ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਅਨੁਭਵ ਰਹਿਤ ਗਿਆਨ ਵਿਹੂਣੇ ਪਰਚਾਰਕ ਅਤੇ ਧਾਰਮਿਕ ਫਲਸਫੇ
ਅਨੁਭਵ ਰਹਿਤ ਗਿਆਨ ਵਿਹੂਣੇ ਪਰਚਾਰਕ ਅਤੇ ਧਾਰਮਿਕ ਫਲਸਫੇ
Page Visitors: 2819

ਅਨੁਭਵ ਰਹਿਤ ਗਿਆਨ ਵਿਹੂਣੇ  ਪਰਚਾਰਕ ਅਤੇ ਧਾਰਮਿਕ ਫਲਸਫੇ
      ਦੁਨੀਆਂ ਦੀ ਸਭ ਤੋਂ ਨਵੇਂ ਜਮਾਨੇ ਦੀ ਸਿੱਖ ਕੌਮ ਨਿਰਣਾ ਹੀ ਨਹੀਂ ਕਰ ਪਾ ਰਹੀ ਕਿ ਉਸਦਾ ਗੁਰੂ ਕੌਣ ਹੈ। ਸਭ ਤੋਂ ਵੱਡੀ ਗੱਲ ਇਸ ਕੌਮ ਦੇ ਪ੍ਰਚਾਰਕ ਹੀ ਸਪੱਸਟ ਅਤੇ ਇੱਕਮੱਤ ਨਹੀਂ ਹਨ। ਹਰ ਕੋਈ ਆਪੋ ਆਂਪਣੀ ਬੁੱਧੀ ਅਨੁਸਾਰ ਆਪੋ ਆਪਣੀ ਸੋਚ ਪ੍ਰਚਾਰੀ ਜਾ ਰਿਹਾ ਹੈ। ਸਿੱਖ ਫਲਸਫੇ ਨੂੰ ਪੈਦਾ ਕਰਨ ਵਾਲੇ ਅਨੇਕਾਂ ਸੰਤ ਹਨ। ਆਪੋ ਆਪਣੇ ਸਮਿਆਂ ਅਤੇ ਇਲਾਕਿਆਂ ਵਿੱਚ ਸਾਰੇ ਸੰਤ ਪੁਰਸਾਂ ਨੇ ਗੁਰੂ ਦੇ ਦਰਜੇ ਪ੍ਰਾਪਤ ਕੀਤੇ। ਅੱਜ ਦੇ ਸਿੱਖਾਂ ਨੁੰ ਇਸ ਗੱਲ ਤੇ ਹੀ ਲੜਾਇਆ ਜਾ ਰਿਹਾ ਹੈ ਕਿ ਕੌਣ ਗੁਰੂ ਹੈ,ਕੌਣ ਭਗਤ ਹੈ,ਕੌਣ ਸੂਫੀ ਸੰਤ ਹੈ।
   ਗੁਰੂ ਗਰੰਥ ਵਿੱਚ ਸਾਮਲ ਗੁਰਬਾਣੀ ਦੇ ਰਚਾਇਤਾਵਾਂ ਨੂੰ ਵੱਖ ਵੱਖ ਗੁਰੂ ,ਸੰਤ, ਭਗਤ ਜਾਂ ਹਿੰਦੂ,ਮੁਸਲਮਾਨ ਆਦਿ ਵਿੱਚ ਕਿਉਂ ਵੰਡਿਆ ਜਾ ਰਿਹਾ ਹੈ। ਅੱਜ ਭੀ ਸਿੱਖ ਦਸ ਗੁਰੂ ਮੰਨੀ ਜਾ ਰਹੇ ਹਨ। ਜਦਕਿ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂ ਦਾ ਦਰਜਾ ਗਰੰਥ ਸਾਹਿਬ ਨੂੰ ਦੇਣ ਤੋਂ ਬਾਅਦ ਇਕੋ ਗੁਰੂ ਮੰਨਿਆ ਜਾਣਾ ਚਾਹੀਦਾ ਹੈ ਗੁਰੂ ਗਰੰਥ ਸਾਹਿਬ। ਦਸਾਂ ਗੁਰੂਆਂ ਦੀ ਸੋਚ ਛੇ ਗੁਰੂਆਂ ਦੀਆਂ ਲਿਖਤਾਂ ਭਾਵ ਗੁਰਬਾਣੀ ਵਿੱਚ ਸਮੋਈ ਹੋਈ ਹੈ,। ਛੇ ਗੁਰੂਆਂ ਦੀ ਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਸੰਤ ,ਭਗਤਾਂ ਦੀ ਬਾਣੀ ਦੀ ਵਿਚਾਰਧਾਰਕ ਸੋਚ ਗੁਰੂਆਂ ਦੀ ਬਾਣੀ ਸਮਾਨ ਹੈ ਇਸ ਲਈ ਗੁਰੂ ਅਰਜਨ ਜੀ ਨੇ ਗੁਰੂ ਗਰੰਥ ਵਿੱਚ ਸਾਮਲ ਕੀਤਾ ਸੀ ਸੋ ਉਹ ਸਾਰੇ ਸੰਤ ,ਭਗਤ ਵੀ ਗੁਰੂ ਹਨ। ਗੁਰੂ ਗਰੰਥ ਸਾਹਿਬ ਵਿੱਚ ਸਾਮਲ ਸਾਰੇ ਲੇਖਕ ਮਹਾਂਪੁਰਸ਼ ਬਰਾਬਰ ਦਾ ਦਰਜਾ ਰੱਖਦੇ ਹਨ। ਸਿੱਖ ਕੌਮ ਦਾ ਗੁਰੂ ਮਨੁੱਖ ਨਹੀਂ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਸਿਰਫ ਤੇ ਸਿਰਫ ਗੁਰੂ ਗਰੰਥ ਵਿੱਚ ਹੈ।
   ਗੁਰੂ ਗਰੰਥ ਨੂੰ ਗੁਰੂ ਕਿਵੇਂ ਮੰਨਣਾ ਹੈ ਇਹ ਭੀ ਇੱਕ ਤਰਾਂ ਨਹੀਂ ਕੀਤਾ ਜਾ ਰਿਹਾ । ਵੱਡੀ ਗਿਣਤੀ ਸਿਰ ਝੁਕਾ ਮੱਥਾ ਟੇਕਣ ਨੂੰ ਹੀ ਅਧਾਰ ਬਣਾਈ ਬੈਠੀ ਹੈ। ਅਸਲ ਵਿੱਚ ਅੱਖਰ ਗੁਰੂ ਰੂਪੀ ਗੁਰੂ ਗਰੰਥ ਸਾਹਿਬ ਨੂੰ ਪੜ ਅਤੇ ਸੁਣ ਕੇ ਹੀ ਸਮਝਿਆ ਜਾ ਸਕਦਾ ਹੈ। ਗੁਰਬਾਣੀ ਦੀ ਸਮਝ ਪੈਸੇ ਦੇਕੇ ਨਹੀਂ ਖਰੀਦੀ ਜਾ ਸਕਦੀ ਜੋ ਅੱਜਕਲ ਕਰਵਾਇਆ ਜਾ ਰਿਹਾ ਹੈ ਮਾਇਆਧਾਰੀਆਂ ਵੱਲੋਂ। ਪੜਨ ਅਤੇ ਸੁਣਨ ਤੋਂ ਬਾਅਦ ਮਨ ਵਿੱਚ ਭੈ ਰੱਖਣ ਨਾਲ ਹੀ ਗੁਰਬਾਣੀ ਸੁਖ ਦੇਣ ਵਾਲੀ ਬਣਦੀ ਹੈ। ਦੇਹਧਾਰੀ ਨੂੰ ਮੰਨਣਾ ਹੈ ਜਾਂ ਨਹੀਂ ਭੀ ਵਿਵਾਦ ਰੋਜਾਨਾ ਫਜੂਲ ਖੜਾ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਦੇਹਧਾਰੀ  ਨੂੰ ਨਾਂ ਮੰਨਣ ਦੀ ਗੱਲ ਕੀਤੀ ਜਾਂਦੀ ਹੈ। ਇਸ ਬਾਰੇ ਫੈਸਲਾ ਗੁਰੂ ਰੂਪ ਗੁਰਬਾਣੀ ਵਿੱਚੋਂ ਲਿਆ ਜਾਣਾ ਚਾਹੀਦਾ ਹੈ ਨਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਂ ਥੱਲੇ ਮਨਮੱਤ  ਵਿੱਚੋਂ। ਗੁਰੂ ਮਨੁੱਖ ਦਾ ਸਿਰਫ ਇੱਕ ਹੀ ਹੁੰਦਾ ਹੈ ਜੋ ਸਿੱਖ ਲਈ ਸਿਰਫ ਗੁਰੂ ਗਰੰਥ ਹੀ ਹੈ ਜਾਂ ਸੱਚ ਹੀ ਗੁਰੂ ਹੁੰਦਾਂ ਹੈ ਸੱਚ ਹੀ ਖੁਦਾ ਹੁੰਦਾਂ ਹੈ ਸੱਚ ਹੀ ਸਭ ਦਾ ਖਸਮ ਹੁੰਦਾਂ ਹੈ, ਆਦਿ ਅਤੇ ਜੁਗਾਦਿ ਵਿੱਚ ਸੱਚ ਹੀ ਵਿਚਰਦਾ ਹੈ।   
      ਗੁਰੂ ਗਰੰਥ ਦੀ ਵਿਚਾਰਧਾਰਾ ਸੱਤਪੁਰਖ ,ਸੰਤ ,ਸਾਧ,ਜਾਂ ਇਸ ਦਾ ਭਾਵ ਚੰਗੇ ਮਨੁੱਖ ਦਾ ਅਦਬ ਕਰਨ ਵੱਲ ਨੂੰ ਤੋਰਦੀ ਹੈ,ਰੋਕਦੀ ਨਹੀਂ। ਚੰਗੇ ਜਾਂ ਸੱਚੇ ਮਨੁੱਖ ਦੇ ਪੈਰਾਂ ਤੇ ਦਾੜੀ ਰੱਖਣ ਦੀ ਗੱਲ ਗੁਰਬਾਣੀ ਕਹਿੰਦੀ ਹੈ। ਗਰੀਬ ਉਪਰ ਖਿੱਝਣ ਵਾਲੀ ਦਾੜੀ ਨੂੰ ਸਾੜਨ ਦੀ ਗੱਲ ਭੀ ਗੁਰਬਾਣੀ ਹੀ ਕਰ ਸਕਦੀ ਹੈ। ਦੇਹਧਾਰੀ ਸਬਦ ਨੂੰ ਨਿੰਦਣ ਸਮੇਂ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਲਿਖਣ ਵਾਲੇ ਭੀ ਦੇਹਧਾਰੀ ਹੀ ਸਨ। ਇਸ ਤਰਾਂ ਹੀ ਸਾਧ ਅਤੇ ਸੰਤ ਸਬਦ ਨੂੰ ਜੋ ਆਦਰ ਗੁਰਬਾਣੀ ਦਿੰਦੀ ਹੈ ਅਸੀ ਕਿਉਂ ਨਹੀਂ ਦਿੰਦੇ ਕਿਉਂਕਿ ਅੱਜ ਦਾ ਮਨੁੱਖ ਗੁਰੂਆਂ ਤੋਂ ਵੱਡਾ ਜੋ ਹੋ ਗਿਆ ਹੈ। ਅਸੀਂ ਸਮਝ ਹੀ ਨਹੀਂ ਰਹੇ ਗੁਰਬਾਣੀ ਨੂੰ। ਆਪਣੀ ਮੱਤ ਗੁਰਬਾਣੀ ਉਪਰ ਥੋਪ ਰਹੇ ਹਾਂ। ਗੁਰਬਾਣੀ ਭੇਖਧਾਰੀ ਨੂੰ ਬਨਾਰਸ ਦਾ ਠੱਗ ਕਹਿੰਦੀ ਹੈ ਅਸਲੀ ਸਾਧ ਜਾਂ ਸੰਤ ਨੂੰ ਨਹੀਂ ਜਦੋਂਕਿ ਅੱਜ ਦਾ ਅਖੌਤੀ ਅਗਾਂਹਵਧੂ ਅਖਵਾਉਣ ਵਾਲਾ ਸਿੱਖ ਪਹਿਲਾਂ ਭੇਖਧਾਰੀ ਨੂੰ ਹੀ ਸਾਧ ਜਾਂ ਸੰਤ ਕਹਿੰਦਾਂ ਹੈ ਬਾਅਦ ਵਿੱਚ ਨਿੰਦਕ ਵੀ ਬਣ ਬੈਠਦਾ ਹੈ। ਗੁਰਬਾਣੀ ਆਚਰਣ ਨੂੰ ਸਭ ਤੋਂ ਉਪਰ ਮੰਨਦੀ ਹੈ,ਅਸੀਂ ਵਿਖਾਵੇ ਨੂੰ। ਸਾਧ ਜਾਂ ਸੰਤ ਦੀ ਪਛਾਣ ਆਚਰਣ ਤੋਂ ਕਰਨ ਦੀ ਪਛਾਣ ਕਰਨੀਂ ਹੀ ਭੁੱਲ ਗਿਆ ਹੈ ਅੱਜ ਦਾ ਮਨੁੱਖ।
     ਸਿੱਖ ਦਾ ਪਹਿਲਾ ਅਸੂਲ ਹੀ ਸਿੱਖਣਾ ਹੁੰਦਾ ਹੈ। ਜਿਹੜਾ ਮਨੁੱਖ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਸਿੱਖ ਹੀ ਨਹੀਂ ਰਹਿ ਜਾਦਾ। ਸਿੱਖ ਨੂੰ ਹੀ ਗੁਰੂ ਚਾਹੀਦਾ ਹੈ ਸੋ ਜੇ ਮਨੁੱਖ ਸਿੱਖ ਬਣੇਗਾ ਫਿਰ ਹੀ ਗੁਰੂ ਭਾਲੇਗਾ। ਅੱਖਰ ਗੁਰੂ ਨੂੰ ਗੁਰੂ ਦਾ ਦਰਜਾ ਸਿਰਫ ਪੜਨ ਅਤੇ ਸੁਣਨ ਵਾਲਾ ਹੀ ਦੇ ਸਕਦਾ ਹੈ ਜਦੋਂਕਿ ਗੁਰਬਾਣੀ ਅਨੁਸਾਰ ਸੀਸ ਨਿਵਾਉਣ ਵਾਲੇ ਅਪਰਾਧੀ ਤਾਂ ਦੁਗਣਾਂ ਸੀਸ ਨਿਵਾਉਂਦੇ ਹਨ । ਭਾਸ਼ਾਈ ਅੱਖਰਾਂ ਦੀਆਂ ਹੱਦਾਂ ਹੁੰਦੀਆਂ ਹਨ,ਇਹ ਅਨਾਹਦ ਨਹੀਂ ਹੁੰਦੇ। ਅੱਖਰਾਂ ਨੂੰ ਪੜਨ ਲਈ ਲਿਪੀ ਗਿਆਨ ਅਤੇ ਅੱਖਾਂ ਹੋਣੀਆਂ ਚਾਹੀਦੀਆਂ ਹਨ ਅਤੇ ਲਿਪੀ ਗਿਆਨ ਦੇਣ ਲਈ ਦੇਹਧਾਰੀ ਜਰੂਰ ਚਾਹੀਦਾ ਹੈ, ਅਦਬ ਅਤੇ ਕੀਮਤ ਤੋਂ ਬਿਨਾਂ ਕੋਈ ਦੇਹਧਾਰੀ ਗਿਆਨ ਨਹੀਂ ਦਿੰਦਾਂ। ਅੱਖਰਾਂ ਨੂੰ ਜੇ ਸੁਣਨਾਂ ਹੋਵੇ ਤਾਂ ਸੁਣਨ ਵਾਲੇ ਕੰਨ ਹੋਣੇ ਚਾਹੀਦੇ ਹਨ। ਲਿਪੀ ਗਿਆਨ ਮਨੁੱਖ ਜਾਂ ਦੇਹਧਾਰੀ ਤੋਂ ਹੀ ਮਿਲਦਾ ਹੈ। ਗਿਆਨ ਦੇਣ ਵਾਲੇ ਦਾ ਅਦਬ ਗੁਰਬਾਣੀ ਸਿਖਾਉਂਦੀ ਹੈ। ਅਨਾਹਦ ਸਬਦ ਸਿਰਫ ਪੰਜ ਹੀ ਹਨ ਜੋ ਪ੍ਰਮਾਤਮਾ ਜਾਂ ਕੁਦਰਤ ਆਪ ਬਣਾਉਂਦੀ ਹੈ। ਅਨਾਹਦ ਸਬਦ ਮਰਿਆਂ ਅਤੇ ਜਿਉਂਦਿਆਂ ਨੂੰ ਬਰਾਬਰ ਮਹਿਸੂਸ ਹੁੰਦੇ ਹਨ। ਅਨਾਹਦ ਸਬਦਾਂ ਨੂੰ ਹੀ ਫਕੀਰਾਂ ਨੇ ਗੁਰੂ ਰੂਪ ਮੰਨਿਆ ਹੈ।
   ਸਾਰੀ ਸਰਿਸਟੀ ਅਨਾਹਦ ਸਬਦ ਵਿੱਚੋਂ ਉਪਜਦੀ ਹੈ ਅਤੇ ਬਿਨਸਦੀ ਹੈ। ਸੰਤ ਪੁਰਸਾਂ ਦੇ ਭੀ ਅਨਾਹਦ ਸਬਦ ਹੀ ਗੁ੍ਰੂ ਹੁੰਦੇ ਹਨ।  ਆਮ ਮਨੁੱਖ ਤਾਂ ਅਨਾਹਦ ਸਬਦ ਨੂੰ ਸਮਝ ਵੀ ਨਹੀਂ ਸਕਦਾ ਹੁੰਦਾਂ ਕਿਉਂਕਿ ਉਸਦੀ ਅਵਸਥਾ ਸੰਸਾਰਕ ਲੋੜਾਂ ਤੋਂ ਉਪਰ ਦੀ ਗਿਆਨ ਅਵਸਥਾ ਵਿੱਚ ਜਾਣ ਲਈ ਅਨਭਵ ਪਰਕਾਸ਼ ਦੀ ਅਵੱਸਥਾ ਦਾ ਸਫਰ ਹੀ ਨਹੀਂ ਕਰਦੀ। ਵਰਤਮਾਨ ਪਰਚਾਰਕ ਲੋਕ ਅਨੁਭਵ ਤੋਂ ਕੋਰੇ ਦੁਨਿਆਵੀ ਵਿਦਿਆ ਦੇ ਸਹਾਰੇ ਫੈਸਲੇ ਦੇਕੇ ਆਮ ਲੋਕਾਂ ਨੂੰ ਗਲਤ ਗਿਆਨ ਦੇਣ ਦੇ ਦੋਸੀ ਹੁੰਦੇ ਹਨ।
      ਵਰਤਮਾਨ ਸਮੇਂ ਦੇ ਵਿੱਚ ਸੰਸਾਰ ਦਾ ਵੱਡਾ ਹਿੱਸਾ ਵਪਾਰਕ ਬੁੱਧੀ ਵਾਲਾ ਹੋ ਚੁੱਕਾ ਹੈ ਜਿੱਥੇ ਗਿਆਨ ਦੇਣ ਦੀ ਥਾਂ ਨਕਲੀ ਗਿਆਨ ਦੇਣ ਦਾ ਵੀ ਵਪਾਰ ਵੀ ਸੁਰੂ ਹੋ ਗਿਆ ਹੈ ਅਤੇ ਗਿਆਨ ਦੇ ਨਾਂ ਤੇ ਅਗਿਆਨ ਵੇਚਿਆਂ ਜਾ ਰਿਹਾ ਹੈ। ਧਾਰਮਿਕ ਸਿੱਖਿਆ ਦੇਣਾਂ ਸਿਖਾਉਣ ਲਈ ਸਕੂਲ ਕਾਲਜ ਖੋਲੇ ਜਾ ਰਹੇ ਹਨ ਜਿੰਹਨਾਂ ਵਿੱਚੋਂ ਅਨੁਭਵ ਰਹਿਤ ਨਕਲੀ ਗਿਆਨਵਾਨਾਂ ਦੀਆਂ ਡਿਗਰੀ ਧਾਰੀ ਫੌਜਾਂ ਨਿੱਕਲ ਰਹੀਆਂ ਹਨ। ਲਿਖਤੀ ਅਤੇ ਨਕਲ ਮਾਰੂ ਇਮਤਿਹਾਨ ਦੇਕੇ ਹੀ ਕੋਈ ਗਿਆਨਵਾਨ ਨਹੀਂ ਬਣ ਜਾਂਦਾ ਅਨੇਕਾਂ ਸੰਤ ਮਹਾਂਪੁਰਸਾਂ ਵਾਂਗ ਸੂਲੀਆਂ ਤੇ ਚੜਨ, ਚਾਂਦਨੀ ਚੌਂਕ ਵਿੱਚ ਸਿਰ ਕਟਵਾਉਣ,ਤੱਤੀ ਤਵੀ ਤੇ ਬੈਠ ਕੇ ਦੁੱਖ ਜਰਨ, ਚਾਰ ਪੁੱਤਰਾਂ ਦੀ ਸਹੀਦੀ ਦੇਕੇ ਵੀ ਸਬਰ ਰੱਖਣ , ਜਾਂ ਬਹੁਤ ਹੀ ਦੁੱਖਾਂ ਤਕਲੀਫਾਂ ਭਰੀ  ਜਿੰਦਗੀ ਦੇ ਸਫਰ ਤੈਅ ਕਰਕੇ ਹੀ ਗਿਆਨ ਦੇਣ ਦੀ ਅਵੱਸਥਾ ਆਉਂਦੀ ਹੈ ਇਸਨੂੰ ਲਿਖਤਾਂ ਦੀ ਥਾਂ ਜਿੰਦਗੀ ਦਾ ਪਰੈਕਟੀਕਲ ਕਰਕੇ ਹੀ ਅਨੁਭਵ ਕੀਤਾ ਜਾ ਸਕਦਾ ਹੈ।
   ਅੱਜ ਕਲ ਦੇ ਵਿਹਲੜ ਅਤੇ ਪੈਸੇ ਲੈਕੇ ਗਿਆਨ ਦੇਣ ਵਾਲਿਆਂ ਨਕਲੀ ਪਰਚਾਰਕਾਂ ਨਾਲੋਂ ਵੱਧ ਗਿਆਨ ਤਾਂ ਹਰ ਕਿਰਤੀ ਕਿਸਾਨ ਅਤੇ ਮਜਦੂਰ ਕੋਲ ਵੀ ਜਿਅਦਾ ਹੁੰਦਾਂ ਹੈ ਜਿੰਹਨਾਂ ਗੁਰੂਆਂ ਫਕੀਰਾਂ ਦਾ ਕਿਰਤ ਕਰਨ ਦਾ ਉਪਦੇਸ਼ ਮੰਨਕੇ ਅਨੁਭਵ ਪਰਕਾਸ ਦੀ ਪਹਿਲੀ ਪੌੜੀ ਤੇ ਪੈਰ ਧਰਿਆਂ ਹੁੰਦਾਂ ਹੈ। ਵਰਤਮਾਨ ਮਨੁੱਖ ਜਦ ਵੀ ਮੱਖਣ ਸ਼ਾਹ ਲੁਬਾਣੇ ਦੀ ਬਿਰਤੀ ਦਾ ਹੋਕੇ ਅਸ਼ਲੀ ਨਕਲੀ  ਦੀ ਪਛਾਣ ਕਰ ਲੈਂਦਾਂ ਹੈ ਤਦ ਹੀ ਉਸਨੂੰ ਗੁਰੂ ਲਾਧੋ ਰੇ ਵਾਂਗ ਗੁਰੂ ਅਤੇ ਗਿਆਨ ਲੱਭ ਜਾਂਦਾ ਹੈ। ਅਰਧ ਗਿਆਨ ਦੇ ਅਲੰਬਰਦਾਰ ਆਮ ਮਨੁੱਖ ਅਤੇ ਸਮਾਜ ਨੂੰ ਗੁੰਮਰਾਹ ਕਰਨ ਦੇ ਦੋਸਾਂ ਦੇ ਭਾਗੀ ਹੀ ਹੁੰਦੇ ਹਨ। ਅੱਜ ਦੇ ਸਿੱਖ ਸਮਾਜ ਦੇ ਵੱਡੇ ਹਿੱਸੇ ਦਾ ਸਿੱਖੀ ਮੂਲ ਸਿੱਖਣ ਤੋਂ ਹੀ ਕਿਨਾਰਾ ਕਰ ਜਾਣਾਂ ਅਰਧ ਗਿਆਨੀ ਲੋਕਾਂ ਦੇ ਹੱਥ ਰਾਜਸੱਤਾ ਦੁਆਰਾ ਸਿੱਖ ਫਲਸ਼ਫਾ ਦੇਣ ਕਾਰਨ ਹੀ ਹੋਇਆਂ ਹੈ । ਦੁਨੀਆਂ ਦੇ ਸਾਰੇ ਫਲਸਫੇ ਵੀ ਸਮੇਂ ਨਾਲ ਇਸ ਕਰਕੇ ਹੀ ਬੁਰੇ ਬਣ ਜਾਂਦੇ ਹਨ ਅਤੇ ਜਿੰਦਗੀ ਵਿੱਚ ਲਾਗੂ ਕਰਨ ਦੀ ਅਵਸਥਾ ਵਿੱਚੋਂ ਬਾਹਰ ਵੀ ਹੋ ਜਾਂਦੇ ਹਨ। 
  ਗੁਰਚਰਨ ਸਿੰਘ ਪੱਖੋਕਲਾ
  ਫੋਨ 94177727245
 ਪਤਾ ਪਿੰਡ ਪੱਖੋਕਲਾਂ ਜਿਲਾ ਬਰਨਾਲਾ (ਪੰਜਾਬ)
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.