ਜਾ ਕੇ ਮੈਨੂੰ ਤਰਲੇ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੋਣ ਦਿੱਤੀ ਮੇਰੇ ਗੁਰੂ ਨੇ।
ਟੁੱਟੇ ਭੱਜੇ ਗੁੱਟਾਂ-ਗਿੱਟਿਆਂ ਨਾਲ ਵੀ ਮੈਂ ਲੁੱਡੀਆਂ ਪਾਉਂਦਾ ਫਿਰਦਾਂ।
ਕਿਉਂ?
ਕਿਉਂਕਿ ਗੁਰੂ ਮੇਰੇ ਨੇ ਇੱਕ ਗੱਲ ਮੈਨੂੰ ਸਮਝਾ ਦਿੱਤੀ ਕਿ ਮਿੱਤਰਾ ਇਹ ਦੁੱਖ ਸੁਖ ਕੱਪੜੇ ਨੇ ਚਾਹੇ ਰੋ ਕੇ ਪਾ ਲੈ ਚਾਹੇ ਹੱਸ ਕੇ।
ਮੇਰੀ ਮੁਸ਼ਕਲ ਪਰ ਇਹ ਹੈ ਕਿ ਮੈਂ ਘਰ ਮੁੰਡਾ ਨਹੀਂ ਆਖੇ ਲੱਗਦਾ ਤਾਂ ਚਲ ‘ਬਾਬਾ ਜੀ’ ਕੋਲੇ। ਕਮਲਿਆ ਬਾਬਾ ਜੀ ਤਾਂ ਆਪ ਕੰਮ ਦੇ ਡਰੋਂ ਪਿਓ ਨਾਲ ਲੜ ਕੇ ਭੱਜਾ ਤੇਰਾ ਮੁੰਡਾ ਕਿਥੋਂ ਆਖੇ ਲੱਗਣ ਲਾ ਦਊ।
 ਪਰ ਮੈਂ ਸਹੀ ਗੱਲ ਨਹੀਂ ਦੱਸਣੀ ਕਿਸੇ ਨੂੰ। ਕਿਉਂ ਦੱਸਾਂ?
 ਮੇਰੇ ਕੀ ਢਿੱਡ ਨਹੀਂ? ਮੈਂ ਸਹੀ ਸਿੱਖਿਆ ਕਿਉਂ ਦੇਵਾਂ?
 ਸਹੀ ਸਿਖਿਆ ਨੁਕਸਾਨ ਦੇਹ ਹੈ। ਬ੍ਰਾਹਮਣ ਵਿਹਲਾ ਰਹਿ ਜਾਂਦਾ, ਜੇ ਸਹੀ ਸਿੱਖ ਮੱਤ ਦਿੰਦਾ ਲੁਕਾਈ ਨੂੰ?
ਤੁਹਾਡੇ ਬਾਬਿਆਂ ਦੇ ਕੀ ਰੇਸ਼ਮੀ ਚੋਲੇ ਇੰਝ ਹੀ ਲਿਸ਼ਕਾਂ ਮਾਰਦੇ ਜੇ ਗੁਰਬਾਣੀ ਵਿਚਲਾ ਸੱਚ ਲੁਕਾਈ ਨੂੰ ਦੱਸ ਦਿੰਦੇ?
 ਅਪਣੇ ਵੱਡੇ ਬਾਬਾ ਜੀ ਨੇ ਦੱਸਿਆ ਸੀ ਸੱਚ। ਪਹਿਲਾਂ ਚੱਕੀਆਂ ਪੀਸੀਆਂ, ਸਾਰੀ ਉਮਰ ਨਿਆਣੇ ਛੱਡ ਜੰਗਲੋ-ਜੰਗਲੀ ਤੇ ਅਖੀਰ ਹੱਲ ਵਾਹੁਣਾ ਪਿਆ ਤੇ ਝੋਨੇ ਚੋ ਲਿੱਦਣ ਕੱਢਦਿਆਂ ਬਾਬਾ ਜੀ ਨੂੰ ਜੋਕਾਂ ਨਾਲ ਵੀ ਦੋ-ਚਾਰ ਹੋਣਾ ਪਿਆ। ਅਗਲਾ ਇਤਿਹਾਸ ਤਾਂ ਕਹਿਣ ਦੀ ਲੋੜ ਨਹੀਂ ਕਿ ਸਹੀ ਸਿੱਖਿਆ ਨੇ ਕੀ ਕੀ ਭਾਣੇ ਵਰਤਾਏ।
ਕੈਂਪ ਲਾਉਂਣ ਵਾਲਿਆਂ ਨੂੰ ਵੀ ਪਤੈ ਲੋਕ ਕੀ ਚਾਹੁੰਦੇ। ਕੈਂਪ ਲਾਉਂਣ ਵਾਲੇ ਖੁਦ ਰੋਗੀ ਨੇ। ਉਨ੍ਹਾਂ ਵੀ ਪਿੱਛੇ ਅਪਣੇ ਉਸਾਰੇ ਹੋਏ ਡੇਰੇ ਤੋਰਨੇ ਨੇ। ਗੁਰਦੁਆਰਿਆਂ ਨੂੰ ਕੋਈ ਮੱਤਲਬ ਨਹੀਂ ਉਨ੍ਹਾਂ ਨੂੰ ਭੀੜਾਂ ਚਾਹੀਦੀਆਂ। ਉਨ੍ਹਾਂ ਹੀ ਭੀੜਾਂ ਵਿੱਚੋਂ ਕਈਆਂ ਮੁੜ ਪਾਠ ਕਰਾਉਂਣੇ ਨੇ, ਵਿਆਹ, ਜੰਮਣੇ-ਮਰਣੇ ਘਰਾਂ ਵਿੱਚ ਸੁਖਮਨੀ ਸਾਹਿਬ ਤੇ ਇੰਝ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਨੂੰ ਖਤਰਾ ਘੱਟ ਜਾਂਦਾ ਹੈ, ਕਿਉਂਕਿ ਉਹ ਅਉਖਧ ਨਾਮ ਦੀਆਂ ਅਰਦਾਸਾਂ ਦਾ ਪੈਸਾ ਵਕੀਲਾਂ ਦੀਆਂ ਮਹਿੰਗੀਆਂ ਸ਼ਰਾਬਾਂ ਦੀ ਭੇਟ ਚ੍ਹਾੜਨਾ ਸੌਖਾ ਹੋ ਜਾਂਦਾ ਹੈ।
ਨਾਮ ਕੀ ਹੈ?
ਉਸ ਦੀ ਰਜਾ ਵਿੱਚ ਰਹਿ ਕੇ ਉਸ ਦੇ ਹਰੇਕ ਹੁਕਮ ਨੂੰ ਮੰਨਣਾ, ਸਹਿਣਾ ਤੇ ਅਰਦਾਸ ਕਰਨੀ ਕਿ ਗੁਰੂ ਸਹਿਣ ਦੀ ਸ਼ਕਤੀ ਦੇਵੇ,
 ਬੰਦ ਬੱਤੀਆਂ ਕਰਕੇ ਲਲਕਾਰੇ ਮਾਰਨੇ ਨਾਮ ਨਹੀਂ।
 ਏਕੋ ਨਾਮੁ ਹੁਕਮੁ ਹੈ ...।                           
ਗੁਰਦੇਵ ਸਿੰਘ ਸੱਧੇਵਾਲੀਆ         
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.