ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਦੇਵ ਸਿੰਘ ਸੱਧੇਵਾਲੀਆ
< = ਇਤਿਹਾਸ ਦਾ ਪਹੀਆ = >
< = ਇਤਿਹਾਸ ਦਾ ਪਹੀਆ = >
Page Visitors: 54

<   =   ਇਤਿਹਾਸ ਦਾ ਪਹੀਆ    =   >
 ਗੁਰਦੇਵ ਸਿੰਘ ਸੱਧੇਵਾਲੀਆ
ਜਦ ਅਸੀਂ ਗੁਰਦਾਸ ਨੰਗਲ ਦੀ ਗੜੀ ਦੇਖਣ ਗਏ ਤਾਂ ਉਥੇ ਕੋਈ ਇਤਿਹਾਸਕ ਨਿਸ਼ਾਨ ਨਾ ਦੇਖ ਕੇ ਉਥੇ ਦੇ ਭਾਈ ਨੂੰ ਪੁੱਛਿਆ ਕਿ ਇਥੇ ਕੋਈ ਗੜੀ੍ਹ ਦੀ ਕੰਧ ਹੀ ਬਚਾਅ ਰੱਖਦੇ ਇਤਿਹਾਸਕ ਨਿਸ਼ਾਨੀ ਵੱਜੋਂ ਤਾਂ ਉਸ ਦਾ ਜਵਾਬ ਬੜਾ ਬੇਲਿਹਾਜਾ ਸੀ,
ਓ ਦੋ ਤਿੰਨ ਸੌ ਸਾਲ ਦੀਆਂ ਗੱਲਾਂ ਨੇ ਕਿਹੜੀਆਂ ਕੰਧਾਂ ਰਹਿੰਦੀਆਂ ਇਥੇ?
ਸਿੱਖ ਇਤਿਹਾਸ ਦਾ ਪਹੀਆ ਖੜੋਅ ਗਿਆ ਹੈ। ਬਾਬਿਆਂ ਦੀਆਂ ਕੱਚੀਆਂ ਪਿੱਲੀਆਂ ਕਹਾਣੀਆਂ ਦੇ ਗਾਰੇ ਵਿਚ ਫਸ ਕੇ ਰਹਿ ਗਿਆ ਹੈ। ਦੁਕਾਨਦਾਰੀਆਂ ਦੀਆਂ ਰੇਤਾਵਾਂ ਵਿਚੋਂ ਇਤਿਹਾਸ ਦੀ ਖੰਡ ਦੇ ਦਾਣੇ ਚੁੱਗਣੇ ਹੁਣ ਇਨੇ ਸੌਖੇ ਨਹੀਂ। ਇਤਿਹਾਸ ਸੁੱਖਣਾਂ, ਅਰਦਾਸਾਂ, ਸਿਮਰਨਾਂ ਅਤੇ ਮਨੋਕਾਮਨਾਵਾਂ ਵਿਚ ਉਲਝ ਗਿਆ ਹੈ। ਬੰਦਾ ਕਹਿੰਦਾ ਮਿਲੂ ਕੀ ਮੈਨੂੰ ਇਤਿਹਾਸ ਜਾਣ ਕੇ! ਇਤਿਹਾਸ ਸਿੱਖ ਕੌਮ ਲਈ ਬੜਾ ਰੁੱਖਾ ਵਿਸ਼ਾ ਹੈ। ਅਲੂਣੀ ਸਿੱਲ ਤਰ੍ਹਾਂ।
ਇਸ ਨੂੰ ਕੋਈ ਵੀ ਚੱਟਣ ਲਈ ਤਿਆਰ ਨਹੀਂ।
ਬਾਬਿਆਂ ਦੀਆਂ ਚਟਪਟੇ ਲੱਡੂ ਕਰਾਰਿਆਂ ਵਰਗੀਆਂ ਕਹਾਣੀਆਂ ਸੁਣ ਸੁਣ ਇਤਿਹਾਸ ਵਰਗੇ ਵਿਸ਼ੇ ਵੰਨੀ ਕਿਹੜਾ ਦੇਖੇ। ਦਰਬਾਰ ਸਾਹਬ ਨੇੜੇ ਅਸੀਂ ਇਤਿਹਾਸ ਨਾਲ ਸਬੰਧਤ ਪੂਰੀਆਂ ਦੁਕਾਨਾਂ ਫੋਲ ਮਾਰੀਆਂ ਪਰ ਸਾਨੂੰ ਕਿਤੇ ਵੀ ਇਤਿਹਾਸ ਨਾਲ ਸਬੰਧਤ ਪੋਸਟਰ ਨਹੀਂ ਮਿਲੇ। ਜਦ ਇੱਕ ਦੁਕਾਨ ਵਾਲੇ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਖਰੀਦਾਰ ਹੀ ਕੋਈ ਨਹੀਂ ਰੱਖੀਏ ਕਿਸ ਖਾਤਰ?
ਡੇਰਿਆਂ ਅਤੇ ਕਾਰਸੇਵੀਆਂ ਇਤਿਹਾਸ ਦੀ ਤਬਾਹੀ ਤਾਂ ਜੋ ਕੀਤੀ ਸੋ ਕੀਤੀ, ਪਰ ਲੋਕਾਂ ਦੀ ਖੁਦ ਦੀ ਵੀ ਤਾਂ ਕੋਈ ਰੁਚੀ ਨਹੀਂ ਰਹੀ।
ਉਹ ਪੜਨਾ ਹੀ ਨਹੀਂ ਚਾਹੁੰਦੇ। ਪੜਨ ਦਾ ਸ਼ੌਕ ਹੀ ਖਤਮ।
ਉਹ ਕਹਿੰਦੇ ਨਿਆਣੇ ਅੰਗਰੇਜੀ ਪੜ ਜਾਣ ਪੰਜਾਬੀ ਨੂੰ ਕੌਣ ਪੁੱਛਦੈ! ਮਾਈਆਂ ਦੀ ਪੰਜਾਬੀ ਡਰਾਮਿਆਂ ਦੀ ਹਮਕੋ ਤੁਮਕੋ ਨੇ ਖਾ ਲਈ ਤੇ ਭਾਈਆਂ ਦੀ ਭਈਆਂ ਨਾਲ ਕਿੱਲ੍ਹ ਕੇ ਬੋਲੀ ਹਿੰਦੀ ਨੇ! ਹੋਰ ਹੈਰਾਨੀ ਦੀ ਗੱਲ ਕਿ ਹਿੰਦੀ ਦੀ ਮੁਝਕੋ ਤੁਝਕੋ ਵਾਲੀ ਕੌੜੀ ਵੇਲ ਤੁਹਾਡੇ ਆਹ ਚੋਲਿਆਂ ਵਾਲਿਆਂ ਭਗਵੀਆਂ ਲੂੰਗੀਆਂ ਰਾਹੀਂ ਤੁਹਾਡੀਆਂ ਧਾਰਮਿਕ ਸਟੇਜਾਂ ਉਪਰ ਚਾਹੜ ਛੱਡੀ ਹੋਈ! ਪਤਾ ਹੀ ਨਹੀਂ ਲੱਗਦਾ ਕਿ ਇਹ 'ਕਥਾ' ਮੰਦਰ ਵਿਚ ਹੋ ਰਹੀ ਜਾਂ ਕਿਸੇ ਗੁਰਦੁਆਰੇ ਦੀ ਸਟੇਜ ਤੇ! ਬੋਲੀ ਹੀ ਨਾ ਰਹੀ ਤਾਂ ਇਤਿਹਾਸ ਟਿੱਕੂ ਕਾਹਦੇ 'ਤੇ?
ਪੰਜਾਬ ਗਏ ਨੇ ਘਰ ਵਿਚ ਤੁਰੇ ਫਿਰਦੇ ਪੇਡੂੰ ਨਿਆਣਿਆਂ ਵਿਚੋਂ ਇੱਕ ਨੂੰ ਮੈਂ ਕਿਹਾ ਪੁਤਰ ਸਤਿ ਸ੍ਰੀ ਅਕਾਲ। ਉਹ ਪਤਾ ਕੀ ਕਹਿੰਦਾ?
ਅੰਕਲ ਸਵੇਰੇ ਸਵੇਰ ਗੁੱਡ ਮਾਰਨਿੰਗ ਕਹੀਦੀ??
ਕਸੂਰ ਕਿਸਦਾ? 
ਬਾਬਾ ਜੀ ਅਪਣੇ ਜੋਗੀ ਨੂੰ ਕਹਿੰਦੇ ਤੇਰਾ ਕਸੂਰ ਨਹੀਂ ਤੇਰੀ ਮਾਂ ਹੀ ਕੁਚੱਜੀ ਸੀ, ਜਿਸ ਤੇਰਾ ਭਾਂਡਾ ਹੀ ਨਹੀਂ ਧੋਤਾ।  ਸਾਡੀਆਂ ਮਾਵਾਂ ਭਵੇਂ ਅਨਪ੍ਹੜ ਸਨ ਪਰ ਉਹ ਰਾਤੀਂ ਗੋਦੀ ਲੈ ਸਾਹਿਬਜਾਦਿਆਂ ਅਤੇ ਸ਼ਹੀਦਾਂ ਦੀਆਂ ਗਥਾਵਾਂ ਤੋਤੇ ਤਰ੍ਹਾਂ ਰਟਾਅ ਦਿੰਦੀਆਂ ਸਨ ਪਰ ਹੁਣ ਵਾਲੀ ਮਾਂ ਜੰਮਦੇ ਬੱਚੇ ਨੂੰ ਗੋਦੀ ਲੈ ਵਡਭਾਗੀਆਂ ਦੇ ਭੂਤਾਂ ਤਰ੍ਹਾਂ ਸਿਰ ਮਾਰ ਮਾਰ ਏ.ਬੀ.ਸੀ ਦਾ ਘੋਟਾ ਲਵਾਉਂਦੀ ਕਿ ਇਸ ਵਿਚਲੇ ਅੰਗੇਰਜੀ ਦੇ ਜਿੰਨ ਇਸ ਦੇ ਤੁਰਨ ਤੱਕ ਬੋਲਣ ਕਿਉਂ ਨਾ ਲੱਗ ਜਾਣ!
ਸਾਡੇ ਨਿਆਣੇ ਕਨੇਡਾ ਤੋਂ ਜਾ ਕੇ ਵੀ 'ਦੇਸੀ' ਜਾਪਣ ਅਤੇ ਸ਼ੁਧ ਪੰਜਾਬੀ ਬੋਲਣ ਪਰ ਉਥੇ ਵਾਲੇ? ਖੇਤਾਂ ਦੇ ਸੰਦਾਂ ਨਾਲ ਪੰਗੇ ਲੈਂਦੇ ਨਿਆਣਿਆਂ ਚੋਂ ਇੱਕ ਨੂੰ ਬੇਟਾ ਮੇਰਾ ਕਹਿੰਦਾ ਓ ਕਹੀ ਦਾ ਦਸਤਾ ਨਾ ਤੋੜ ਦਈਂ। ਕਿਸਾਨ ਦਾ ਜਵਾਨ ਹੋ ਰਿਹਾ ਤੇ ਪਿੰਡ ਰਹਿ ਰਿਹਾ ਮੁੰਡਾ ਪਤਾ ਕੀ ਕਹਿੰਦਾ?
ਏਹ ਦਸਤਾ ਕੀ ਹੁੰਦਾ?
ਇੱਕ ਦੀ ਭੂਆ ਕਹਿੰਦੀ ਹੈਥੋਂ ਬਜਾਰੋਂ ਮਖਾਣੇ ਫੜੀ ਖਾਣ ਨੂੰ ਦਿੱਲ ਕਰਦੈ,
ਉਹ ਕਹਿੰਦਾ ਮਖਾਣੇ ਕੀ ਹੁੰਦੇ?
ਬੋਲੀ ਦੀਆਂ ਨੀਹਾਂ ਉਪਰ ਇਤਿਹਾਸ ਟਿੱਕਦੇ ਤੇ ਜਾਣੇ ਜਾਂਦੇ ਨੇ ਪਰ ਇਥੇ ਤਾਂ ਨੀਹਾਂ ਹੀ ਪੁੱਟ ਮਾਰੀਆਂ!
ਇਤਿਹਾਸਕ ਥਾਵਾਂ ਦਾ ਮਲੀਆਮੇਟ ਕਰਕੇ ਕਾਰਸੇਵੀਆਂ ਪਹਿਲਾਂ ਉਨ੍ਹਾਂ ਨੂੰ ਗੁਰਦੁਆਰੇ ਬਣਾ ਮਾਰਿਆ ਤੇ ਹੁਣ ਅੱਗਿਓਂ ਗੁਰਦੁਆਰੇ ਸੈਲਫੀਆਂ ਲੈਣ ਵਾਲੇ ਟੂਰਿਜ਼ਮ ਥਾਵਾਂ ਬਣ ਕੇ ਰਹਿ ਗਏ।
ਅਨੰਦਪੁਰ ਸਾਹਬ ਜਾਣ ਵਾਲੇ ਹੁਣ ਗੁਰੂ ਬਾਜਾਂ ਵਾਲੇ ਨੂੰ ਲੱਭਣ ਥੋੜੋਂ ਜਾਂਦੇ ਉਹ ਤਾਂ ਉਥੇ ਖੰਡਾ ਦੇਖਣ ਜਾਂਦੇ ਤੇ ਉਸ ਦੇ ਅੰਦਰ ਜੋ ਵਿਖਾਆਇਆ ਤੇ ਪੜਾਇਆ ਜਾਂਦਾ? ਮਿਊਜੀਅਮ ਦੇ ਨਾਂ ਤੇ ਪੂਰੇ ਅਨੰਦ ਪੁਰ ਸਾਹਿਬ ਦੀ ਆਭਾ ਹੀ ਖਤਮ ਕਰ ਮਾਰੀ ਖੰਡੇ ਵਾਲਿਆਂ।
ਦਰਬਾਰ ਸਾਹਿਬ ਦੀਆਂ ਪਉੜੀਆਂ ਉਤਰਦਿਆਂ ਹੀ ਸੈਲਫੀਆਂ ਲੈਣ ਵਾਲੇ ਕੀ ਜਾਨਣ ਕਿ ਇਥੇ ਇੱਕ ਇੱਕ ਸਿੱਲ ਹੇਠ ਪਤਾ ਨਹੀਂ ਕਿੰਨੇ ਸੂਰਬੀਰਾਂ ਦੇ ਸਿਰ ਲੱਗੇ ਹੋਏ ਨੇ ਅਤੇ ਲਹੂਆਂ ਦੇ ਦਰਿਆ ਵਹਿ ਚੁੱਕੇ ਨੇ। ਤੇ ਹਾਲੇ ਕੱਲ 84 ਲੰਘ ਕੇ ਗਈ ਜਦ ਦਿੱਲੀ ਵਾਲਿਆਂ ਸਾਡੇ ਲਹੂ ਨਾਲ ਪ੍ਰਕਰਮਾ ਧੋਤੀਆਂ ਤੇ ਟੈਂਕ ਡਾਹ ਡਾਹ ਸਾਡੀਆਂ ਹਿੱਕਾਂ ਲਿਤਾੜੀਆਂ ਪਰ ਚੜ੍ਹ ਕੇ ਆਏ ਕੱਟਕ ਉਗਲਾਂ ਤੇ ਗਿਣਨ ਜੋਗਿਆਂ ਟਰੱਕਾਂ ਵਿਚ ਲੱਦ ਲੱਦ ਤੋਰੇ ਦਿੱਲੀ ਨੂੰ! ਇਹ ਦਰਦਨਾਕ ਗਾਥਾ ਉਥੇ ਦੀ ਹੀ ਹੈ ਜਿਥੇ ਸੈਲਫੀਆਂ ਦਾ ਇੱਕ ਨਵਾ ਦੌਰ ਜਨਮ ਲੈ ਚੁੱਕਾ ਹੋਇਆ ਤੇ ਇਤਿਹਾਸ ਉਥੇ ਖੁਰਦਬੀਨ ਲਾਇਆਂ ਵੀ ਨਹੀਂ ਲੱਭਦਾ!
ਵਕਤੀ ਉਬਾਲਾਂ ਨਾਲ ਕੌਮਾਂ ਨੂੰ ਜਿਆਦਾ ਚਿਰ ਸਥਿਰ ਨਹੀਂ ਰੱਖਿਆ ਜਾ ਸਕਦਾ ਉਹ ਤਾਂ ਸੁੱਕੀ ਪਰਾਲੀ ਤਰ੍ਹਾਂ ਹੁੰਦਾ ਮੱਚੀ ਤੇ ਬੁੱਝ ਗਈ। ਪੁਰਾਣੇ ਤੇ ਭਾਰੇ ਮੁੱਢਾਂ ਦੀ ਅੱਗ ਹੀ ਸਥਿਰ ਤੇ ਠੋਸ ਹੁੰਦੀ ਜੋ ਇਤਿਹਾਸ ਤੋਂ ਬਿਨਾ ਕਿਤੋਂ ਨਹੀਂ ਮਿਲਦੀ ਤੇ ਇਸ ਤੋਂ ਬਿਨਾ ਕੌਮਾਂ ਨੂੰ ਗਰਮ ਯਾਣੀ ਜਿਉਂਦਾ ਨਹੀਂ ਰੱਖਿਆ ਨਹੀਂ ਸਕਦਾ!
ਕਿ ਜਾ ਸਕਦਾ?
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.