ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਜੈਂਟਾਂ ‘ਤੇ ਭਰੋਸਾ ਕਰ ਮਸਕਟ ਪਹੁੰਚੀ, ਪੰਜਾਬ ਦੀ ਧੀ ਪਰਤੀ ਘਰ, ਦੱਸੀ ਆਪ-ਬੀਤੀ
ਏਜੈਂਟਾਂ ‘ਤੇ ਭਰੋਸਾ ਕਰ ਮਸਕਟ ਪਹੁੰਚੀ, ਪੰਜਾਬ ਦੀ ਧੀ ਪਰਤੀ ਘਰ, ਦੱਸੀ ਆਪ-ਬੀਤੀ
Page Visitors: 2417

ਏਜੈਂਟਾਂ ‘ਤੇ ਭਰੋਸਾ ਕਰ ਮਸਕਟ ਪਹੁੰਚੀ, ਪੰਜਾਬ ਦੀ ਧੀ ਪਰਤੀ ਘਰ, ਦੱਸੀ ਆਪ-ਬੀਤੀ
ਅੰਮ੍ਰਿਤਸਰ ਹਵਾਈ ਅੱਡੇ 'ਤੇ ਮਹੌਲ ਹੋਇਆ ਗਮਗੀਨ
ਮਸਕਟ 'ਚ ਵੇਚ ਦਿੱਤੀ ਗਈ ਸੀ ਪਰਵੀਨ ਰਾਣੀ
By : ਬਾਬੂਸ਼ਾਹੀ ਬਿਊਰੋ
Monday, Sep 10, 2018 02:54 PM
ਹਵਾਈ ਅੱਡੇ ਤੇ ਆਪਣੀ ਧੀ ਨੂੰ ਕਲਾਵੇ 'ਚ ਲੈ ਭੁੱਬੀ ਰੋਏ ਮਾਪੇ
ਅੰਮ੍ਰਿਤਸਰ, 10 ਸਤੰਬਰ 2018 -  ਧੋਖੇਬਾਜ਼ ਏਜੰਟ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ 'ਚ ਭੇਜੀ ਗਈ ਅਤੇ ਅੱਗੇ ਮੁੜ ਗ਼ੈਰਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਇੱਕ ਜ਼ਿੰਮੀਦਾਰ ਕੋਲ ਵੇਚ ਦਿੱਤੀ ਗਈ 26 ਸਾਲਾ ਇੱਕ ਪੰਜਾਬਣ ਧੀ, ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਅਤੇ ਨਾਂਮਵਰ ਸਮਾਜ ਸੇਵਕ ਡਾ. ਐਸ.ਪੀ.ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਾਪਿਸ ਆਪਣੇ ਬਾਬੁਲ ਦੇ ਵਿਹੜੇ ਪਰਤ ਆਈ ਹੈ।
    ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਮਹਿਮੂਵਾਲ ਯੂਸਫ਼ਪੁਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਕਰਮਾਂ ਮਾਰੀ ਧੀ ਪਰਵੀਨ ਰਾਣੀ ਤਕਰੀਬਨ 9 ਮਹੀਨਿਆਂ ਦੀ ਤਸੀਹਿਆਂ ਭਰੀ ਤੇ ਜੇਲ੍ਹ-ਨੁਮਾ ਜ਼ਿੰਦਗੀ ਤੋਂ ਮੁਕਤੀ ਪਾ ਕੇ ਅੱਜ ਇੱਕ  ਉਡਾਣ ਰਾਹੀਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਪ੍ਧਾਨ ਸੁਖਜਿੰਦਰ ਸਿੰਘ ਹੇਰ,ਮੀਤ ਪ੍ਧਾਨ ਮਨਪੀ੍ਤ ਸਿੰਘ ਸੰਧੂ ਤੇ ਸ਼ਿਸ਼ਪਾਲ ਸਿੰਘ ਲਾਡੀ ਤੋਂ ਇਲਾਵਾ ਉਸ ਦੇ ਮਾਂ-ਪਿਉ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇਂ 'ਚ ਲਿਆ।
ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ.ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ ਉੱਥੇ ਇਸ ਮਸਲੇ ਦੇ ਹੱਲ ਲਈ ਉਨਾਂ ਦੇ ਪੀ.ਆਰ.ਓ. ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ ।                ਬੰਧੂਆਂ ਮਜਦੂਰ ਵਜੋਂ ਦਿਲ ਵਲੂੰਧਰਣ ਵਾਲੇ ਬਿਤਾਏ ਗਏ ਪਲਾਂ ਦੀ ਗਾਥਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਭ ਤੋਂ ਪਹਿਲਾਂ ਪਰਵੀਨ ਰਾਣੀ ਨੇ ਡਾ.ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇਵਤਾ ਰੂਪੀ ਇਨਸਾਨ ਦੀ ਬਦੌਲਤ ਹੀ ਉਹ ਨਰਕ ਭਰੇ ਜ਼ਿੰਦਗੀ 'ਚੋਂ ਨਿਜਾਤ ਪਾ ਸਕੀ ਹੈ। ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸਦੇ ਖਰੀਦਦਾਰ ਨੂੰ ਉਸ ਦੇ ਖੀ੍ਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਉਸਨੂੰ ਨਵੀਂ ਜ਼ਿੰਦਗੀ ਦਿੱਤੀ ਹੈ । ਪਰਵੀਨ ਨੇ ਸਹਿਮ ਭਰੇ ਲਹਿਜ਼ੇ 'ਚ ਇਹ ਵੀ ਦੱਸਿਆ ਕਿ ਉਸ ਕੋਲੋਂ ਗੋਲੀ ਦੇ ਡਰਾਵੇ ਨਾਲ ਸਵੇਰ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਤਰਾਂ ਦੇ ਪਸ਼ੂਆਂ ਨੂੰ ਸਾਂਭਣ ਤੇ ਸਾਰਾ ਘਰੇਲੂ ਕੰਮ ਲਿਆ ਜਾਂਦਾ ਸੀ ਤੇ ਕੰਮ ਤੋਂ ਨਾਂਹ ਕਰਨ ਤੇ ਅਣਮਨੁੱਖੀ ਤਸ਼ੱਦਦ ਵੀ ਢਾਹਿਆ ਜਾਂਦਾ ਸੀ।
ਉਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਖਾੜੀ ਦੇਸ਼ਾਂ 'ਚ ਭੇਜਣ ਤੋਂ ਪਹਿਲਾਂ ਲੱਖ ਵਾਰ ਸੋਚਣ ਕਿਉਂਕਿ ਧੋਖੇਬਾਜ਼ ਏਜੰਟ ਪੈਸਿਆਂ ਦੇ ਲਾਲਚ 'ਚ ਇੱਥੋਂ ਸਬਜ਼ਬਾਗ ਵਿਖਾ ਕੇ ਪੰਜਾਬ ਦੀਆਂ ਕੁੜੀਆਂ ਨੂੰ ਉੱਥੇ ਜਾ ਕੇ ਵੇਚ ਦਿੰਦੇ ਹਨ।
ਇਸੇ ਦੌਰਾਨ ਪਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ,ਮਾਤਾ ਸਿਮਰਜੀਤ ਕੌਰ, ਭੈਣ ਕੰਵਲਜੀਤ ਕੌਰ ਤੇ ਜੀਜਾ ਹਰਪਾਲ ਸਿੰਘ ਨੇ ਭਰੇ ਗਚ ਨਾਲ ਡਾ.ਐੱਸ.ਪੀ.ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫ਼ਿਰ ਮਿਲ ਗਈ ਹੈ ।
ਉਨਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਪੁੱਤਰ ਸੋਹਨ ਵਾਸੀ ਤਲਵੰਡੀ ਬੁੱਟਿਆਂ ਨੇ ਉਨਾਂ ਨਾਲ ਵੱਡਾ ਧੋਖਾ ਕੀਤਾ ,ਜਿਸ ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.