ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਗੁਰ ਕੀ ਸਾਖੀ ਅੰਮ੍ਰਿਤ ਬਾਣੀ
ਗੁਰ ਕੀ ਸਾਖੀ ਅੰਮ੍ਰਿਤ ਬਾਣੀ
Page Visitors: 2890

ਗੁਰ ਕੀ ਸਾਖੀ ਅੰਮ੍ਰਿਤ ਬਾਣੀ
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ॥
ਭਾਠੀ ਭਵਨੁ ਪ੍ਰੇਮੁ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ
॥1॥ਪੰਨਾ 360॥
ਅਰਥ:-(ਹੇ ਜੋਗੀ!) ਵਾਹਿਗੁਰੂ ਨਾਲ ਸਾਂਝ ਦਾ ਗੁੜ ਕਰ, ਪ੍ਰਭੂ ਚਰਣਾ ’ਚ ਸੁਰਤਿ ਜੋੜਨਾ ਧਾਵੈ=ਮਹੂਏ ਦੇ ਫੁਲ ਸਮਝ(ਮਹੂਏ ਦੇ ਪੇੜ ਯੂ. ਪੀ. ’ਚ ਬਹੁਤ ਹੁੰਦੇ ਹਨ, ਇਸ ਦੇ ਫੁਲ ਸ਼ਰਾਬ ਕੱਢਨ ਲਈ ਵਰਤੇ ਜਾਂਦੇ ਹਨ), ਉੱਚੇ ਆਚਰਣ ਨੂੰ ਕਿਕਰ ਦੇ ਸੱਕ ਜਾਣ- (ਇਹ ਸ਼ਰਾਬ ਦਾ ਲਾਹਣ ਤਿਆਰ ਕਰ) । ਸਰੀਰਕ ਮੋਹ ਨੂੰ ਸਾੜ- ਇਹ ਸ਼ਰਾਬ ਕੱਢਣ ਦੀ ਭੱਠੀ ਤਿਆਰ ਕਰ। (ਲਾਹਣ ਨਾਲ ਭਰੇ ਭਾਂਡੇ ਦੇ ਮੂੰਹ ਉਪਰ ਲਗੀ ਹੋਈ ਯੂ ਅਕਾਰ ਦੀ ਨਾਲ – U shaped tube ਨੂੰ ਠੰਡੀ ਰੱਖਣ ਵਾਸਤੇ) ਪ੍ਰਭੂ ਚਰਣਾ ਨਾਲ ਪ੍ਰੇਮ ਦਾ ਪੋਚਾ ਫੇਰ (ਤਾਕਿ ਭਾਫ਼ ਠੰਡੀ ਹੋ-ਹੋ ਕੇ ਅਰਕ ਬਣਦੀ ਜਾਏ।ਇਸ ਤਰਕੀਬ-Process -ਨਾਲ) ਜੋ ਸਾਰੇ ਮਿਲਵੇਂ ਰਸ ਵਿੱਚੋਂ ਨਿਕਲੇਗਾ ਉਹ ਹੈ ‘ਅੰਮ੍ਰਿਤ’- ਆਤਮਕ ਜੀਵਨ ਦਾ ਦਾਤਾ।
ਵਿਆਖਿਆ:- ਜੋਗੀ ਸੁਰਤਿ ਦੀ ਇਕਾਗ੍ਰਤਾ ਲਈ ਸ਼ਰਾਬ ਪੀਂਦੇ ਹਨ। ਗੁਰੂ ਜੀ ਇਸ ਦੀ ਨਿਖੇਧੀ ਕਰਦੇ ਹਨ।ਗੁਰੂ ਜੀ ਦਾ ਇਹ ਸ਼ਬਦ ਭਾਵੇਂ ਪਰਥਰੀ ਜੋਗੀ ਪ੍ਰਤੀ ਹੈ ਪਰ ਗੁਰੂ ਜੀ ਦਾ  ਉਪਦੇਸ਼ ਸਭ ਲਈ ਸਾਂਝਾ ਹੈ।
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ॥ ਪੰਨਾ 647॥
ਇਹ ਸਚ ਹੈ ਕਿ ਗੁਰਬਾਣੀ ਅੰਮ੍ਰਿਤ - ਆਤਮਕ ਜੀਵਨ ਦਾ ਦਾਤਾ ਹੈ। ਪਰ ਕੁਝ ਸਜਣਾ ਦੇ ਲੇਖ ਅਤੇ ਭਾਸ਼ਨ, ਇਸ ਸਚਾਈ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਜਿਸ ਤਰ੍ਹਾਂ ‘ਖੰਡੇ ਬਾਟਾ ਦਾ ਅੰਮ੍ਰਿਤ’ ‘ਅੰਮ੍ਰਿਤ’ ਨਹੀਂ ਹੈ। ਇਹ ਗੱਲ ਜ਼ਿਆਦਾ ਤਰ ਉਹ ਆਖਦੇ ਹਨ ਜਿਹੜੇ ‘ਖੰਡੇ ਬਾਟੇ ਦਾ ਅੰਮ੍ਰਿਤ’ ਛਕਣਾ ਨਹੀਂ ਚਾਹੁੰਦੇ ਕਿਉਂਕਿ ਮੈਂ ਮੇਰੀ, ਹਉਮੈ, ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਥੱਲੇ ਹੋਣ ਕਰਕੇ ਇਹ ਸਜਣ ‘ਖੰਡੇ ਬਾਟੇ ਦੇ ਅੰਮ੍ਰਿਤ’ ਦੀ ਰਹਿਣੀ ਦਾ ਅੰਕੁਸ਼ ਆਪਣੇ ਸਿਰ ਤੇ ਨਹੀਂ ਰੱਖਵਾਉਣਾ ਚਾਹੁੰਦੇ। ਕੀ ਇਨ੍ਹਾਂ ਸਜਣਾਂ ਨੇ ‘ਗੁਰਬਾਣੀ ਅੰਮ੍ਰਿਤ’ ਛਕਿਆ ਹੋਇਆ ਹੈ? ਕੀ ਇਹ ਸਜਣ ਸ਼ਬਦ ਵਿੱਚ ਸਮਝਾਈ ਵਿਧੀ ਅਿਨੁਸਾਰ ਆਪਣਾ ਜੀਵਨ ਗੁਜ਼ਾਰ ਰਹੇ ਹਨ? ਕੀ ਇਨ੍ਹਾਂ ਸਜਣਾਂ ਦੀ ਸੁਰਤਿ ਪ੍ਰਭੂ ਚਰਣਾ ਵਿੱਚ ਜੁੜੀ ਰਹਿੰਦੀ ਹੈ? ਕੀ ਇਨ੍ਹਾਂ ਦਾ ਆਚਰਣ ਇੰਨਾਂ ਉੱਚਾ ਹੋ ਗਿਆ ਹੈ ਜਿਸਦੀ ਪ੍ਰੇਰਣਾ ਗੁਰਬਾਣੀ ਕਰਦੀ ਹੈ? ਸ਼ਬਦ ਵਿੱਚ ਆਇਆ ਹੈ,
‘ਗੁਰ ਕੀ ਸਾਖੀ ਅੰਮ੍ਰਿਤ ਬਾਣੀ’ (ਪੰਨਾ 360)
 ਗੁਰੂ ਦਾ ਸਿਖਿਆ ਭਰਿਆ ਬਚਨ ਆਤਮਕ ਜੀਵਨ ਦਾ ਦਾਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ‘ਖੰਡੇ ਬਾਟੇ ਦਾ ਅੰਮ੍ਰਿਤ’ ਤਿਆਰ ਕੀਤਾ, ਪੰਜਾਂ ਪਿਆਰਿਆਂ ਨੂੰ ਛਕਾਇਆ, ਖੁਦ ਛਕਿਆ ਅਤੇ ਸਿੱਖਾ ਨੂੰ ਇਹ ਅੰਮ੍ਰਿਤ ਛਕਣ ਦਾ ਸਿਖਿਆ ਭਰਿਆ ਬਚਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਸਿਖਿਆ ਭਰੇ ਬਚਨ ਤੇ ਅਮਲ ਕਰਦੇ ਹੋਏ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਸਿੱਖ ‘ਖੰਡੇ ਬਾਟੇ ਦਾ ਅੰਮ੍ਰਿਤ’ ਛਕੇ।
ਸੁਰਜਨ ਸਿੰਘ--
+919041409041 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.