ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਸਮਾਜ ਦੇ ਦੂਸਰੇ ਹਿੱਸਿਆਂ ਪ੍ਰਤੀ ਬੇਰਹਿਮ ਜਥੇਬੰਦਕ ਮੁਲਾਜਮ ਆਗੂ
ਸਮਾਜ ਦੇ ਦੂਸਰੇ ਹਿੱਸਿਆਂ ਪ੍ਰਤੀ ਬੇਰਹਿਮ ਜਥੇਬੰਦਕ ਮੁਲਾਜਮ ਆਗੂ
Page Visitors: 2668

                   ਸਮਾਜ ਦੇ ਦੂਸਰੇ ਹਿੱਸਿਆਂ ਪ੍ਰਤੀ ਬੇਰਹਿਮ ਜਥੇਬੰਦਕ ਮੁਲਾਜਮ ਆਗੂ
    ਵਰਤਮਾਨ ਸਮਾਜ ਦੇ ਵਿੱਚ ਅਸੰਖ ਕਿਸਮ ਦੀਆਂ ਜਥੇਬੰਦੀਆਂ ਬਣ ਰਹੀਆਂ ਹਨ । ਧਾਰਮਿਕ ,ਸਿਆਸਤ ਅਤੇ ਸਮਾਜਿਕ ਪਰਬੰਧ ਦਾ ਕੋਈ ਵੀ ਖੇਤਰ ਇਹੋ ਜਿਹਾ ਨਹੀਂ ਜਿਸ ਵਿੱਚ ਜਥੇਬੰਦੀ ਨਾਂ ਬਣੀ ਹੋਵੇ । ਅੱਜ ਕਲ ਤਾਂ ਸਮਸਾਨ ਘਾਟਾਂ ਤੱਕ ਵਿੱਚ ਵੀ ਜਥੇਬੰਦਕ ਪਰਬੰਧ ਹੋਣ ਲੱਗੇ ਹਨ ਜਿੰਹਨਾਂ ਵਿੱਚ ਪਰਧਾਨ , ਖਜਾਨਚੀ ਨਿੱਕਲ ਰਹੇ ਹਨ । ਧਾਰਮਿਕ ਸਥਾਨਾਂ ਦੀਆਂ ਜਥੇਬੰਦੀਆਂ ਆਪੋ ਆਪਣੇ ਸਥਾਨਾਂ ਦੀ ਆਮਦਨ ਵਧਾਉਣ ਲਈ ਦੂਜੇ ਧਾਰਮਿਕ ਸਥਾਨਾਂ ਦਾ ਹਰ ਤਰੀਕੇ ਨਾਲ ਵਿਰੋਧ ਕਰਨ ਤੱਕ ਜਾ ਰਹੇ ਹਨ । ਜਦ ਧਰਮ ਦਾ ਖੇਤਰ ਵੀ ਸਵਾਰਥ ਵਿਚ ਗਰਕ ਜਾਂਦਾ ਹੈ ਤਦ ਦੂਸਰੇ ਖੇਤਰਾਂ ਵਿੱਚ ਸਮਾਜ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ । ਸਮਾਜ ਦੇ ਵਿੱਚ ਦੋ ਹੀ ਧੜੇ ਹੁੰਦੇ ਹਨ ਅਮੀਰਾਂ ਅਤੇ ਗਰੀਬਾਂ ਦੇ ਅਤੇ ਪੁਰਾਤਨ ਸਮਿਆਂ ਵਿੱਚ ਅਮੀਰ ਲੋਕ ੳਤੇ ਰਾਜਸੱਤਾ ਤੱਕ ਵੀ ਗਰੀਬ ਲੋਕਾਂ ਪ੍ਰਤੀ ਬੇਰਹਿਮ ਹੋਣ ਤੋਂ ਗੁਰੇਜ ਕਰਦੀ ਸੀ । ਸਮਾਜ ਦਾ ਬਹੁਤ ਹੀ ਛੋਟਾ ਹਿੱਸਾ ਦੂਸਰਿਆਂ ਪਰਤੀ ਬੇਰਹਿਮ ਅਤੇ ਜਾਲਮਾਨਾਂ ਵਿਹਾਰ ਕਰਦਾ ਸੀ । ਵਰਤਮਾਨ ਸਮੇਂ ਵਿੱਚ ਸਮਾਜ ਦਾ ਬਹੁਗਿਣਤੀ ਹਿੱਸਾ ਦੂਸਰਿਆਂ ਪ੍ਰਤੀ ਬੇਰਹਿਮ ਅਤੇ ਜਾਲਮ ਹੋਣ ਦੀਆਂ ਹੱਦਾਂ ਤੋੜ ਰਿਹਾ ਹੈ  । ਸਮਾਜ ਦਾ ਅਮੀਰ ਵਰਗ ਜਿਸ ਵਿੱਚ ਮੁਲਾਜਮ ਵਰਗ ,ਰਾਜਨੀਤਕ ਅਤੇ ਧਾਰਮਿਕ ਆਗੂ , ਵਪਾਰੀ ਅਤੇ ਉਦਯੋਗਪਤੀ ਲੋਕ ਸਿਕੰਦਰ ਅਤੇ ਚੰਗੇਜ ਖਾਨ ਅਤੇ ਔਰੰਗਜੇਬ ਆਦਿ ਨੂੰ ਵੀ ਮਾਤ ਪਾਈ ਜਾ ਰਹੇ ਹਨ  । 
ਵਰਤਮਾਨ ਸਮੇਂ ਵਿੱਚ ਅਮੀਰ ਵਰਗ ਵਿੱਚ ਦੂਸਰੇ ਦਰਜੇ ਤੇ ਚਲ ਰਿਹਾ ਸਰਕਾਰੀ ਮੁਲਾਜਮ ਵਰਗ ਹੈ ਜਿਸ ਦਾ ਵੱਡਾ ਹਿੱਸਾ ਆਮ ਲੋਕਾਂ ਵਿੱਚੋਂ ਆਉਂਦਾ ਹੈ ਅਤੇ ਬਹੁਤ ਹੀ ਥੋੜੇ ਸਮੇਂ ਵਿੱਚ ਅਮੀਰਾਂ ਦੀ ਸਰੇਣੀ ਵਿੱਚ ਸਾਮਲ ਹੋ ਜਾਂਦਾ ਹੈ । ਇਹ ਵਰਗ ਜਥੇਬੰਦਕ  ਵੀ ਸਭ ਤੋਂ ਵੱਧ ਹੁੰਦਾਂ ਹੈ । ਸਰਕਾਰਾਂ ਅਤੇ ਰਾਜਨੀਤਕਾਂ ਦੇ ਨੇੜੇ ਹੋਣ ਕਰਕੇ ਇਹ ਵਰਗ ਸਮਾਜ ਨੂੰ ਕਿਸੇ ਵੀ ਪਾਸੇ ਤੋਰ ਸਕਣ ਦੀ ਸਮੱਰਥਾ ਰੱਖਦਾ ਹੈ । ਇਸ ਵਰਗ ਨੂੰ ਗਰੀਬ ਵਰਗ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਦੀ ਪੂਰੀ ਜਾਣਕਾਰੀ ਹੁੰਦੀ ਹੈ ਪਰ ਜਿਸ ਤਰਾਂ ਇਸਦੇ ਬਹੁਤੇ ਲੋਕ ਸਮਾਜ ਵੱਲ ਪਿੱਠ ਕਰਕੇ ਅਮੀਰੀ ਦੀਆਂ ਪੌੜੀਆਂ ਚੜਦੇ ਹਨ ਦੇ ਨਾਲ ਇੰਹਨਾਂ ਦੇ ਸੱਚ ਨੂੰ ਅਤੇ ਸਮਾਜ ਦੇ ਗਿਰਾਵਟ ਭਰੇ ਬਣ ਰਹੇ ਵਿਵਹਾਰ ਨੂੰ ਨੰਗਾਂ ਕਰ ਦਿੰਦਾਂ ਹੈ । ਇੱਕ ਪਾਸੇ ਇਸ ਵਰਗ ਦੇ ਲੋਕਾਂ ਦੀ ਆਮਦਨ ਆਮ ਲੋਕਾਂ ਤੋਂ ਦਸ ਗੁਣਾਂ ਤੋਂ ਲੈਕੇ ਸੌਗੁਣਾਂ ਜਿਆਦਾ ਹੈ ਪਰ ਫਿਰ ਵੀ ਇਹਨਾਂ ਦੇ ਜਥੇਬੰਦਕ ਆਗੂ ਅਤੇ ਜਥੇਬੰਦੀਆਂ ਨਿੱਤ  ਦਿਨ  ਧਰਨੇ ਹੜਤਾਲਾਂ ਮੰਗ ਪੱਤਰਾਂ ਨਾਲ ਆਪਣੀ ਆਮਦਨ ਵਧਾਉਣ ਦੇ ਜੁਗਾੜ ਕਰਦੇ ਹਨ । ਇਹ ਵਰਗ ਹਮੇਸਾਂ ਆਪਣੀ ਆਮਦਨ ਵਧਾਉਣ ਲਈ ਆਪ ਤੋਂ ਵੱਡੇ ਅਹੁਦਿਆਂ ਅਤੇ ਵੱਡੇ ਲੁਟੇਰਿਆਂ ਦੀ ਤੁਲਨਾਂ ਕਰਕੇ ਆਪਣੇ ਆਪ ਨੂੰ ਗਰੀਬ ਅਤੇ ਬੇਇਨਸਾਫੀ ਦਾ ਪਾਤਰ ਬਣਾਕਿ ਪੇਸ਼ ਕਰਦਾ ਹੈ ਜਦੋਂ ਕਿ ਦੂਸਰੇ ਪਾਸੇ ਆਮ ਲੋਕਾਂ ਦਾ ਸੱਤਰ ਪਰਸੈਂਟ ਵਰਗ ਦਸ ਬੀਹ ਰੁਪਏ ਤੋਂ ਲੈਕੇ ਚਾਲੀ ਪੰਜਾਹ ਰੁਪਏ ਰੋਜਾਨਾਂ ਖਰਚਣ ਦੀ ਵੀ ਸਮੱਰਥਾ ਨਹੀਂ ਰੱਖਦਾ । ਕਦੇ ਵੀ ਇਸ ਵਰਗ ਦੇ ਲੋਕ ਆਪਣੀ ਆਮਦਨ ਨੂੰ ਸਮਾਜ ਦੇ ਆਮ ਲੋਕਾਂ ਨਾਲ ਮੇਲ ਕੇ ਕਿਉਂ ਨਹੀਂ ਦੇਖਦੇ ਜਿੰਹਨਾਂ ਨਾਲੋਂ ਕਈ ਗੁਣਾਂ ਵੱਧ ਆਮਦਨ ਅਤੇ ਵਧੀਆਂ ਜਿੰਦਗੀ ਜਿਉਂ ਰਹੇ ਹੁੰਦੇ ਹਨ । ਇਹ ਸਿਰਫ ਜਾਲਮਾਨਾਂ ਸੋਚ ਹੀ ਹੈ ਜੋ ਮਨੁੱਖ ਨੂੰ ਬੇਰਹਿਮ ਕਰਦੀ ਹੈ । ਸਮਾਜ ਦੇ ਦੂਸਰੇ ਵਰਗਾਂ ਪਰਤੀ ਹਮਦਰਦੀ ਕਰਨ ਦੀ ਥਾਂ ਆਪਣੇ ਹੀ ਵੱਲ ਦੇਖਣ ਵਾਲੇ ਲੋਕ ਕਿਹੋ ਜਿਹੇ ਹੁੰਦੇ ਹਨ ਫੈਸਲਾ ਕਰਨਾਂ ਸਿਆਣੇ ਲੋਕਾਂ ਨੂੰ ਕਦੇ ਔਖਾ ਨਹੀਂ ਹੁੰਦਾਂ ।
    ਸਰਕਾਰਾਂ ਦੇ ਬਜਟ ਦਾ ਪੰਜਾਹ ਪ੍ਰਤੀਸਤ ਡਕਾਰ ਜਾਣ ਵਾਲਾ ਵਰਗ ਆਪਣਾਂ ਹਿੱਸਾ ਹੋਰ ਵਧਾਉਣਾਂ ਚਾਹ ਰਿਹਾ ਹੈ । ਕੀ ਆਮ ਲੋਕਾਂ ਦੇ ਖੂਨ ਪਸੀਨੇ ਵਿੱਚੋਂ ਕਿਰਤ ਦਾ ਪੈਸਾ ਖਾਣ ਵਾਲੇ ਲੋਕ ਕਦੇ ਸੋਚਣਗੇ ਕੇ ਸਾਡੀ ਆਮਦਨ ਵੀ ਆਮ ਲੋਕਾਂ ਜਿੰਨੀ ਹੋਵੇ । ਜਦ ਸਮਾਜ ਦਾ ਅਮੀਰ ਵਰਗ ਇਹ ਸੋਚਣ ਲੱਗ ਜਾਵੇ ਕਿ ਸਮਾਜ ਦੇ ਲਿਤਾੜੇ ਅਤੇ ਲੁੱਟੇ ਜਾਂਦੇ ਵਰਗਾਂ ਦੀ ਆਮਦਨ  ਵੀ ਉਹਨਾਂ ਦੇ ਬਰਾਬਰ ਹੋਣੀ ਚਾਹੀਦੀ ਹੈ ਉਸ ਦਿਨ ਇਸ ਸਮਾਜ ਵਿੱਚੋਂ ਅਰਾਜਕਤਾ ਦਾ ਨਾਸ ਹੋਣਾਂ ਸੁਰੂ ਹੋ ਸਕਦਾ ਹੈ । ਜਦ ਸਰਕਾਰਾਂ , ਰਾਜਨੀਤਕਾਂ ਅਤੇ ਉਦਯੋਗਪਤੀਆਂ ਨੂੰ ਸਲਾਹ ਅਤੇ ਹੁਕਮ ਦੇਣ ਵਾਲਾ ਮੁਲਾਜਮ ਵਰਗ ਨਿੱਜ ਪਰਸਤ ਹੋਣ ਦੀ ਥਾਂ ਸਮਾਜ ਪਰਸਤ ਹੋ ਜਾਵੇਗਾ ਉਸ ਦਿਨ ਸਮਾਜਿਕ ਬਣਤਰ ਵਿੱਚ ਇਨਕਲਾਬ ਸੁਰੂ ਹੋ ਸਕਦਾ ਹੈ । ਪਰ ਜੇ ਸਰਕਾਰਾਂ ਤੇ ਕਾਬਜ ਮੁਲਾਜਮ ਵਰਗ ਇਸ ਤਰਾਂ ਹੀ ਨਿੱਜ ਪਰਸਤ ਅਤੇ ਸਮਾਜ ਪ੍ਰਤੀ ਬੇਰਹਿੁਮ, ਹੁੰਦਾਂ ਤੁਰਿਆਂ ਗਿਆ ਤਦ ਉਹ ਦਿਨ ਵੀ ਦੂਰ ਨਹੀਂ ਹੋਵੇਗਾ ਜਦ ਸਮਾਜ ਤਬਾਹੀ ਅਤੇ ਅਰਾਜਕਤਾ ਵੱਲ ਤੁਰਨ ਤੋਂ ਰੋਕਿਆ ਨਹੀ ਜਾ ਸਕੇਗਾ । ਜਦ ਆਮ ਸਮਾਜ ਅਰਾਜਕ ਹੋ ਜਾਂਦਾ ਹੈ ਤਦ ਮਹਿਲਾਂ ਦੀਆਂ ਨੀਹਾਂ ਹਿੱਲਦੀਆਂ ਨੂੰ ਦੇਰ ਨਹੀਂ ਲੱਗਦੀ ਹੁੰਦੀ । ਅਸੰਖ ਮਹਿਲ ਕਿਲੇ ਕੋਠੀਆਂ ਅਟਾਰੀਆਂ ਉਜੜੀਆਂ ਅਤੇ ਥੇਹ ਹੋਈਆਂ ਅੱਜ ਵੀ ਬੇਰਹਿਮ ਲੋਕਾਂ ਦੇ ਬੁਰੇ ਅੰਤ ਦੀਆਂ ਗਵਾਹੀਆਂ ਭਰਦੀਆਂ ਹਨ । ਸਿਆਣੇ ਲੋਕ ਕਦੇ ਵੀ ਦੂਸਰਿਆਂ ਤੋਂ ਵੱਡੇ ਹੋਣ ਲਈ ਮਾਇਆ ਤੇ ਟੇਕ ਨਹੀ ਰੱਖਦੇ ਹੁੰਦੇ ਸਗੋਂ ਪਿਆਰ ਮੁਹੱਬਤ ਅਤੇ ਦੂਸਰਿਆਂ ਦੀ ਸੇਵਾ ਅਤੇ ਇੱਜਤ ਕਰਕੇ ਵੱਡੇ ਹੁੰਦੇ ਹਨ ਜੋ ਵਰਿਆਂ ਤੋਂ ਸਦੀਆਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿੰਦੇ ਹਨ ਪਰ ਮੂਰਖ ਲੋਕ ਲੁੱਟ ਅਤੇ ਗਲਤ ਰਸਤਿਆਂ ਦੇ ਪਾਧੀਂ ਹੋਕੇ ਆਪਣਾਂ ਵਰਤਮਾਨ ਵੀ ਨਰਕ ਵਰਗੀ ਜਿੰਦਗੀ ਵਿੱਚ ਬਦਲ ਬੈਠਦੇ ਹਨ ।
ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.