ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗਉੜੀ ਮਹਲਾ 5॥ ਸ਼ਬਦ ਨੰ: ॥4॥61॥130॥ਪੰਨਾ 192॥
ਗਉੜੀ ਮਹਲਾ 5॥ ਸ਼ਬਦ ਨੰ: ॥4॥61॥130॥ਪੰਨਾ 192॥
Page Visitors: 2780

ਗਉੜੀ ਮਹਲਾ 5॥ ਸ਼ਬਦ ਨੰ: ॥4॥61॥130॥ਪੰਨਾ 192॥

  ਗੁਰ ਕਾ ਸਬਦੁ ਰਾਖੁ ਮਨ ਮਾਹਿ॥ਨਾਮੁ ਸਿਮਰਿ ਚਿੰਤਾ ਸਭ ਜਾਹਿ॥1॥
  ਬਿਨੁ ਭਗਵੰਤ ਨਾਹੀ ਅਨ ਕੋਇ॥ ਮਾਰੈ ਰਾਖੈ ਏਕੋ ਸੋਇ॥1॥ਰਹਾਉ॥
  ਗੁਰ ਕੇ ਚਰਣ ਰਿਦੈ ਉਰਿ ਧਾਰਿ॥ਅਗਨਿ ਸਾਗਰੁ ਜਪਿ ਉਤਰਹਿ ਪਾਰਿ॥2॥
  ਗੁਰ ਮੂਰਤਿ ਸਿਉ ਲਾਇ ਧਿਆਨੁ॥ਈਹਾ ਊਹਾ ਪਾਵਹਿ ਮਾਨੁ॥3॥
  ਸਗਲ ਤਿਆਗਿ ਗੁਰ ਸਰਣੀ ਆਇਆ॥ਮਿਟੇ ਅੰਦੇਸੇ ਨਾਨਕ ਸੁਖੁ ਪਾਇਆ॥4॥61॥130॥
    ਅਰਥ:- ਹੇ ਭਾਈ! ਪਰਮਤਾਮਾ ਤੋਂ ਬਿਨਾ ਜੀਵਾਂ ਦਾ ਹੋਰ ਕੋਈ ਆਸਰਾ ਨਹੀਂ। ਪਰਮਾਤਮਾ ਹੀ ਜੀਵਾਂ ਨੂੰ ਮਾਰਦਾ ਹੈ, ਪਰਮਾਤਮਾ ਹੀ ਜੀਵਾਂ ਨੂੰ ਪਾਲਦਾ ਹੈ।1।ਰਹਾਉ।
               ਹੇ ਭਾਈ! ਗੁਰੂ ਦੇ ਸ਼ਬਦ ਨੂੰ ਮਨ ਵਿੱਚ ਟਕਾ ਕੇ ਨਾਮ ਜਪ, ਤੇਰੇ ਚਿੰਤਾ ਝੋਰੇ ਦੂਰ ਹੋ ਜਾਣਗੇ।1।
               ਹੇ ਭਾਈ! ਗੁਰੂ ਦੇ ਚਰਣ ਹਿਰਦੇ, ਦਿਲ ਵਿੱਚ ਵਸਾ ਭਾਵ ਗੁਰੁ ਦੇ ਦੱਸੇ ਰਾਹ ਤੇ ਚਲ, ਤ੍ਰਿਸਣਾ ਦੀ ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਵੇਂਗਾ।2।
              ਹੇ ਭਾਈ! ਗੁਰੂ ਦੀ ਮੂਰਤਿ ਭਾਵ ਗੁਰੂ ਦੇ ਸਰੂਪ, ਗੁਰੁ ਦੇ ਸ਼ਬਦ ਦਾ ਨਾਲ ਸੁਰਤ ਨੂੰ ਜੋੜ, ਤੂੰ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਆਦਰ ਪਾਵੇਂਗਾ।3।
ਹੇ ਨਾਨਕ! ਜੇਹੜਾ ਮਨੁੱਖ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਲੈਂਦਾ ਹੈ, ਉਸਦੇ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ।4।61।130।
ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਹੀ ਗੁਰੂ ਦੇ ਸਰੂਪ (ਮੂਰਤਿ) ਨਾਲ ਸੁਰਤ ਜੋੜਨਾ ਹੈ (ਗੁਰੂ ਵਿਅਕਤੀਆਂ ਦੀ ਤਸਵੀਰ ਦਾ ਧਿਆਨ ਧਰਨ ਦੀ ਹਿਦਾਇਤ ਨਹੀਂ ਹੈ) ।“ਗੁਰ ਮੂਰਤਿ ਗੁਰ ਸਬਦੁ ਹੈ” ਭਾਈ ਗੁਰਦਾਸ ਜੀ।
ਗੁਰੂ ਦੇ ਚਰਣ ਕੀ ਹਨ? ਗੁਰੂ ਦਾ ਸ਼ਬਦ (ਗੁਰਬਾਣੀ) ਹੀ ਗੁਰੂ ਦੇ ਚਰਣ ਹਨ।“ਹਿਰਦੈ ਚਰਣ ਸਬਦੁ ਸਤਿਗੁਰ ਕੇ”-ਪੰਨਾ 680।
“ਗੁਰ ਸਰਣੀ ਆਇਆ” ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਅਤੇ ਇਹਨਾਂ ਦੇ ਦੱਸੇ ਰਾਹ ਤੇ ਚਲਣਾ ਹੀ ਗੁਰੂ ਦੀ ਸਰਨ ਲੈਣਾ ਹੈ।
ਸ਼ਬਦ ਦਾ ਭਾਵ:- ਪਰਮਾਤਮਾ ਬਿਨਾ ਜੀਵਾਂ ਦਾ ਹੋਰ ਕੋਈ ਆਸਰਾ ਨਹੀਂ। ਜਿਹੜਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚਲਦਾ ਹੈ ਉਹ ਆਤਮਕ ਆਨੰਦ ਮਾਣਦਾ ਹੈ। ਉਸ ਦੇ ਸਾਰੇ ਚਿੰਤਾ ਫ਼ਿਕਰ ਦੂਰ ਹੋ ਜਾਂਦੇ ਹਨ।        
ਆਪਣੇ ਆਪ ਨੂੰ ਜਾਗਰੂਕ ਸਿੱਖ ਕਹਿਣ ਵਾਲੇ ਕੁਝ ਬੰਦੇ ਰੌਲਾ ਤਾਂ ਪਾਈ ਜਾਂਦੇ ਹਨ ਕਿ ਸਾਨੂੰ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਬਿ ਤੋਂ ਲੈਣੀ ਚਾਹੀਦੀ ਹੈ ਪਰ ਖ਼ੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਚਲਦੇ ਨਹੀਂ। ਕਈ ਤਾਂ ਗੁਰੂ ਸਾਹਿਬਾਨ ਨੂੰ ਗੁਰੂ ਹੀ ਨਹੀਂ ਮੰਨਦੇ। ਜੇ ਇਹਨਾਂ ਕੋਲੋਂ ਪੁਛੋ ਕਿ ਤੁਹਾਡਾ ਗੁਰੂ ਕੌਣ ਹੈ ਤਾਂ ਤੁਰੰਤ ਜਵਾਬ ਦੇਂਦੇ ਹਨ ਕਿ ਸਾਡਾ ਗੁਰੂ ‘ਸ਼ਬਦ’ ਹੈ। ਜੇ ਪੁਛ ਲੋ ਕਿ ਉਹ ‘ਸ਼ਬਦ’ ਕੀ ਹੈ ਤਾਂ ਤੁਰੰਤ ਜਵਾਬ ਆਉਂਦਾ ਹੈ ਕਿ ਇਹ ਇੱਕ ‘ਧੁਨੀ’ (ਆਵਾਜ਼) ਹੈ। ਜੇ ਪੁਛ ਲਵੋ ਕਿ ਕੀ ਇਹ ‘ਧੁਨੀ’ ਕਦੀ ਸੁਣੀ ਹੈ ਤਾਂ ਜਵਾਬ ਜ਼ਿਆਦਾ ਤਰ ਇਹੋ ਮਿਲਦਾ ਹੇ ਕਿ ਨਹੀਂ। ਪਰ ਕਈ ਇਹ ਵੀ ਕਹਿ ਦੇਂਦੇ ਹਨ ਕਿ ਸੁਣੀ ਹੈ। ਜੇ ਪੁਛ ਲੋ ਸੁਣੀ ਹੈ ਤਾਂ ਇਸ ‘ਧੁਨੀ’ ਨੇ ਉਪਦੇਸ਼ ਕੀ ਦਿੱਤਾ ਹੈ ਅਤੇ ਕਿਸ ਢੰਗ ਨਾਲ ਦਿੱਤਾ ਹੈ (ਇਸ਼ਾਰਿਆਂ ਨਾਲ ਜਾਂ ਬੋਲ ਕੇ) ਤਾਂ ਇਹਨਾਂ ਦੀ ਘਿਘ ਬੱਝ ਜਾਂਦੀ ਹੈ। ਸਿੱਖ ਦਾ ਗੁਰੂ ਸਿੱਖ ਨੂੰ ਉਪਦੇਸ਼ ਦੇਂਦਾ ਹੈ, ਜੀਵਨ ਜਾਚ ਸਿਖਾਉਂਦਾ ਹੈ। ਪਰ ਇਹਨਾਂ ਦਾ ਗੁਰੂ ਤਾਂ ਗੂੰਗੀ ਬਹਿਰੀ ‘ਧੁਨੀ’ ਹੈ।
 ਅੱਜ ਕਲ ਰੋਜ਼ਾਨਾ ਸਪੋਕਸਮੈਨ ਦੀ ਸੰਪਾਦਕੀ “ਸਿੱਖ ਘੱਟ ਰਹੇ ਹਨ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ” ਕੁਝ ਸਿੱਖ ਵੇਬ ਸਾਈਟਾਂ ਤੇ ਛਪ ਰਹੀ ਹੈ। ਮੈਂ ਇੱਕ ਵੈਬ ਸਾਈਟ ਦੇ ਸੰਪਾਦਕ ਜੀ ਕੋਲੋਂ ਪੁਛਿਆ ਕਿ ਕੀ ਗੁਰੂ ਨੂੰ ਸਮਰਪਤ ਸਿੱਖ ਘੱਟ ਰਹੇ ਹਨ ਜਾਂ ਸੰਪਾਦਕ ਰੋਜ਼ਾਨਾ ਸਪੋਕਸਮੈਨ ਵਰਗੇ ਘੱਟ ਰਹੇ ਹਨ? ਉਹਨਾਂ ਦਾ ਜਵਾਬ ਸੀ ਕਿ ਗੁਰੂ ਨੂੰ ਸਮਰਪਤ ਸਿੱਖ ਘੱਟ ਰਹੇ ਹਨ। ਜੇ ਗੁਰੂ ਨੂੰ ਸਮਰਪਤ ਸਿੱਖ ਘੱਟ ਰਹੇ ਹਨ ਤਾਂ ਤੇ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੂੰ  ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਉਸ ਦੀ ਬਰਾਦਰੀ ਵਿੱਚ ਵਾਧਾ ਹੋ ਰਿਹਾ ਹੈ। ਸੰਪਾਦਕ ਰੌਜ਼ਾਨਾ ਸਪੋਕਸਮੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਫਾਫਾ ਆਖਦਾ ਹੈ। ਗੁਰੂ ਨਾਨਕ ਸਾਹਿਬ ਨੂੰ ਗੁਰੂ ਨਹੀਂ ਆਖਦਾ। ਇਹ ਵੀ ਆਖਦਾ ਹੈ ਕਿ ਬਾਬੇ ਨਾਨਕ ਨੇ ਕਿਸੇ ਨੂੰ ਗੁਰਗੱਦੀ ਹੀ ਨਹੀਂ ਦਿੱਤੀ, ਇਸ ਲਈ ਸਾਰਾ ਸਿੱਖ ਇਤਿਹਾਸ ਹੀ ਗ਼ਲਤ ਹੈ।ਇਹ ਇੱਕ ‘ਉੱਚਾ ਦਰ ਬਾਬੇ ਨਾਨਕ ਦਾ’ ਨਾਮ ਦੀ ਇਮਾਰਤ ਬਣਾ ਰਿਹਾ ਹੈ। ਲੋਕਾਂ ਨੂੰ ਸਬਜ਼ ਬਾਗ਼ ਦਿਖਾ-ਦਿਖਾ ਕੇ ਇਸ ਨੇ ਚੰਗੇ ਪੈਸੇ ਇਕੱਠੇ ਕੀਤੇ ਹਨ। ਇਸ ਦੀਆਂ ਚਾਲਾਂ ਹੁਣ ਕਈਆਂ ਨੂੰ ਸਮਝ ਵਿੱਚ ਆ ਗਈਆਂ ਹਨ। ਆਪਣੀ ਪਕੜ ਸਿੱਖਾਂ ਤੇ ਘਟਦੀ ਵੇਖ ਕੇ ਇਹ ਪੈਂਤੜਾ ਬਦਲ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿੱਚ ਹੈ ਕਿ ਇਹ ਸਿੱਖਾਂ ਦਾ ਬਹੁਤ ਹਤੈਸ਼ੀ ਹੈ। ਇਹੋ ਜਿਹੇ ਪੱਤੇ ਇਹ ਪਹਿਲਾਂ ਵੀ ਕਈ ਵਾਰੀ ਖੇਡ ਚੁਕਾ ਹੈ। ਸਿੱਖਾਂ ਨੂੰਂ ਹੁਸ਼ਿਆਰ ਰਹਿਣ ਦੀ ਲੋੜ ਹੈ।
ਸੁਰਜਨ ਸਿੰਘ---+919041409041   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.