ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ 1
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ 1
Page Visitors: 3185

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ 1
  ੴਸਤਿਗੁਰ ਪ੍ਰਸਾਦਿ॥  
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ॥
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍‍ਾ ਕਾਹੇ ਭਇਆ ਸੰਨਿਆਸੀ
॥1॥
ਭਰਮੇ ਭੂਲੀ ਰੇ ਜੈ ਚੰਦਾ॥ਨਹੀ ਨਹੀ ਚੀਨ੍ਆਿਹ ਪਰਮਾਨੰਦਾ॥1॥ਰਹਾਉ॥
ਘਰਿ ਘਰਿ ਖਾਇਆ ਪਿੰਡੁ ਬਧਾਇਆ ਖਿੰਥਾ ਮੁੰਦਾ ਮਾਇਆ॥
ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ
॥2॥
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ॥
ਲਖ ਚਉਰਾਸੀਹ ਜਿਨ੍‍ ਿਉਪਾਈ ਸੋ ਸਿਮਰਹੁ ਨਿਰਬਾਣੀ
॥3॥
ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ॥
ਬਦਤਿ ਤ੍ਰਿਲੋਚਨੁ ਸੁਨੁ ਰੇ ਪ੍ਰਾਣੀ ਕਣ ਬਿਨੁ ਗਾਹੁ ਕਿ ਪਾਹੀ
॥4॥1॥ਪੰਨਾ 525-526॥                                                                
        ਅਰਥ:-ਜੇ ਕਿਸੇ ਮਨੁੱਖ ਨੇ ਅੰਦਰਲਾ ਮਲੀਨ ਮਨ ਸਾਫ ਨਹੀਂ ਕੀਤਾ ਪਰ ਫ਼ਕੀਰਾਂ ਵਾਲਾ ਪਹਿਰਾਵਾ ਕਰ ਲਿਆ ਹੈ; ਜੇ ਕਿਸੇ ਮਨੁੱਖ ਨੇ ਹਿਰਦੇ-ਰੂਪ ਕਉਲ ਨਹੀਂ ਪਰਖਿਆ, ਆਪਣੇ ਅੰਦਰ ਪਰਮਾਤਮਾ ਨੂੰ ਨਹੀਂ ਵੇਖਿਆ ਤਾਂ ਸਨਿਆਸੀ ਬਣਨ ਦਾ ਕੋਈ ਲਾਭ ਨਹੀਂ। ਹੇ ਜੈ ਚੰਦ! ਸਾਰੀ ਲੁਕਾਈ ਇਸੇ ਭੁਲੇਖੇ ਵਿੱਚ ਹੈ ਕਿ ਫ਼ਕੀਰੀ ਭੇਖ ਧਾਰਣ ਨਾਲ ਪਰਮਾਤਮਾ ਮਿਲ ਪੈਂਦਾ ਹੈ, ਪਰ ਇਹ ਮਨੌਤ ਗ਼ਲਤ ਹੈ, ਇਸ ਤਰ੍ਹਾਂ ਪਰਮਾਨੰਦ ਪਰਮਾਤਮਾ ਦੀ ਸਮਝ ਨਹੀਂ ਪੈਂਦੀ। ਜੇ ਕਿਸੇ ਮਨੁੱਖ ਨੇ ਕੰਨੀ ਮੁੰਦਰਾਂ ਪਾ ਲਈਆਂ, ਗੋਦੜੀ ਪਾ ਲਈ, ਦਰ-ਦਰ ਤੋਂ ਟੁਕੜ ਮੰਗ-ਮੰਗ ਕੇ ਖਾਧਾ ਅਤੇ ਪੇਟ ਵਧਾ ਲਿਆ ਤਾਂ ਸਮਝੋ ਇਹ ਸਭ ਕੁਝ ਉਸ ਨੇ ਮਾਇਆ ਵਸ ਹੋ ਕੇ ਹੀ ਕੀਤਾ ਹੈ। ਮਸਾਣਾ ਦੀ ਸੁਆਹ ਬਦਨ ਤੇ ਮਲ ਲੈਣ ਨਾਲ ਕੁਝ ਨਹੀਂ ਮਿਲਦਾ। ਜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦਾ ਤਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ। ਹੇ ਭਾਈ! ਕਾਹਦੇ ਲਈ ਗਿਣੇ ਮਿਥੇ ਜਪ ਕਰਦਾ ਹੈਂ, ਕਾਹਦੇ ਲਈ ਤਪ ਸਾਧਦਾ ਹੈਂ; ਇਹ ਸਭ ਪਾਣੀ ਰਿੜਕਣ ਦੇ ਬਰਾਬਰ ਹੈ,  ਕੁਝ ਹਾਸਲ ਨਹੀਂ ਹੋਣਾ। ਵਾਸ਼ਨਾ-ਰਹਿਤ ਪਰਮਾਤਮਾ ਨੂੰ ਯਾਦ ਕਰ ਜਿਸ ਨੇ ਚੌਰਾਸੀ ਲਖ ਜੋਨਿ ਵਾਲੀ ਸ੍ਰਿਸ਼ਟੀ ਪੈਦਾ ਕੀਤੀ ਹੈ। ਹੇ ਕਾਪੜੀਏ (ਟਾਕੀਆਂ ਵਾਲੀ ਗੋਦੜੀ ਪਹਿਨਣ ਵਾਲੇ)! ਹੱਥ ਵਿੱਚ ਖੱਪਰ ਫੜਣ ਦਾ ਕੋਈ ਲਾਭ ਨਹੀਂ, ਅਠਾਹਠ ਤੀਰਥਾਂ ਤੇ ਭਟਕਣ ਦਾ ਕੋਈ ਲਾਭ ਨਹੀਂ। ਤ੍ਰਿਲੋਚਨ ਆਖਦਾ ਹੈ, ਹੇ ਬੰਦੇ! ਸੁਣ; ਜੇ ਭਰੀਆਂ ਵਿੱਚ ਅੰਨ ਦੇ ਦਾਣੇ ਨਹੀਂ ਤਾਂ ਗਾਹ ਪਾਉਣ ਦਾ ਕੀ  ਲਾਭ? (ਮਸ਼ੀਨਂੀ ਯੁਗ ਤੋਂ ਪਹਿਲਾਂ ਕਣਕ ਆਦਿ ਖੇਤਾਂ ’ਚੋਂ ਕੱਟ ਕੇ ਭਰੀਆਂ ਬੰਨ੍ਹ ਲੈਂਦੇ ਸਨ। ਇਹ ਭਰੀਆਂ ਸਾਫ ਸੁਥਰੀ ਪੱਧਰੀ ਪੱਕੀ ਜਗ੍ਹਾ ਤੇ ਖਿਲਾਰ ਦੇਂਦੇ ਸਨ। ਕੁਝ ਦਿਨ ਸੁਕਾਉਣ ਦੇ ਬਾਅਦ ਇਹਨਾਂ ’ਚੋਂ ਅੰਨ ਦੇ ਦਾਣੇ ਕਢਣ ਲਈ ਇਨਹਾਂ ਤੇ ਬਲਦ ਚਲਾ-ਚਲਾ ਕੇ ਗਾਹੁੰਦੇ ਸਨ। ਇਹ ਹੈ ਗਾਹ ਪਾਉਣਾ)।
ਸ਼ਬਦ ਦਾ ਭਾਵ:- ਜੋ ਸਿੱਖ ਗੁਰੂ ਦੇ ਦੱਸੇ ਰਾਹ ਤੇ ਨਹੀਂ ਤੁਰਦਾ ਪਰ ਬਾਹਰੋਂ ਪਹਿਰਾਵਾ ਉਸ ਦਾ ਮਲੂਕਾਂ ਵਾਲਾ ਹੈ, ਮਨ ਦਾ ਵੀ ਮੈਲਾ ਹੈ, ਹੇਰਾ-ਫੇਰੀ ਨਾਲ ਸੱਤਾ ਹਾਸਲ ਕਰੀ ਬੈਠਾ ਹੈ ਤਾਂ ਸਮਝੋ ਇਹ ਮਾਇਆ ਗ੍ਰਸਤ ਹੈ ਅਤੇ ਕੌਮ ਨਾਲ ਠੱਗੀ ਕਰ ਰਿਹਾ ਹੈ। ਇਹ ਬੰਦਾ “ਫਾਹੀ ਸੁਰਤਿ ਮਲੂਕੀ ਵੇਸੁ” ---ਪੰਨਾ 24 ਦੇ ਕਿਰਦਾਰ ਵਾਲਾ ਹੈ।      
ਅੱਜ ਕਲ “ਫਾਹੀ ਸੁਰਤਿ ਮਲੂਕੀ ਵੇਸੁ” ਵਾਲਿਆਂ ਦੀ ਗਿਣਤੀ ਸਿੱਖਾਂ ਵਿੱਚ ਬਹੁਤ ਵਧ ਗਈ ਹੈ। ਅਕਾਲੀ ਕਹਾਉਣ ਵਾਲੇ ਅਤੇ ਬਾਬੇ ਆਦਿ ਜ਼ਿਆਦਾਤਰ ਇਹੋ ਜਿਹੇ ਕਿਰਦਾਰ ਵਾਲੇ ਹੀ ਹਨ।ਕੁਝ ਜਾਗਰੂਕ ਆਪਣੇ ਆਪ ਨੂੰ ਕਹਿਣ ਵਾਲੇ ਵੀ ਇਸੇ ਸ਼੍ਰੇਣੀ ਦੇ ਹਨ। ਪੰਜਾਬ ਸਰਕਾਰ ਤੇ ਕਾਬਜ਼ ਤਾਂ ਨਿੱਤ ਨਵੇਂ ਸ਼ੋਸ਼ੇ ਛੱਡ-ਛੱਡ ਕੇ ਸਿੱਖਾਂ ਨੂੰ ਗੁਮਰਾਹ ਕਰ ਰਹੇ ਹਨ। ਆਪਣੇ ਆਪ ਨੂੰ ਪੰਥ ਦੀ ਸਰਕਾਰ ਦਸਦੇ ਹਨ ਭਾਵੇਂ ਖਾਲਸਾ ਪੰਥ ਵਾਲੀ ਇਨ੍ਹਾਂ ਵਿੱਚ ਕੋਈ ਗੱਲ ਨਹੀਂ। ਪੰਜਾਬ ਦੀ ਦਸ਼ਾ ਜਿੰਨੀ ਖਸਤਾ ਪਿਛਲੇ ਦਿਹਾਕੇ ਵਿੱਚ ਹੋਈ ਹੈ, ਉਹ ਕਿਸੇ ਤੋਂ ਲੁਕੀ ਛੁਪੀ ਨਹੀਂ। ਗੁਰੂਆਂ ਦੀ ਧਰਤੀ ਤੇ ਅੱਜ ਕਿੰਨੇ ਨਸ਼ਾ ਮੁਕਤ ਹਨ? ਕਿੰਨੇ ਕੇਸਾਂ ਦਾੜੀ ਵਾਲੇ, ਸਾਬਤ ਸੂਰਤ ਦਸਤਾਰ ਸਿਰੇ ਹਨ? ਕਿੱਥੇ ਗਈ ਸਾਡੀ ਮਾਂ-ਬੋਲੀ? ਕਿੱਥੇ ਗਿਆ ਸਾਡਾ ਸਭਿਆਚਾਰ? ਗਿਣਤੀ ਸਾਡੀ ਦਿਨ ਬਦਿਨ ਘਟਦੀ ਜਾ ਰਹੀ ਹੈ। ਹੁਣ ਤਾਂ ਸਿੱਖੀ ਦਾ ਅਸਤਿਤਵ ਕਾਇਮ ਰੱਖਣ ਲਈ ਜੱਸਾ ਸਿੰਘ ਆਹਲੂਵਾਲੀਆ, ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗਿਆਂ ਸਿੱਖਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਹ ਵੀ ਠੀਕ ਹੈ ਕਿ ਕਈ ਵਾਰੀ ਸਿੱਖੀ ਦਾ ਅਸਤਿਤਵ ਕਾਇਮ ਰੱਖਣ ਲਈ ਦਾਨਸਮੰਦ ਸਿੱਖਾਂ ਨੇ ਸਿੱਖ ਸਿਆਸਤ ਤੇ ਕਾਬਜ਼ ਬੰਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਲੋਕ ਸਮਝਣ ਦੀ ਬਜਾਏ ਸਮਝਾਉਣ ਵਾਲੇ ਨੂੰ ਹੀ ਚੀਰ ਦੇਂਦੇ ਹਨ। ਜਾਗੋ! ਗੁਰੂ ਨੂੰ ਸਮਰਪਤ ਸਿੱਖੋ! ਹੰਭਲਾ ਮਾਰੋ ਸਿੱਖੀ ਦੀ ਚੜਦੀ ਕਲਾ ਲਈ। ਜੇ ਅੱਜੇ ਵੀ ਅਸੀਂ ਨਾ ਸੰਭਲੇ ਤਾਂ ਸਿੱਖੀ ਅਧੋਗਤੀ ਵਲ ਤੁਰੀ ਹੀ ਜਾਏਗੀ।
ਸੁਰਜਨ ਸਿੰਘ----+919041409041  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.