ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ
ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ
Page Visitors: 2877

ਨੇਕੀ ਕਰ ਅਤੇ ਖੂਹ ਵਿੱਚ ਸੁੱਟ ਦੇ ਭਲਿਆ
   ਜਿੰਦਗੀ ਪਤਾ ਹੀ ਨਹੀਂ ਕਿਹੋ ਜਿਹੀ ਵਚਿੱਤਰ ਖੇਡ ਹੈ ਜਿਸ ਨੂੰ ਨਾਂ ਕੋਈ ਅੱਜ ਤੱਕ ਸਮਝ ਸਕਿਆਂ ਹੈ ਨਾਂ ਸਮਝ ਸਕੇਗਾ। ਦੁਨੀਆਂ ਦਾ ਵੱਡਾ ਹਿੱਸਾ ਭਾਵੇਂ ਇਸ ਨੂੰ ਖੇਡਦਿਆਂ ਮਾਹਰ ਹੋਣ ਦੇ ਅਨੇਕਾਂ ਵਾਰ ਦਾਅਵੇ ਕਰਦਾ ਰਹਿੰਦਾਂ ਹੈ ਕਿਸ ਗੱਲ ਦਾ ਨਤੀਜਾ ਕੀ ਨਿੱਕਲੇ ਇਹ ਵਕਤ ਦੱਸਦਾ ਹੈ। ਮਨੁੱਖ ਕਿੰਨਾਂ ਸਵਾਰਥੀ ਹੋ ਜਾਵੇ ਕੋਈ ਹੱਦ ਨਹੀਂ ਪਰ ਇਸਦੇ ਨਿਰਸਵਾਰਥ ਹੋ ਜਾਣ ਦੀ ਵੀ ਕੋਈ ਸੀਮਾ ਨਹੀਂ। ਗੁਰੂ ਗੋਬਿੰਦ ਸਿੰਘ ਲਈ ਪੰਜ ਸਿਰ ਦੇਣ ਵਾਲੇ ਅਤੇ ਦੋ ਉਹ ਪਿਉ ਪੁੱਤ ਜੋ ਗੁਰੂ ਦੀ ਰਾਈਫ਼ ਦਾ ਨਿਸਾਨਾ ਆਪਣੇ ਉੱਤੇ ਪਰਖਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਰਹੇ ਸਨ ਕੁਦਰਤ ਦੇ ਕਰਿਸਮੇ ਹੀ ਤਾਂ ਹਨ। ਜਿੰਦਗੀ ਦੇ ਸਫਰ ਦੌਰਾਨ ਨੌਜਵਾਨੀ ਵਿੱਚ ਮੈਂ ਇੱਕ ਵਾਰ ਦੁਕਾਨਦਾਰੀ ਛੱਡ ਕੇ ਘਰ ਤੋਂ ਦੂਰ ਰਹਿਣ ਨੂੰ ਛੱਡਕੇ ਆਪਣੇ ਬਾਪ ਦੇ ਘਰ ਖੇਤੀ ਕਰਨ ਦਾ ਮਨ ਬਣਾ ਲਿਆ । ਮੈਂ ਜੀ ਜਾਨ ਲਾਕੇ ਦੂਸਰੇ ਘਰਾਂ ਦੇ ਮੁਕਾਬਲੇ ਤੇ ਵਧੀਆਂ ਖੇਤੀ ਕਰਵਾਉਣ ਨੂੰ ਪਹਿਲ ਦਿੰਦਿਆਂ ਤਨਦੇਹੀ ਨਾਲ ਕਰਨ ਲੱਗਿਆ ਪਰ ਮੇਰੇ ਤੋਂ ਦਸ ਸਾਲ ਵੱਡੇ ਗਰੈਜੂਏਟ ਭਰਾ ਦੇ ਮਨ ਵਿੱਚ ਪਤਾ ਨਹੀਂ ਕੀ ਕੁੱਝ ਚਲਣ ਲੱਗਿਆਂ। ਮੈਂ ਉਹਨਾਂ ਵਕਤਾਂ ਵਿੱਚ ਦੋ ਕਮਾਈ ਦੇ ਤਕਨੀਕੀ ਸਾਧਨ ਧੱਕੇ ਨਾਲ ਕਣਕ ਕੱਢਣ ਵਾਲੀ ਮਸੀਨ ਹੜੰਬਾਂ ਖਰੀਦ ਕੇ ਕਿਰਾਏ ਤੇ ਚਲਾਇਆ ਅਤੇ ਵਧੀਆਂ ਆਮਦਨ ਘਰ ਦਿੱਤੀ ਅਗਲੇ ਸੀਜਨ ਜੀਰੀ ਦੇ ਕਰਚੇ ਕੱਟਣ ਵਾਲਾ ਰੀਪਰ ਲੈਕੇ ਕਮਾਈ ਕੀਤੀ ਅਤੇ ਨਿੱਜੀ ਸੰਦ ਵੀ ਬਣਨ ਲੱਗੇ । ਸੋ ਇੱਕ ਦਿਨ ਮਜਦੂਰ ਸਾਥੀਆਂ ਨਾਲ ਰੂੜੀ ਦੀ  ਖਾਦ ਸਿਰ ਤੇ ਟੋਕਰੇ ਚੁਕਦਿਆਂ ਟਰਾਲੀ ਭਰਦਿਆਂ ਦੇ ਖਿਲਾਫ ਮੇਰੇ ਬਾਪ ਨੂੰ ਭੜਕਾਉਣ ਲੱਗਿਆਂ ਕਿ ਮੈਨੂੰ ਟਰੈਕਟਰ ਲੈਕੇ ਜਾਣ ਨਹੀਂ ਦੇ ਰਿਹਾ ਜਦ ਕਿ ਮੈਂ ਕਿਹਾ ਸੀ ਕਿ ਟਰਾਲੀ ਭਰ ਹੀ ਚੁੱਕੀ ਹੈ ਬੱਸ ਖੇਤ ਛੱਡ ਆਉਣ ਤੇ ਟਰੈਕਟਰ ਦੇ ਦਿੰਦਾਂ ਹਾਂ । ਮੇਰੇ ਬਾਪ ਦਾ ਸਰਾਬ ਅਤੇ ਸਬਾਬ ਦਾ ਰੰਗਲਾਂ ਸੁਭਾਉ  ਮੇਰੇ ਸਦਾ ਹੀ ਖਿਲਾਫ ਚੱਲਣ ਦਾ ਕੁਦਰਤੀ ਤੌਰ ਤੇ ਰਿਹਾ ਹੈ ਜਿਸਦੀ ਮੈਂ ਜਿੰਦਗੀ ਵਿੱਚ ਭਾਰੀ ਕੀਮਤ ਅੱਜ ਤੱਕ ਉਤਾਰ ਰਿਹਾਂ ਹਾਂ। ਮੇਰੇ ਬਾਪ ਨੇ ਆਪਣੇ ਸੁਭਾਉ ਅਨੁਸਾਰ ਬਿਨਾਂ ਕੁੱਝ ਪੁੱਛੇ ਦੱਸੇ ਦੂਰੋਂ ਹੀ ਹੱਦ ਦਰਜੇ ਦੀਆਂ ਗੰਦੀਆਂ ਗਾਲਾਂ ਦੀ ਬੁਛਾੜ ਕਰ ਦਿੱਤੀ। ਜਦ ਮੇਰਾ ਬਾਪ ਬਜਾਇ ਮੇਰਾ ਪੱਖ ਸੁਣਨ ਦੀ ਬਜਾਇ ਗਾਲਾਂ ਕੱਢਣੋਂ ਨਾਂ ਹੀ ਹਟਿਆਂ ਤਦ ਮੈਂ ਵੀ ਕਹੀ ਸੁੱਟਕੇ ਕੱਪੜੇ ਬਦਲ ਘਰ ਛੱਡ ਕੇ ਇੱਕ ਗਰੀਬ ਦੋਸਤ ਹੁਣ ਸਵਰਗਵਾਸੀ ਬੂਟਾ ਸਿੰਘ ਉੱਭਾ ਕੋਲ ਚਲਿਆ ਗਿਆ ਅਤੇ ਸਾਰੀ ਗੱਲ ਦੱਸੀ ਕਿ ਯਾਰ ਇੱਥੇ ਕੰਮ ਕਰਦਿਆਂ ਨੂੰ ਵੀ ਬੇਇੱਜਤ ਕੀਤਾ ਜਾਂਦਾ ਹੈ। ਖਾਲੀ ਜੇਬ ਖਾਲੀ ਹੱਥ ਗਏ ਅਮੀਰ ਘਰ ਦੇ ਗੁਰਚਰਨ ਨੂੰ ਉਸਦੇ ਦੋਸਤ ਨੇ ਪੰਜ ਹਜਾਰ ਰੁਪਏ ਦਿੱਤੇ ਅਤੇ ਜੇ ਹੋਰ ਲੋੜ ਹੋਈ ਤਦ ਆਪਣੇ ਤਾਜਾ ਹੋਏ ਵਿਆਹ ਦੇ ਵਿੱਚ ਮਿਲੇ ਸਗਨਾਂ ਦਾ ਸੋਨੇ ਦਾ ਕੜਾ ਵੇਚਣ ਦੀ ਵੀ ਆਫਰ ਕਰ ਦਿੱਤੀ । ਇੰਹਨਾਂ ਪੈਸਿਆਂ ਨਾਲ ਮੈਂ ਭੀਖੀ ਵਿੱਖੇ ਛੋਟੀ ਜਿਹੀ ਸਾਊਂਡ ਰਿਪੇਅਰ ਦੀ ਦੁਕਾਨ ਕਰ ਲਈ । ਕਈ ਸਾਲ ਭੀਖੀ ਜਿਲਾ ਮਾਨਸਾ ਵਿੱਚ ਸਾਊਂਡ ਸਰਵਿਸ ਦੀ ਦੁਕਾਨ ਦੁਬਾਰਾ ਗੁਜਾਰਾ ਕਰਦਾ ਰਿਹਾ।
   ਮੈਂ ਬਚਪਨ ਤੋਂ ਹੀ ਕਦੇ ਵੀ ਕਿਸੇ ਦੇ ਅੱਗੇ ਹੱਥ ਅੱਡਣ ਦਾ ਆਦੀ ਨਹੀਂ ਰਿਹਾ ਇੱਥੋ ਤੱਕ ਕਿ ਆਪਣੇ ਮਾਪਿਆਂ ਤੋਂ ਵੀ ਘੱਟ ਹੀ ਮੰਗਦਾ ਹਾਂ । ਇਸ ਅਣਖੀ ਸੁਭਾਉ ਕਾਰਨ ਮੈਂ ਕਦੇ ਕਿਸੇ ਅੱਗੇ ਝੁਕਦਾ ਵੀ ਨਹੀਂ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਮਾਪੇ ਅਤੇ ਗੁਆਢੀ ਵੀ ਮੇਰੀ ਇਸ ਨੀਤੀ ਤੋਂ ਖੁਸ ਘੱਟ ਦੁਖੀ ਜਿਆਦਾ ਰਹਿੰਦੇ ਹਨ। ਸਾਇਦ ਆਮ ਤੌਰ ਤੇ ਬਹੁਤੇ ਬੰਦੇ ਦੂਸਰੇ ਲੋਕਾਂ ਨੂੰ ਮੰਗਤੇ ਦੇਖਕੇ ਆਪਣਾਂ ਆਪ ਵੱਡਾ ਲੱਗਦਾ ਹੈ ਅਤੇ ਖੁਸ਼ ਹੁੰਦੇ ਹਨ। ਇਸ ਆਦਤ ਕਾਰਨ ਹੀ ਮੈਂ ਆਪਣੀ ਮੰਗਣੀ ਦੀ ਰਸਮ ਵਾਲੇ ਦਿਨ ਪੁਰਾਣਾਂ ਪਰ ਨਵਿਆਂ ਵਰਗਾ ਪੈਂਟ ਸੂਟ ਅਤੇ ਪਾਲਿਸ ਕੀਤੀ ਪੁਰਾਣੀ ਰਕਾਬੀ ਪਾਕੇ ਬੈਠ ਗਿਆਂ ਸੀ ਅਤੇ ਅਗਲੇ ਦਿਨ ਜੰਨ ਚੜਨ ਵੇਲੇ ਪਹਿਨਣ ਵਾਲਾ ਸੂਟ ਮੇਰੀ ਪਾਲਣਹਾਰ ਨਾਨੀ ਤੋਂ ਵਿਆਹ ਦੀ ਤਾਰੀਖ ਤੋਂ ਪਹਿਲਾਂ ਹੀ ਲੈਕੇ ਸਿਲਾਈ ਕਰਵਾ ਲਿਆ ਸੀ ਅਤੇ ਉਹੀ ਪਾਕੇ ਲਾੜਾ ਬਣਿਆ।  ਮੇਰਾ ਪਰੀਵਾਰ ਮੇਰੀ ਇਸ ਗੱਲ ਤੇ ਦੁਖੀ ਹੋਇਆ ਕਿ ਹਾਲੇ ਵੀ ਇਹ ਝੁਕਿਆ ਨਹੀਂ। ਵਿਆਹ ਤੋਂ ਅਗਲੇ ਦਿਨ ਮੇਰੀ ਭੈਣ ਮਖੌਲ ਦੇ ਤੌਰ ਤੇ ਮੈਨੂੰ ਕਹਿਣ ਲੱਗੀ ਕਿ ਹੁਣ ਦੇਖਾਗੇ ਕਿ ਹੁਣ ਮੰਗੇ ਬਿਨਾਂ ਕਿਵੇਂ ਸਾਰੇਂਗਾ ਪਰ ਮੈਂ ਚੁੱਪ ਰਿਹਾ। ਮੈਂ ਵਿਆਹ ਤੋਂ ਤੀਸਰੇ ਦਿਨ ਹੀ ਦਾਜ ਵਿੱਚ ਮਿਲਿਆ ਸਕੂਟਰ ਵੇਚ ਦਿੱਤਾ 14000 ਦਾ ਅਤੇ ਦਸ ਹਜਾਰ ਰੁਪਏ ਦਾ ਪਰਬੰਧ ਮੈਂ ਹੋਰ ਕਰ ਲਿਆ। ਸਕੂਟਰ ਦੀ ਥਾਂ ਕਮਾਈ ਦੇਣ ਵਾਲੀ ਕਾਰ ਖਰੀਦਣ ਦਾ ਫੈਸਲਾ ਕਰ ਲਿਆ  ਪਰ ਫੀਏਟ ਕਾਰ ਲੈਣ ਲਈ ਹਾਲੇ ਵੀ 15000 ਹਜਾਰ ਘੱਟ ਸਨ ਜਿਸ ਲਈ ਮੈਂ ਮੇਰੇ ਬਾਪ ਨੂੰ ਇਸਦੇ ਵਿੱਚ ਘਰ ਵੱਲੋਂ ਖਰੀਦਣ ਜਾਂ ਅੱਧਾ ਹਿੱਸਾ ਪਾਉਣ ਦੀ ਪੇਸਕਸ ਕੀਤੀ ਪਰ ਉਹ ਕਹਿਣ ਲੱਗੇ ਕਿ ਅਸੀ ਨਹੀਂ ਕੁੱਝ ਦਿੰਦੇ ਜੋ ਮਰਜੀ ਕਰਦਾ ਰਹਿ। ਪਰ ਕੀਤਾ ਫੈਸਲਾ ਮੈਂ ਘੱਟ ਹੀ ਬਦਲਦਾ ਹਾਂ ਅਤੇ ਇਸ ਕੰਮ ਲਈ ਮੈਂ ਫਿਰ ਮੇਰੇ ਦੋਸਤ ਬੂਟਾ ਸਿੰਘ ਉੱਭਾ ਕੋਲ ਗਿਆ ਅਤੇ ਸਾਰੀ ਰਾਮ ਕਹਾਣੀ ਕਹਿ ਸੁਣਾਈ ਪਰ ਉਹ ਚੁੱਪ ਰਿਹਾ ਅਤੇ ਦੂਸਰੇ ਦਿਨ ਆਉਣ ਲਈ ਕਿਹਾ। ਉਸਨੇ ਉਸ ਵਕਤ ਹੀ ਆਪਣੇ ਘਰ ਪਏ ਨਰਮੇਂ ਨੂੰ ਬੋਤੇ ਵਾਲੀ ਰੇਹੜੀ ਵਿੱਚ ਲੱਦਿਆ ਅਤੇ ਸਾਰੀ ਵੱਟੀ ਰਕਮ ਅਗਲੇ ਦਿਨ ਦਸ ਹਜਾਰ ਰੁਪਏ ਮੇਰੇ ਹੱਥ ਧਰ ਦਿੱਤੀ। ਹਰ ਤਰਾਂ ਦੀ ਖੁੱਲ ਵੀ ਦੇ ਦਿੱਤੀ ਕਿ ਚਾਹੇ ਹਿੱਸਾ ਸਮਝ ਲਵਾਂ ਜਾਂ ਉਧਾਰ ਜਦ ਮਰਜੀ ਵਾਪਸ ਕਰ ਦੇਵੀਂ। ਦੋਸਤੀ ਅਤੇ ਸਵਾਰਥੀ ਰਿਸਤਿਆਂ ਦੀ ਸਮਝ ਮੈਨੂੰ ਮਾਪਿਆਂ ਅਤੇ ਇਸ ਮਹਾਨ ਸਵਰਗਵਾਸੀ ਦੋਸਤ ਤੋਂ ਮਿਲੀ ਅਤੇ ਗੁਰੂ ਤੇਗ ਬਹਾਦਰ ਦਾ ਸਲੋਕ ਵੀ ਸਮਝ ਆਇਆ ਕਿ ਮਾਤ ਪਿਤਾ ਸੁਤ ਬੰਧਪ ਭਾਈ ਸਭ ਸੁਆਰਥ ਕੇ ਅਧਿਕਾਈ ।
   ਕਿਸੇ ਦਾ ਕਰਜਾ ਕਿਸ ਤਰਾਂ ਮੁੜਦਾ ਹੈ ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਮੇਰੇ ਇਸ ਦੋਸਤ ਦੀ ਹਾਦਸੇ ਵਿੱਚ ਹੋਈ ਮੌਤ ਤੇ ਭੋਗ ਸਮੇਂ ਉਸਦੇ ਜੀਜੇ ਨੂੰ ਮੈਨੂੰ ਬੋਲਣ ਲਈ ਕਿਹਾ ਕਿ ਤੂੰ ਉਸਨੂੰ ਸਭ ਤੋਂ ਵੱਧ ਜਾਣਦਾ ਹੈ। ਮੇਰੇ ਕੋਲ ਬੋਲਣ ਦਾ ਰੱਬੀ ਗੁਣ ਜਾਂ ਔਗੁਣ ਹੈ ਅਤੇ ਮੈਂ ਉਸ ਕਾਮਰੇਡ ਪਰ ਨਾਸਤਿਕ ਨਹੀਂ, ਲੋਕ ਸੇਵਾ ਦੇ ਖਿਆਲਾਂ ਵਾਲੇ ਵਿਅਕਤੀ ਨੂੰ ਗਰੀਬਾਂ ਦਾ ਹਮਦਰਦ ਲੋੜਵੰਦਾਂ ਦੀ ਮਦਦ ਕਰਨ ਵਾਲਾ ਅਤੇ ਮੇਰੀ ਮੱਦਦ ਵਾਲੀ ਸਾਰੀ ਕਹਾਣੀ ਸੁਣਾਈ । ਉਸ ਨੇ ਆਪਣੀ ਇੱਕ ਬੇ ਔਲਾਦ ਭੂਆ ਦੀ ਦਿਲੋਂ ਜਾਨ ਸੇਵਾ ਕੀਤੀ ਸੀ ਜਿਸ ਕਾਰਨ ਉਸਦੇ ਭਾਈਆਂ ਅਤੇ ਮਾਪਿਆਂ ਨੇ ਉਸ ਨਾਲ ਅਣਗਿਣਤ ਬੇਇਨਸਾਫੀਆਂ ਕੀਤੀਆਂ ਸਨ। ਮੈਂ ਉਸ ਸਮੇਂ ਇੱਕ ਇਸਾਈ ਕਥਾ ਸੁਣਾਕਿ ਪਿੰਡ ,ਸੂਬੇ ਜਾਂ ਦੇਸ ਦੀ ਭਲਾਈ ਦੇ ਨਾਂ ਤੇ ਵੱਡੇ ਬਣਦੇ ਰਾਜਨੀਤਕ ਲੋਕਾਂ ਨਾਲੋਂ ਸਮੁੱਚੀ ਲੋਕਾਈ ਦੀ ਭਲਾਈ ਮੰਗਣ ਵਾਲੇ ਫਕੀਰਾਂ ਦਾ ਉੱਚਾ ਦਰਜਾ ਦਿੱਤਾ। ਥੋੜੇ ਸਮੇਂ ਬਾਅਦ ਉਸਦੀ ਬੇਟੀ ਨੇ ਵਿਦੇਸ ਜਾਣ ਲਈ ਕਿਸੇ ਪੜਾਈ ਦੇ ਅਧਾਰ ਤੇ ਵਿਦੇਸ ਜਾਣ ਵਾਲੀ ਕੁੜੀ ਨਾਲ ਢਾਈ ਲੱਖ ਦੇਣ ਦਾ ਵਾਅਦਾ ਕਰ ਲਿਆ ਅਸਲ ਵਿੱਚ ਉਹ ਕੁੜੀ ਠੱਗ ਏਜੰਟ ਸੀ ਜਿਸਨੇ ਵਾਅਦਾ ਕੀਤਾ ਕਿ ਮੈਂ ਤੈਨੂੰ ਉੱਥੇ ਜਾਕੇ ਤੈਨੂੰ ਨੌਕਰ ਦੇ ਤੌਰ ਤੇ ਸੱਦ ਲਊਗੀ। ਇਸ ਢਾਈ ਲੱਖ ਲਈ ਦੋਸਤ ਦਾ ਪਰੀਵਾਰ ਪਿੰਡ ਦੇ ਕਿਸ ਵਿਅਕਤੀ ਕੋਲ ਕਰਜਾ ਚੁੱਕਣ ਚਲਿਆਂ ਗਿਆਂ ਪਰ ਉਸ ਵਿਅਕਤੀ ਨੇ ਇੱਕ ਸਰਤ ਲਗਾ ਦਿੱਤੀ ਕਿ ਬੂਟਾ ਸਿੰਘ ਦੇ ਭੋਗ ਤੇ ਕੋਈ ਮੁੰਡਾਂ ਬੋਲਿਆਂ ਸੀ ਪੱਖੋ ਵਾਲਾ ਉਸ ਦੇ ਕੋਲੋਂ ਕਹਾਉ ਫਿਰ ਕਰਜਾ ਦੇਵਾਂਗਾਂ। ਜਦੋਂ ਕਿ ਉਸ ਵਿਅਕਤੀ ਨੂੰ ਨਾਂ ਮੈਂ ਜਾਣਦਾ ਸੀ ਨਾਂ ਉਹ ਕਦੇ ਮੈਨੂੰ ਮਿਲਿਆ ਸੀ। ਉਹ ਕੁੜੀ ਮੇਰੇ ਕੋਲ ਆਈ ਅਤੇ ਸਿਫਾਰਸ ਕਰਨ ਲਈ ਕਹਿਣ ਲੱਗੀ ਜੋ ਕਿ ਮੈਂ ਫੋਨ ਕਰਕੇ ਕਹਾਂ ਇਹ ਸਿਫਾਰਸ਼ ਫੋਨ  ਕਰਕੇ ਮੈਂ ਕਰ ਵੀ ਦਿੱਤੀ ਪਰ ਉਸ ਵਿਅਕਤੀ ਨੇ ਸੰਕਾਂ ਜਾਹਰ ਕੀਤੀ ਮੇਰੇ ਨਾਲ ਕਿ ਕਿੱਧਰੇ ਇਹਨਾਂ ਨਾਲ ਠੱਗੀ ਨਾਂ ਵੱਜ ਜਾਵੇ ਕਰਜਾ ਦੇਣ ਦੀ ਕੋਈ ਗੱਲ ਨਹੀ ਤੁਸੀ ਮੈਨੂੰ ਸਮਝਦਾਰ ਬੰਦੇ ਲੱਗੇ ਸੀ ਤਾਂ ਤੁਹਾਨੂੰ ਦੱਸ ਰਿਹਾਂ। ਮੈਂ ਉਸ ਕੁੜੀ ਤੋ ਜਾਣ ਦਾ ਸਾਰਾ ਤਰੀਕਾ ਜਾਣਿਆਂ ਜੋ ਕਿ ਮੈਨੂੰ ਵੀ ਸੱਕੀ ਲੱਗਿਆਂ। ਅਗਲੇ ਦਿਨ ਮੈਂ ਮੇਰੀ ਬੇਟੀ ਨੂੰ ਬੀ ਟੈਕ ਵਿੱਚ ਦਾਖਲਾ ਦਿਵਾਉਣ ਲਈ ਚੰਡੀਗੜ ਅਤੇ ਪਟਿਆਲੇ ਦੀ ਥਾਪਰ ਕਾਲਜ ਪਤਾ ਕਰਨ ਜਾਣਾਂ ਸੀ ਅਤੇ ਉਸ ਕੁੜੀ ਨੂੰ ਵੀ ਮੈਂ ਨਾਲ ਚੰਡੀਗੜ ਲੈ ਗਿਆ ਜਿੱਥੇ ਜਾਕੇ ਵਿਦੇਸ਼ ਭੇਜਣ ਵਾਲੇ ਦਫਤਰ ਨਾਲ ਇਸ ਨੂੰ ਵਿਚਾਰਿਆਂ ਜਿਸ ਨੂੰ ਉਸਨੇ ਵੀ ਠੱਗੀ ਦਾ ਜਾਲ ਦੱਸਿਆਂ ਅਤੇ ਉਸ ਕੁੜੀ ਨੂੰ ਪੂਰੀ ਤਸੱਲੀ ਕਰਵਾ ਕਿ ਉਸਦੇ ਸਿਰ ਤੇ ਵਿਦੇਸ ਜਾਣ ਦਾ ਭੂਤ ਉਤਾਰਿਆ। ਭਾਵੇਂ ਕੁੜੀ ਥੋੜਾ ਉਦਾਸ ਹੋ ਗਈ ਕਿਉਂਕਿ ਜਿਸਨੂੰ ਉਹ ਦੋਸਤ ਸਮਝਦੀ ਸੀ ਹੁਣ ਉਹ ਠੱਗ ਜਾਪਣ ਲੱਗੀ। ਇਹੋ ਗੱਲ ਮੈਂ ਉਸਦੀ ਮਾਂ ਅਤੇ ਕਰਜਾ ਦੇਣ ਵਾਲੇ ਨੂੰ ਦੱਸ ਦਿੱਤੀ ਅਤੇ ਉਸ ਪਰੀਵਾਰ ਦਾ ਨੁਕਸਾਨ ਹੋਣੋਂ ਬਚ ਗਿਆਂ। ਮੈਂ ਕੁਦਰਤ ਦਾ ਧੰਨਵਾਦ ਕੀਤਾ ਕਿ ਮੈਂ ਦੋ ਸਮੇਂ ਮਦਦ ਕਰਨ ਵਾਲੇ ਉਸ ਸਵਰਗਵਾਸੀ ਮਿੱਤਰ ਦਾ ਸਾਇਦ ਕਰਜਾ ਉਤਾਰਨ ਵਿੱਚ ਸਫਲ ਹੋ ਗਿਆਂ ਹਾਂ। ਉਸਦੀ ਰੂਹ ਜਰੂਰ ਹੀ ਮੈਨੂੰ ਦੇਖ ਰਹੀ ਹੋਵੇਗੀ।    
  ਮੇਰੇ ਸਵਰਗਵਾਸੀ ਦੋਸਤ ਨੇ ਮੇਰੇ ਕੋਲੋਂ ਸਿਰਫ ਕਿਤਾਬਾਂ ਪੜਨ ਲਈ ਲੈਣ ਤੋਂ ਬਿਨਾਂ ਕਦੀ ਕੋਈ ਅਹਿਸਾਨ ਨਹੀਂ ਲਿਆ ਭਾਵੇਂ ਕਿ ਮੈ ਸਮੇਂ ਨਾਲ ਟਰੱਕਾਂ ਟਰਾਲਿਆਂ ਦਾ ਮਾਲਕ ਵੀ ਬਣਿਆ ,ਟਰੱਕ ਯੂਨੀਅਨ ਤਪਾ ਦਾ ਪਰਧਾਨ ਵੀ ਅਤੇ ਇੱਕ ਵੱਡੇ ਸਕੂਲ ਦਾ ਪਰਬੰਧਕੀ ਮੈਂਬਰ ਵੀ ਅਤੇ ਘਰੇਲੂ ਅਮੀਰੀ ਦਾ ਦੌਰ ਵੀ ਦੇਖਿਆ। ਲੰਬਾਂ  ਸਮੇਂ ਲਈ ਮੇਰੇ ਇਸ ਦੋਸਤ ਤਰਸ ਯੋਗ ਹਾਲਤਾਂ ਵਿੱਚ ਮਦਦ ਕਰਨ ਦੀ ਪੇਸਕਸ ਕਰਦਾ ਰਿਹਾ ਪਰ ਉਸਦਾ ਜਵਾਬ ਹੁੰਦਾਂ ਸੀ ਕਿ ਮੈਨੂੰ ਤੇਰੇ ਕੋਲੋਂ ਜੋ ਮਿਲਿਆ ਅਤੇ ਸਿੱਖਿਆ ਹੈ ਉਹ ਤਾਂ ਕਿਤੋਂ ਵੀ ਨਹੀਂ ਮਿਲਿਆ। ਕੀ ਮੇਰਾ ਸੱਚਾ ਪਿਆਰ ਤੇ ਸਤਿਕਾਰ ਹੀ ਉਸ ਲਈ ਸਭ ਤੋਂ ਵੱਡਾ ਖਜਾਨਾ ਸੀ ਸਾਇਦ । ਮੇਰੇ ਦੋਸਤ ਦੀਆਂ ਕੀਤੀਆਂ ਨੇਕੀਆਂ ਜੋ ਉਹ  ਕਰਨ ਤੋਂ ਬਾਅਦ ਖੂਹ ਵਿੱਚ ਸਿੱਟ ਦਿੰਦਾਂ ਸੀ ਪਰ ਕੁਦਰਤ ਵਿਸਾਲ ਹੁੰਦੀ ਹੈ ਪਤਾ ਹੀ ਨਹੀ ਉਸਨੇ ਕਿਹੜਾ ਬੀਜ ਕਦੋਂ ਹਰਾ ਕਰ ਦੇਣਾਂ ਹੈ। ਮਨੁੱਖ ਬਹੁਤ ਛੋਟਾ ਹੈ ਦਾਅਵੇ ਵੱਡੇ ਕਰਦਾ ਹੈ ਪਰ ਕੁਦਰਤ ਦੇ ਭੇਤ ਕਦੇ ਵੀ ਨਹੀ ਜਾਣ ਸਕਦਾ। ਸੋ ਸਿਆਣਿਆਂ ਦਾ ਕਿਹਾ ਝੂਠਾ ਕਿਵੇਂ ਹੋ ਸਕਦਾ ਹੈ ਕਿ ਨੇਕੀ ਕਰ ਕੇ ਖੂਹ ਵਿੱਚ ਸੁੱਟ ਦੇ ਭਲਿਆ ।

ਗੁਰਚਰਨ ਸਿੰਘ ਪੱਖੋਕਲਾਂ
ਜਿਲਾ ਬਰਨਾਲਾ
ਫੋਨ 9417727245 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.