ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਵਿੱਚ ਪਏ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ
ਚੰਡੀਗੜ੍ਹ, 21 ਅਗਸਤ (ਪੰਜਾਬ ਮੇਲ) – ਚੰਡੀਗੜ੍ਹ, ਪੰਚਕੂਲਾ ਤੇ ਮੁਹਾਲੀ ਵਿੱਚ ਭਾਰੀ ਮੀਂਹ ਕਾਰਨ ਅੱਜ ਜੀਵਨ ਲੀਹ ਤੋਂ ਉਤਰ ਗਿਆ। ਅੱਜ ਸਵੇਰੇ ਤਕਰੀਬਨ ਤਿੰਨ ਘੰਟਿਆਂ ਤੱਕ ਮੀਂਹ ਪੈਣ ਮਗਰੋਂ ਸਾਰੀਆਂ ਮੁੱਖ ਸੜਕਾਂ ਡੁੱਬ ਗਈਆਂ, ਜਿਸ ਕਾਰਨ ਕਈ ਇਲਾਕਿਆਂ ਵਿੱਚ ਟਰੈਫਿਕ ਜਾਮ ਲੱਗੇ।
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਵੇਰੇ 8:30 ਤੋਂ 2:30 ਵਜੇ ਵਿਚਾਲੇ 115 ਮਿਲੀਮੀਟਰ ਮੀਂਹ ਪਿਆ। ਚੰਡੀਗੜ੍ਹ, ਮੁਹਾਲੀ, ਡੇਰਾਬਸੀ ਅਤੇ ਜ਼ੀਰਕਪੁਰ ਵਿੱਚ ਅਹਿਮ ਸੜਕਾਂ ਉਤੇ ਆਵਾਜਾਈ ਵਿੱਚ ਅੜਿੱਕਾ ਪਿਆ ਅਤੇ ਸਭ ਤੋਂ ਵੱਧ ਪ੍ਰਭਾਵਿਤ ਦਫ਼ਤਰਾਂ ਨੂੰ ਜਾਣ ਵਾਲੇ ਹੋਏ।
ਜਲਥਲ ਹੋਈਆਂ ਸੜਕਾਂ, ਖ਼ਾਸ ਤੌਰ ਉਤੇ ਮੁਹਾਲੀ ਦੀ 200 ਫੁੱਟ ਏਅਰਪੋਰਟ ਰੋਡ ਉਤੇ ਕਈ ਕਾਰਾਂ ਬੰਦ ਹੋ ਗਈਆਂ, ਜਿਸ ਕਾਰਨ ਲੋਕ ਉਥੇ ਹੀ ਫਸ ਗਏ। ਦੋ ਪਹੀਆ ਵਾਹਨ ਸਵਾਰ ਵੀ ਗੋਡੇ-ਗੋਡੇ ਪਾਣੀ ਵਿੱਚ ਫਸੇ ਹੋਏ ਹਨ। ਮੀਂਹ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਦਿੱਤੀ।
ਮੀਂਹ ਕਾਰਨ ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਵਾਲੇ ਪੱਧਰ ਦੇ ਨੇੜੇ ਆ ਗਿਆ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਨਾਲੋਂ ਤਿੰਨ ਡਿਗਰੀ ਹੇਠਾਂ ਹੈ। ਪੰਜਾਬ ਵਿੱਚ ਅੰਮ੍ਰਿਤਸਰ ਵਿਖੇ ਵੱਧ ਤੋਂ ਵੱਧ ਤਾਪਮਾਨ 35.2, ਲੁਧਿਆਣਾ ਵਿੱਚ 30.6 ਅਤੇ ਪਟਿਆਲਾ ਵਿੱਚ 32.3 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਅੰਬਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 32.2 ਅਤੇ ਹਿਸਾਰ ਵਿੱਚ 36.2 ਡਿਗਰੀ ਸੈਲਸੀਅਸ ਦਰਜ ਹੋਇਆ। ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਸ਼ ਦੀ ਪੇਸ਼ੀਨਗੋਈ ਕੀਤੀ ਹੈ।
ਕੌਮੀ ਰਾਜਧਾਨੀ ਦਿੱਲੀ ਵਿੱਚ ਵੀ ਅੱਜ ਸਵੇਰੇ 8:30 ਵਜੇ 28.3 ਡਿਗਰੀ ਸੈਲਸੀਅਸ ਮੀਂਹ ਪਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਸ਼ਹਿਰ ਵਿੱਚ ਸਵੇਰੇ ਬੱਦਲ ਛਾਏ ਰਹੇ ਅਤੇ ਹੁੰਮਸ ਦਾ ਪੱਧਰ 79 ਫੀਸਦੀ ਸੀ।