ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਪੰਥਕ ਮਹਿਫਲਾਂ ਦਾ ਚੌਮੁਖੀਆ ਚਿਰਾਗ ‘ਕਪੂਰ ਸਿੰਘ’ (ਭਾਗ ਪਹਿਲਾ)
ਪੰਥਕ ਮਹਿਫਲਾਂ ਦਾ ਚੌਮੁਖੀਆ ਚਿਰਾਗ ‘ਕਪੂਰ ਸਿੰਘ’ (ਭਾਗ ਪਹਿਲਾ)
Page Visitors: 2656

ਪੰਥਕ ਮਹਿਫਲਾਂ ਦਾ ਚੌਮੁਖੀਆ ਚਿਰਾਗ ‘ਕਪੂਰ ਸਿੰਘ’      (ਭਾਗ ਪਹਿਲਾ)    
 ਸਿਰਦਾਰ ਕਪੂਰ ਸਿੰਘ ਨਿਰਾਲੇ ਪੰਥ ਦਾ ਚੌਮੁਖੀਆ ਰੌਸ਼ਨ ਚਿਰਾਗ ਸੀ। ਓਸ ਨੇ ਸਿੱਖ ਦਰਸ਼ਨ, ਰਾਜਨੀਤੀ ਸ਼ਾਸਤਰ, ਸਾਹਿਤ ਅਤੇ ਸਿਆਸਤ ਵਿੱਚ ਲੰਮਾ ਸਮਾਂ ਬੌਧਿਕ ਅਗਵਾਈ ਦਿੱਤੀ। ਉਹ ਸਿੱਖੀ ਨੂੰ ਮਾਨਵਤਾ ਦਾ ਸ਼ਿੰਗਾਰ ਸਮਝਦਾ ਸੀ ਅਤੇ ਗੁਰੂ ਨੂੰ ਇੰਨ-ਬਿੰਨ ਅਕਾਲ ਰੂਪ। ਸੰਸਾਰ ਭਰ ਦੇ ਪ੍ਰਮੁੱਖ ਧਰਮਾਂ ਅਤੇ ਸੱਭਿਅਤਾਵਾਂ ਦੇ ਸੰਦਰਭ ਵਿੱਚ ਓਸ ਨੇ ਸਿੱਖੀ ਦਾ ਮੁਲਾਂਕਣ ਕੀਤਾ ਅਤੇ ਸਿੱਖ ਸਮਾਜ ਨੂੰ ਸਿੱਖੀ ਦੇ ਹਾਣ ਦੀਆਂ ਕਦਰਾਂ-ਕੀਮਤਾਂ ਅਪਨਾਉਣ ਦਾ ਰਾਹ ਦੱਸਦਾ ਉਹ ਸਾਰੀ ਉਮਰ ਨਿਸ਼ਕਾਮ ਭਾਵਨਾ ਨਾਲ ਨੰਗੇ ਧੜ ਜੂਝਦਾ ਰਿਹਾ। ਸਿੱਖੀ ਦਾ ਹਰ ਦਰਦ ਓਸ ਦੇ ਹੱਡਾਂ ਵਿੱਚ ਰਚਿਆ ਹੋਇਆ ਸੀ ਅਤੇ ਸਮਾਜ ਦੀ ਹਰ ਖੁਸ਼ੀ, ਉਮੰਗ ਅਤੇ ਪਾਕਿ ਜਜ਼ਬੇ ਨੂੰ ਓਸ ਨੇ ਆਪਣਾ ਬਣਾਇਆ ਹੋਇਆ ਸੀ। ਇਹਨਾਂ ਸਾਰੀਆਂ ਅਸਾਧਾਰਣ ਸ਼ਕਤੀਆਂ, ਜਜ਼ਬਿਆਂ ਦੀ ਛਾਵੇਂ ਬੈਠ ਕੇ ਜਦੋਂ ਉਹ ਆਪਣੀ ਨਿਵੇਕਲੀ ਬੌਧਿਕ ਸ਼ਕਤੀ ਰਾਹੀਂ ਭਵਿੱਖ ਦਾ ਨਕਸ਼ਾ ਵਾਹੁੰਦਾ ਸੀ ਤਾਂ ਪੁਰਾਤਨ ਸਿੰਘਾਂ ਵਾਲਾ ਸਿਦਕ, ਸੂਫ਼ੀਆਂ ਦੇ ਡੂੰਘੇ ਵਜਦ ਅਤੇ ਸੰਸਾਰ ਭਰ ਦੇ ਅਜੋਕੇ ਫ਼ਲਸਫ਼ਿਆਂ ਦੇ ਰਾਜ਼, ਕਲਗ਼ੀ ਵਾਲੇ ਦੇ ਬਾਜ਼ ਸਮੇਤ ਓਸ ਦੀ ਪਰਵਾਜ਼ ਦੇ ਹਮਸਫ਼ਰ ਹੁੰਦੇ ਸਨ। ਗੁਰੂ-ਪ੍ਰਮੇਸ਼ਰ ਦਾ ਨਿਰਧਾਰਤ ਕੀਤਾ ਮਾਨਵ-ਕਲਿਆਣ ਦਾ ਟੀਚਾ ਓਸ ਦਾ ਟੀਚਾ ਹੁੰਦਾ ਸੀ ਜਿਸ ਦਾ ਹਰ ਮੋੜ ਮਨੁੱਖਤਾ ਲਈ ਸੁਖਾਵਾਂ ਬਣਾਉਣਾ ਓਸ ਦੀ ਲੋਚਾ ਹੁੰਦੀ ਸੀ। ਓਸ ਦੇ ਅਕਾਲ ਚਲਾਣੇ ਤੋਂ ਬਾਅਦ, ਅੱਜ ਵੀ ਓਸ ਦੇ ਪਾਏ ਪੂਰਨਿਆਂ ਉੱਤੇ ਚੱਲਣ ਨਾਲ ਖ਼ਾਲਸਾ ਪੰਥ ਮਨੁੱਖਤਾ ਦੇ ਸਦੀਵੀ ਭਲ਼ੇ ਦੇ ਟੀਚਿਆਂ ਵੱਲ ਅਗਰਸਰ ਹੋ ਕੇ ਸੰਸਾਰ ਦੀ ਵਾਹ-ਵਾਹ ਖੱਟ ਸਕਦਾ ਹੈ ਅਤੇ ਅਕਾਲ ਪੁਰਖ ਦੀ ਮਿਹਰ ਹਾਸਲ ਕਰ ਸਕਦਾ ਹੈ।
ਆਪਣੇ ਸਮੁੰਦਰੋਂ ਡੂੰਘੇ ਗਿਆਨ, ਕੌਮਾਂ ਦੇ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਅਤੇ ਉਮਰ ਭਰ ਦੇ ਤਜ਼ਰਬੇ ਨਾਲ ਓਸ ਨੇ ਸਿੱਖ ਪੰਥ ਦੀ ਚੜ੍ਹਤ ਦਾ ਜ਼ਾਮਨ ਆਪਣੇ ਸਿੱਖ ਹੋਮਲੈਂਡ ਦੇ ਸੰਕਲਪ ਨੂੰ ਜਾਣਿਆ। ਉਸ ਦੀ ਲਿਖਣ ਸ਼ਕਤੀ ਦਾ ਕਮਾਲ ਸੀ ਕਿ ਓਸ ਨੇ ਏਸ ਦੀ ਮੁਕੰਮਲ ਰੂਪ-ਰੇਖਾ ਦਾ ਨਿਰੂਪਣ ਕੇਵਲ ਇੱਕ ਆਮ ਨਾਪ (A4) ਦੇ ਕਾਗ਼ਜ਼ ਦੇ ਇੱਕ ਸਫ਼ੇ ਉੱਤੇ ਕਰ ਦਿੱਤਾ ਸੀ। ਸਿਰਦਾਰ ਦੇ ਹੋਮਲੈਂਡ ਦੇ ਵਿਚਾਰ ਦੀ ਸਾਰਥਕਤਾ ਨੂੰ ਸਮਝਣ ਖ਼ਾਤਰ ਅਸਾਨੂੰ ਆਪਣੇ ਸਮਾਜ ਦੀਆਂ ਸਮਾਜਕ ਅਤੇ ਸਿਆਸੀ ਪ੍ਰਸਥਿਤੀਆਂ ਉੱਤੇ ਇੱਕ ਸਰਸਰੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅੱਜ ਸਾਡਾ ਸਮਾਜ ਅਤੇ ਸਾਡੀ ਕੌਮ ਪ੍ਰਮੁੱਖ ਤੌਰ ਉੱਤੇ ਪਰਵਾਸੀਆਂ ਅਤੇ ਦੇਸ਼ ਵਸਦੀਆਂ ਦੋ ਇਕਾਈਆਂ ਵਿੱਚ ਤਕਰੀਬਨ ਬਰਾਬਰ ਵੰਡਿਆ ਹੋਇਆ ਹੈ – ਜੇ ਗਿਣਤੀ ਪੱਖੋਂ ਨਹੀਂ ਤਾਂ ਘੱਟੋ ਘੱਟ ਅਹਿਮੀਅਤ ਪੱਖੋਂ ਜ਼ਰੂਰ। ਦੋਨੋਂ ਇਕਾਈਆਂ ਵਿੱਚੋਂ ਕਿਸੇ ਵਿੱਚ ਵੀ ਸਿਰਦਾਰ ਦੀ ਹੋਮਲੈਂਡ ਦਾ ਮੁਕੰਮਲ ਸੁਪਨਾ ਸਾਕਾਰ ਨਹੀਂ ਹੁੰਦਾ। ਪਰ ਸਮਦ੍ਰਿਸ਼ਟੀ ਨਾਲ ਵੇਖਿਆਂ ਪਰਦੇਸੀ ਖ਼ਾਲਸਾ ਜ਼ਰੂਰ ਓਸ ਦੇ ਵਧੇਰੇ ਨੇੜੇ ਪਹੁੰਚਣ ਵਿੱਚ ਸੁਤੇ ਸਿਧ ਹੀ ਕਾਮਯਾਬ ਹੋਇਆ ਹੈ। ਮੁਕੰਮਲ ਆਜ਼ਾਦੀ ਦੀ ਅਣਹੋਂਦ ਦੀ ਰੜਕ ਅਤੇ ਚੀਸ ਦੋਵੇਂ ਪਾਸੇ ਹੈ ਪਰ ਪਰਵਾਸ ਵਿੱਚ ਏਸ ਦਾ ਅਹਿਸਾਸ ਵਧੇਰੇ ਕਰਕੇ ਮਾਨਸਿਕ ਅਸੰਤੁਸ਼ਟੀ ਪੱਖੋਂ ਹੈ। ਦੇਸ ਵਿੱਚ ਏਹੀ ਅਹਿਸਾਸ ਹਰ ਵਕਤ ਕਠੋਰ ਹਥੌੜੇ ਵਾਂਗ ਹਰ ਪਲ਼ ਦੁੱਖਦਾਈ ਵਾਰ ਕਰਦਾ ਰਹਿੰਦਾ ਹੈ। ਇਹ ਸਮਾਜ ਨੂੰ ਕਦੇ ਮਨੁੱਖੀ ਜੀਵਨ ਦੇ ਸਹਿਜ ਅਨੰਦ ਮਾਨਣ ਦੇ ਨੇੜੇ-ਤੇੜੇ ਢੁੱਕਣ ਨਹੀਂ ਦਿੰਦਾ।
ਸਿੱਖ ਹੋਮਲੈਂਡ ਦੇ ਸੰਕਲਪ ਦਾ ਸਭ ਤੋਂ ਅਹਿਮ ਪਹਿਲੂ ਹੈ ਸ਼ਖ਼ਸੀ, ਸਮਾਜਕ ਅਤੇ ਧਾਰਮਕ ਅਕੀਦੇ ਦੀ ਖ਼ੁਦਮੁਖ਼ਤਿਆਰੀ। ਪ੍ਰਦੇਸ ਦੇ ਤਕਰੀਬਨ ਹਰ ਸੱਭਿਅਕ ਮੁਲਕ ਵਿੱਚ ਸਦੀਆਂ ਦੀਆਂ ਦੁਸ਼ਵਾਰੀਆਂ ਝੇਲਦੇ ਸਮਾਜ ਓਸ ਪੜਾਅ ਉੱਤੇ ਪਹੁੰਚ ਚੁੱਕੇ ਹਨ ਜਿੱਥੇ ਇਹ ਨਾਯਾਬ ਹਕੂਕ, ਬਿਨਾ ਘੋਰ ਸੰਘਰਸ਼ ਦੇ, ਓਥੋਂ ਦੇ ਕਾਨੂੰਨਾਂ ਮੁਤਾਬਕ ਪ੍ਰਾਪਤ ਕਰਨ ਦਾ ਰਾਹ ਮੋਕਲਾ ਹੈ। ਆਪਣੀਆਂ ਧਾਰਮਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਵਧਣ-ਫੁੱਲਣ ਵਾਸਤੇ ਜਿਨ੍ਹਾਂ ਅਦਾਰਿਆਂ ਦੀ ਲੋੜ ਹੁੰਦੀ ਹੈ - ਮਸਲਨ ਗੁਰਦਵਾਰੇ, ਸਭਾਵਾਂ, ਤਨਜ਼ੀਮਾਂ – ਨੂੰ ਤਾਮੀਰ ਕਰਨ ਅਤੇ ਕਾਇਮ ਰੱਖਣ ਦੀ ਆਜ਼ਾਦੀ ਵੀ ਪ੍ਰਦੇਸ ਵਿੱਚ ਤਕਰੀਬਨ ਓਥੋਂ ਦੇ ਰਾਜ-ਪ੍ਰਬੰਧ ਅਧੀਨ ਕਾਨੂੰਨ ਰਾਹੀਂ ਹੀ ਮਿਲ ਜਾਂਦੀ ਹੈ। ਨੌਕਰੀਆਂ ਇਤਿਆਦਿ ਵਿੱਚ ਕੁਝ ਵਿਤਕਰੇ ਹਨ ਜਿਨ੍ਹਾਂ ਨੂੰ ਵੀ ਬਹੁਤੇ ਮੁਲਕਾਂ ਵਿੱਚ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੋਇਆ ਹੈ।
ਜਦੋਂ ਕਦੇ ਵਿਤਕਰਾ, ਬੇਇਨਸਾਫ਼ੀ ਹੁੰਦੀ ਹੈ ਤਾਂ ਨਿਆਂ-ਵਿਵਸਥਾ ਪੀੜਤ ਦੇ ਨਾਲ ਖੜ੍ਹ ਕੇ ਹੱਲ ਲੱਭਣ ਲਈ ਵਚਨਬੱਧ ਪਾਈ ਜਾਂਦੀ ਹੈ।
ਰੰਗ-ਭੇਦ, ਨਸਲਵਾਦ ਕਈ ਮੁਲਕਾਂ ਵਿੱਚ ਕਦੇ-ਕਦੇ ਸਿਰ ਚੁੱਕਦਾ ਹੈ ਪਰ ਏਸ ਪ੍ਰਵਿਰਤੀ ਨੂੰ ਹਰ ਸੱਭਿਅਕ ਮੁਲਕ ਦੇ ਸਾਂਝੇ ਸਮਾਜ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਤਕਰੀਬਨ ਹਰ ਸਬੰਧਤ ਵਿਦੇਸ਼ੀ ਸਮਾਜ ਏਸ ਵਰਤਾਰੇ ਤੋਂ ਮੁਕਤੀ ਹਾਸਲ ਕਰਨ ਦੇ ਰਾਹ ਅਮਲਨ ਤੁਰਿਆ ਹੋਇਆ ਹੈ। ਇਹਨਾਂ ਪ੍ਰਾਵਧਾਨਾਂ ਦੇ ਹੁੰਦਿਆਂ ਸਿੱਖ ਸਮਾਜ ਨੂੰ ਕਨੇਡਾ, ਅਮਰੀਕਾ, ਬਰਤਾਨੀਆ, ਔਸਟ੍ਰੇਲੀਆ, ਸਿੰਘਾਪੁਰ, ਨਿਊਜ਼ੀਲੈਂਡ, ਥਾਈਲੈਂਡ, ਮਲੇਸ਼ੀਆ ਆਦਿ ਵਿੱਚ, ਜਿੱਥੇ ਬਹੁਤੇ ਸਿੱਖ ਵੱਸਦੇ ਹਨ, ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਸਿੱਖ ਸਮਾਜ ਨੂੰ ਆਪਣੇ ਅਕੀਦਿਆਂ ਉੱਤੇ ਪ੍ਰਪੱਕ ਰਹਿਣ, ਆਪਣੀ ਸੱਭਿਅਤਾ ਦੀ ਰਾਖੀ ਲਈ ਸਮਰਥਨ ਆਦਿ ਵੀ ਦਿੱਤਾ ਜਾਂਦਾ ਹੈ ਅਤੇ ਢੁਕਵੇਂ ਸਮੇਂ ਏਸ ਦੀ ਯੋਗ ਪ੍ਰਸੰਸਾ ਵੀ ਦਿਲ ਖੋਲ੍ਹ ਕੇ ਕੀਤੀ ਜਾਂਦੀ ਹੈ।
                ਤਾਂਹੀਏਂ ਸਾਰਾ ਪੰਜਾਬ ਵਹੀਰਾਂ ਘੱਤ ਕੇ ਪਰਦੇਸ ਜਾਣ ਲਈ ਤਿਆਰ ਬਰ ਤਿਆਰ ਰਹਿੰਦਾ ਹੈ।
ਸੱਭਿਅਕ ਸਮਾਜ ਦੀਆਂ ਉਪਰੋਕਤ ਅਲਾਮਤਾਂ ਨੂੰ ਯਕੀਨੀ ਬਣਾਉਣ ਲਈ 1947 ਤੋਂ ਪਹਿਲਾਂ ਹਿੰਦ ਦੇ ਆਗੂਆਂ ਨੇ ਧਰਮ-ਨਿਰਪੱਖਤਾ ਦੇ ਮਖੌਟੇ ਪਾ ਕੇ, “ਵਾਸੂਧੈਵ ਕਟੁੰਭਕਮ” ਅਤੇ “ਸਤਿਆਮੇਵ ਜਯਤੇ” ਦੇ ਫ਼ੋਕੇ ਨਾਅਰੇ ਲਾ ਕੇ ਯਕੀਨ ਦਵਾਇਆ ਸੀ ਕਿ ਇਹ ਮੁਲਕ ਵੀ ਉੱਤਮ ਮੁਲਕਾਂ ਦੇ ਹਾਣ ਦਾ ਹੋ ਕੇ ਵਿਚਰਨਾ ਲੋਚਦਾ ਹੈ। ਕੁਝ ਕੁ ਊਣਤਾਈਆਂ ਨੂੰ ਛੱਡ ਕੇ 1950 ਦਾ ਸੰਵਿਧਾਨ ਵੀ ਏਸ ਦੀ ਪ੍ਰਾਪਤੀ ਨੂੰ ਮੁੱਖ ਰੱਖ ਕੇ ਘੜਿਆ ਗਿਆ ਸੀ। ਲਫ਼ਜ਼ੀ ਤੌਰ ਉੱਤੇ ਵੀ ਇਹ ਅਹਿਮ ਮੁਲਕਾਂ ਦੇ ਨਕਲ ਕੀਤੇ ਸੰਕਲਪਾਂ, ਧਾਰਨਾਵਾਂ ਵਿੱਚ ਪਰੋਇਆ ਗਿਆ ਸੀ। ਪਰ ਸੰਵਿਧਾਨ ਮੁਕੰਮਲ ਹੋਣ ਤੋਂ ਪਹਿਲਾਂ ਹੀ ਏਸ ਦੀ ਨਵੀਂ ਨਵੇਲੀ ਇਮਾਰਤ ਵਿੱਚ ਵੱਡੀਆਂ ਤਰੇੜਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਨ। ਘੱਟ-ਗਿਣਤੀਆਂ ਅਤੇ ਦੂਜੀਆਂ ਕੌਮਾਂ ਨੂੰ ਵਾਅਦੇ ਅਨੁਸਾਰ ਅਤੇ ਸੰਵਿਧਾਨ ਦੇ ‘ਮੁੱਢਲੇ ਸੰਕਲਪ ਮਤੇ’ ਅਨੁਸਾਰ ਬਰਾਬਰ ਅਧਿਕਾਰ ਨਾ ਦੇ ਕੇ ਵਿਤਕਰਿਆਂ ਦੇ ਬੰਨ੍ਹ ਖੋਲ੍ਹ ਦਿੱਤੇ ਗਏ ਸਨ। ਧਰਮ-ਨਿਰਪੱਖਤਾ ਦਾ ਦਿਵਾਲਾ ਸੋਮਨਾਥ ਮੰਦਰ ਦੀ ਨਵ-ਉਸਾਰੀ ਆਦਿ ਰਾਹੀਂ ਅਤੇ ਧਾਰਾ 25 ਅਨੁਸਾਰ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਗਰਦਾਨ ਕੇ ਕੱਢਿਆ ਜਾ ਚੁੱਕਾ ਸੀ। ਅਸ਼ੋਕ ਦੀ ਸ਼ੇਰ-ਮੂਰਤੀ ਨੂੰ, ਬਿਨਾ ਮਹਾਤਮਾ ਜੀ ਦੇ ਧਰਮ-ਚੱਕਰ ਦੇ ਅੰਕੁਸ਼ ਦੇ, ਕੌਮੀ ਚਿੰਨ੍ਹ ਗਰਦਾਨ ਕੇ ਇਸ਼ਾਰਾ ਕੀਤਾ ਜਾ ਚੁੱਕਾ ਸੀ ਕਿ ਖ਼ੂੰਖ਼ਾਰ, ਆਦਮਖੋਰ ਨੀਤੀ ਏਸ ਸੰਵਿਧਾਨ ਹੇਠ ਅਪਣਾਈ ਜਾਵੇਗੀ। ਸਿਆਸੀ ਗ਼ੁਲਾਮ ਬਣਾਉਣ ਦੀ ਮਨਸ਼ਾ ਨਵੇਂ ਸੰਵਿਧਾਨ ਤਹਿਤ ਟ੍ਰੈਵਨਕੋਰ, ਕੋਚੀਨ ਅਤੇ ਪੈਪਸੂ (ਪੰਜਾਬ) ਦੀਆਂ ਵਜ਼ਾਰਤਾਂ ਨੂੰ ਬਰਖ਼ਾਸਤ ਕਰ ਕੇ ਐਲਾਨੀ ਗਈ ਸੀ।
ਪਿੱਛੇ ਝਾਤ ਮਾਰਦਿਆਂ ਜਾਤ-ਪਾਤ, ਰੰਗ-ਭੇਦ, ਛੂਤ-ਛਾਤ, ਸੁੱਚ-ਭਿੱਟ ਆਦਿ ਦੇ ਕਲੰਕ ਨੂੰ ਦਹਿਸਦੀਆਂ ਤੋਂ ਗਲ਼ ਨਾਲ ਲਾ ਰੱਖਣ ਵਾਲੀ ਸਥਾਈ ਸੱਭਿਆਚਾਰਕ ਬਹੁਗਿਣਤੀ (permanent cultural majority) ਤੋਂ ਵੱਡੀਆਂ ਆਸ਼ਾਵਾਂ ਰੱਖਣਾ ਵੀ ਮੂਰਖਤਾ ਦੀ ਇੰਤਹਾ ਸੀ। ਇਹਨਾਂ ਨਖਿੱਧ ਰੁਝਾਨਾਂ ਨੇ ਦੂਜੀਆਂ ਕੌਮਾਂ ਅਤੇ ਘੱਟ-ਗਿਣਤੀਆਂ ਪ੍ਰਤੀ ਏਨੀਂ ਮਾਰੂ ਨਫ਼ਰਤ ਦਾ ਜਜ਼ਬਾ ਸਥਾਈ ਬਹੁਗਿਣਤੀ ਵਿੱਚ ਵਸਾਇਆ ਹੋਇਆ ਹੈ, ਜੋ ਦਹਿਸਦੀਆਂ ਤੋਂ ਪੂਰੇ ਜੋਬਨ ਉੱਤੇ ਕਾਇਮ ਹੈ ਅਤੇ ਕਈ ਸਦੀਆਂ ਹੋਰ ਖ਼ਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ। ਸਿਰਦਾਰ ਨੇ ਝੱਟ ਨਿਸ਼ਾਨਦੇਹੀ ਕਰ ਲਈ ਸੀ ਕਿ ਦੂਜੀਆਂ ਕੌਮਾਂ ਲਈ ਸਵੈ-ਇੱਛਾ ਅਨੁਸਾਰ ਨਿਰਭੈ ਸ੍ਵਛੰਦ ਵਿਚਰਨਾ, ਮੌਜੂਦਾ ਹਾਲਤਾਂ ਵਿੱਚ ਅਸੰਭਵ ਹੈ। ਸ਼ਾਇਦ ਸਿਰਦਾਰ ਨੂੰ ਧਰਮ-ਨਿਰਪੱਖ ਮਖੌਟਿਆਂ ਨੇ, ਖੋਖ਼ਲੇ ਐਲਾਨਾਂ ਨੇ, ਝੂਠੀਆਂ ਕਸਮਾਂ ਆਦਿ ਨੇ ਅਤੇ ਜ਼ਮਾਨੇ ਦੀ ਕੁੱਲ ਆਲਮ ਵਿੱਚ ਬਦਲਦੀ ਨੁਹਾਰ ਨੇ ਏਨਾਂ ਕੁ ਯਕੀਨ ਦਿਵਾਇਆ ਸੀ ਕਿ ਕਿਸੇ ਨਿੱਗਰ ਬਹਾਨੇ ਦੀ ਮੌਜੂਦਗੀ ਵਿੱਚ ਨਫ਼ਰਤ ਦਾ ਡੰਗ ਜ਼ਰਾ ਖੁੰਢਾ ਹੋ ਜਾਵੇਗਾ।
ਇਹ ਵੀ ਵਿਸਾਰਿਆ ਨਹੀਂ ਸੀ ਜਾ ਸਕਦਾ ਕਿ ਹਿੰਦੀ ਔਰਤਾਂ ਅਤੇ ਦੱਬੇ-ਕੁਚਲੇ ਲੋਕਾਂ ਕੋਲ ਆਪਣਾ ਸਮਾਜਕ ਅਤੇ ਅਧਿਆਤਮਕ ਰੁਤਬਾ ਉੱਚਾ ਕਰ ਕੇ ਬਰਾਬਰ ਦੇ ਹੱਕ ਹਾਸਲ ਕਰਨ ਦਾ, ਏਥੋਂ ਦੀਆਂ ਪ੍ਰਸਥਿਤੀਆਂ ਵਿੱਚ, ਇੱਕੋ-ਇੱਕ ਜ਼ਰੀਆ ਸਿੱਖੀ ਹੀ ਸੀ। ਹਰ ਪਰ-ਉਪਕਾਰੀ ਗੁਰਸਿੱਖ ਦਾ ਪੰਜ ਸਦੀਆਂ ਤੋਂ ਏਹੀ ਨਜ਼ਰੀਆ ਰਿਹਾ ਸੀ। ਨਾ ਕਾਨੂੰਨ, ਨਾ ਧਾਰਮਕ ਸੁਧਾਰ ਬਰਾਬਰੀ ਦੇ ਤਖ਼ਤ ਉੱਤੇ ਏਥੋਂ ਦੇ ਪਛੜੇ ਲੋਕਾਂ ਨੂੰ ਬਿਠਾ ਸਕਦੇ ਸਨ। ਅੱਜ 70 ਸਾਲ ਦਾ ਸੰਵਿਧਾਨ ਦਾ ਤਜ਼ਰਬਾ ਅਤੇ ਕਈ ਦਹਿਸਦੀਆਂ ਦਾ ਇਤਿਹਾਸ ਵੀ ਏਹੋ ਕਹਾਣੀ ਕਹਿੰਦਾ ਹੈ। ਇਸ ਲਈ ਸਿਰਦਾਰ ਹਿੰਦ ਨਾਲ ਗੂੜ੍ਹਾ ਰਿਸ਼ਤਾ ਬਣਾਈ ਰੱਖਣ ਦੇ ਹੱਕ ਵਿੱਚ ਸੀ।
ਗੁਰੂ ਗ੍ਰੰਥ ਦੇ ਉਪਦੇਸ਼ ਦਾ ਨਿਸ਼ਾਨਾ ਹਰ ਮਨੁੱਖ ਨੂੰ ਅਧਿਆਤਮਕ ਤਰੱਕੀ ਦੀ ਪੌੜੀ ਉੱਤੇ ਨਿਰੰਤਰ ਚੜ੍ਹਦੇ ਰਹਿਣ ਦੇ ਸਮਰੱਥ ਬਣਾ ਕੇ ਅਕਾਲ ਪੁਰਖ ਨਾਲ ਪੱਕਾ-ਪੀਢਾ ਰਿਸ਼ਤਾ ਜੋੜਨਾ ਹੈ। ਪ੍ਰੇਮ ਨੂੰ ਏਸ ਦਾ ਸਾਧਨ ਦੱਸਦਿਆਂ ਗੁਰੂ ਮਨੁੱਖ ਮਾਤਰ ਦੇ ਆਪਸੀ ਰਿਸ਼ਤਿਆਂ ਨੂੰ ਭਰਾਤਰੀ ਭਾਵ ਵਾਲੇ ਅਤੇ ਸੁਹਾਵਣੇ ਬਣਾਉਣਾ ਲੋਚਦਾ ਹੈ। ਸਿੱਖੀ ਦੀ ਸਮਾਜਕ, ਸਿਆਸੀ ਫ਼ੈਸਲੇ ਕਰਨ ਦੀ ਗੁਰਮਤੇ ਦੀ ਵਿਧੀ ਆਪਣੇ ਪਾਰਦਰਸ਼ੀ ਚੋਗ਼ੇ ਵਿੱਚ ਰਵਾਇਤੀ ਲੋਕਰਾਜ ਅਤੇ ਵੋਟ-ਗਿਣਤੀ ਤੋਂ ਉੱਤੇ ਦੇ ਰਾਜ ਨੂੰ ਪਰਗਟ ਕਰਦੀ ਹੈ – ਜਿਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਨੁੱਖਤਾ ਨੂੰ ਕੁਝ ਸਮਾਂ ਲੱਗੇਗਾ ਪਰੰਤੂ ਸਦੀਵੀ ਸ਼ਾਂਤੀ ਅਤੇ ਭਾਈਚਾਰਾ ਏਸੇ ਸੰਕਲਪ ਅਧੀਨ ਹੀ ਯਕੀਨੀ ਬਣਾਇਆ ਜਾ ਸਕਦਾ ਹੈ। ਗੁਰੂ ਗ੍ਰੰਥ ਦੇ ਅਨੇਕਾਂ ਹੋਰ ਸੂਖ਼ਮ ਰਾਜ਼ ਸਮਝਣ ਵਾਲੇ ਸਿਰਦਾਰ ਵੱਲੋਂ ਸਿੱਖ ਹੋਮਲੈਂਡ ਦਾ ਰਾਜਸੀ ਨਿਸ਼ਾਨਾ ਤੈਅ ਕਰਨਾ ਦੱਸਦਾ ਹੈ ਕਿ ਏਸ ਸੰਕਲਪ ਨੂੰ ਉਸਾਰਨ ਲਈ ਓਸ ਨੇ ਮਨੁੱਖੀ ਜੀਵਨ ਅਤੇ ਇਤਿਹਾਸ ਦੇ ਹਰ ਪਹਿਲੂ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਗੰਭੀਰਤਾ ਨਾਲ ਵੀਚਾਰ ਲਿਆ ਸੀ।
(ਚਲਦਾ)                  ਗੁਰਤੇਜ ਸਿੰਘ  ਆਈ,ਏ.ਐਸ.

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.