ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਬੇਰੁਜਗਾਰ ਨੌਜਵਾਨਾਂ ਦੀ ਰੁਜਗਾਰ ਲਈ ਹੋਣ ਵਾਲੇ ਟੈਸਟਾਂ ਰਾਂਹੀ ਅੰਨੀ ਲੁੱਟ ਕਿਉਂ ?
ਬੇਰੁਜਗਾਰ ਨੌਜਵਾਨਾਂ ਦੀ ਰੁਜਗਾਰ ਲਈ ਹੋਣ ਵਾਲੇ ਟੈਸਟਾਂ ਰਾਂਹੀ ਅੰਨੀ ਲੁੱਟ ਕਿਉਂ ?
Page Visitors: 2692

ਬੇਰੁਜਗਾਰ ਨੌਜਵਾਨਾਂ ਦੀ ਰੁਜਗਾਰ ਲਈ ਹੋਣ ਵਾਲੇ ਟੈਸਟਾਂ ਰਾਂਹੀ ਅੰਨੀ ਲੁੱਟ ਕਿਉਂ ?
         ਸਕੂਲੀ ਵਿਦਿਆ ਅਜ ਕਲ ਵਧੀਆਂ ਜੀਵਨ ਆਚਰਣ ਦੀ  ਸਿੱਖਿਆ ਦੀ ਥਾਂ ਰੋਜਗਾਰ ਨਾਲ ਜੋੜ ਦਿੱਤੀ ਗਈ ਹੈ। ਸਿੱਖਿਆ ਨੀਤੀ ਨੂੰ ਬਣਾਉਣ ਵਾਲੇ ਸਿੱਖਿਆ ਸਾਸਤਰੀ ਪਤਾ ਨਹੀਂ ਕਿਹੋ ਜਿਹੇ ਹਨ ਜੋ ਨਿੱਤ ਦਿਨ ਵਿਦਿਅਕ ਨੀਤੀਆਂ ਨਾਲ ਖਿਲਵਾੜ ਕਰਨ ਦੇਈ ਜਾ ਰਹੇ ਹਨ । ਸਿੱਖਿਆ ਹਾਸਲ ਕਰਨ ਵਾਲਾ ਵਿਦਿਆਰਥੀ ਵਰਗ ਵਿਦਿਆ ਰਾਂਹੀਂ ਰੋਜਗਾਰ ਪਰਾਪਤ ਕਰਨ ਦੇ ਚੱਕਰ  ਵਿੱਚ ਪਾਗਲਪਣ ਦੀ ਹੱਦ ਤੱਕ ਦਾ ਸਫਰ ਕਰਦਾ ਹੋਇਆਂ ਖੁਦਕਸੀਆਂ ਤੱਕ ਜਾ ਪਹੁੰਚਿਆ ਹੈ। ਵਰਤਮਾਨ ਸਿੱਖਿਆ ਬੱਚੇ ਦਾ ਬੌਧਿਕ ਵਿਕਾਸ ਦੀ ਥਾਂ ਮਾਨਸਿਕ ਵਿਗਾੜ ਪੈਦਾ ਕਰਨ ਦਾ ਸਾਧਨ ਮਾਤਰ ਹੋ ਕੇ ਰਹਿ ਗਈ ਹੈ । ਸਮੁੱਚੇ ਸੰਸਾਰ ਨੂੰ ਖਪਤਕਾਰੀ ਯੁੱਗ ਦੇ ਵਿੱਚ ਧੱਕਣ ਲਈ  ਹੀ ਵਿਦਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ । ਵਿਦਿਅਕ ਪਰਬੰਧ ਜਿਸ ਤਰਾਂ ਅਮੀਰਾਂ ਦੇ ਹੱਥ ਵਿੱਚ ਦਿੱਤਾ ਜਾ ਰਿਹਾ ਹੈ ਉਸ ਨਾਲ ਇਹ ਅਮੀਰ ਵਰਗ ਆਪੋ ਆਪਣੇ ਵੱਖੋ ਵੱਖਰੇ ਦੂਸਰੇ ਉਤਪਾਦਨਾਂ ਨੂੰ ਲੋਕਾਂ ਦੇ ਘਰਾਂ ਅੰਦਰ ਭੇਜਣ ਲਈ ਵਿਦਿਆਂ ਰਾਂਹੀਂ ਯਤਨ ਕਰ ਰਿਹਾ ਹੈ ਅਤੇ ਇਸ ਦੇ ਕਰਨ ਲਈ ਬੱਚਿਆਂ ਰਾਂਹੀ ਉਹਨਾਂ ਦੇ ਮਾਪਿਆਂ ਤੱਕ ਦਾ ਵੀ ਦਿਮਾਗ ਧੋਇਆਂ ਜਾ ਰਿਹਾ ਹੈ। ਵਿਦਿਆਂ ਵਿਚਾਰੀ ਤਾਂ ਪਰਉਪਕਾਰੀ ਦਾ ਸਿਧਾਂਤ ਕਿਧਰੇ ਉੱਡ ਗਿਆਂ ਲੱਗਦਾ ਹੈ । ਬਹੁਤੇ ਵਿਦਿਅਕ ਅਦਾਰੇ ਵਰਤਮਾਨ ਰਾਜਸੱਤਾਵਾਂ ਵੀ ਵਿਦਿਆਂ ਰਾਂਹੀਂ ਆਮ ਲੋਕਾਂ ਅਤੇ ਬੇਰੁਜਗਾਰਾਂ ਦੀ ਲੁੱਟ ਨੂੰ ਰੋਕਣ ਵਿੱਚ ਨਕਾਮ ਹੋ ਰਹੀਆਂ ਹਨ । ਸਮੁੱਚੇ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਬੇਰੁਜਗਾਰ ਹਨ ਜਿਹੜੇ ਨੌਕਰੀਆਂ ਦੀ ਤਲਾਸ਼ ਵਿੱਚ ਹਰ ਕਿਸਮ ਦੀ ਤਕਲੀਫ ਝੱਲਣ ਨੂੰ ਤਿਆਰ ਹਨ । ਅੱਜ ਕਲ ਹਰ ਕਿਸਮ ਦੀ ਨੌਕਰੀਆਂ ਹਾਸਲ ਕਰਨ ਲਈ ਵਿਦਿਆਂ ਪਰਾਪਤ ਕਰਦਿਆਂ ਪਰਾਪਤ ਕੳਤੇ ਉੱਚ ਨੰਬਰਾਂ ਦੀ ਕੋਈ ਕਦਰ ਨਹੀਂ ਹੈ । ਜਿਆਦਾਤਰ ਰੋਜਗਾਰ ਹਾਸਲ ਕਰਨ ਲਈ ਟੈਸਟ ਪਾਸ ਕਰਨ ਦਾ ਨਵਾਂ ਰੁਝਾਨ ਸਥਾਪਤ ਕਰ ਦਿੱਤਾ ਗਿਆ ਹੈ । ਕਰੋੜਾਂ ਬੇਰੁਜਗਾਰ ਵਿਦਿਆਰਥੀ ਹਰ ਕਿਸਮ ਦੇ ਟੈਸਟਾਂ ਵਿੱਚ ਅਪੀਅਰ ਹੋਣ ਦੀ ਕੋਸਿਸ ਕਰਦੇ ਹਨ ਅਤੇ ਬਹੁਤੇ ਕਿਸਮਤ ਤੇ ਭਰੋਸਾਂ ਕਰਕੇ ਹੀ ਟੈਸਟਾਂ ਵਿੱਚ ਬੈਠਦੇ ਹਨ ਕਿ ਸਾਇਦ ਟੈਸਟ ਪਾਸ ਹੋਣ ਦਾ ਤੀਰ ਤੁੱਕਾ ਹੀ ਲੱਗ ਜਾਵੇ ਜਾਂ ਕੋਈ ਸਿਫਾਰਸੀ ਅਤੇ ਕਿਸੇ ਛੋਟੇ ਰਾਹ ਰਾਂਹੀਂ ਕਿਸੇ ਗਲਤ ਤਰੀਕੇ ਨਾਲ ਹੀ ਸਾਇਦ ਟੇਸਟ ਪਾਸ ਕਰਨ ਦਾ ਦਾਅ ਲੱਗ ਜਾਵੇ । ਦੇਸ਼ ਦੇ ਵਿੱਚ ਭਰਿਸਟ ਨਿਜਾਮ ਕਾਰਨ ਕਈ ਵਾਰ ਇਹ ਸੰਭਵ ਵੀ ਹੁੰਦਾਂ ਹੈ ।
      ਦੂਸਰਾ ਵੱਡਾ ਕਾਰਨ ਸਾਡੇ ਸਿਸਟਮ ਦਾ ਬੇਰਹਿਮ ਹੋ ਜਾਣਾਂ ਹੈ ਜਿਸ ਨਾਲ ਬੇਰੁਜਗਾਰ ਨੌਜਵਾਨ ਦੋਹਰਾ ਮਾਨਸਿਕ ਸੰਤਾਪ ਝੱਲਣ ਲਈ ਮਜਬੂਰ ਹਨ । ਹਰ ਤਰਾਂ ਦੀਆਂ ਵਿਦਿਅਕ ਡਿਗਰੀਆਂ ਡਿਪਲੋਮਿਆਂ ਨਾਲ ਲੈਸ ਬੇਰੁਜਗਾਰ ਨੋਜਵਾਨ ਟੈਸਟ ਦੇਣ ਲਈ ਅਰਬਾਂ ਰੁਪਏ ਦੀਆਂ ਫੀਸਾਂ ਭਰਦੇ ਹਨ ਪਰ ਸਾਡੀਆਂ ਸਰਕਾਰਾਂ ਨੂੰ ਘੱਟੋ ਘੱਟ ਟੈਸਟ ਦੇਣ ਸਮੇਂ ਲਈਆਂ ਜਾਣ ਵਾਲੀਆਂ ਫੀਸਾਂ ਦਾ ਬੋਝ ਤਾਂ ਆਪ ਚੁੱਕਣਾਂ ਚਾਹੀਦਾ ਹੈ । ਬੇਰੁਜਗਾਰ ਨੌਜਵਾਨ ਜੇਬੋਂ ਖਾਲੀ ਹੀ ਹੁੰਦੇ ਹਨ । ਰੋਜਗਾਰ ਦੀ ਭਾਲ ਕਰਨ ਵਾਲਾ  ਸਕੂਲਾਂ ਕਾਲਜਾਂ ਦੀਆਂ ਬੇਥਾਹ  ਫੀਸਾਂ ਭਰਨ ਤੋਂ ਬਾਅਦ ਵੀ ਲੁੱਟ ਕਰਵਾਉਣ ਲਈ ਮਜਬੂਰ ਕਰੀ ਜਾਣਾਂ ਕੋਈ ਚੰਗੀ ਰਵਾਇਤ ਨਹੀਂ । ਪੰਜਾਬ ਸਰਕਾਰ ਦੁਆਰਾ ਜਿਸ ਤਰਾਂ ਦਸ ਬੀਹ ਪੋਸਟਾਂ ਦਾ ਇਸਤਿਹਾਰ ਦੇਕੇ ਪੰਜਾਬ ਦੇ ਚਤਾਲੀ ਲੱਖ ਬੇਰੁਜਗਾਰਾਂ ਵਿੱਚੋ ਪੰਜ ਚਾਰ ਲੱਖ ਤੋਂ ਪੰਜ ਸੌ ਤੋਂ ਲੈਕੇ ਪੱਚੀ ਸੌ ਤੱਕ ਦੇ ਲੱਖਾਂ ਫਾਰਮ ਵੇਚ ਕੇ ਕਰੋੜਾਂ ਵਿੱਚ ਰੁਪਇਆਂ ਇਕੱਠਾ ਕਰਨ ਦਾ ਸਾਧਨ ਹੀ ਬਣਾ ਲਿਆ ਗਿਆ ਹੈ । ਦਸ ਲੱਖ ਦੇ ਕਰੀਬ ਬੀ ਐੱਡ ਅਤੇ ਈਟੀਟੀ ਬੇਰੁਜਗਾਰ ਤਾਂ ਹਰ ਛਿਮਾਹੀ ਹੀ ਟੈਸਟ ਦੇਣ ਲਈ ਕਰੋੜਾਂ ਰੁਪਏ ਬਰਬਾਦ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ । ਇਹਨਾਂ ਟੈਸਟਾਂ ਵਿੱਚ ਬੈਠਣ ਵਾਲਿਆਂ ਵਿੱਚੋਂ ਇੱਕ ਜਾਂ ਦੋ ਪ੍ਰਤੀਸਤ ਹੀ ਇਹ ਟੈਸਟ ਪਾਸ ਕਰ ਪਾਉਂਦੇ ਹਨ ਕਿਉਂਕਿ ਇਸ ਟੈਸਟ ਨੂੰ ਪਾਸ ਕਰਨ ਦੇ ਮਾਪਦੰਡ ਹੀ ਏਨੇ ਉੱਚੇ ਰੱਖੇ ਹਨ ਕਿ ਕੋਈ ਇਸਨੂੰ ਪਾਸ ਹੀ ਨਾਂ ਕਰ ਸਕੇ । ਦੂਸਰੇ ਪਾਸੇ ਇਸ ਟੈਸਟ ਨੂੰ ਪਾਸ ਕਰਨ ਵਾਲਿਆਂ ਨੂੰ ਵੀ ਰੋਜਗਾਰ ਦੀ ਕੋਈ ਗਰੰਟੀ ਨਹੀਂ । ਸਰਕਾਰਾਂ ਨੇ ਇਸ ਤਰੀਕੇ ਨੂੰ ਹਥਿਆਰ ਹੀ ਬਣਾ ਲਿਆਂ ਹੈ ਕਿ ਜਦ ਕੋਈ ਰੋਜਗਾਰ ਦੀ ਮੰਗ ਕਰਦਾ ਹੈ ਤਦ ਕਹਿ ਦਿੱਤਾ ਜਾਦਾ ਹੈ ਕਿ ਤੁਸੀਂ ਤਾਂ ਟੈਸਟ ਹੀ ਪਾਸ ਨਹੀਂ ਕੀਤਾ । ਜਦ ਟੈਸਟ ਪਾਸ ਕਰਨ ਵਾਲੇ ਰੋਜਗਾਰ ਦੀ ਮੰਗ ਕਰਦੇ ਹਨ ਜੋ ਕਿ ਬਹੁਤ ਛੋਟੀ ਗਿਣਤੀ ਵਿੱਚ ਰਹਿ ਗਏ ਹਨ ਕਿਉਂਕਿ ਟੈਸਟ ਪਾਸ ਹੀ ਬਹੁਤ ਘੱਟ ਲੋਕਾਂ ਨੂੰ ਕਰਨ ਦਿੱਤਾ ਜਾਂਦਾ ਹੈ ਅਤੇ ਇਸ ਛੋਟੀ ਗਿਣਤੀ ਨੂੰ ਸੁਰੱਖਿਆ ਬਲਾਂ ਦੀਆਂ ਡਾਗਾਂ ਅਸਾਨੀ ਨਾਲ ਰੋਕ ਲੈਂਦੀਆਂ ਹਨ ।
         ਸੋ ਸਾਡੀਆਂ ਸਰਕਾਰਾਂ ਨੂੰ ਆਪਣਾਂ ਦੋਗਲਾਪਨ ਤਿਆਗ ਕੇ ਟੈਸਟਾਂ ਦਾ ਡਰਾਮਾ ਬੰਦ ਕਰਨਾਂ ਚਾਹੀਦਾ ਹੈ । ਰੋਜਗਾਰ ਦੇਣ ਲਈ ਵਿਦਿਅਕ ਯੋਗਤਾ ਦੀ ਮੈਰਿਟ ਨੂੰ ਹੀ ਅਧਾਰ ਮੰਨਿਆਂ ਜਾਣਾਂ ਚਾਹੀਦਾ ਹੈ । ਜੇ ਇਹ ਟੈਸਟ ਇੰਨੇ ਹੀ ਜਰੂਰੀ ਹਨ ਫਿਰ ਡਿਗਰੀਆਂ ਅਤੇ ਡਿਪਲੋਮਿਆਂ ਦੇ ਸਰਟੀ ਫਿਕੇਟ ਹਾਸਲ ਕਰਨ ਤੋਂ ਪਹਿਲਾਂ ਹੀ ਇਹ ਟੈਸਟ ਲਏ ਜਾਣੇ ਚਾਹੀਦੇ ਹਨ । ਲੱਖਾਂ ਰੁਪਏ ਵਿਦਿਅਕ ਡਿਗਰੀਆਂ ਤੇ ਖਰਚ ਕਰਨ ਦੀ ਫਿਰ ਲੋੜ ਹੀ ਕੀ ਹੈ ਜੇ ਡਿਗਰੀ ਲੈਕੇ ਟੈਸਟ ਪਾਸ ਹੀ ਨਹੀਂ ਕਰਨ ਦੇਣੇ  । ਇਸ ਤਰਾਂ ਦੇ ਟੈਸਟ ਵਿਸੇਸ ਸੇਵਾਵਾਂ ਲਈ ਤਾਂ ਜਰੂਰੀ ਹੋ ਸਕਦੇ ਹਨ ਪਰ ਆਮ ਤਰਾਂ ਦੀਆਂ ਨੌਕਰੀਆਂ ਲਈ ਇਹ ਸਿਰਫ ਭਰਮਜਾਲ ਮਾਤਰ ਹੀ ਹਨ । ਚੰਗਾਂ ਹੋਵੇ ਜੇ ਸਾਡੇ ਰਾਜਨੇਤਾ ਆਮ ਲੋਕਾਂ ਦੇ ਬੇਰੁਜਗਾਰ ਨੌਜਵਾਨ ਧੀਆਂ ਪੁੱਤਰਾਂ ਨੂੰ ਜਲੀਲ ਹੋਣ ਤੋਂ ਬਚਾਉਣ ਅਤੇ ਬੇਰੁਜਗਾਰਾਂ ਦੀ ਮਹਿੰਗੀਆਂ ਟੈਸਟ ਫੀਸਾਂ ਤੋਂ ਵੀ ਛੁਟਕਾਰਾ ਦਿਵਾਉਣ ਦੀ ਕੋਸਿਸ ਕਰਨ ।

ਗੁਰਚਰਨ ਪੱਖੋਕਲਾਂ ਫੋਨ 9417727245  ਪਿੰਡ ਪੱਖੋ ਕਲਾਂ ਜਿਲਾ ਬਰਨਾਲਾ                      

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.