ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਫਸਲੀ ਵਿਭਿੰਨਤਾਂ ਦਾ ਰੌਲਾ ਕਿਸ ਗੱਲ ਤੋਂ?
ਫਸਲੀ ਵਿਭਿੰਨਤਾਂ ਦਾ ਰੌਲਾ ਕਿਸ ਗੱਲ ਤੋਂ?
Page Visitors: 2827

ਫਸਲੀ ਵਿਭਿੰਨਤਾਂ ਦਾ ਰੌਲਾ ਕਿਸ ਗੱਲ ਤੋਂ?
ਕਿਸਾਨੀ ਤੋਂ ਕੋਰੇ ਏਸੀ ਕਲਚਰ ਲੇਖਕ ਅਤੇ ਕਿਸਾਨੀ ਹਕੀਕਤਾਂ  ਅਸਲੀਅਤ ਛੱਡਕੇ ਸਰਕਾਰ ਭਗਤੀ ਕਰਦੀ ਕਿਸਾਨ ਵਿਰੋਧੀ ਧਿਰ
   ਏਸੀ ਕਮਰਿਆਂ ਵਿੱਚ ਬੈਠ ਕੇ ਲਿਖਣ ਵਾਲੇ ਅਤੇ ਫੈਸਲੇ ਲੈਣ ਵਾਲੇ ਲੋਕ ਨਿੱਤ ਦਿਨ ਡਰਾਮੇਬਾਜੀ ਕਰਦੇ ਰਹਿੰਦੇ ਹਨ ਕਿ ਕਿਸਾਨ ਨੂੰ ਫਸਲੀ ਵਿਭਿੰਨਤਾਂ ਲਿਆਉਣੀ ਚਾਹੀਦੀ ਹੈ ਪਰ ਕੀ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਕਿਸਾਨ ਤਾਂ ਹਮੇਸਾਂ ਹੀ ਇਹ ਕੁੱਝ ਕਰਦਾ ਰਹਿੰਦਾਂ ਹੈ। ਨੇਤਾ ਲੋਕ ਕਹਿੰਦੇ ਹੋਰ ਹਨ ਕਰਦੇ ਕੁੱਝ ਹੋਰ ਹਨ । ਇਸ ਤਰਾਂ ਹੀ ਲੇਖਕ ਕਿਸਾਨੀ ਅਤੇ ਕਿਸਾਨਾਂ ਦੀਆਂ ਹਕੀਕਤਾਂ ਤੋਂ ਕੋਰੇ ਹੁੰਦੇ ਹਨ ਪਰ ਲਿਖਣ ਵੇਲੇ ਹਕੀਕਤਾਂ ਤੋਂ ਉਲਟ ਲਿਖਕੇ ਨਾਂ ਚਮਕਾਉਣ ਦੀ ਕੋਸਿਸ ਕਰਦੇ ਰਹਿੰਦੇ ਹਨ । ਅਖਬਾਰਾਂ ਦੇ ਸੰਪਾਦਕ ਨਿੱਜੀ ਦੋਸਤੀਆਂ ਅਧੀਨ ਹੀ ਇੰਹਨਾਂ ਨੂੰ ਛਾਪੀ ਜਾਂਦੇ ਹਨ । ਇੰਹਨਾਂ ਲਿਖਤਾਂ ਦੇ ਨਾਲ ਬਦਲਦਾ ਤਾਂ ਕੁੱਝ ਨਹੀਂ ਪਰ ਵਿਚਾਰਾ ਬਣਾਇਆ ਗਿਆ ਕਿਸਾਨ ਬਦਨਾਮ ਜਰੂਰ ਕਰ ਦਿੱਤਾ ਜਾਂਦਾ ਹੈ ਅਤੇ ਕਿਸਾਨੀ ਵਰਗ ਨੂੰ ਮੂਰਖ ਵੀ ਸਿੱਧ ਕਰ ਦਿੱਤਾ ਜਾਂਦਾਂ ਹੈ। ਕਿਸਾਨ ਤਾਂ ਹਮੇਸਾਂ ਫਸਲੀ ਵਿਭਿੰਨਤਾਂ ਕਰਨ ਦੀ ਕੋਸਿਸ  ਕਰਦਾ ਵੀ ਰਹਿੰਦਾਂ ਹੈ। ਖੇਤੀ ਵਸਤਾਂ ਦਾ ਵਪਾਰ ਕਰਨ ਵਾਲੀਆਂ ਸਰਕਾਰਾਂ ਅਤੇ ਵਪਾਰੀ ਆਪਣੀ ਖੇਡ ਖੇਢ ਕੇ ਕਿਸਾਨ ਨੂੰ ਮਜਬੂਰ ਕਰ ਦਿੰਦੇ ਹਨ ਕਿ ਉਹ ਫਸਲੀ ਵਿਭਿੰਤਾ ਨਹੀ ਉਹਨਾਂ ਦੀ ਮਰਜੀ ਦੀ ਹੀ ਫਸਲ ਬੀਜੇ । ਲਉ ਸੁਣੋਂ ਕੁੱਝ ਨਵਾਂ ਜੋ ਹਕੀਕਤ ਬਿਆਨ ਕਰਦਾ ਹੈ ਸਾਡੇ ਨੀਤੀ ਘਾੜਿਆਂ ਦੀਆਂ ਚਾਲਾਂ ਨੂੰ । ਮੱਤ ਕਿਸਾਨ ਨੂੰ ਨਹੀ ਸਰਕਾਰ ਨੂੰ ਦਿਆ ਕਰੋ ਏਸੀ ਕਮਰਿਆਂ ਵਿੱਚ ਬੈਠ ਕੇ ਲਿਖਣ ਵਾਲੇ ਲੇਖਕ ਵੀਰੋ । ਸਾਨੂੰ ਬਦਨਾਮ ਕਰਨਾਂ ਛੱਡੋ । ਪਿੱਛਲੇ ਸਾਲ ਹਰ ਸਾਲ ਦੀ ਤਰਾਂ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ ਕੇਂਦਰੀ ਖੇਤੀ ਮੰਤਰੀ ਦੀ ਪਰਧਾਨਗੀ ਹੇਠ ਦਿੱਲੀ ਮੀਟਿੰਗ ਹੋਈ ਜਿਸ ਵਿੱਚ ਪਰਬੰਧਕ ਅਫਸਰਸਾਹੀ ਨੇ ਸੂਬਿਆਂ ਦੇ ਮੰਤਰੀਆਂ ਨੂੰ ਚੈਲੰਜ ਕੀਤਾ ਕਿ ਦੱਸੋ ਕਿਹੜਾ ਸੂਬਾ ਝੋਨੇ ਦੀ ਪੈਦਾਵਾਰ ਵਧਾਉਣ ਦਾ ਦਮ ਭਰਦਾ ਹੈ ਏਸਨੂੰ ਸੈਂਟਰ ਸਰਕਾਰ ਸਪੈਸਲ ਮੱਦਦ ਦੇਣਾਂ ਚਾਹੁੰਦੀ ਹੈ। ਇਸ ਗੱਲਬਾਤ ਤੋਂ ਬਾਅਦ ਪੰਜਾਬ ਦੇ ਅਫਸਰ ਖੜੇ ਹੋਏ ਅਤੇ ਕਿਹਾ ਕਿ ਪੰਜਾਬ ਝੌਨੇ ਦੀ ਪੈਦਾਵਾਰ ਵਧਾ ਸਕਦਾ ਹੈ ਸਾਨੂੰ ਆਰਥਿਕ ਮੱਦਦ ਕਰੋ । ਅੱਗੋਂ ਪਰਬੰਧਕ ਨੇ ਕਿਹਾ ਕਿ ਇਹ ਤੁਸੀਂ ਨਹੀ ਪੰਜਾਬ ਦਾ ਖੇਤੀਬਾੜੀ ਮੰਤਰੀ ਬੋਲ ਕੇ ਦੱਸੇ ਅਤੇ ਲਿਖਤੀ ਤੌਰ ਤੇ ਦੇਵੋ ਪਰ ਖੇਤੀਬਾੜੀ ਮੰਤਰੀ ਜੀ ਹਾਜਰ ਨਹੀਂ ਸੀ ਸੋ ਫੈਸਲਾ ਬਾਅਦ ਵਿੱਚ ਹੋਇਆਂ । ਇੱਕ ਪਾਸੇ ਤਾਂ ਪੰਜਾਬ ਸਰਕਾਰ ਸੈਂਟਰ ਨਾਲ ਵਾਅਦੇ ਕਰਦੀ ਹੈ ਦੂਸਰੇ ਪਾਸੇ ਖੇਤੀ ਵਿਭਿੰਨਤਾ ਦਾ ਪਰਚਾਰ ਵਾਹ  ਕਮਾਲ ਹੈ ਨਾਂ । ਪੰਜਾਬ ਸਰਕਾਰ ਝੋਨਾਂ ਪਾਲਣ ਵਾਸਤੇ ਬਿਜਲੀ ਮੁਫਤ ਦਿੰਦੀ ਹੈ ਨਰਮਾ ਕਪਾਹ ਗੁਆਰਾ ਬੀਜਣ ਵਾਲਿਆਂ ਨੂੰ ਕੋਈ ਮੱਦਦ ਨਹੀਂ । ਝੋਨਾਂ ਬੀਜਣ ਵਾਲਿਆਂ ਲਈ ਸੈਂਟਰ ਸਪੈਸਲ ਪੈਕੇਜ ਦੇ ਰਿਹਾ ਹੈ ਅਤੇ ਪੰਜਾਬ ਸਰਕਾਰ ਪੈਕੇਜ ਕਿਸਾਨਾਂ ਨੂੰ ਦਿਵਾਉਣ ਲਈ ਪੂਰੀਆਂ ਤਣੀਆਂ ਤੁੜਾ ਰਹੀ ਹੈ ਪਰ ਦੂਸਰੇ ਪਾਸੇ ਗੁਆਰਾ ਨਰਮਾ ਕਪਾਹ ਅਤੇ ਫਲਾਂ ਦੀ ਕਾਸਤ ਕਰਨ ਵਾਲਿਆਂ ਲਈ ਕਦੇ ਜੋਰ ਲਾਉਦਿਆਂ ਵੇਖੀ ਹੈ । ਝੋਨਾਂ ਅਤੇ ਕਣਕ ਖਰੀਦਣ ਲਈ ਸੈਂਟਰ ਅਤੇ ਸੂਬਾ ਸਰਕਾਰ ਭੱਜੀਆਂ ਫਿਰਦੀਆਂ ਰਹਿੰਦੀਆਂ ਹਨ ਅਤੇ ਵਿਆਹ ਦੀ ਤਰਾਂ ਤਿਆਰੀ ਕਰਦੀਆਂ ਹਨ ਪਰ ਨਰਮੇ ਕਪਾਹ ਅਤੇ ਹੋਰ ਫਸਲਾਂ ਲਈ ਕਦੇ ਵੇਖੀਆਂ ਹਨ ਕੋਈ ਪਰਬੰਧ ਕਰਦੀਆਂ । ਜੇ ਵਪਾਰੀ ਖਰੀਦ ਲਏ ਤਾਂ ਠੀਕ ਹੈ ਜੇ ਵਪਾਰੀ ਨਾਂ ਖਰੀਦ ਕਰੇ  ਫਿਰ ਤਾਂ ਕਿਸਾਨ ਅਣਗਿਣਤ ਦਿਨਾਂ ਲਈ ਮੰਡੀਆਂ ਵਿੱਚ ਰੁਲਦਾ ਰਹਿੰਦਾਂ ਹੈ। ਤਿੰਨ ਸਾਲ ਪਹਿਲਾਂ ਵਪਾਰੀਆਂ ਵੱਲੋਂ ਨਰਮਾ ਨਾਂ ਖਰੀਦਣ ਤੇ ਸਰਕਾਰੀ ਏਜੰਸ਼ੀਆਂ ਨੇ ਨਰਮਾ ਖਰੀਦਣ ਤੋਂ ਇਨਕਾਰ ਹੀ ਕਰ ਦਿੱਤਾ ਸੀ ਜਿਸ ਲਈ ਥਾਂ ਥਾਂ ਧਰਨੇ ਲੱਗੇ ਸਨ । ਸਰਕਾਰੀ ਏਜੰਸੀਆਂ ਪਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡ ਦਿੰਦੀਆਂ ਹਨ ਬਜਾਇ ਕੰਪੀਟੀਸਨ ਦੇਣ ਦੇ । ਵਪਾਰੀ ਅਤੇ ਸਰਕਾਰੀ ਗੱਠਜੋੜ ਦੀ ਮਿਲੀ ਭੁਗਤ ਨਾਲ ਖੇਤੀ ਵਿਭਿੰਨਤਾਂ ਵਾਲੀਆਂ ਫਸਲਾਂ ਵਿੱਚ ਲੁੱਟ ਕੀਤੀ ਜਾਂਦੀ ਹੈ। ਜਦੋਂ ਕਿ ਕਣਕ ਅਤੇ ਝੋਨੇ ਵਿੱਚ ਸਰਕਾਰ ਵਪਾਰੀਆਂ ਨਾਲੋਂ ਵੀ ਵੱਧ ਕੀਮਤ ਦੇਕੇ ਤੁਰੰਤ ਖਰੀਦਦੀ ਹੈ । 48 ਘੰਟਿਆਂ ਵਿੱਚ ਪੇਮੈਂਟ ਯਕੀਨੀ ਬਣਾਉਦੀ ਹੈ।  ਜਦ ਸਰਕਾਰ ਸਹੂਲਤਾਂ ਤਾਂ ਕਣਕ ਅਤੇ ਝੋਨਾਂ ਬੀਜਣ ਵਾਲਿਆਂ ਲਈ ਦਿੰਦੀ ਹੈ ਪਰਚਾਰ ਫਸਲੀ ਵਿਭਿੰਤਾ ਦਾ ਕਰਦੀ ਹੈ ਹੈ ਨਾਂ ਦੋਗਲਾਪਣ ਅਤੇ ਲੇਖਕਾਂ ਦੀ ਕਮਅਕਲੀ ਜਾਂ ਕਿਸਾਨੀ ਮਸਲਿਆਂ ਤੋਂ ਕੋਰਾਪਣ  ਏਸੀ ਲੇਖਕਾਂ ਦਾਂ । ਜੇ ਸਰਕਾਰ ਮਨਪਰੀਤ ਬਾਦਲ ਨੂੰ ਸਬਸਿਡੀਆਂ ਦੇਣ ਵਾਂਗ ਆਮ ਕਿਸਾਨਾਂ ਨੂੰ ਵੀ ਸਬਸਿਡੀ ਦੇਵੇ ਤਾਂ ਕਿਸਾਨ ਤਾਂ ਪੰਜਾਬ ਨੂੰ ਫਲਾਂ ਦਾ ਘਰ ਬਣਾ ਦੇਣ । ਜੇ ਸਰਕਾਰ ਸੁਖਬੀਰ ਬਾਦਲ ਨੂੰ ਟਰਾਸਪੋਰਟ ਦੇ ਪਰਮਿਟ ਦੇਣ ਦੀ ਤਰਾਂ ਪੰਜਾਬੀ ਕਿਸਾਨਾਂ ਨੂੰ ਵੀ ਦੇਣ ਤਾਂ ਪੰਜਾਬੀ ਕਿਸਾਨ ਤਾਂ ਸਾਰੇ ਦੇਸ ਵਿੱਚ ਪੰਜਾਬੀ ਟਰਾਂਸਪੋਰਟ ਆਮ ਕਰ ਦੇਣ ਗੇ । ਜੇ ਸਰਕਾਰ ਸਹੂਲਤ ਦੇਵੇ ਖੁੱਲੀ ਮੰਡੀ ਦੀ ਤਾਂ ਕਿਸਾਨ ਹਿੰਦੋਸਤਾਨ ਤਾਂ ਕੀ  ਅਮਰੀਕਾ ਕੈਨੇਡਾ ਇੰਗਲੈਂਡ ਤੱਕ ਦੀਆਂ ਮੰਡੀਆਂ ਵਿੱਚ ਜਾ ਬੈਠੇਗਾ ਪਰ ਸਰਕਾਰ ਸਹੂਲਤ ਤਾਂ ਕੀ ਇਜਾਜਤ ਹੀ ਦੇ ਦੇਵੇ ।
 ਪੰਜਾਬੀ ਕਿਸਾਨ ਤਾਂ ਵਿਦੇਸਾਂ  ਜਿਵੇਂ ਅਮਰੀਕਾ ਕੈਨੇਡਾ ਅਤੇ ਦੇਸ ਵਿੱਚ ਰਾਜਸਥਾਨ, ਮੱਧ ਪਰਦੇਸ, ਯੂਪੀ ਆਦਿ ਵਿੱਚ ਜਾਕੇ ਨਵੀਆਂ ਫਸਲਾਂ ਬੀਜ ਰਿਹਾ ਹੈ । ਅਮਰੀਕਾ ਦੇ ਪੰਜਾਬੀ ਟੁੱਟ ਬਰਦਰਜ ਜਿਹੜੇ ਪੰਜਾਬ ਵਿੱਚ ਟਰੈਕਟਰ ਖਰੀਦਣ ਲਈ 9000 ਰੁਪਏ ਸਿਰਫ ਸਰਕਾਰੀ ਸਹਾਇਤਾ ਜਾਂ ਬੈਂਕ ਲੋਨ ਵੀ ਨਹੀਂ ਪਰਾਪਤ ਕਰ ਸਕੇ ਸਨ ਅੱਜ ਕੱਲ ਅਮਰੀਕੀ ਸਰਕਾਰ ਦੀਆਂ ਨੀਤੀਆਂ ਕਾਰਨ ਉੱਥੇ ਸਭ ਤੋਂ ਵੱਡੇ ਕਿਸਾਨ ਬਣ ਬੈਠੇ ਹਨ । ਟੁੱਟ ਬਰਦਰਜ ਜੋ ਪੰਜਾਬ ਵਿੱਚ ਮੰਗਤੇ ਬਣੇ ਅਤੇ ਖੈਰ ਨਹੀਂ ਪਈ ਸੀ ਸਰਕਾਰ ਤੋਂ ਅਮਰੀਕਾ ਜਾਕੇ ਖੇਤੀ ਦੇ ਸਹਾਰੇ ਬਾਦਸਾਹ ਬਣ ਗਏ ਹਨ ਅਤੇ ਪਿੱਛੇ ਜਿਹੇ ਹਰਮੰਦਰ ਸਾਹਿਬ ਵਿੱਚ ਤਲਾਅ ਦੇ ਪਾਣੀ ਲਈ ਚਾਰ ਕਰੋੜ ਦਾ ਪਾਣੀ ਸਫਾਈ ਸਿਸਟਮ  ਦਾਨ ਕਰਕੇ ਗਏ ਹਨ । ਰੱਖੜਾ ਭਰਾ ਅਮਰੀਕਾ ਵਿੱਚ ਸਫਲ ਹੋਕੇ ਹੀ ਪੰਜਾਬ ਦੀ ਰਾਜਨੀਤੀ ਵਿੱਚ ਸਫਲ ਹੋ ਸਕੇ ਹਨ । ਪੰਜਾਬੀ ਕਿਸਾਨ ਪੰਜਾਬ ਵਿੱਚ ਖੁਦਕਸੀ ਦੇ ਰਾਹ ਪੈ ਜਾਂਦੇ ਹਨ ਪਰ ਵਿਦੇਸੀ ਜਾਕੇ ਕੋਈ ਅੰਗੂਰਾਂ ਦਾ ਬਾਦਸਾਹ ਕੋਈ ਬਾਦਾਮਾਂ ਦਾ ਬਾਦਸਾਹ ਕੋਈ ਲੀਚੀ ਪੈਦਾ ਕਰਨ ਦਾ ਬਾਦਸਾਹ ਬਣਿਆ ਬੈਠਾ ਹੈ ਪਰ ਪੰਜਾਬ ਦਾ ਇੱਕੋ ਇੱਕ ਆਲੂ ਪੈਦਾ ਕਰਨ ਦਾ ਬਾਦਸਾਹ ਸੰਘਾ ਪਰੀਵਾਰ ਸਰਕਾਰ ਦੀ ਬੇਰੁੱਖੀ ਕਾਰਨ ਜਲੰਧਰ ਦੀਆਂ ਸੜਕਾਂ ਤੇ ਆਲੂ ਸਿੱਟਦਾ ਫਿਰਦਾ ਹੈ ।
  ਲੇਖਕ ਮਿੱਤਰੋ ਹਕੀਕਤਾਂ ਨੂੰ ਸਮਝਿਆ ਕਰੋ ਜੇ ਲਿਖਣਾਂ ਹੀ ਚਾਹੁੰਦੇ ਹੋ ਤਾਂ ਬਾਣੀਆਂ ਦੇ ਛੱਡੇ ਢੱਠੇ ਵਾਂਗ ਮੋਕ ਨਾਂ ਮਾਰਿਆ ਕਰੋ ਸਰਕਾਰਾਂ ਨੂੰ ਸੀਸਾ ਵੀ ਦਿਖਾ ਦਿਆ ਕਰੋ । ਨਹੀ ਅਸਲ ਵਿੱਚ ਪੰਜਾਬੀ ਦੇ ਬਹੁਤੇ ਛਪਦੇ ਲੇਖਕ ਤਾਂ ਸਰਕਾਰੀ ਨੌਕਰੀਆਂ ਦੇ ਅਨੰਦ ਮਾਨਣ ਵਾਲੇ ਹਨ ਅਤੇ ਸਰਕਾਰੀ ਏਸੀਆਂ ਵਾਲੇ ਦਫਤਰਾਂ ਵਿੋੱਚ ਸੌਣ ਵਾਲੇ ਹਨ ਜਿੰਹਨਾਂ ਨੂੰ ਪਤਾ ਹੀ ਨਹੀ ਕਿ ਕਿਸਾਨ ਬਰਫ ਵਰਗੀ ਠੰਡ ਵਿੱਚ ਖੇਤਾਂ ਨੂੰ ਪਾਣੀ ਲਾਉਂਦਾਂ ਹੈ ਅਤੇ ਕਹਿਰ ਦੀ ਗਰਮੀ ਵਿੱਚ ਨੰਗੇ ਪੈਰੀਂ ਗੁਆਰਾ ਬਾਜਰਾਂ ਨਰਮਾ ਕਪਾਹ ਗੁੱਡਦਾ ਹੈ ਖੇਤੀ ਵਿਭਿੰਨਤਾਂ ਲਈ ਪਰ ਤੁਸੀ ਏਸੀ ਵਿੱਚ ਕੰਮ ਕਰਨ ਸਮੇਂ ਵੀ ਮੁਫਤ ਕੰਮ ਕਰਨਾਂ ਪੈ ਜਾਵੇ ਤਾਂ ਗਰਮ ਹੋ ਜਾਦੇਂ ਹੋ । ਕਿਸਾਨਾਂ ਨੂੰ ਇਸ ਸਾਲ ਰਾਜਸਥਾਨ ਦੀ ਇੱਕ ਪਰਾਈਵੇਟ ਕੰਪਨੀ ਨੇ ਗੁਆਰਾ ਖਰੀਦਣ ਦੀ ਗਰੰਟੀ ਦਿੱਤੀ ਹੈ ਅਤੇ ਕਿਸਾਨਾਂ ਨੇ ਧੜਾਧੜ ਗੁਆਰਾ ਬੀਜਿਆ ਹੈ । ਸਰਕਾਰ ਫਸਲ ਦੀ ਝੋਨੇ ਅਤੇ ਕਣਕ ਜਿੰਨੀ ਆਮਦਨ ਦੇ ਚੈੱਕ ਤਾਂ ਜਾਰੀ ਕਰੇ ਅਤੇ ਜਿਹੜੀ ਮਰਜੀ ਫਸਲ ਬਿਜਵਾ ਲਵੇ । ਕਿਸਾਨ ਤਾਂ ਅਫੀਮ ਪੈਦਾ ਕਰਨ ਵਾਲੇ ਪੋਸਤ ਨੂੰ ਬੀਜਣ ਲਈ ਵੀ ਤਿਆਰ ਹੈ। ਕੋਈ ਖਰੀਦਣ ਵਾਲਾ ਹੋਵੇ ਅਤੇ ਘੱਟੋ ਘੱਟ ਕੀਮਤ ਦਾ ਐਲਾਨ ਕਰੇ ਤਾਂ ਸਹੀ ਪਰ ਐਵੇਂ ਫੋਕੀਆਂ ਸਲਾਹਾਂ ਵਾਲਿਆਂ ਤੋਂ ਕਿਸਾਨ ਪਹਿਲਾਂ ਹੀ ਬਥੇਰਾ ਘਾਟਾ ਖਾ ਚੁੱਕਿਆਂ ਹੈ । ਜਹਿਰਾਂ ਦੀ ਵਰਤੋਂ ਨੂੰ ਹੱਲਾਸੇਰੀ ਦੇਣ ਵਾਲੀ ਸਰਕਾਰ ਅਤੇ ਯੂਨੀਵਰਸਿਟੀ ਮਾਹਰ ਪੰਜਾਬੀਆਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਕੇ ਹੁਣ ਹਸਪਤਾਲ ਵੀ ਨਹੀਂ ਬਣਵਾ ਸਕਦੇ। ਕੈਂਸਰ ਲਈ ਬਿਗਾਨੀਆਂ ਰਾਜਧਾਨੀਆਂ ਜਾਂ ਬਿਗਾਨੇ ਸੂਬੇ ਵਿੱਚ ਸਸਤਾ ਇਲਾਜ ਭਾਲਦੇ ਫਿਰਦੇ ਹਨ ਕਿਰਤੀ ਲੋਕ ਜਿਵੇਂ ਪੀਜੀਆਈ ਅਤੇ ਬੀਕਾਨੇਰ ਦਾ ਕੈਂਸਰ ਹਸਪਤਾਲ । ਪੰਜਾਬ ਦੇ ਰਾਜਨੀਤਕ ਤਾਂ ਅਮਰੀਕਾ ਤੱਕ ਸਰਕਾਰੀ ਖਜਾਨੇ ਦੇ ਜੋਰ ਤੇ ਇਲਾਜ ਕਰਵਾ ਲੈਂਦੇ ਹਨ ਪਰ ਕਿਸਾਨ ਨੂੰ ਤਾਂ ਐਲਾਨ ਕਰਕੇ ਵੀ ਇੱਕ ਲੱਖ ਤੱਕ ਨਹੀਂ ਦਿੰਦੇ । ਖਾਦਾਂ ਦੀ ਅੰਨੀ ਵਰਤੋਂ ਨੂੰ ਹੱਲਾਸੇਰੀ ਦੇਣ ਵਾਲੇ ਯੂਨੀਵਰਸਿਟੀ ਦੇ ਮਾਹਰ ਲੋਕ ਅਤੇ ਚਾਂਸਲਰ ਤੱਕ ਰਹਿਣ ਵਾਲੇ ਲੋਕ ਹੁਣ ਇਹਨਾਂ ਰਸਾਇਣਕ ਖਾਦਾਂ ਦੇ ਨਿੱਕਲ ਰਹੇ ਕੈਂਸਰ ਵਰਗੇ ਭਿਆਨਕ ਸਿੱਟਿਆਂ ਦੀ ਜੁੰਮੇਵਾਰੀ ਕਿਉਂ ਨਹੀਂ ਲੈਦੇ । ਇਸ ਤਰਾਂ ਹੀ ਫਸਲੀ ਵਿਭਿੰਨਤਾ ਦੀਆਂ ਸਲਾਹਾਂ ਤੋਂ ਬੱਚਕੇ ਕਿਸਾਨ ਚੰਗਾਂ ਹੀ ਕਰ ਰਿਹਾ ਹੈ । ਇੰਹਨਾਂ ਲੇਖਕਾਂ , ਰਾਜਨੀਤਕਾਂ ਅਤੇ ਯੂਨੀਵਰਸਿਟੀ ਮਾਹਰਾਂ ਨੇ ਤਾਂ ਜੇ ਫਸਲੀ ਵਿਭਿੰਨਤਾ ਦੇ ਕਾਰਨ ਕਿਸਾਨ ਘਾਟਾ ਖਾ ਜਾਣਗੇ ਤਾਂ ਤਾੜੀ ਮਾਰਕੇ ਹੀ ਹੱਸਣਾਂ ਹੈ । ਜਿੰਨਾਂ ਚਿਰ ਸਰਕਾਰੀ ਨੀਤੀ ਅਤੇ ਫੈਸਲੇ ਜਿਹੜੇ ਕਿਸਾਨ ਨੂੰ ਗਰੰਟੀ ਦੇਣ ਇਹਨਾਂ ਫਸਲਾਂ ਤੋਂ ਵੱਧ ਮੁਨਾਫੇ ਦਾ ਨਹੀਂ ਤਾਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤੋਂ ਗੁਰੇਜ ਹੀ ਕਰਨਾਂ ਚਾਹੀਦਾ ਹੈ। ਜਦ ਕੋਈ ਫਸਲੀ ਵਿਭਿੰਨਤਾ ਦੀ ਨੀਤੀ ਅਤੇ ਬਦਲ ਸਾਹਮਣੇ ਆਵੇਗੀ ਤਾਂ ਕਿਸਾਨ ਨੂੰ ਕਿਸੇ ਸਲਾਹ ਦੀ ਲੋੜ ਨਹੀਂ ਪਵੇਗੀ ਅਤੇ ਕਿਸਾਨ ਆਪਣੇ ਆਪ ਹੀ ਅਪਣਾ ਲਵੇਗਾ। ਕਿਸਾਨ ਨੂੰ ਸਲਾਹਾਂ ਨਹੀ ਨੀਤੀਆਂ ਦੀ ਲੋੜ ਹੈ ਜਿਸ ਨਾਲ ਕਿਸਾਨ ਨੂੰ ਕੋਈ ਸਹੂਲਤ ਮਿਲੇ ਝੂਠੇ ਭਰੋਸੇ ਨਹੀਂ ਚਾਹੀਦੇ ।

  ਗੁਰਚਰਨ ਪੱਖੋਕਲਾਂ
ਫੋਨ 9417727245
ਪਿੰਡ ਪੱਖੋਕਲਾਂ (ਬਰਨਾਲਾ)
 EMAIL    gspkho@gmail.com

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.