ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਆਮ ਪੰਜਾਬੀ ਦਾ ਹਿਸਾਬ ਕਿਤਾਬ
ਆਮ ਪੰਜਾਬੀ ਦਾ ਹਿਸਾਬ ਕਿਤਾਬ
Page Visitors: 2742

ਆਮ ਪੰਜਾਬੀ ਦਾ ਹਿਸਾਬ ਕਿਤਾਬ
       ਆਮ ਪੰਜਾਬੀ ਦੀ ਆਮਦਨ ਦੀ ਅਸਲੀ ਤਸਵੀਰ ਕੀ ਹੈ ਅਤੇ ਇਹ ਰੋਜਾਨਾਂ ਕਿੰਨੀ ਕੁ ਆਮਦਨ ਕਮਾਉਂਦਾਂ ਹੈ ਬਾਰੇ ਸਰਕਾਰੀ ਅੰਕੜੇ ਕੋਈ ਸਪੱਸਟ ਨਿਰਣਾਂ ਨਹੀਂ ਕਰ ਪਾਉਂਦੇ । ਸਰਕਾਰੀ ਅੰਕੜਿਆਂ ਦੀ ਬਾਜੀ ਗਰੀ ਵਿੱਚ ਤਾਂ ਹਰ ਪੰਜਾਬੀ ਸਾਰੇ ਦੇਸ ਵਿੱਚੋਂ ਅਮੀਰ ਹੋਣ ਦਾ ਝੰਡਾ ਫੜ ਬੈਠੇ ਹਨ । ਪੰਜਾਬੀ ਅਮੀਰ ਕਿੰਨੇ ਕੁ ਹਨ ਕਹਿਣਾਂ ਬਹੁਤ ਔਖਾ ਹੈ । ਇੰਹਨਾਂ ਦੇ ਰਹਿਣ ਸਹਿਣ ਅਤੇ ਕਿਰਤ ਕਰਨ ਦਾ ਤਰੀਕਾ ਭਾਵੇਂ ਵਧੀਆ ਅਤੇ ਮਿਹਨਤੀ ਹੈ  । ਕਹਿਣ ਨੂੰ ਤਾਂ ਭਾਵੇਂ ਪੰਜਾਬ ਦੇਸ ਦਾ ਅਮੀਰ ਸੂਬਾ ਹੈ ਅਤੇ ਇੱਥੋਂ ਦੇ ਲੋਕ ਵੀ ਦੂਜੇ ਸੂਬਿਆਂ ਦੇ ਲੋਕਾਂ ਨਾਲੋਂ ਆਪਣੇ ਆਪ ਨੂੰ ਅਮੀਰ ਗਰਦਾਨਦੇ ਹਨ ਪਰ ਆਮ ਪੰਜਾਬੀ ਦੀ ਆਰਥਿਕਤਾ ਦਾ ਹਿਸਾਬ ਕਿਤਾਬ ਕੁੱਝ ਹੋਰ ਹੀ ਤਸਵੀਰ ਪੇਸ ਕਰਦਾ ਹੈ। ਤਿੰਨ ਕਰੋੜ ਦੀ ਜਨਸੰਖਿਆ ਦੇ ਨੇੜੇ ਪਹੁੰਚਣ ਵਾਲੇ ਪੰਜਾਬ ਦੇ ਲੋਕਾਂ ਵਿੱਚੋਂ ਦੋ ਕਰੋੜ ਲੋਕਾਂ ਦਾ ਜੀਵਨ ਦਾ ਅਧਾਰ ਖੇਤੀ ਬਾੜੀ ਹੀ ਹੈ ।
ਇੱਕ ਕਰੋੜ ਲੋਕ ਉਹ ਹਨ ਜੋ ਦੂਸਰੇ ਵਪਾਰਕ ਕੰਮ ਜਾਂ ਮੁਲਾਜਮ ਵਰਗ ਵਿੱਚ ਸਾਮਲ ਹਨ ਜਿੰਹਨਾਂ ਦਾ ਆਮਦਨ ਦਾ ਸਾਧਨ ਖੇਤੀਬਾੜੀ ਨਹੀਂ ਮੰਨਿਆ ਜਾਂਦਾਂ ਅਤੇ ਇਸ ਵਿੱਚ ਮਜਦੂਰ ਵਰਗ ਦਾ ਬਹੁਗਿਣਤੀ ਵਰਗ ਵੀ ਸਾਮਲ ਹੈ॥ ਛੋਟੇ ਕਿਸਾਨ ਅਤੇ ਮਜਦੂਰ ਦੀ ਆਮਦਨ ਵਿੱਚ ਵੀ ਕੋਈ ਬਹੁਤਾ ਫਰਕ ਨਹੀਂ ਹੈ ।    
      ਖੇਤੀਬਾੜੀ ਤੇ ਨਿਰਭਰ ਦੋ ਕਰੋੜ ਲੋਕਾਂ ਕੋਲ ਇੱਕ ਕਰੋੜ ਏਕੜ ਜਮੀਨ ਹੈ। ਇਸ ਜਮੀਨ ਦੇ ਵੀ  ਵੱਡੇ ਹਿੱਸੇ ਦਾ ਮਾਲਕ ਅਮੀਰ ਵਰਗ ਹੈ। ਇੱਕ ਏਕੜ ਦੇ ਵਿੱਚੋਂ 20000 ਦਾ ਖਰਚ ਕਰਕੇ 65000 ਦੀ ਫਸਲ ਦਾ ਉਤਪਾਦਨ ਹੁੰਦਾਂ ਹੈ। ਜੇ ਇੱਕ ਏਕੜ ਦਾ ਸਾਲਾਨਾ ਕਿਰਾਇਆ 35000  ਨੂੰ ਜੋੜ ਲਿਆ ਜਾਵੇ ਫਿਰ ਤਾਂ ਇਹ ਖਰਚਾ 55000 ਨੂੰ ਪਹੁੰਚ ਜਾਂਦਾਂ ਹੈ ਅਤੇ ਇੱਕ ਏਕੜ ਦੀ ਆਮਦਨ 10000 ਹੀ ਰਹਿ ਜਾਂਦੀ ਹੈ। ਸਰਕਾਰਾਂ ਦੇ ਯੋਜਨਾਂ ਬੋਰਡ ਕਿਸਾਨ ਦੀ ਆਮਦਨ ਵੀ 20000 ਕੁ ਹਜਾਰ ਹੀ ਮੰਨਦੇ ਹਨ । ਬੈਕਾਂ ਵੀ ਇਸ ਨੀਤੀ ਤੇ ਚੱਲਕੇ ਹੀ ਕਰਜਾ ਦੇਣ ਦੀਆਂ ਨੀਤੀਆਂ ਬਣਾਉਂਦੀਆਂ ਹਨ ਅਤੇ ਕਿਸਾਨ ਨੂੰ ਏਨਾਂ ਕੁ ਕਰਜਾ ਹੀ ਦਿੰਦੇ ਹਨ ਜਿਸ ਦਾ ਵਿਆਜ ਕਿਸਾਨ ਦੀ ਆਮਦਨ ਦੇ ਬਰਾਬਰ ਹੁੰਦਾਂ ਹੈ ।
      ਜੇ ਇੱਕ ਏਕੜ ਦੀ ਆਂਮਦਨ ਜਿਸ ਵਿੱਚ ਠੇਕੇ ਦੀ ਕੀਮਤ ਵੀ ਸਾਮਲ ਰੱਖ ਲਈ ਜਾਵੇ ਤਾਂ ਇਸ ਤਰਾਂ ਸਮੁੱਚੇ ਪੰਜਾਬ ਦੀ ਖੇਤੀਬਾੜੀ ਦੀ ਆਮਦਨ ਚਾਲੀ ਹਜਾਰ ਕਰੋੜ ਹੀ ਬਣਦੀ ਹੈ । ਅੱਗੇ ਇਸ ਆਮਦਨ ਨੂੰ ਦੋ ਕਰੋੜ ਪੰਜਾਬੀਆਂ ਤੇ ਵੰਡਕੇ ਪ੍ਰਤੀ ਵਿਅਕਤੀ ਇਹ ਆਮਦਨ ਬੀਹ ਕੁ ਹਜਾਰ ਰਹਿ ਜਾਂਦੀ ਹੈ । ਔਸਤ ਆਮਦਨ ਪੰਜਾਬੀਆਂ ਦੀ ਜੇ ਬੀਹ ਹਜਾਰ ਹੈ ਜੋ ਕਿ ਪ੍ਰਤੀ ਮਹੀਨਾਂ ਸੋਲਾਂ ਕੁ ਸੌ ਬਣਦੀ ਹੈ ਅਤੇ ਪ੍ਰਤੀ ਦਿਨ ਪੰਜਾਹ ਕੁ ਰੁਪਏ ।
    ਸਮਾਨ ਤੌਰ ਤੇ ਔਸਤ ਰੂਪ ਵਿੱਚ ਮੰਨੀ ਜਾਂਦੀ ਆਮਦਨ ਸਭ ਦੀ ਇੱਕੋ ਜਿਹੀ ਹੁੰਦੀ ਨਹੀਂ ਕਿਉਂਕਿ ਖੇਤੀਬਾੜੀ ਵਾਲੀ ਜਮੀਨ ਦੇ ਵੱਡੇ ਹਿੱਸੇ ਤੇ ਅਮੀਰਾਂ ਦਾ ਕਬਜਾ ਹੈ ਜਿੰਹਨਾਂ ਵਿੱਚ ਵੱਡੇ ਜਿੰਮੀਦਾਰ , ਰਾਜਨੀਤਕ ਲੋਕ ਅਤੇ ਮੁਲਾਜਮ ਵਰਗ ਦੇ ਅਮੀਰ ਲੋਕ ਸਾਮਲ ਹਨ। ਇਹ ਅਮੀਰ ਲੋਕ ਹੀ ਖੇਤੀਬਾੜੀ ਦੀ ਆਮਦਨ ਦਾ ਜਿਆਦਾ ਹਿੱਸਾ ਲੈ ਜਾਂਦੇ ਹਨ ਅਤੇ ਇਹ ਹੋਣ ਤੋਂ ਬਾਅਦ ਔਸਤ ਰੂਪ ਵਿੱਚ ਮੰਨੀ ਜਾਣ ਵਾਲੀ ਆਮਦਨ ਜੋ ਪੰਜਾਹ ਕੁ ਰੁਪਏ ਪ੍ਰਤੀ ਦਿਨ ਕਿੰਨੀ ਕੁ ਰਹਿ ਜਾਵੇਗੀ  ਸਮਝਣਾਂ ਕੋਈ ਔਖਾ ਨਹੀ । ਅਸਲ ਵਿੱਚ ਪੰਜਾਬੀਆਂ ਦੇ ਵੱਡੇ ਹਿੱਸੇ ਦੀ ਆਮਦਨ ਦੇਸ ਦੇ ਸੂਬਿਆਂ ਦੇ ਲੋਕਾਂ ਵਾਂਗ ਬਹੁਤ ਹੀ ਘੱਟ ਹੈ । ਜੇ ਤੀਸਰਾ ਹਿਸਾ ਆਮਦਨ ਦਾ ਅਮੀਰ ਵਿਹਲੜ ਗੈਰ ਕਾਸਤਕਾਰ ਲੋਕ ਲੈ ਜਾਵਣਗੇ ਤਦ ਔਸਤ ਆਮਦਨ ਦੋ ਕਰੋੜ ਲੋਕਾਂ ਦੀ ਤੀਹ ਪੈਂਤੀ ਰੁਪਏ ਤੋਂ ਜਿਆਦਾ ਨਹੀਂ ਬਣੇਗੀ।               ਸਰਕਾਰਾਂ ਆਪਣੇ ਲੱਖ ਅੰਕੜੇਂ ਜਾਰੀ ਕਰਨ ਪਰ ਪੰਜਾਬ ਦੇ ਲੋਕਾਂ ਦੀ ਹਾਲਤ ਚਾਰ ਰੁਪਏ ਕਿਲੋ ਆਟਾ ਅਤੇ ਬੀਹ ਰੁਪਏ ਦਾਲ ਲੈਣ ਦੀ ਵੀ ਨਹੀਂ । ਇਹੋ ਜਿਹੀਆਂ ਸਕੀਮਾਂ ਦਾ ਬਹੁਤਾ ਸਮਾਨ ਡੀਪੂਆਂ ਵਾਲੇ ਲੋਕ ਫਰਜੀ ਵੇਚਿਆ ਹੀ ਦਿਖਾਉਂਦੇ ਹਨ ਜਾਂ ਇਸ ਰਿਆਇਤੀ ਅਨਾਜ ਦਾਲਾਂ ਦਾ ਵੱਡਾ ਹਿੱਸਾ ਛੋਟੇ ਦੁਕਾਨਦਾਰ ਦਸ ਬੀਹ ਰੁਪਏ ਪ੍ਰਤੀ ਰਾਸਨ ਕਾਰਡ ਦੇ ਦੇ ਕੇ ਖੁਦ ਖਰੀਦ ਲੈਂਦੇ ਹਨ। ਸਰਕਾਰਾਂ  ਅਤੇ ਰਾਜਨੀਤਕ ਲੋਕ ਮਾਇਆਧਾਰੀ ਹੋਣ ਕਾਰਨ ਅੰਨੇ ਬੋਲੇ ਹੀ ਹੁੰਦੇ ਹਨ ਇਹ ਲੋਕ ਘੱਟ ਹੀ ਆਪਣੀਆਂ ਸਕੀਮਾਂ ਦੀ ਪੜਚੋਲ ਕਰਦੇ ਹਨ ਅਤੇ ਇਹਨਾਂ ਦੇ ਨੱਕ ਥੱਲੇ ਭਿਰਸਟ ਮੁਲਾਜਮ ਅਤੇ ਬੇਈਮਾਨ ਸਿਫਾਰਸੀ ਡੀਪੂ ਹਾਸਲ ਕਰਨ ਵਾਲੇ ਲੋਕ ਲੁੱਟ ਦਾ ਗੋਰਖ ਧੰਦਾ ਜਾਰੀ ਰੱਖਦੇ ਹਨ ।
ਆਮ ਪੰਜਾਬੀ ਦੀ ਆਮਦਨ ਦਾ ਅਸਲ ਵਿੱਚ ਬੁਰਾ ਹਾਲ ਹੈ। ਨਰੇਗਾ ਵਰਗੀ ਸਕੀਮ ਵਿੱਚ ਪੰਜਾਬੀ ਨੌਜਵਾਨ ਪੰਜਾਬੀ ਮਜਦੂਰ ਸਾਮਲ ਹੋਣਾਂ ਸਪੱਸਟ ਕਰ ਦਿੰਦਾਂ ਹੈ ਕਿ ਪੰਜਾਬੀਆਂ ਦਾ ਵੱਡਾ ਹਿੱਸਾ ਕੰਮ ਨਾਂ ਹੋਣ ਕਰਕੇ ਵਿਹਲਾ ਫਿਰਨ ਲਈ ਮਜਬੂਰ ਹੈ। ਤਕਨੀਕੀ ਖੇਤੀ ਹੋਣ ਕਾਰਨ ਕਿਸਾਨ ਵੀ ਸਾਰਾ ਸਾਲ ਕੰਮ ਨਹੀਂ ਕਰ ਪਾਉਂਦਾਂ । ਇਹੋ ਜਿਹੇ ਕਾਰਨ ਪੰਜਾਬ ਵਿੱਚ ਕਿਰਤ ਦੇ ਨਵੇਂ ਮੌਕੇ ਪੈਦਾ ਕਰਨ ਦੀ ਮੰਗ ਕਰਦੇ ਹਨ ਪਰ ਸਰਕਾਰਾਂ ਦੀ ਨਕਾਮੀ ਇਹ ਪੈਦਾ ਹੀ ਨਹੀਂ ਕਰਦੀ । ਪੰਜਾਬ ਦੇ ਲੋਕ ਕਿਰਤ ਦੀ ਭਾਲ ਵਿੱਚ ਅਰਬ ਮੁਲਕਾਂ ਤੌਂ ਲੈਕੇ ਅਮਰੀਕਾ ਤੱਕ ਕਿਰਤ ਭਾਲਣ ਲਈ ਮਜਬੂਰ ਹੋਏ ਹਨ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                     

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.