ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦੀਵਾਲੀ ਦੀ ਰਾਤ ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਕਈ ਥਾਈਂ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ
ਦੀਵਾਲੀ ਦੀ ਰਾਤ ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਕਈ ਥਾਈਂ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ
Page Visitors: 2365

ਦੀਵਾਲੀ ਦੀ ਰਾਤ ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਕਈ ਥਾਈਂ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ

 

ਦੀਵਾਲੀ ਦੀ ਰਾਤ ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਕਈ ਥਾਈਂ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ
October 21
02:40 2017
ਚੰਡੀਗੜ੍ਹ, 20 ਅਕਤੂਬਰ (ਪੰਜਾਬ ਮੇਲ)- ਦੀਵਾਲੀ ਦੀ ਰਾਤ ਜਲੰਧਰ, ਬਠਿੰਡਾ, ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਕਈ ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਸ ਕਾਰਨ ਕਈ ਲੋਕ ਜ਼ਖ਼ਮੀ ਹੋਏ ਅਤੇ ਕਾਫ਼ੀ ਮਾਲੀ ਨੁਕਸਾਨ ਹੋਇਆ। ਬਠਿੰਡਾ ਵਿੱਚ ਗੱਤਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਤਕਰੀਬਨ 10 ਕਰੋੜ ਰੁਪਏ ਦਾ ਨੁਕਸਾਨ ਹੋਇਆ।
ਬਠਿੰਡਾ : ਬਠਿੰਡਾ-ਮਾਨਸਾ ਮਾਰਗ ’ਤੇ ਸਨਅਤੀ ਵਿਕਾਸ ਕੇਂਦਰ ਵਿੱਚ ਦੀਵਾਲੀ ਦੀ ਰਾਤ ਗੱਤਾ ਫੈਕਟਰੀ ਅੱਗ ਦੀ ਭੇਟ ਚੜ੍ਹ ਗਈ। ਕੋਰੂ ਕਰਾਫਟਸ ਪ੍ਰਾਈਵੇਟ ਲਿਮਟਿਡ ਨਾਮ ਦੀ ਇਹ ਫੈਕਟਰੀ ਬਕਸਿਆਂ ਤੇ ਰੋਲ ਦੇ ਰੂਪ ਵਿੱਚ ਕਾਗ਼ਜ਼ ਤਿਆਰ ਕਰਦੀ ਹੈ। ਰਾਤ ਸਮੇਂ ਜਦੋਂ ਫੈਕਟਰੀ ਮਾਲਕ ਪੂਜਾ ਕਰਨ ਮਗਰੋਂ ਵਾਪਸ ਚਲੇ ਗਏ ਤਾਂ ਕੁਝ ਸਮੇਂ ਮਗਰੋਂ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਪਟਾਕਿਆਂ ਨੂੰ ਦੱਸਿਆ ਜਾ ਰਿਹਾ ਹੈ। ਅੱਗ ਕਾਰਨ ਗੁਦਾਮ ਵਿੱਚ ਪਿਆ ਸਾਰਾ ਕਾਗ਼ਜ਼ ਸੁਆਹ ਹੋ ਗਿਆ। ਫੈਕਟਰੀ ਮਾਲਕ ਮੁਨੀਸ਼ ਗੋਇਲ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ ਅਤੇ ਕਰੀਬ 10 ਕਰੋੜ ਰੁਪਏ ਤੋਂ ਉਪਰ ਦਾ ਨੁਕਸਾਨ ਹੋਇਆ ਹੈ। ਨਗਰ ਨਿਗਮ ਬਠਿੰਡਾ ਦੀਆਂ ਛੇ ਗੱਡੀਆਂ ਅੱਗ ਬੁਝਾਉਣ ਲਈ ਸਭ ਤੋਂ ਪਹਿਲਾਂ ਪੁੱਜੀਆਂ ਤੇ ਮਗਰੋਂ ਬਠਿੰਡਾ ਤੇ ਲਹਿਰਾ ਮੁਹੱਬਤ ਥਰਮਲ ਦੀਆਂ ਦੋ ਗੱਡੀਆਂ, ਕੌਮੀ ਖਾਦ ਕਾਰਖ਼ਾਨੇ ਦੀ ਇਕ ਗੱਡੀ, ਮਲੋਟ, ਮੁਕਤਸਰ, ਗਿੱਦੜਬਾਹਾ ਤੇ ਰਾਮਪੁਰਾ ਦੀ ਇਕ ਇਕ ਗੱਡੀ ਪੁੱਜੀ। ਮੌਕੇ ’ਤੇ ਐਸਡੀਐਮ ਬਠਿੰਡਾ ਤੇ ਤਹਿਸੀਲਦਾਰ ਤੋਂ ਇਲਾਵਾ ਪੁਲਿਸ ਅਧਿਕਾਰੀ ਵੀ ਪੁੱਜੇ। ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਫੈਕਟਰੀ ਦੀ ਇਮਾਰਤ ਤਬਾਹ ਹੋ ਗਈ। ਫਾਇਰ ਬ੍ਰਿਗੇਡ ਬਠਿੰਡਾ ਦੇ ਸਬ ਅਫ਼ਸਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੌਕੇ ’ਤੇ ਪਤਾ ਲੱਗਣ ਕਰ ਕੇ ਅੱਗ ਨੂੰ ਦੋ ਘੰਟਿਆਂ ਵਿੱਚ ਫੈਲਣ ਤੋਂ ਬਚਾਅ ਲਿਆ। ਉਨ੍ਹਾਂ ਦੱਸਿਆ ਕਿ ਹਾਲਾਤ ਤੋਂ ਜਾਪਦਾ ਹੈ ਕਿ ਅੱਗ ਪਟਾਕਿਆਂ ਕਾਰਨ ਲੱਗੀ। ਅੱਜ ਫੈਕਟਰੀ ਮਾਲਕਾਂ ਨੇ ਬੀਮਾ ਕੰਪਨੀ ਦੀ ਟੀਮ ਨੂੰ ਬਲਾਇਆ, ਜਿਸ ਨੂੰ ਮੌਕਾ ਦਿਖਾਇਆ ਗਿਆ।
ਜਲੰਧਰ : ਦੀਵਾਲੀ ਦੇ ਦਿਨਾਂ ਵਿੱਚ ਜਲੰਧਰ ਸ਼ਹਿਰ ਵਿੱਚ ਅੱਗ ਦਾ ਕਹਿਰ ਰਿਹਾ ਅਤੇ ਦੋ ਦਿਨਾਂ ਵਿੱਚ 31 ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਵਿੱਚੋਂ 18 ਘਟਨਾਵਾਂ ਦੀਵਾਲੀ ਵਾਲੀ ਰਾਤ ਵਾਪਰੀਆਂ। ਬਹੁਤੀਆਂ ਘਟਨਾਵਾਂ ਲਈ ਪਟਾਕਿਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਸਭ ਤੋਂ ਵੱਡੀ ਘਟਨਾ ਜੋਤੀ ਚੌਕ ਦੀ ਸੁਦਾਮਾ ਮਾਰਕੀਟ ਵਿੱਚ ਵਾਪਰੀ, ਜਿੱਥੇ ਦੀਵਾਲੀ ਦੀ ਰਾਤ 24 ਦੁਕਾਨਾਂ ਸੜ ਗਈਆਂ। ਇਸ ਤੋਂ ਇਲਾਵਾ ਦੀਵਾਲੀ ਵਾਲੀ ਸਵੇਰ ਮਕਸੂਦਾਂ ਥਾਣੇ ਵਿੱਚ ਅੱਗ ਲੱਗਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ 25 ਦੇ ਕਰੀਬ ਵਾਹਨ ਸੜ ਗਏ। ਸੁਦਾਮਾ ਮਾਰਕੀਟ ਦੀ ਘਟਨਾ ਦੇ ਚਸ਼ਮਦੀਦ ਵਿਨੋਦ ਮਿਸ਼ਰਾ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਅੱਗ ਲੱਗੀ ਅਤੇ ਇਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਦਸਤੇ ਨੂੰ ਸੂਚਨਾ ਦਿੱਤੀ ਗਈ। ਅੱਗ ਬੁਝਾਊ ਦਸਤੇ ਨੇ 20 ਗੱਡੀਆਂ ਦੀ ਮਦਦ ਨਾਲ ਚਾਰ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਥਾਣਾ ਮਕਸੂਦਾਂ ਵਿੱਚ ਲੱਗੀ ਅੱਗ ਬਾਰੇ ਪੁਲਿਸ ਅਤੇ ਅੱਗ ਬੁਝਾਊ ਦਸਤੇ ਦੇ ਬਿਆਨ ਆਪਸ ਵਿੱਚ ਨਹੀਂ ਮਿਲ ਰਹੇ ਹਨ। ਪੁਲਿਸ ਵੱਲੋਂ ਸੜਨ ਵਾਲੇ ਵਾਹਨਾਂ ਦੀ ਗਿਣਤੀ 15-16 ਦੱਸੀ ਗਈ, ਜਦੋਂ ਕਿ ਅੱਗ ਬੁਝਾਊ ਦਸਤੇ ਨੇ ਵਾਹਨਾਂ ਦੀ ਗਿਣਤੀ 20 ਤੋਂ 25 ਦੱਸੀ ਹੈ। ਪੁਲਿਸ ਅਨੁਸਾਰ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਅੱਗ ਲੱਗਣ ਦਾ ਸ਼ੱਕ ਹੈ। ਇਸ ਤੋਂ ਇਲਾਵਾ 120 ਫੁੱਟੀ ਰੋਡ, ਕੁੰਜ ਵਿਹਾਰ, ਡਿਫੈਂਸ ਕਲੋਨੀ, ਬਬਰੀਕ ਚੌਕ, ਮਾਡਲ ਟਾਊਨ ਵਿੱਚ ਜੰਗਲ ਰੈਸਟੋਰੈਂਟ, ਸਰਜੀਕਲ ਕੰਪਲੈਕਸ, ਗੌਤਮ ਨਾਗਾ, ਲਾਡੋਵਾਲੀ ਰੋਡ, ਕੋਟ ਰਾਮ ਦਾਸ, ਬੋਹੜ ਵਾਲਾ ਚੌਕ, ਗੁਰੂ ਤੇਗ ਬਹਾਦਰ ਨਗਰ, ਮਲਕਾ ਨਗਰ, ਮੰਡੀ ਰੋਡ, ਬਸਤੀ ਨੌ ਅਤੇ ਬਸਤੀ ਬਾਵਾ ਖੇਲ ਰੋਡ ’ਤੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਾਲੀ ਨੁਕਸਾਨ ਕਾਫ਼ੀ ਹੋਇਆ।
ਅੰਮ੍ਰਿਤਸਰ : ਦੀਵਾਲੀ ਦੀ ਰਾਤ ਸ਼ਹਿਰ ਵਿੱਚ 29 ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਹਿਲੀ ਘਟਨਾ ਚਿੱਟਾ ਕਟੜਾ ਸਥਿਤ ਕੱਪੜਿਆਂ ਦੇ ਸਟੋਰ ‘ਤੇ ਵਾਪਰੀ। ਸੰਘਣੇ ਇਲਾਕੇ ਵਿੱਚ ਹੋਣ ਕਰ ਕੇ ਅੱਗ ਬੁਝਾਉਣ ਵਾਲਿਆਂ ਨੇ ਪਾਣੀ ਦੀਆਂ ਵੱਡੀਆਂ ਪਾਈਪਾਂ ਦੀ ਵਰਤੋਂ ਕੀਤੀ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ।
ਲੁਧਿਆਣਾ : ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਸਨਅਤੀ ਸ਼ਹਿਰ ਵਿੱਚ 35 ਥਾਵਾਂ ‘ਤੇ ਅੱਗ ਲੱਗੀ। ਇਸ ਕਾਰਨ 60 ਜਣੇ ਝੁਲਸ ਗਏ। ਇਹ ਘਟਨਾਵਾਂ ਢੋਲੋਵਾਲ, ਰਿਸ਼ੀ ਨਗਰ, ਡਾ. ਅੰਬੇਦਕਰ ਨਗਰ, ਨਿਊ ਕੁਲਦੀਪ ਨਗਰ, ਟਰਾਂਸਪੋਰਟ ਨਗਰ, ਮੋਤੀ ਨਗਰ, ਫੋਕਲ ਪੁਆਇੰਟ, ਨਿਊ ਵਿਸ਼ਨੂਪੁਰੀ, ਫੀਲਡਗੰਜ, ਲਕਸ਼ਮੀ ਨਗਰ, ਕੋਟ ਮੰਗਲ ਸਿੰਘ, ਭਾਰਤ ਨਗਰ, ਮਾਡਲ ਟਾਊਨ, ਏਟੀਆਈ ਕਾਲਜ ਕੋਲ, ਪ੍ਰਤਾਪ ਚੌਕ, ਢੰਡਾਰੀ ਕਲਾਂ, ਟੈਗੋਰ ਨਗਰ, ਖੁਆਜਾ ਕੋਠੀ ਚੌਕ, ਨਿਊ ਹਰਕ੍ਰਿਸ਼ਨ ਨਗਰ, ਜਵਾਹਰ ਨਗਰ ਕੈਂਪ, ਗੁਰਦੇਵ ਨਗਰ, ਚਿਮਨੀ ਰੋਡ, ਰਾਹੋਂ ਰੋਡ, ਡੇਹਲੋਂ ਤੇ ਰਮਨ ਐਨਕਲੇਵ ਸਮੇਤ ਕਈ ਇਲਾਕਿਆਂ ਵਿੱਚ ਵਾਪਰੀਆਂ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.