ਕੈਟੇਗਰੀ

ਤੁਹਾਡੀ ਰਾਇ



ਗੁਰਤੇਜ ਸਿੰਘ ( IAS )
ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ
ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ
Page Visitors: 2834

ਆਪਣੇ ਵਿੱਦਿਅਕ ਅਦਾਰਿਆਂ ਵੱਲੋਂ ਸਿੱਖ ਸੱਭਿਅਤਾ ਦਾ ਘਾਣ
ਸਿੱਖ ਧਰਮ ਅਤੇ ਏਸ ਦੀ ਉਪਜ ਪੰਜਾਬੀ ਸੱਭਿਆਚਾਰ, ਅਨੇਕਾਂ ਵਿਦਵਾਨਾਂ ਅਨੁਸਾਰ, ਆਉਣ ਵਾਲੇ ਸਮਿਆਂ ਦੇ ਮਾਨਵ ਪੱਖੀ ਪੁਖਤਾ ਵਿਚਾਰਾਂ ਨੂੰ ਘੜਨ ਲਈ ਭਰਪੂਰ ਯੋਗਦਾਨ ਪਾਉਣ ਦੀ ਸਮਰੱਥਾ ਰੱਖਦੇ ਹਨ। ਕਈ ਬੌਣੀਆਂ ਸੱਭਿਅਤਾਵਾਂ ਦੇ ਵਿਦਵਾਨ ਭੁੱਲ ਜਾਂਦੇ ਹਨ ਕਿ ਜਗਤ-ਗੁਰੂ ਮਨੁੱਖ ਮਾਤਰ ਦੀ ਸਰਬਪੱਖੀ ਉੱਨਤੀ ਅਤੇ ਅਧਿਆਤਮਕ ਵਿਕਾਸ ਲਈ ਆਇਆ ਸੀ ਨਾ ਕਿ ਕਿਸੇ ਖ਼ਾਸ ਫ਼ਿਰਕੇ ਦੀ ਅਗਵਾਈ ਕਰ ਕੇ ਆਪਣਾ ਗ੍ਰੋਹ ਬਣਾਉਣ ਲਈ! ਜੋ ਸਿੱਖ ਬਣੇ, ਉਹ ਕਿਸੇ ਗੁੱਟ ਦੇ ਸਰੋਕਾਰਾਂ ਦਾ ਵਾਧਾ ਕਰਨ ਲਈ ਨਹੀਂ ਬਲਕਿ ਸੰਸਾਰ ਭਲਾਈ ਦੇ ਮੂਲ ਸੋਮੇ ਸ੍ਰੀ ਗੁਰੂ ਗ੍ਰੰਥ, ਏਸ ਪੱਖੋਂ ਵਾਪਰੀਆਂ ਇਤਿਹਾਸਕ ਘਟਨਾਵਾਂ ਅਤੇ ਇਹਨਾਂ ਵਿੱਚੋਂ ਸੁਤੇ-ਸਿਧ ਪ੍ਰਗਟ ਹੁੰਦੇ ਸੱਭਿਆਚਾਰ ਨੂੰ ਸਦਾ ਲਈ ਜਿਊਂਦਾ ਅਤੇ ਏਸ ਦੀ ਅਦੁੱਤੀ ਜੀਵਨ-ਦਾਨ ਦੇਣ ਦੀ ਅਥਾਹ ਸ਼ਕਤੀ ਨੂੰ ਮਹਿਫ਼ੂਜ਼ ਰੱਖਣ ਅਤੇ ਵਿਕਸਤ ਕਰਨ ਲਈ ਬਣੇ। ਪੰਜਾਬ ਦੇ ਲੋਕਾਂ ਨੇ ਆਪਣੇ ਖ਼ੂਨ-ਪਸੀਨੇ ਦੀ ਕਮਾਈ ਅਰਪਿਤ ਕਰ ਕੇ ਯੂਨੀਵਰਸਿਟੀਆਂ ਨੂੰ ਜਨਮ ਦਿੱਤਾ ਤਾਂ ਕਿ ਇਹ ਪੰਜਾਬੀਆਂ ਦੇ ਉਪਰੋਕਤ ਮੁੱਢਲੇ ਸਰੋਕਾਰ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਹਾਇਤਾ ਕਰ ਸਕਣ। ਖਾਸ ਤੌਰ ਉੱਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਅਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਪੈਦਾ ਹੋਣ ਲਈ ਏਸ ਮੂਲ ਵਿਚਾਰ ਨੇ ਦਾਈ ਦੀ ਜ਼ਿੰਮੇਵਾਰੀ ਨਿਭਾਈ।
ਜਿਨ੍ਹਾਂ ਨੂੰ ਇਤਿਹਾਸ ਦਾ ਨਵੀਂ ਕਰਵਟ ਲੈਣਾ, ਨਵੀਆਂ ਕਦਰਾਂ-ਕੀਮਤਾਂ ਦਾ ਸਥਾਪਤ ਹੋਣਾ ਮਨਜ਼ੂਰ ਨਹੀਂ ਸੀ, ਜੋ ਸੂਰ ਵਾਂਗੂੰ ਏਥੇ ਪਸਰੀ ਜਿੱਲ੍ਹਣ ਵਿੱਚ ਜੀਵਨ ਗੁਜ਼ਾਰਨ ਦੇ ਆਦੀ ਸਨ, ਉਹਨਾਂ ਸਿਆਸੀ ਤਾਕਤ ਦੇ ਸਹਾਰੇ ਅਨੇਕਾਂ ਹਰਬੇ ਵਰਤ ਕੇ ਵਿੱਦਿਅਕ ਸੰਸਥਾਵਾਂ ਵਿੱਚ ਨਿਸਫਲ਼ਤਾ ਦਾ ਜ਼ਹਿਰ ਬੀਜਣਾ ਆਰੰਭ ਕਰ ਦਿੱਤਾ। ਇਹਨਾਂ ਦੀ ਮੈਲੀ ਇੱਛਾ ਨੂੰ ਈਰਖਾ, ਖੁਣਸ ਨੇ ਫਲ਼ ਲਾਇਆ ਅਤੇ ਅੱਜ ਸਾਡੇ ਵਿੱਦਿਅਕ ਅਦਾਰੇ ਉਹਨਾਂ ਦੁਰਜਨਾਂ ਦੀ ਗ੍ਰਿਫ਼ਤ ਵਿੱਚ ਹਨ ਜਿਨ੍ਹਾਂ ਨੇ ਸਿੱਖ ਸੱਭਿਆਚਾਰ ਨੂੰ ਖ਼ਤਮ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਉਹਨਾਂ ਅਗਾਂਹ ਕੁਝ ਪੱਗਾਂ-ਦਾੜ੍ਹੀਆਂ ਵਾਲੇ ਭਾੜੇ ਦੇ ਟੱਟੂ ਰੱਖ ਲਏ ਜਿਨ੍ਹਾਂ ਨੇ ਮੂੰਹ ਤੋਂ ਰਾਮ-ਰਾਮ (ਗੁਰੂ, ਪੰਥ, ਸਿੱਖ ਸਰੋਕਾਰ) ਆਖਦਿਆਂ-ਆਖਦਿਆਂ ਖੂਬ ਸਾਡੀਆਂ ਜੜ੍ਹਾਂ ਉੱਤੇ ਛੁਰੀਆਂ ਚਲਾਈਆਂ; ਅੱਜ ਵੀ ਚਲਾ ਰਹੇ ਹਨ।
ਡੌਕਟਰ ਪਿਆਰ ਸਿੰਘ ਨੇ ਵਿਦੇਸ਼ੀਆਂ ਨੂੰ ਗੁਰੂ ਗ੍ਰੰਥ ਉੱਤੇ ਹਮਲਾ ਕਰਨ ਦਾ ਬਹਾਨਾ ਮੁਹੱਈਆ ਕਰਨ ਲਈ, ਕਬਾੜੀਏ ਤੋਂ ਖਰੀਦੀ ਮੀਣਿਆਂ ਦੀ ਬੀੜ (1245), ਜਿਸ ਦਾ ਕੋਈ ਅੱਗਾ ਪਿੱਛਾ ਨਹੀਂ ਸੀ, ਨੂੰ ਵਿਲੱਖਣ ਅਤੇ ਆਦਿ ਬੀੜ ਤੋਂ ਪਹਿਲਾਂ ਹੋਂਦ ਵਿੱਚ ਆਈ ਦੱਸ ਕੇ ਸਿੱਖੀ ਵਿਰੁੱਧ ਵੱਡਾ ਮੁਹਾਜ਼ ਆਰੰਭ ਕੀਤਾ। ਏਸੇ ਯੂਨੀਵਰਸਿਟੀ ਦੀ ਬੀਬੀ ਸ਼ਸ਼ੀ ਬਾਲਾ ਨੇ ਸਿੱਖ ਸੱਭਿਆਚਾਰ ਦੇ ਜੁਝਾਰੂ ਪੱਖ ਦੀਆਂ ਕਦਰਾਂ-ਕੀਮਤਾਂ ਉੱਤੇ ਪਰਦਾ ਪਾਈ ਰੱਖਣ ਲਈ ‘ਸਿੱਖ ਜੰਗੀ ਜ਼ਾਬਤਾ’ (Sikh War code) ਲੇਖ ਨੂੰ ਛਾਪਣ ਤੋਂ ਇਨਕਾਰ ਕਰ ਕੇ ਦੱਸਿਆ ਕਿ ਉਹ ਕਿਸ ਪਾਲੇ ਵਿੱਚ ਖੜ੍ਹੀ ਹੈ। ਉੱਪ ਕੁਲਪਤੀ ਸਮੇਤ ਬਾਕੀ ਸਮਕਾਲੀ ਇਹ ਨਾ ਆਖ ਸਕੇ ਕਿ ਇਹ ਅਦਾਰੇ ਵਿਚਾਰਾਂ ਦੇ ਆਦਾਨ- ਪ੍ਰਦਾਨ ਲਈ ਬਣਦੇ ਹਨ ਅਤੇ ਚਰਚਾ ਦਾ ਇਹ ਚੰਗਾ ਵਿਸ਼ਾ ਹੈ। ਇਹੋ ਜਿਹੇ ਇੱਕ ਹੋਰ ਦਾੜ੍ਹੀ-ਕੇਸਾਂ ਵਾਲੇ ਮੂਰੇ ‘ਇਤਿਹਾਸਕਾਰ’ ਨੇ ਓਸ ਨੂੰ ਬਲ ਦੇਣ ਲਈ ਲੇਖ ਨੂੰ ‘ਵਿਵਾਦ ਉਪਜਾਉਣ ਵਾਲਾ’ (controversial) ਕਰਾਰ ਦੇ ਦਿੱਤਾ।
ਤਮਾਮ ਤਰਕਸੰਗਤ ਵਿਰੋਧ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਉਪ-ਕੁਲਪਤੀ ਓਸ ਮਨੁੱਖ ਨੂੰ ਲਾਇਆ ਗਿਆ ਜੋ ਸਿੱਖ ਰਹਿਤ-ਮਰਿਯਾਦਾ ਦੇ ਵਿਰੁੱਧ ਜੀਵਨ ਜਿਊਣ ਲਈ ਕੁ-ਵਿਖਿਆਤ ਸੀ। ਜੰਮਦਿਆਂ ਸਾਰ ਅਦਾਰੇ ਨੂੰ ਜ਼ਹਿਰ ਦੇਣ ਦੀ ਇਹ ਵਿਧੀ ਵਿਧਾਤਾ ਨੇ ਆਪਣੇ ਤਰੀਕੇ ਨਾਲ ਟਾਲੀ।
ਪੰਜਾਬੀ ਯੂਨੀਵਰਸਿਟੀ ਵਿੱਚ ਵੀ ਏਹੋ ਤਾਂਡਵ, ਡਮਰੂ ਦੀ ਤਾਲ ਉੱਤੇ ਨੱਚਿਆ ਜਾ ਰਿਹਾ ਹੈ। ਜਾਪਦਾ ਹੈ ਕਿ ਉਪ-ਕੁਲਪਤੀ ਕੇਵਲ ਆਪਣੀ ਤਨਖ਼ਾਹ ਲੈ ਕੇ ਚਪੜਾਸੀ ਉੱਤੇ ਹੀ ਹੁਕਮ ਲਾਗੂ ਕਰਨ ਦਾ ਅਧਿਕਾਰੀ ਹੈ। ਬਾਕੀ ਸਭ ਕੰਮ ਓਸ ਦੇ ਪ੍ਰਭੂਆਂ ਨੇ ਆਪਣੇ ਚਹੇਤਿਆਂ ਰਾਹੀਂ ਸਾਂਭਿਆ ਹੋਇਆ ਹੈ। ਅਕਾਦਮਿਕ ਅਦਾਰਿਆਂ ਦੇ ਕੁਝ ਮਹੱਤਵਪੂਰਣ ਮੁਆਮਲਿਆਂ ‘ਤੇ ਅੱਖ ਰੱਖਣ ਵਾਲੇ ਪੰਜ ਵਿਦਵਾਨਾਂ ਨੇ ਲਿਖਤੀ ਪ੍ਰਮਾਣ ਦੇ ਕੇ, ਮੁਲਾਕਾਤਾਂ ਕਰ ਕੇ ਬੇਨਤੀਆਂ ਕੀਤੀਆਂ ਕਿ ਤੁਹਾਡੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੇ ਮਹਾਨਕੋਸ਼ ਦਾ ਹਿੰਦੀ ਵਿੱਚ ਉਲੱਥਾ ਕਰਨ ਦੇ ਬਹਾਨੇ ਓਸ ਦੀ ਮੋਲਿਕਤਾ ਅਤੇ ਗੰਭੀਰਤਾ ਨੂੰ ਖ਼ਤਮ ਕਰਨ ਉੱਤੇ ਤੁਲੇ ਹੋਏ ਹਨ। ਅਮਰਜੀਤ ਸਿੰਘ ਨੇ ਛਪਣ ਤੋਂ ਡੇਢ ਦੋ ਸਾਲ ਪਹਿਲਾਂ ਬਿਨਾ ਮੁਆਵਜ਼ੇ ਦੇ ਏਸ ਨੂੰ ਸ਼ੁੱਧ ਕਰਨ ਦੀ ਪੇਸ਼ਕਸ਼ ਵੀ ਕੀਤੀ। ਇੱਕ ਗਲਤੀਆਂ ਦੀ ਵੱਡੀ ਸੂਚੀ ਅਤੇ ਓਸ ਵਿੱਚ ਹੋਣ ਵਾਲੀਆਂ ਦਰੁਸਤੀਆਂ ਦੀ ਵੀ ਜਨਾਬ ਨੂੰ ਅਤੇ ਓਸ ਦੇ ਪ੍ਰੋਫ਼ੈਸਰਾਂ ਨੂੰ ਸਾਂਝੀ ਮੀਟਿੰਗ ਵਿੱਚ ਸੌਂਪੀ ਗਈ। ਪਰ ਕਿਸੇ ਦੇ ਕੰਨ ਉੱਤੇ ਜੂੰ ਨਾ ਸਰਕੀ। ਆਖ਼ਰ ਕਰਤੂਤਾਂ ਆਮ ਨਸ਼ਰ ਹੋਣ ਉੱਤੇ ਉਲੱਥਾ ਕਰਨ ਦਾ ਕੰਮ ਰੋਕਣਾ ਪਿਆ ਅਤੇ ਗਲਤੀਆਂ ਵਾਲਾ ਸੰਸਕਰਣ ਵਾਪਸ ਲੈਣਾ ਪਿਆ। ਪੰਜਾਬ ਦੀ ਜਨਤਾ ਦੀ ਹੱਕੀ ਕਮਾਈ ਤਾਂ ਸ਼ੀਰੇ ਮਾਦਰ ਸਮਝ ਕੇ ਛਕ ਲਈ ਗਈ ਪਰ ਸਾਡੇ ਸ਼੍ਰੋਮਣੀ ਵਿਦਵਾਨ ਭਾਈ ਨਾਭਾ ਉਜੱਡਪੁਣੇ ਦੇ ਇਲਜ਼ਾਮ ਤੋਂ ਬਚ ਗਏ।
ਸ਼੍ਰੋਮਣੀ ਕਮੇਟੀ ਸਿੱਖ ਸੱਭਿਆਚਾਰ ਦਾ ਹੁਲੀਆ ਵਿਗਾੜਨ ਲਈ ਹਿੰਦੀ ਵਿੱਚ ‘ਸਿੱਖ ਇਤਿਹਾਸ’ ਪੁਸਤਕ ਲੱਖਾਂ ਦੀ ਗਿਣਤੀ ਵਿੱਚ ਛਾਪ ਚੁੱਕੀ ਹੈ ਅਤੇ ਹੁਣ ਦੋ ਮੂਰੇ (੍zombie) ਇਤਿਹਾਸਕਾਰਾਂ ਰਾਹੀਂ ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਨਾਸ ਕਰਨ ਉੱਤੇ ਲੱਗੀ ਹੋਈ ਹੈ। ਵਾੜ ਖੇਤ ਨੂੰ ਖਾ ਰਹੀ ਹੈ ਪਰ ਕੁਈ ਕੁਸਕਦਾ ਨਹੀਂ। ਡਾਇਰੈਕਟਰਾਂ, ਪ੍ਰੋਫ਼ੈਸਰਾਂ ਨੂੰ ਕੋਈ ਅਣਦੱਸੀਆਂ (ਪਰ ਸਭ ਨੂੰ ਪ੍ਰਤੱਖ) ਸੇਵਾਵਾਂ ਬਦਲੇ ਮੋਟੀਆਂ ਤਨਖਾਹਾਂ ਦੇ ਕੇ ਗੁਰੂ ਦੀ ਗੋਲਕ ਲੁਟਾਈ ਜਾ ਰਹੀਂ ਹੈ। ਸਾਰੀ ਉਮਰ ਮੀਣਿਆਂ ਅਤੇ ਮੌਕੇ ਦੇ ਹਾਕਮਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋਫ਼ੈਸਰ ਨੂੰ ਨੱਬੇ ਕੁ ਸਾਲ ਦੀ ਬਿਰਧ ਅਵਸਥਾ ਵਿੱਚ ਵੀ ਆਰਾਮ ਨਹੀਂ ਕਰਨ ਦਿੱਤਾ ਜਾ ਰਿਹਾ। ਹੁਣ ਅਫ਼ਵਾਹ ਹੈ ਕਿ ਓਸ ਦੇ ਜੀਵਨ ਉੱਤੇ ਆਧਾਰਤ ਫ਼ਿਲਮ ਕਮੇਟੀ ਬਣਾਏਗੀ ਤਾਂ ਕਿ ਏਸ ਦੇ ਪਾਏ ਪੂਰਨਿਆਂ ਉੱਤੇ ਆਉਣ ਵਾਲੀਆਂ ਪੀੜ੍ਹੀਆਂ ਚੱਲ ਸਕਣ।
ਸਿੱਖ ਕੌਮ ਦੇ ‘ਪਿਉ ਦਾਦੇ ਦੇ ਖਜਾਨੇ’ ਵਿੱਚੋਂ ਬੇਸ਼ਕੀਮਤੀ ਹੀਰੇ-ਮੋਤੀ ਬੇਕਿਰਕ ਲੁਟਾਏ ਜਾ ਰਹੇ ਹਨ। ਸੇਵਾਦਾਰ ਤਾਂ ਸਿਰਫ਼ ‘ਤੇਰੀ ਗਠਰੀ ਨੂੰ ਲਾਗਾ ਚੋਰ’ ਦਾ ਹੋਕਾ ਦੇਣ ਦੇ ਕਾਬਲ ਹੀ ਹਨ। ਉਹ ਹੋਕਾ ਦਿੰਦੇ ਰਹਿਣਗੇ ਪਰ ਕੀ ਮਾਲਕ ਕਦੇ ਜਾਗੇਗਾ ਵੀ?
ਏਸ ਹਾਲਤ ਉੱਤੇ ਰੋਈਏ ਕਿ ਹੱਸੀਏ? ਜਾਂ ਭਾਣਾ ਆਖ ਕੇ ਚੁੱਪ ਕਰ ਰਹੀਏ? ਜਾਂ ਇਹ ਆਖ ਕੇ ਸਾਰ ਲਈਏ ‘ਦੜ ਵੱਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ?’

ਗੁਰਤੇਜ ਸਿੰਘ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.