ਕੈਟੇਗਰੀ

ਤੁਹਾਡੀ ਰਾਇ



ਗਿਆਨੀ ਸੰਤੋਖ ਸਿੰਘ
ਮਾੜੀ ਧਾੜ ਗਰੀਬਾਂ ਉਤੇ
ਮਾੜੀ ਧਾੜ ਗਰੀਬਾਂ ਉਤੇ
Page Visitors: 2811

ਮਾੜੀ ਧਾੜ ਗਰੀਬਾਂ ਉਤੇ
ਉਪ੍ਰੋਕਤ ਲੋਕੋਕਤੀ ਵਿਚ ਸ਼ਬਦ ਜੋ ‘ਗਰੀਬਾਂ’ ਆਇਆ ਹੈ ਉਸ ਦੇ ਥਾਂ ਇਕ ਹੋਰ ਸ਼ਬਦ ਵਰਤਿਆ ਜਾਂਦਾ ਹੈ। ਉਸ ਬਾਰੇ ਪਾਠਕ ਸੱਜਣ ਜਾਣਦੇ ਹੀ ਹਨ। ਕੁਝ ਸਾਲ ਪਹਿਲਾਂ ਜਦੋਂ ਡਾ. ਪ੍ਰਭਜੋਤ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਇਕ ਨਿਊ ਜ਼ੀਲੈਂਡੋਂ ਆਏ ਪ੍ਰੋਫ਼ੈਸਰ ਸਾਹਿਬ, ਤੇ ਵਿਚੇ ਮੈਂ ਵੀ, ਬੱਚੇ ਤੇ ਬੀਬੀਆਂ ਦੀ ਪ੍ਰਸਿਧ ਮਾਹਰ, ਡਾ. ਹਰਸ਼ਿੰਦਰ ਕੌਰ ਜੀ ਨਾਲ਼, ਕੈਨਬਰੇ ਵਿਚਲੀ ਫ਼ੈਡਰਲ ਪਾਰਲੀਮੈਂਟ ਦੇ ਮੈਂਬਰਾਂ ਨਾਲ਼ ਉਹਨਾਂ ਦਾ ਵਿਚਾਰ ਵਟਾਂਦਰਾ ਕਰਵਾਉਣ ਜਾ ਰਹੇ ਸਾਂ ਤਾਂ ਸੁਭਾਵਕ ਹੀ ਮੇਰੇ ਮੂਹੋਂ ਇਹ ਅਖਾਣ ਨਿਕਲ਼ ਗਈ ਤਾਂ ਨਿਊ ਜ਼ੀਲੈਂਡੀਏ ਪ੍ਰੋਫ਼ੈਸਰ ਸਾਹਿਬ ਜੀ ਨੇ ਇਸ ਵਿਚ ਆਏ ਜਾਤੀ ਸੂਚਕ ਸ਼ਬਦ ਨੂੰ ਸੋਧ ਕੇ, ਉਸ ਦੀ ਥਾਂ ਸ਼ਬਦ ‘ਗਰੀਬਾਂ‘ ਵਰਤਣ ਦਾ ਸੁਝਾ ਦਿਤਾ। ਉਸ ਸਮੇ ਤੋਂ ਮੈਂ ਫਿਰ ਇਸ ਸ਼ਬਦ ਨਾਲ਼ ਹੀ ਇਹ ਅਖਾਣ ਵਰਤਣ ਦਾ ਯਤਨ ਕਰਦਾ ਹਾਂ ਪਰ ਪੱਕੀ ਹੋਈ ਆਦਤ ਕਾਰਨ ਕਦੀ ਕਦੀ ਗ਼ਲਤੀ ਵੀ ਹੋ ਜਾਂਦੀ ਹੈ।
ਪਾਠਕ ਉਤਸੁਕ ਹੋਣਗੇ ਕਿ ਹੁਣ ਇਹ ਗੱਲ ਦੱਸਣ ਦੀ ਲੋੜ ਕਿਉਂ ਪਈ। ਗੱਲ ਇਉਂ ਹੈ ਕਿ ਇਸ ਸਮੇ ਦੀਆਂ ਲੋਕ ਸਭਾਈ ਚੋਣਾਂ ਵਿਚ ਪੰਜਾਬ ਦਾ ਹਕੂਮਤੀ ਸੰਘ ਸਮਝਦਾ ਹੈ ਕਿ ਉਹਨਾਂ ਨੂੰ ਵੋਟਰਾਂ ਵੱਲੋਂ ਵੋਟਾਂ ਦੀ ਬਹੁਤ ਮਾਰ ਪਈ ਹੈ। ਵੈਸੇ ਪੰਜਾਬ ਦੇ ਚੁਣਾਵੀ ਇਤਿਹਾਸ ਵੱਲ ਝਾਤੀ ਮਾਰੀ ਜਾਵੇ ਤਾਂ ਇਹ ਕੋਈ ਬਹੁਤੀ ਵੱਡੀ ਮਾਰ ਨਹੀਂ ਪਈ। 1971 ਦੀ ਇਲੈਕਸ਼ਨ ਦੌਰਾਨ ਸ. ਪਰਕਾਸ਼ ਸਿੰਘ ਬਾਦਲ ਦੇ ਚੀਫ਼ ਮਿਨਿਸਟਰ ਹੋਣ ਦੇ ਬਾਵਜੂਦ, ਸਾਰੇ ਵਸੀਲੇ ਵਰਤ ਕੇ ਵੀ, ਤੇਰਾਂ ਸੀਟਾਂ ਵਿਚੋਂ ਸਿਰਫ ਫੀਰੋਜ਼ਪੁਰ ਤੋਂ ਉਹਨਾਂ ਦੇ ਛੋਟੇ ਭਰਾ ਸ. ਗੁਰਦਾਸ ਸਿੰਘ ਬਾਦਲ ਹੀ ਜਿੱਤ ਸਕੇ ਸਨ। ਜਨਸੰਘ (ਮੌਜੂਦਾ ਸਮੇ ਦੀ ਬੀ.ਜੇ.ਪੀ.) ਵਿਚਾਰੀ, ‘ਵਿਚਾਰੀ’ ਹੀ ਰਹਿ ਗਈ ਸੀ। ਦੂਜੇ ਪਾਸੇ ਕਾਂਗਰਸ ਤੇ ਸੀ.ਪੀ.ਆਈ. ਦਾ ਗੱਠ ਜੋੜ ਬਾਕੀ ਬਾਰਾਂ ਦੀਆਂ ਬਾਰਾਂ ਸੀਟਾਂ ਤੇ ਹੀ ਜੇਤੂ ਰਿਹਾ ਸੀ। ਸੰਗਰੂਰ ਤੇ ਬਠਿੰਡਾ ਕਾਂਗਰਸ ਨੇ ਕਮਿਊਨਿਸਟਾਂ ਨੂੰ ਛੱਡ ਕੇ ਜਿਤਾਈਆਂ ਸਨ ਤੇ ਬਾਕੀ ਦਸਾਂ ਉਪਰ ਉਹ ਖ਼ੁਦ ਜੇਤੂ ਰਹੀ ਸੀ। ਉਹਨਾਂ ਦੋ ਕਮਿਊਨਿਸਟ ਜੇਤੂਆਂ ਵਿਚ ਇਕ ਪ੍ਰਸਿਧ ਇਨਕਲਾਬੀ, ਕਾਮਰੇਡ ਤੇਜਾ ਸਿੰਘ ਸੁਤੰਤਰ ਸੰਗਰੂਰੋਂ ਜਿੱਤੇ ਸਨ। ਕੈਪਟਨ ਅਮਰਿੰਦਰ ਸਿੰਘ ਵੀ ਉਸ ਚੋਣ ਸਮੇ ਕਾਂਗਰਸ ਟਿਕਟ ਤੇ ਪਹਿਲੀ ਵਾਰ ਪਟਿਆਲੇ ਤੋਂ ਜੇਤੂ ਰਹੇ ਸਨ। ਉਸ ਚੋਣ ਦੇ ਮੁਕਾਬਲੇ ਇਸ ਵਾਰੀਂ ਤਾਂ ਸੈਡ+ਬੀ.ਜੇ.ਪੀ. ਗੁੱਟ ਨੂੰ ਏਨਾ ‘ਸੈਡ’ ਨਹੀ ਹੋਣਾ ਚਾਹੀਦਾ, ਕਿਉਂਕਿ ਇਸ ਵਾਰੀਂ ਤਾਂ 1971 ਵਾਲ਼ੀ ਚੋਣ ਦੇ ਮੁਕਾਬਲੇ, ਉਹਨਾਂ ਨੂੰ 6 ਸੀਟਾਂ ਪਰਾਪਤ ਹੋਈਆਂ ਹਨ। ਜਦੋਂ ਕਿ ਪਿਛਲੀ ਚੋਣ ਵਿਚ ਉਹਨਾਂ ਦੀਆਂ 7 ਹੀ ਸੀਟਾਂ ਸਨ। ਇਕ ਸੀਟ ਘੱਟ ਹੋਣ ਪਿੱਛੇ ਹੀ ਏਨਾ ਵਾ-ਵੇਲ਼ਾ! ਉਹ ਘੱਟ ਵੀ ਇਕ ਅੰਮ੍ਰਿਤਸਰ ਵਾਲ਼ੀ ਬੀਜੇਪੀ ਦੇ ਕੋਟੇ ਵਾਲ਼ੀ ਹੈ; ਫਿਰ ਅਕਾਲੀ ਏਨਾ ਤਰਲੋਮੱਛੀ ਕਿਉਂ ਹੋ ਰਹੇ ਹਨ! ਹਾਂ, ਇਹ ਗੱਲ ਜਰੂਰ ਫਿਕਰ ਵਾਲ਼ੀ ਹੈ ਕਿ ਪੰਜਾਬ ਅਸੈਂਬਲੀ ਦੀਆਂ 117 ਸੀਟਾਂ ਵਿਚੋਂ ਅਕਾਲੀ+ਬੀ.ਜੇ.ਪੀ. ਸਿਰਫ ਤੀਜੇ ਥਾਂ ਉਪਰ ਹੀ ਜੇਤੂ ਰਹੇ ਹਨ। ਅਰਥਾਤ ਇਹਨਾਂ ਦੇ ਉਮੀਦਵਾਰ 29 ਸੀਟਾਂ ਤੇ ਹੀ ਬਾਕੀਆਂ ਨਾਲ਼ੋ ਅੱਗੇ ਰਹੇ। ਪਹਿਲਾ ਥਾਂ ਕਾਂਗਰਸ ਨੂੰ 37 ਸੀਟਾਂ ਨਾਲ਼ ਤੇ ਦੂਜੀ ਨਵੀਂ ਜੰਮੀ ਆਪ 33 ਸੀਟਾਂ ਉਪਰ ਅੱਗੇ ਰਹੀ। ਇਸ ਨਾਲ਼ ਸੈਡ ਨੂੰ ਢਾਈ ਕੁ ਸਾਲਾਂ ਨੂੰ ਆ ਰਹੀ ਪੰਜਾਬ ਅਸੈਂਬਲੀ ਦੀ ਚੋਣ ਦਾ ਫਿਕਰ ਪੈ ਗਿਆ ਹੈ। ਉਹ ਸੋਚਦੇ ਹਨ ਕਿ ਕਿਤੇ ਜਾਹ ਜਾਂਦੀ ਨਾ ਹੋ ਜਾਵੇ!
ਇਸ ‘ਹਾਰ’ ਦੀ ਬੁਖਲਾਹਟ ਵਿਚ, ਨਸ਼ੇ ਦੇ ‘ਕਾਰੋਬਾਰ’ ਉਪਰ ਪੰਜਾਬ ਸਰਕਾਰ ਵੱਲੋਂ ਹੱਲਾ ਬੋਲਿਆ ਗਿਆ ਹੈ। ਇਸ ਮੁਹਿਮ ਦੌਰਾਨ ਵਿਚਾਰੇ ਨਸ਼ਈ ਫੜ ਫੜ ਠਾਣਿਆਂ ਤੇ ਜੇਹਲਾਂ ਅੰਦਰ ਤੁੰਨਣੇ ਸ਼ੁਰੂ ਕਰ ਦਿਤੇ ਹਨ। ਉਹਨਾਂ ਵਿਚਾਰਿਆਂ ਦਾ ਕੀ ਕਸੂਰ, ਉਹ ਤਾਂ ਵੇਖੋ ਵੇਖੀ ਜਾਂ ਡਰੱਗ-ਪੁਸ਼ਰਾਂ ਦੇ ਜਾਲ ਵਿਚ ਫਸ ਕੇ, ਆਪਣੀ ਤੇ ਆਪਣੇ ਪਰਵਾਰ ਦੀ ਜ਼ਿੰਦਗੀ ਨੂੰ ਨਰਕ ਬਣਾ ਚੁੱਕੇ ਹਨ। ਉਹਨਾਂ ਦਾ ਤਾਂ ਹੁਣ ਜੀਣਾ ਹੀ ਨਸ਼ੇ ਉਪਰ ਨਿਰਭਰ ਹੈ। ਇਸ ਆਦਤ ਦੀ ਪੂਰਤੀ ਲਈ, ਉਹਨਾਂ ਨੂੰ ਜਦੋਂ, ਉਹਨਾਂ ਦੇ ਨਸ਼ਿਆਂ ਕਰਕੇ ਨੰਗ ਹੋ ਚੁੱਕੇ ਮਾਪਿਆਂ ਹੱਥੋਂ, ਨਸ਼ੇ ਦੀ ਪੂਰਤੀ ਲਈ ਪੈਸੇ ਨਹੀਂ ਮਿਲ਼ਦੇ ਤਾਂ ਉਹ ਚੋਰੀਆਂ, ਡਾਕੇ, ਕਤਲ, ਲੁੱਟਾਂ, ਖੋਹਾਂ ਕਰਕੇ, ਨਸ਼ੇ ਦੀ ਆਦਤ ਪੂਰੀ ਕਰਦੇ ਹਨ। ਉਹਨਾਂ ਵਿਚਾਰਿਆ ਨੂੰ ਤਾਂ ਠਾਣਿਆਂ ਤੇ ਜੇਹਲਾਂ ਦੀ ਬਜਾਇ ਹਸਪਤਾਲਾਂ ਵਿਚ ਭੇਜਣ ਦੀ ਲੋੜ ਹੈ। ਫੜਨਾ ਤਾਂ ਉਹਨਾਂ ਮਗਰਮੱਛਾਂ ਨੂੰ ਚਾਹੀਦਾ ਹੈ ਜੇਹੜੇ ਇਹ ਬੀਮਾਰੀ ਲਾ ਕੇ, ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿਚ ਡੋਬ ਰਹੇ ਹਨ। ਪਰ ਮਾੜੀ ਧਾੜ ਦੀ ਮਾਰ ਹਮੇਸ਼ਾਂ ਗਰੀਬਾਂ ਉਪਰ ਹੀ ਪੈਂਦੀ ਹੈ। ਇਸ ਤੋਂ ਬਚਪਨ ਵਿਚ ਇਕ ਸਾਹਮਣੇ ਵਾਪਰਦੀ ਘਟਨਾ ਚੇਤੇ ਆ ਗਈ: ਤਕਾਲ਼ਾਂ ਦੇ ਘੁਸਮੁਸੇ ਜਿਹੇ ਵਿਚ, ਆਪਣੇ ਪਿੰਡ ਵਿਚਲੇ ਘਰ ਦੇ ਗਵਾਂਢ ਵਿਚ, ਕਦੀ ਕਦੀ ਕਿਸੇ ਗੱਲੋਂ ਨਾਰਾਜ਼ ਹੋਕੇ, ਪਿਓ ਨੇ ਪਰਾਣੀ ਫੜਨੀ ਤੇ ਗਾਹਲ਼ਾਂ ਕਢਦੇ ਹੋਏ ਫਾਹ ਫਾਹ ਕਰਕੇ ਵੱਡੇ ਮੁੰਡੇ ਨੂੰ ਕੁੱਟਣ ਲੱਗ ਪੈਣਾ। ਉਸ ਨੇ ਰੋਂਦੇ ਰੋਂਦੇ ਤੇ ਗਾਹਲ਼ਾਂ ਕਢਦੇ ਹੋਏ ਨੇ, ਦੂਜੇ ਨੰਬਰ ਦੇ ਮੁੰਡੇ ਨੂੰ ਕੁਟ ਕਢਣਾ। ਦੂਜੇ ਨੇ ਅੱਗੋਂ ਓਹੋ ਪਰਾਣੀ ਫੜਨੀ ਤੇ ਗਾਹਲਾਂ ਕਢਦੇ ਕਢਦੇ, ਆਪਣੇ ਤੋਂ ਛੋਟੇ ਤੀਜੇ ਨੰਬਰ ਨੂੰ ਕੁੱਟ ਕਢਣਾ। ਉਸ ਤੋਂ ਅੱਗੇ ਭੈਣਾਂ ਆ ਜਾਣੀਆਂ ਤੇ ਭੈਣਾਂ ਨੂੰ ਕੁੱਟਣ ਦੀ ਬਜਾਇ ਉਸ ਨੇ ਰੋਂਦੇ ਤੇ ਗਾਹਲਾਂ ਕਢਦੇ ਹੋਏ ਮੰਜੇ ਤੇ ਲੰਮਾ ਪੈ ਜਾਣਾ ਤੇ ਨਾਲ਼ੇ ਗਾਹਲਾਂ ਕਢੀ ਜਾਣੀਆਂ। ਇਸ ਕੁੱਟ ਕੁਟਈਏ ਦੇ ਕਾਰਨ ਦੀ ਮੈਨੂੰ ਅਜੇ ਤੱਕ ਵੀ ਸਮਝ ਨਹੀ ਆਈ। ਵਾਕਿਆ ਇਹ ਕੋਈ ਸੱਠ ਪੈਂਹਠ ਸਾਲ ਪਹਿਲਾਂ ਦਾ ਹੋਵੇਗਾ।
ਇਹੋ ਹਾਲ ਪੰਜਾਬ ਦੀ ਸਰਕਾਰ ਦਾ ਮੈਨੂੰ ਭਾਸਦਾ ਹੈ। ਇਹ ਜ਼ਹਿਰ ਦੇ ਵਾਪਾਰੀਆਂ ਨੂੰ ਤਾਂ ਹੱਥ ਪਾ ਨਹੀਂ ਸਕਦੇ ਪਰ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਲਈ ਕਿ ਇਸ ਵਬਾ ਬਾਰੇ ਹੁਣ ਪੰਜਾਬ ਸਰਕਾਰ ਸੁਚੇਤ ਹੋ ਕੇ ਬੜੀ ਗੰਭੀਰ ਹੋ ਗਈ ਹੈ, ਗਰੀਬ ਅਮਲੀਆਂ ਦੀ ਸ਼ਾਮਤ ਲੈ ਆਂਦੀ ਹੈ। ਇਕ ਪੁਲਸ ਅਫ਼ਸਰ ਨੂੰ ਜਦੋਂ ਕਿਸੇ ਨੇ ਇਹ ਸਵਾਲ ਕੀਤਾ ਕਿ ਤੁਸੀਂ ਵੇਚਣ ਵਾਲ਼ਿਆਂ ਨੂੰ ਕਿਉਂ ਨਹੀਂ ਫੜਦੇ; ਵਿਚਾਰੇ ਅਮਲੀਆਂ ਦੀ ਸ਼ਾਮਤ ਕਿਉਂ ਲਿਆ ਰਹੇ ਹੋ ਤਾਂ ਉਸ ਦਾ ਜਵਾਬ ਸੀ ਕਿ ਇਹਨਾਂ ਤੋਂ ਵੇਚਣ ਵਾਲ਼ਿਆਂ ਦਾ ਅਤਾ ਪਤਾ ਪੁੱਛਿਆ ਜਾਵੇਗਾ ਤੇ ਫਿਰ ਉਹਨਾਂ ਨੂੰ ਫੜਾਂਗੇ। ਵਾਹ ਭਈ ਵਾਹ! ਜਿਵੇਂ ਪੰਜਾਬ ਦੀ ਸਰਕਾਰ ਅਤੇ ਪੁਲਿਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੱਡੇ ਮਗਰਮੱਛ ਕੌਣ ਹਨ!
ਇਸ ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿਤਾ ਹੈ। ਜੇਕਰ ‘ਰਾਜਕੁਮਾਰ’ ਰਾਹੁਲ ਨੇ ਪੰਜਾਬ ਵਿਚ ਆ ਕੇ ਆਖ ਦਿਤਾ ਕਿ ਪੰਜਾਬ ਦੀ 70% ਜਵਾਨੀ ਨਸ਼ਿਆਂ ਦੀ ਸ਼ਿਕਾਰ ਹੈ ਤਾਂ ਉਸ ਮਗਰ ਪੱਛੀ ਦੀ ਲੋ ਲੈ ਕੇ ਪੈ ਗਏ। ਹੁਣ ਆਪੇ ਹੀ ਮੰਨੀ ਜਾਂਦੇ ਨੇ।
ਪਰਵਾਰਾਂ ਦੇ ਪਰਵਾਰ ਇਸ ਵਬਾ ਤੋਂ ਉਜੜ ਗਏ ਤੇ ਉਜੜ ਰਹੇ ਹਨ। ਮੇਰੇ ਆਪਣੇ ਵਿਸਥਾਰਤ ਪਰਵਾਰ ਦੇ ਦੋ ਨੌਜਾਵਾਨ ਇਸ ਮਾਰ ਨੇ ਸਾਡੇ ਹੱਥਾਂ ਵਿਚੋਂ ਖੋਹ ਲਏ ਹਨ। ਇਸ ਲੋਹੜੀ (2013) ਦੀ ਸ਼ਾਮ ਨੂੰ ਮਾਪਿਆਂ ਦਾ ਇਕਲੌਤਾ ਨੌਜਵਾਨ 37 ਕੁ ਸਾਲ ਦਾ, ਉਲਟੀ ਆਈ ਤੇ ਵੀਹ ਕੁ ਮਿੰਟਾਂ ਵਿਚ ਹੀ ਪਰਵਾਰਕ ਮੈਂਬਰਾਂ ਦੇ ਵੇਖਦਿਆਂ ਹੀ, ਉਡਾਰੀ ਮਾਰ ਗਿਆ। ਥੋਹੜੇ ਦਿਨ ਪਿਛੋਂ ਇਕ ਹੋਰ 41 ਸਾਲ ਦਾ, ਪੋਲੀਸ ਅਫ਼ਸਰ, ਇੰਟਰਨੈਸ਼ਲ ਖਿਡਾਰੀ ਵੀ ਨਸ਼ੇ ਕਾਰਨ ਹੀ ਫੇਹਲ ਹੋਏ ਗੁਰਦਿਆਂ ਕਰਕੇ ਚੱਲਦਾ ਬਣਿਆ। ਇਹੋ ਹਾਲ ਬਾਕੀ ਪੰਜਾਬੀ ਪਰਵਾਰਾਂ ਦਾ, ਤੇ ਖਾਸ ਕਰਕੇ ਸਿੱਖ ਕਿਸਾਨੀ ਦੇ ਪਰਵਾਰਾਂ ਦਾ ਹੈ।
ਇਹ ਸਾਰਾ ਨਸ਼ਾ ਕੰਡਿਆਲੀ ਤਾਰ ਦੇ ਪਾਰੋਂ ਹੀ ਤਾਂ ਆ ਰਿਹਾ ਨਹੀਂ ਮੰਨਿਆ ਜਾ ਸਕਦਾ। ਫੌਜ, ਬੀ.ਐਸ.ਐਫ਼., ਸੀ.ਅਰ.ਪੀ.ਐਫ਼, ਪੰਜਾਬ ਪੁਲਸ ਵਰਗੀਆਂ ਫੋਰਸਾਂ ਪਹਿਰੇ ਤੇ ਹਨ ਤੇ ਫਿਰ ਕੰਡਿਆਲੀ ਤਾਰ, ਜਿਸ ਬਾਰੇ ਸੁਣਿਆ ਹੈ ਕਿ ਰਾਤ ਨੂੰ ਉਸ ਵਿਚ ਬਿਜਲੀ ਵੀ ਛੱਡੀ ਜਾਂਦੀ ਹੈ ਸ਼ਾਇਦ। ਏਨਾ ਕੁਝ ਹੋਣ ਦੇ ਬਾਵਜੂਦ ਵੀ ਦਹਾਕਿਆਂ ਤੋਂ ਆ ਰਿਹਾ ਨਸ਼ਾ ਰੋਕਿਆ ਨਹੀਂ ਜਾ ਸਕਿਆ ਤਾਂ ਦੋਸ਼ ਕਿਸ ਦਾ! ਮੀਡੀਏ ਵਿਚ ਹਰ ਰੋਜ ਖ਼ਬਰਾਂ ਆਉਂਦੀਆਂ ਨੇ ਕਿ ਅੱਜ ਏਨੇ ਕਰੋੜ ਦੇ ਮੁੱਲ ਦਾ ਨਸ਼ਾ ਫੜਿਆ ਗਿਆ ਤੇ ਅੱਜ ਏਨੇ ਕਰੋੜ ਦਾ। ਫਿਰ ਕਦੀ ਉਸ ਫੜੇ ਗਏ ਨਸ਼ੇ ਦੀ ਦੱਸ ਧੁੱਖ ਨਹੀਂ ਨਿਕਲ਼ਦੀ ਕਿ ਉਹ ਫੜਿਆ ਗਿਆ ਨਸ਼ਾ ਜਾਂਦਾ ਕਿਥੇ ਹੈ! ਇਹ ਵੀ ਸੋਚਣ ਵਾਲ਼ੀ ਗੱਲ ਹੈ ਕਿ ਜੇ ਪੰਜਾਬ ਵਿਚ ਨਕਲੀ ਦੁਧ, ਨਕਲ਼ੀ ਘਿਓ, ਨਕਲੀ ਖੋਆ, ਨਕਲੀ ਗੁੜ, ਏਥੋਂ ਤੱਕ ਹਰੇਕ ਚੀਜ਼ ਨਕਲੀ ਬਣ ਸਕਦੀ ਹੈ ਤਾਂ ਨਕਲੀ ਨਸ਼ਾ ਕਿਉਂ ਨਹੀਂ ਬਣ ਸਕਦਾ! ਹਮੇਸ਼ਾਂ ਪਾਕਿਸਤਾਨ ਦਾ ਨਾਂ ਹੀ ਲਈ ਜਾਣਾ ਇਸ ਬੀਮਾਰੀ ਦਾ ਕੋਈ ਹੱਲ ਨਹੀਂ ਹੈ।
ਏਨੀਆਂ ਫੋਰਸਾਂ ਦੀ ਮੌਜੂਦਗੀ ਦੇ ਬਾਵਜੂਦ ਵੀ ਨਸ਼ਾ ਪਾਕਿਸਤਾਨੋ ਆ ਰਿਹਾ ਹੋਣ ਦਾ ਰੌਲਾ ਸੁਣ ਕੇ, ਅੱਸੀਵੀਆਂ ਵਾਲ਼ੇ ਦਹਾਕੇ ਦੌਰਾਨ, ਸਰਕਾਰੀ ਮੀਡੀਏ ਦੀ ਹਾਲ ਪਾਹਰਿਆ ਚੇਤੇ ਆ ਗਈ। ਧਰਮਯੁਧ ਮੋਰਚੇ ਦੌਰਾਨ, ਸਰਕਾਰੀ ਮੀਡੀਆ ਰੌਲ਼ਾ ਪਾਉਂਦਾ ਸੀ ਕਿ ਅੱਤਵਾਦੀ ਦਰਬਾਰ ਸਾਹਿਬ ਵਿਚ ਲੁਕੇ ਹੋਏ ਹਨ ਤੇ ਓਥੋਂ ਨਿਕਲ਼ ਕੇ, ਦੂਰ ਦੁਰਾਡੇ ਵੱਸਦੇ ਅਮਨ ਪਸੰਦ ਹਿੰਦੂਆਂ ਨੂੰ ਮਾਰ ਕੇ, ਫਿਰ ਦਰਬਾਰ ਸਾਹਿਬ ਵਿਚ ਆ ਕੇ ਪਨਾਹ ਲੈ ਲੈਂਦੇ ਹਨ। ਏਨੀ ਸਖ਼ਤੀ ਵਾਲ਼ੇ ਘੇਰਿਆਂ ਦੇ ਬਾਵਜੂਦ ਜੇਕਰ ਅੱਤਵਾਦੀ ਦਰਬਾਰ ਸਾਹਿਬੋਂ ਨਿਕਲ਼ ਕੇ ਹਿੰਦੂਆਂ ਨੂੰ ਮਾਰ ਕੇ ਮੁੜ ਸ੍ਰੀ ਦਾਰਬਾਰ ਸਾਹਿਬ ਵਿਚ ਆ ਵੜਦੇ ਸਨ ਤਾਂ ਏਨੇ ਘੇਰੇ ਪਾ ਕੇ ਬੈਠੀਆਂ ਫੋਰਸਾਂ ਕਿਸ ਮਰਜ਼ ਦੀ ਦਵਾ ਸਨ! ਨਾ ਉਹਨਾਂ ਨੂੰ ਓਥੋਂ ਨਿਕਲਣ ਸਮੇ ਕੋਈ ਰੋਕਦਾ ਸੀ ਤੇ ਨਾ ਹੀ ਕਤਲ ਕਰਕੇ ਮੁੜਦਿਆਂ ਨੂੰ ਕੋਈ ਪੁੱਛਦਾ ਸੀ ਜਦੋਂ ਕਿ ਆਮ ਸ਼ਰਧਾਲੂਆਂ ਦੀ ਤਲਾਸ਼ੀ ਲੈ ਕੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਦਿਤਾ ਜਾਂਦਾ ਸੀ। ਗੱਲ ਤਾਂ ਸਿੱਖਾਂ ਨੂੰ ਬਦਨਾਮ ਕਰਕੇ ਫੌਜ ਰਾਹੀਂ ਹਮਲਾ ਕਰਕੇ  ਉਹਨਾਂ ਦਾ ਲੱਕ ਤੋੜਨਾ ਸੀ। ਇਹੋ ਹਾਲ ਹੁਣ ਡਰੱਗ ਵਾਲ਼ੇ ਮਸਲੇ ਦਾ ਹੈ।
ਮੇਰੇ ਵਿਚਾਰ ਅਨੁਸਾਰ ਜੋ ਵਿਅਕਤੀ ਇਕ ਵਾਰ ਇਸ ਨਾਮੁਰਾਦ ਨਸ਼ੇ ਦੀ ਗ੍ਰਿਫ਼ਤ ਵਿਚ ਆ ਗਿਆ ਉਸ ਦਾ ਮੁੜ ਪੈਰਾਂ ਸਿਰ ਖੜ੍ਹੇ ਹੋਣਾ ਬੜਾ ਮੁਸ਼ਕਲ ਕੰਮ ਹੈ। ਉਸ ਨੂੰ, ਸ਼ਰਾਬ ਵਾਂਙ ਹੀ ਸਰਕਾਰੀ ਠੇਕੇ ਖੋਹਲ ਕੇ, ਮੁੱਲ ਦਾ ਨਸ਼ਾ ਮੁਹੱਈਆ ਕਰਵਾਉਣਾ ਚਾਹੀਦਾ ਹੈ ਤੇ ਸਮੱਗਲਰਾਂ ਨੂੰ ਸਖ਼ਤੀ ਨਾਲ਼ ਨੱਥਣਾ ਚਾਹੀਦਾ ਹੈ। ਜੇ ਕੋਈ ਨੌਜਵਾਨ ਕਿਸਮਤ ਦਾ ਧਨੀ ਨਿਕਲ਼ ਆਵੇ ਅਤੇ ਆਪਣੀ ਤੇ ਆਪਣੇ ਪਰਵਾਰ ਦੀ ਭਲਾਈ ਵਾਸਤੇ, ਇਸ ਜਿਲ੍ਹਣ ਵਿਚੋਂ ਨਿਕਲਣਾ ਚਾਹੇ ਤਾਂ ਉਸ ਵਾਸਤੇ ਸਰਕਾਰੀ ਖ਼ਰਚ ਤੇ ਇਲਾਜ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ‘ਘੁੰਮਣਘੇਰੀ’ ਵਿਚੋਂ ਨਿਕਲ਼ ਸਕਣਾ ਏਨਾ ਸੌਖਾ ਨਹੀ। ਸਾਡੇ ਪਰਵਾਰਕ ਨੌਜਵਾਨ ਦੇ ਵਾਰਸ ਚਾਰ ਵਾਰੀਂ, ਉਸ ਉਪਰ ਹਜਾਰਾਂ ਖ਼ਰਚ ਕੇ ਸੈਟਰਾਂ ਤੋਂ ਠੀਕ ਕਰਵਾ ਕੇ ਲਿਆਉਂਦੇ ਸਨ ਤੇ ਵਾਪਸ ਆਉਣ ਤੇ ਸਾਥੀਆਂ ਦਾ ਗਰੁੱਪ ਫਿਰ ਉਸ ਨੂੰ ਇਸ ਵਹਿਣ ਵਿਚ ਡੋਬ ਲੈਂਦਾ ਸੀ। ਅੰਤ ਇਸ ਸਭ ਕਾਸੇ ਦਾ ਅੰਤ ਉਸ ਦੀ ਜ਼ਿੰਦਗੀ ਦੇ ਅੰਤ ਨਾਲ਼ ਹੋਇਆ।
ਸਭ ਤੋਂ ਪਹਿਲਾਂ ਨਸ਼ੇ ਦੇ ਸਮੱਗਲਰਾਂ ਤੇ ਵਾਪਾਰੀਆਂ ਨੂੰ ਨੱਥ ਪਾਈ ਜਾਵੇ ਤੇ ਬਣ ਚੁੱਕੇ ਨਸ਼ਈਆਂ ਲਈ, ਸ਼ਰਾਬ ਦੇ ਠੇਕਿਆਂ ਵਾਂਙ ਹੀ ਠੇਕੇ ਖੋਹਲ ਕੇ, ਖੁਲ੍ਹੇ ਤੌਰ ਤੇ ਸਹੀ ਨਸ਼ੇ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ। ਜੇਹੜੇ ਜਣੇ ਨਸ਼ੇ ਦੇ ਮੱਕੜ ਜਾਲ਼ ਵਿਚ ਫਸ ਚੁੱਕੇ ਹਨ ਤੇ ਹੁਣ ਨਿਕਲਣਾ ਚਾਹੁੰਦੇ ਹੋਣ ਉਹਨਾਂ ਦੀ ਬਣਦੀ ਸਰਦੀ ਸਹਾਇਤਾ ਕੀਤੀ ਜਾਵੇ।
ਹੁਣ ਸਰਕਾਰ ਕੀ ਕਰ ਰਹੀ ਹੈ ਇਸ ਤੋਂ ਵੀ 1954 ਦੀ ਇਕ ਘਟਨਾ ਚੇਤੇ ਆ ਗਈ। ਮੇਰੇ ਛੋਟੇ ਭਰਾ ਦੇ ਗਿੱਟੇ ਉਪਰ ਫੋੜਾ ਹੋ ਗਿਆ। ਮੈਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਲੈ ਗਿਆ। ਕੰਪਾਊਡਰ ਨੇ ਆ ਵੇਖਿਆ ਨਾ ਤਾ। ਉਸ ਦਾ ਕੰਨ ਫੜ ਕੇ ਉਸ ਵਿਚ ਦਵਾਈ ਪਾ ਦੇਣ ਲੱਗਾ। ਮੈ ਰੌਲ਼ਾ ਪਾ ਕੇ ਰੋਕਿਆ ਤੇ ਦੱਸਿਆ ਕਿ ਉਸ ਦਾ ਕੰਨ ਨਹੀਂ ਦੁਖਦਾ ਬਲਕਿ ਉਸ ਦੇ ਗਿੱਟੇ ਉਪਰ ਫੋੜਾ ਹੈ, ਤਾਂ ਕੰਪਾਊਡਰ ਨੇ ਉਸ ਦਾ ਕੰਨ ਛੱਡ ਕੇ, ਫੋੜੇ ਉਪਰ ਕੁਝ ਮਲ੍ਹਮ ਜਿਹੀ ਲਾ ਦਿਤੀ ਪਰ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਕੀਤਾ। ਮੈਂ ਏਨਾ ਹੀ ਸ਼ੁਕਰ ਕੀਤਾ ਕਿ ਉਸ ਨੇ ਮੇਰੇ ਛੋਟੇ ਭਰਾ ਦਾ ਕੰਨ ਛੱਡ ਦਿਤਾ ਤੇ ਉਸ ਦਾ ਕੰਨ ਦਵਾਈ ਪਾ ਕੇ ਖਰਾਬ ਨਹੀਂ ਕਰ ਦਿਤਾ।
ਡਰੱਗ ਵਿਕ੍ਰੇਤਾਵਾਂ ਦੇ ਥਾਂ ਗਰੀਬ ਅਮਲੀਆਂ ਉਪਰ ਗੁੱਸਾ ਕੱਢਣ ਬਾਰੇ ਤਾਂ ਪੰਜਾਬੀ ਦੀ ਇਕ ਪੁਰਾਣੀ ਕਹਾਵਤ ਹੀ ਲਾਗੂ ਹੁੰਦੀ ਹੈ:
ਡਿੱਗੀ ਖੋਤੇ ਤੋਂ ਤੇ ਗੁੱਸਾ ਉਸ ਦੇ ਮਾਲਕ ਤੇ। ਏਥੇ ਫਿਰ ਅਸੀਂ ਅਸਲ ਨਾਂ ਦੇ ਥਾਂ ‘ਉਸ ਦੇ ਮਾਲਕ’ ਲਿਖ ਕੇ ਸਾਰਿਆ ਹੈ ਤਾਂ ਕਿ ਕਿਤੇ ਜਾਤ ਵਿਰੋਧੀ ਕਾਨੂੰਨ ਦੀ ਪਕੜ ਵਿਚ ਨਾ ਆ ਜਾਈਏ।
ਗੁੱਸਾ ਤੇ ਇਸ ਗੱਲ ਦਾ ਹੈ ਕਿ ਪੰਜਾਬੀਆਂ ਨੇ ‘ਮਾਲਕਾਂ’ ਦੀ ਆਸ ਅਨੁਸਾਰ ਉਹਨਾਂ ਨੂੰ ਹੁਮ ਹੁਮਾ ਕੇ ਵੋਟਾਂ ਨਹੀਂ ਪਾਈਆਂ ਤੇ ਉਹਨਾਂ ਦਾ ਰੁਝਾਨ ਨਵੀਂ ਉਠੀ ਪਾਰਟੀ ਵੱਲ ਕਿਉਂ ਹੋ ਗਿਆ ਪਰ ਨਜ਼ਲਾ ਉਹ ਮਾੜੇ ਅਮਲੀਆਂ ਤੇ ਝਾੜ ਰਹੇ ਹਨ।
ਇਸ ਤੋਂ ਇਕ ਹੋਰ ਪੇਂਡੂ ਕਹਾਣੀ ਚੇਤੇ ਆ ਗਈ। ਕੋਈ ਮੁੰਡਾ ਕਿਸੇ ਦੀਆਂ ਪਾਥੀਆਂ ਆਪਣੇ ਪੈਰਾਂ ਹੇਠ ਲਿਤਾੜ ਕੇ ਢਾਹ ਰਿਹਾ ਸੀ। ਕਿਸੇ ਨੇ ਪੁੱਛਿਆ, “ਇਹ ਕੀ ਕਰ ਰਿਹਾ ਏਂ?” “ਇਹਨਾਂ ਨੇ ਮੇਰਾ ਪਿਓ ਮਾਰਤਾ ਸੀ; ਮੈਂ ਉਸ ਦਾ ਬਦਲਾ ਲੈ ਰਿਹਾ ਹਾਂ।“ ਮੁੰਡੇ ਦਾ ਉਤਰ ਸੀ।  ਸੋ ਪੰਜਾਬ ਦੇ ‘ਮਾਲਕ’ ਵੋਟਾਂ ਨਾ ਪਾਉਣ ਦਾ ਬਦਲਾ ਅਮਲੀਆਂ ਪਾਸੋਂ ਲੈ ਰਹੇ ਨੇ। ਹਾਂ, ਇਹ ਵੀ ਹੋ ਸਕਦਾ ਹੈ, ਉਹ ਇਹ ਸੋਚਦੇ ਹੋਣ ਕਿ ਬਾਵਜੂਦ ਅਮਲੀਆਂ ਨੂੰ ਅਮਲ ਦੀ ਸੱਬਰਕੱਤੀ ਸਪਲਾਈ ਦੇ ਵੀ ਉਹਨਾਂ ਨੇ ਇਹਨਾਂ ਨੂੰ ਵੋਟਾਂ ਨਾ ਪਾਈਆਂ ਹੋਣ ਤੇ ਇਹ ਹੁਣ ਉਹਨਾਂ ਨੂੰ ਪੁਲਸ ਦੇ ਵੱਸ ਪਾ ਕੇ ਬਦਲਾ ਲੈ ਰਹੇ ਹੋਣ!
ਅਮਲੀਆਂ ਉਪਰ ਸਖ਼ਤੀ ਤੋਂ 1975 ਵਿਚਲੀ ਆਪਣੇ ਭਾਈਆ ਜੀ ਨਾਲ਼ ਵਾਪਰੀ ਘਟਨਾ ਚੇਤੇ ਆ ਗਈ। ਇੰਦਰਾ ਨੇ ਐਮਰਜੈਂਸੀ ਠੋਕ ਕੇ ਲੋਕਾਂ ਦੀ ‘ਢਿਬਰੀ ਟੈਟ’ ਕੀਤੀ ਹੋਈ ਸੀ। ਉਸ ਸਮੇ ਬਾਕੀ ਕਈ ਚੀਜਾਂ ਵਾਂਙ ਹੀ ਸੀਮੈਂਟ ਵੀ ਬਲੈਕ ਵਿਚ ਮਿਲ਼ਦਾ ਹੁੰਦਾ ਸੀ। ਐਮਰਜੈਂਸੀ ਤੋਂ ਪਹਿਲਾਂ ਤਾਂ ਭਾਈਆ ਜੀ ਨੇ ਬਲੈਕੀਆਂ ਨੂੰ ਆਪਣੇ ਮਕਾਨ ਵਾਸਤੇ ਸੀਮੈਂਟ ਭੇਜਣ ਦਾ ਸੁਨੇਹਾ ਦੇ ਦੇਣਾ ਤੇ ਬਲੈਕ ਦੇ ਰੇਟ ਵਿਚ ਰੇਹੜੇ ਤੇ ਲੱਦਿਆ ਸੀਮੈਂਟ ਬੂਹੇ ਦੇ ਅੱਗੇ ਆ ਖਲੋਣਾ। ਐਮਰਜੈਂਸੀ ਸਮੇ ਕਈ ਫੇਰੇ ਮਾਰਨ ਪਿੱਛੋਂ, ਪਹਿਲਾਂ ਨਾਲ਼ੋਂ ਵੀ ਦੂਣਾ ਮੁੱਲ ਦੇ ਕੇ, ਫਿਰ ਵੀ ਸਮੱਗਲਰਾਂ ਨੇ ਵਾਹਵਾ ਉਧੇੜ-ਬੁਣ ਪਿੱਛੋਂ, ਅੱਗਾ-ਪਿੱਛਾ ਵੇਖ ਕੇ ਸੀਮੈਂਟ ਪੁਚਾਉਣਾ। ਨਸ਼ਿਆਂ ਉਪਰ ਸਰਕਾਰੀ ਸਖ਼ਤੀ ਕਰਕੇ, ਕਿਤੇ ਹੁਣ ਵਿਚਾਰੇ ਅਮਲੀਆਂ ਨਾਲ਼ ਵੀ ਇਹੋ ਕੁਝ ਤਾਂ ਨਹੀਂ ਹੋ ਰਿਹਾ!

ਗਿਆਨੀ ਸੰਤੋਖ ਸਿੰਘ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.