ਕੈਟੇਗਰੀ

ਤੁਹਾਡੀ ਰਾਇਹਾਕਮ ਸਿੰਘ
ਸਿੱਖ ਧਰਮ ਦੇ ਬਾਨੀ ਦੀ ਸਿਥਤੀ
ਸਿੱਖ ਧਰਮ ਦੇ ਬਾਨੀ ਦੀ ਸਿਥਤੀ
Page Visitors: 186

ਸਿੱਖ ਧਰਮ ਦੇ ਬਾਨੀ ਦੀ ਸਿਥਤੀ
ਹਰ ਧਰਮ ਦੇ ਬਾਨੀ ਨੂੰ ਆਪਣੇ ਧਰਮ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੁੰਦਾ ਹੈ। ਯਸੂਹ ਮਸੀਹ, ਹਜ਼ਰਤ ਮੁਹੰਮਦ ਅਤੇ ਗੋਤਮ ਬੁਧ ਨੂੰ ਉਨ੍ਹਾਂ ਵਲੋਂ ਚਲਾਏ ਧਰਮਾਂ ਵਿੱਚ ਜੋ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਉਹ ਹੋਰ ਕਿਸੇ ਨੂੰ ਨਹੀਂ ਦਿੱਤਾ ਜਾਂਦਾ। ਪਰ ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਨੂੰ ਦਸ ਗੁਰੂ ਸਾਹਿਬਾਨਾਂ ਵਿਚੋਂ ਪਹਿਲੇ ਗੁਰੂ ਮੰਨਿਆ ਜਾਂਦਾ ਹੈ ਭਾਵੇਂ ਦੂਜੇ ਸਾਰੇ ਗੁਰੂ ਸਾਹਿਬਾਨ ਆਪਣੇ ਆਪ ਨੂੰ ਨਾਨਕ ਜੋਤ ਮੰਨਦੇ ਸਨ ਅਤੇ ਕਿਸੇ ਗੁਰੂ ਸਾਹਿਬ ਨੇ ਵੀ ਆਪਣੀ ਬਾਣੀ ਵਿੱਚ ਵਖਰੇ ਵਿਅਕਤਿੱਤਵ ਦਾ ਪ੍ਰਗਟਾਵਾ ਨਹੀਂ ਕੀਤਾ ਹੈ। ਉਨ੍ਹਾਂ ਆਪਣੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਦੀ ਵਿਆਖਿਆ ਕੀਤੀ ਹੈ ਅਤੇ ਉਸ ਨੂੰ ਨਾਨਕ ਬਾਣੀ ਹੀ ਆਖਿਆ ਹੈ। ਗੁਰੂ ਨਾਨਕ ਸਾਹਿਬ ਹੀ ਉਨ੍ਹਾਂ ਦੇ ਗੁਰਦੇਵ ਸਤਿਗੁਰੂ ਸਨ ਕਿਊਂਕੇ ਉਹ,
 "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥" (ਪੰ: ੯੬੬)
 ਅਨੁਸਾਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਿੱਚ ਅਭੇਦ ਸਨ। ਨਾਨਕ ਵਿਚਾਰਧਾਰਾ ਨੂੰ ਹੀ ਗੁਰਮਤ ਆਖਿਆ ਗਿਆ ਹੈ। ਸਿੱਖ ਕਥਾਵਾਚਕ ਗੁਰਸ਼ਬਦ ਦੀ ਵਿਚਾਰ ਕਰਨ ਸਮੇਂ ਇਹ ਤੱਥ ਅਕਸਰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਿ ਸਾਰੀ ਗੁਰਬਾਣੀ ਕੇਵਲ ਨਾਨਕ ਬਾਣੀ ਹੀ ਹੈ। ਜਿਸ ਬਾਣੀ ਨੂੰ ਗੁਰੂ ਸਾਹਿਬਾਨ ਨਾਨਕ ਬਾਣੀ ਦਾ ਨਾਂ ਦਿੰਦੇ ਹਨ ਵਿਆਖਿਆਕਾਰ ਉਸ ਨੂੰ ਦੂਜੇ ਵਿਅਕਤੀ ਗੁਰੂ ਦੀ ਕਿਰਤ ਸਿੱਧ ਕਰਨ ਦਾ ਯਤਨ ਕਰਦੇ ਹਨ। ਵਿਅਖਿਆਕਾਰ ਗੁਰਬਾਣੀ ਉਪਦੇਸ਼ ਨਾਲੋਂ ਰਚਨਹਾਰੇ ਗੁਰੂ ਬਾਰੇ ਜਾਣਕਾਰੀ ਦੇਣ ਨੂੰ ਤਰਜੀਹ ਦਿੰਦੇ ਹਨ।
ਸਿੱਖ ਰਹਿਤ ਮਰਯਾਦਾ ਵਿੱਚ ਵੀ ਗੁਰੂ ਨਾਨਕ ਸਾਹਿਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਇਸ ਦੀ "ਸਿੱਖ ਦੀ ਤਾਰੀਫ" ਵਿੱਚ ਦਸ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚੇ ਦਾ ਵਰਨਨ ਤੇ ਹੈ ਪਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਨਹੀਂ ਹੈ।
ਗੁਰੂ ਨਾਨਕ ਸਾਹਿਬ ਬਾਰੇ ਪ੍ਰਸਿੱਧ ਕੀਤੀ ਗਈ "ਬਾਲੇ ਵਾਲੀ ਜਨਮ ਸਾਖੀ" ਵਿੱਚ ਗੁਰੂ ਸਾਹਿਬ ਦਾ ਜਨਮ ਉਤਸਵ ਜਾਣ ਬੁੱਝ ਕੇ ਗਲਤ ਦਿੱਤਾ ਗਿਆ ਹੈ ਅਤੇ ਕੁੱਝ ਸਾਖੀਆਂ ਵੀ ਗੁਰੂ ਸਾਹਿਬ ਨੂੰ ਬਦਨਾਮ ਕਰਨ ਲਈ ਜੋੜੀਆਂ ਗਈਆਂ ਹਨ। ਗੁਰੂ ਨਾਨਕ ਦੇ ਉਪਾਸ਼ਕਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਇਸ ਝੂਠੀ ਜਨਮ ਸਾਖੀ ਦਾ ਬਾਈਕਾਟ ਕਰਦੇ ਅਤੇ ਇਸ ਦੇ ਪ੍ਰਕਾਸ਼ਨ ਅਤੇ ਵਿਕਰੀ ਨੂੰ ਰੋਕਦੇ ਪਰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਸਿੱਖ ਜਗਤ ਗੁਰੂ ਸਾਹਿਬ ਨੂੰ ਬਦਨਾਮ ਕਰਨ ਵਾਲੀ ਝੂਠੀ ਜਨਮ ਸਾਖੀ ਨੂੰ ਪ੍ਰਮਾਣਕ ਮੰਨਦਾ ਹੈ। ਕਈ ਸਿੱਖ ਵਿਦਵਾਨ ਤੇ ਇਸ ਦੀ ਸਲਾਹਨਾ ਵੀ ਕਰਦੇ ਹਨ। ਪੰਜਾਬੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਤ "ਜਨਮ ਸਾਖੀ ਪਰੰਪਰਾ" ਵਿੱਚ ਡਾ. ਕਿਰਪਾਲ ਸਿੰਘ ਲਿਖਦੇ ਹਨ: "ਇਸ ਜਨਮ ਸਾਖੀ ਦੇ ਕਰਤਾ ਨੇ ਸਾਧਾਰਨ ਰਵਾਇਤਾਂ ਨਾਲ ਮਨੋਵਿਗਿਆਨਕ ਭਾਵਾਂ ਨੂੰ ਭਰਿਆ ਹੈ ਤੇ ਕਈ ਥਾਵਾਂ ਤੇ ਗੁਰੂ ਜੀ ਦੇ ਸੁਭਾ ਅਤੇ ਘਰੋਗੀ ਵਾਤਾਵਰਨ ਨੂੰ ਉਲੀਕਣ ਦਾ ਯਤਨ ਕੀਤਾ ਹੈ। …. ਇਸ ਤਰ੍ਹਾਂ ਸਮਾਜਕ ਅਤੇ ਘਰੋਗੀ ਪੱਖ ਤੋਂ ਵੇਖਿਆਂ ਇਹ ਜਨਮ ਸਾਖੀ ਕਈਆਂ ਥਾਵਾਂ ਤੇ ਨਵੀਂ ਜਾਣਕਾਰੀ ਦੇਂਦੀ ਹੈ।" (ਪੰ: xxxiv)।
 ਇਸੇ ਜਨਮ ਸਾਖੀ ਨੂੰ ਆਧਾਰ ਬਣਾ ਕੇ ਉਦਾਸੀ ਕਵੀ ਸੰਤੋਖ ਸਿੰਘ ਨੇ "ਨਾਨਕ ਪ੍ਰਕਾਸ਼" ਅਤੇ ਗਿਆਨੀ ਗਿਆਨ ਸਿੰਘ ਨੇ "ਪੰਥ ਪ੍ਰਕਾਸ਼" ਵਿੱਚ ਗੁਰੂ ਸਾਹਿਬ ਦਾ ਓਹੀ ਗਲਤ ਜਨਮ ਦਿਹਾੜਾ ਲਿਖਿਆ ਹੈ। ਉਦਾਸੀ ਤੇ ਨਾਨਕ ਵਿਚਾਰਧਾਰਾ ਦੇ ਵਿਰੋਧੀ ਸਨ ਅਤੇ ਗੁਰੂ ਸਹਿਬ ਬਾਰੇ ਗਲਤ ਫੈਹਮੀਆਂ ਫੈਲਾੳਣਾ ਚਾਹੁੰਦੇ ਸਨ ਪਰ ਸਿੱਖ ਆਗੂ ਅਤੇ ਸਿੱਖ ਜਗਤ ਤੇ ਉਸ ਵਿੱਚ ਸੋਧ ਕਰਕੇ ਗੁਰੂ ਸਾਹਿਬ ਦਾ ਜਨਮ ਉਤਸਵ ਸਹੀ ਦਿਨ ਮਨਾ ਸਕਦੇ ਸਨ, ਪਰ ਉਨ੍ਹਾਂ ਵੀ ਐਸਾ ਨਹੀਂ ਕੀਤਾ। ਕੈਸੀ ਵਚਿਤ੍ਰ ਸਥਿੱਤੀ ਬਣੀ ਹੋਈ ਹੈ ਕਿ ਸਿੱਖ ਸ਼ਰਧਾਲੂ ਆਪਣੇ ਧਰਮ ਦੇ ਬਾਨੀ ਦੇ ਇਤਹਾਸ ਨਾਲ ਕੀਤੇ ਗਏ ਖਿਲਵਾੜ ਦਾ ਖੰਡਨ ਕਰਨ ਦੀ ਥਾਂ ਉਸ ਦਾ ਜਸ਼ਨ ਮਨਾਉਂਦੇ ਹਨ।
ਹਰ ਧਰਮ ਦੇ ਬਾਨੀ ਦੇ ਜਨਮ ਸਥਾਨ ਨੂੰ ਉਸ ਧਰਮ ਵਿੱਚ ਸਭ ਤੋਂ ਪਵਿਤਰ ਥਾਂ ਮੰਨਣ ਦੀ ਪਰਥਾ ਹੈ। ਮੱਕਾ, ਯੂਰੋਸ਼ਲਮ ਅਤੇ ਬੋਧ ਗਯਾ ਦੀ ਜ਼ਿਆਰਤ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਵਿੱਚ ਨਨਕਾਣਾ ਸਾਹਿਬ ਨੂੰ ਉਸ ਪ੍ਰਕਾਰ ਦੀ ਮਹਤੱਤਾ ਨਹੀਂ ਦਿੱਤੀ ਜਾਂਦੀ। ਸਿੱਖ ਧਰਮ ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਐਸਾ ਮਾਨ ਪ੍ਰਾਪਤ ਹੈ। ਦਰਬਾਰ ਸਾਹਿਬ ਵੀ ਸਿੱਖ ਧਰਮ ਦਾ ਬਹੁਤ ਪਵਿਤਰ ਸਥਾਨ ਹੈ ਪਰ ਉਹ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਨਹੀਂ ਹੈ। ਨਨਕਾਣਾ ਸਾਹਿਬ ਦਾ ਸਿੱਖ ਧਰਮ ਵਿੱਚ ਵਿਸ਼ੇਸ਼ ਸਥਾਨ ਹੈ ਜਿਸ ਨੂੰ ਨਜ਼ਰ ਅੰਦਾਜ਼ ਕਰਨਾ ਮੰਦਭਾਗਾ ਹੀ ਆਖਿਆ ਜਾ ਸਕਦਾ ਹੈ। ਸਿੱਖ ਰਹਿਤ ਮਰਯਾਦਾ ਦੀ ਅਰਦਾਸ ਵਿਚ, ਜੋ ਪਾਕਿਸਤਾਨ ਬਨਣ ਤੋਂ ਪਹਿਲੋਂ ਬਣਾਈ ਗਈ ਸੀ, "ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ" ਲਈ ਤੇ ਬੇਨਤੀ ਕੀਤੀ ਗਈ ਹੈ ਪਰ ਨਨਕਾਣਾ ਸਾਹਿਬ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਬਨਣ ਮਗਰੋਂ ਨਨਕਾਣਾ ਸਾਹਿਬ ਨੂੰ ਸਿਆਸੀ ਮੋਹਰਾ ਬਣਾ ਕੇ ਪਾਕਿਸਤਾਨ ਵਿਰੁਧ ਵਰਤਣ ਦਾ ਕੋਝਾ ਯਤਨ ਕੀਤਾ ਗਿਆ ਹੈ।
ਢਾਡੀ ਅਤੇ ਕਵੀਸ਼ਰ ਗੁਰੂ ਗੋਬਿੰਦ ਸਿੰਘ ਜੀ ਦੇ ਜੰਗਾਂ ਜੁਧਾਂ ਅਤੇ 1699 ਦੀ ਵਿਸਾਖੀ ਦੀਆਂ ਵਾਰਾਂ ਤੇ ਅਕਸਰ ਗਾਉਂਦੇ ਰਹਿੰਦੇ ਹਨ ਪਰ ਗੁਰੂ ਨਾਨਾਕ ਸਾਹਿਬ ਵਲੋਂ ਮਾਨਵਤਾ ਨੂੰ ਗੁਰਮਤ ਵਿਚਾਰਧਾਰਾ ਦੀ ਦੇਣ ਅਤੇ ਉਨ੍ਹਾਂ ਦੀਆਂ ਉਦਾਸੀਆਂ ਦੀ ਵਿਥਿਆ ਨਹੀਂ ਸੁਣਾਉਂਦੇ। ਗੁਰੂ ਨਾਨਕ ਸਾਹਿਬ ਹੀ ਵਿਸ਼ਵ ਦੇ ਇਤਹਾਸ ਵਿੱਚ ਇੱਕ ਐਸੇ ਮਹਾਂ ਪੁਰਖ ਹੋਏ ਹਨ ਜਿਨ੍ਹਾਂ ਨੇ ਦੁਨੀਆਂ ਭਰ ਦੇ ਸਾਰੇ ਵੱਡੇ ਧਰਮ ਅਸਥਾਨਾਂ ਦਾ ਭਰਮਨ ਕੀਤਾ ਸੀ ਅਤੇ ਉਨ੍ਹਾਂ ਧਰਮਾਂ ਦੇ ਆਗੂਆਂ ਨਾਲ ਵਿਚਾਰ ਵਿਮਰਸ਼ ਕਰਕੇ ਉਨ੍ਹਾਂ ਨੂੰ ਆਪਣੇ ਸ਼ਰਧਾਲੂ ਬਣਾਇਆ ਸੀ।
ਗੁਰੂ ਨਾਨਕ ਸਾਹਿਬ ਦੀ ਬਾਣੀ ਸਾਰੀ ਮਾਨਵਤਾ ਨੂੰ ਸਹੀ ਰਾਹ ਦਿਖਾਉਣ ਵਾਲੀ ਮਾਨਵਵਾਦੀ ਵਿਚਾਰਧਾਰਾ ਹੈ ਪਰ ਸਿੱਖ ਰਹਿਤ ਮਰਯਾਦਾ ਦੀ "ਸਿੱਖ ਦੀ ਤਾਰੀਫ" ਵਿੱਚ ਉਸ ਵਿਚਾਰਧਾਰਾ ਨੂੰ ਅਸਵੀਕਾਰ ਕਰ ਦਿੱਤਾ ਗਿਆ ਹੈ। ਮਿਸ਼ਨਰੀ ਸੰਸਥਾਵਾਂ, ਸਿੱਖ ਪ੍ਰਚਾਰਕ ਅਤੇ ਬੁਲਾਰੇ ਰਹਿਤ ਮਰਯਾਦਾ ਦੇ ਵਿਚਾਰਾਂ ਦਾ ਪ੍ਰਚਾਰ ਤੇ ਕਰਦੇ ਹਨ ਪਰ ਨਾਨਕ ਸਾਹਿਬ ਦੇ ਮਾਨਵਾਵਦੀ ਵਿਚਾਰਾਂ ਨੂੰ ਅਕਸਰ ਅਣਡਿੱਠ ਕਰ ਦਿੰਦੇ ਹਨ।
ਗੁਰਮਤ ਦੇ ਸਾਰੇ ਸੰਕਲਪ ਗੁਰੂ ਨਾਨਕ ਸਾਹਿਬ ਨੇ ਹੀ ਨਿਰਧਾਰਤ ਕੀਤੇ ਹਨ। ਉਨ੍ਹਾਂ ਹੀ ਪ੍ਰਭੂ ਦੇ ਗੁਣਾਂ ਦਾ ਵਰਨਨ ਕਰਨ ਵਾਲੇ ਮੂਲ ਮੰਤਰ ਦੀ ਰਚਨਾ ਕੀਤੀ ਹੈ। ਜਪੁ ਬਾਣੀ ਵਿੱਚ ਉਨ੍ਹਾਂ ਮਨੁੱਖਤਾ ਨੂੰ ਵਡਮੁਲੇ ਉਪਦੇਸ਼ ਕੀਤੇ ਹਨ। ਕੁੱਝ ਉਪਦੇਸ਼ ਹਨ:
 "ਅਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥",
 "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥",
 "ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥",
 "ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥",
 "ਆਪੇ ਬੀਜਿ ਆਪੇ ਹੀ ਖਾਹੁ॥",
 "ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥",
 "ਮਨਿ ਜੀਤੈ ਜਗੁ ਜੀਤੁ॥",
 "ਸਚ ਖੰਡਿ ਵਸੈ ਨਿਰੰਕਾਰੁ॥",
 "ਘੜੀਐ ਸਬਦੁ ਸਚੀ ਟਕਸਾਲ॥"।
ਇਸ ਤੋਂ ਇਲਾਵਾ ਸੁਨਣ, ਮੰਨਣ ਦੀਆਂ ਵਿਧੀਆਂ ਦਾ, ਸੋ ਦਰੁ ਅਤੇ ਪੰਜ ਖੰਡਾਂ ਦਾ ਵਰਨਨ ਵੀ ਜਪੁ ਬਾਣੀ ਵਿੱਚ ਕੀਤਾ ਗਿਆ ਹੈ। ਉਨ੍ਹਾਂ ਮਾਰੂ ਰਾਗ ਵਿੱਚ ਸ੍ਰਿਸ਼ਟੀ ਰਚਨਾ ਦਾ ਵਰਨਨ ਕੀਤਾ ਹੈ, ਰਾਮਕਲੀ ਰਾਗ ਵਿੱਚ ਸਿਧਾਂ ਨਾਲ ਗੋਸ਼ਟੀ ਦੀ ਤਫਸੀਲ ਦਿੱਤੀ ਹੈ, ਜਿਸ ਵਿੱਚ ਚਰਪਟ ਨਾਥ ਦੇ ਪ੍ਰਸ਼ਨ
 "ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ॥
 ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ
॥"
ਦਾ ਉਤਰ
 "ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ॥
 ਸੁਰਿਤ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ
॥" (ਪੰ: 938) ਹੈ।
 ਉਨ੍ਹਾਂ ਦੀ ਬਾਣੀ ਵਿੱਚ ਅਧਿਆਤਮਕ ਗਿਆਨ ਦੇ ਨਾਲ ਨਾਲ ਧਾਰਮਕ ਵਿਹਾਰਾਂ ਦੇ ਪਖੰਡ, ਇਸਲਾਮ, ਹਿੰਸਾ ਦੇ ਪੀੜਤਾਂ ਦੀ ਦਸ਼ਾ ਅਤੇ ਪ੍ਰਭੂ ਦੀ ਆਰਤੀ ਦਾ ਵਰਨਨ ਵੀ ਕੀਤਾ ਗਿਆ ਹੈ।
ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਵਿੱਚ ਵਾਰ ਦੀ ਰਚਨਾ ਕੀਤੀ ਹੈ ਜਿਸ ਦਾ ਸਵੇਰੇ ਗਾਇਨ ਕਰਨ ਦੀ ਪਰਥਾ ਹੈ। ਪਰ ਰਾਗੀ ਉਸ ਵਿੱਚ ਗਰੂ ਰਾਮਦਾਸ ਜੀ ਦੀ ਆਸਾ ਰਾਗ ਵਿੱਚ ਰਚੀ ਬਾਣੀ ਮਿਲਾ ਦਿੰਦੇ ਹਨ। ਗੁਰੂ ਅਰਜਨ ਪਾਤਸ਼ਾਹ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਸਮੇਂ ਗੁਰੂ ਰਾਮਦਾਸ ਜੀ ਦੀ ਬਾਣੀ ਅਸਾ ਕੀ ਵਾਰ ਵਿੱਚ ਨਹੀਂ ਮਿਲਾਈ ਸੀ ਅਤੇ ਰਾਗੀਆਂ ਨੂੰ ਐਸਾ ਕਰਨ ਦਾ ਅਧਿਕਾਰ ਵੀ ਨਹੀਂ ਸੀ ਪਰ ਗੁਰਬਾਣੀ ਵਿੱਚ ਇਸ ਰਲਗੱਡ ਕਰਨ ਦੀ ਪ੍ਰਕਿਰਿਆ ਨੂੰ ਪਰੰਪਰਾ ਦਾ ਨਾਂ ਦੇ ਕੇ ਉਚਿੱਤ ਠੈਹਰਾਇਆ ਜਾਂਦਾ ਹੈ। ਬਹੁਤੇ ਗੁਰਦੁਆਰਿਆਂ ਨੇ ਆਸਾ ਕੀ ਵਾਰ ਦਾ ਕੀਰਤਨ ਬੰਦ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ। ਸਾਰੀ ਗੁਰਬਾਣੀ ਹੀ ਸਤਕਾਰਯੋਗ ਹੈ ਪਰ ਪਰੰਪਰਾ ਦੇ ਹਿਤੈਸ਼ੀਆਂ ਨੇ ਇਸ ਬਾਰੇ ਗੈਰ ਰਸਮੀ ਚੁੱਪ ਧਾਰਨ ਨਹੀਂ ਕਰਨੀ ਚਾਹੀਦੀ ਸੀ।
ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਹ ਮਾਹ ਦੀਆਂ ਬਾਣੀਆਂ ਦਰਜ ਹਨ, ਪਰ ਗੁਰਦੁਆਰਿਆਂ ਵਿੱਚ ਕੇਵਲ ਮਾਝ ਰਾਗ ਮਹਲੇ ੫ ਦਾ ਬਾਰਹ ਮਾਹ ਵਿਚੋਂ ਮਹੀਨੇ ਦੀ ਸੰਗਰਾਦ ਦਾ ਪਾਠ ਕੀਤਾ ਜਾਂਦਾ ਹੈ। ਕੋਈ ਵੀ ਗੁਰਦੁਆਰਾ ਤੁਖਾਰੀ ਛੰਤ ਮਹਲਾ ੧ ਦੇ ਬਾਰਹ ਮਾਹ ਦਾ ਪਾਠ ਨਹੀਂ ਕਰਦਾ ਅਤੇ ਨਾ ਹੀ ਕੋਈ ਸ਼ਰਧਾਲੂ ਇਸ ਦੀ ਮੰਗ ਹੀ ਕਰਦਾ ਹੈ।
ਗੁਰੂ ਨਾਨਕ ਸਾਹਿਬ ਨੇ ਹੀ ਧਰਮਾਂ ਦੀਆਂ ਦੀਵਾਰਾਂ ਢਾਹ ਕੇ ਮਾਨਵਤਾ ਲਈ ਧਰਮ ਦਾ ਸਹੀ ਅਧਿਆਤਮਕ ਮਾਰਗ ਉਲੀਕਦੀਆਂ ਭਗਤਾਂ ਦੀਆਂ ਕਿਰਤਾਂ ਅਤੇ ਆਪਣੀਆਂ ਰਚਨਾਵਾਂ ਨੂੰ ਖਸਮ ਕੀ ਬਾਣੀ ਦਾ ਦਰਜਾ ਦਿੱਤਾ ਸੀ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਦੂਜੇ, ਤੀਜੇ ਅਤੇ ਚੌਥੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਦੇ ਨਾਲ ਆਪਣੀ ਬਾਣੀ ਮਿਲਾ ਕੇ ਗੁਰਬਾਣੀ ਦੀ ਪੋਥੀ ਸਾਹਿਬ ਦਾ ਸੰਕਲਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਸਮੇਤ ਪੂਰਨ ਗ੍ਰੰਥ ਨੂੰ ਗੁਰੂ ਦੀ ਪਦਵੀ ਪ੍ਰਦਾਨ ਕਰਕੇ ਮਾਨਵਤਾ ਦੀ ਅਗਵਾਈ ਲਈ ਅਧਿਆਤਮਕ ਗਿਆਨ ਦੇ ਵਡਮੁਲੇ ਸਰੋਤ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਅਜੋਕੇ ਨਾਬਰਾਬਰ ਅਤੇ ਅਨਿਆਈ ਸਮਾਜ ਨੂੰ ਉਸ ਦੀ ਬੇਹਤਰੀ ਲਈ ਮਨੁੱਖੀ ਸੁਤੰਤਰਤਾ ਅਤੇ ਬਰਾਬਰੀ ਦਾ ਸੰਜੀਦਾ ਸੰਦੇਸ਼ ਦਿੰਦੀ ਹੈ।
ਸਿੱਖ ਧਰਮ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰਮਤ ਵਿਚਾਰਧਾਰਾ ਨੂੰ ਬਣਦਾ ਮਹਤੱਵ ਨਾ ਦਿੱਤੇ ਜਾਣ ਦਾ ਪੇਚੀਦਾ ਪਿਛੋਕੜ ਹੈ। ਅਸਲ ਵਿੱਚ ਗੁਰੂ ਸਾਹਿਬਾਨ ਦੇ ਪ੍ਰਵਾਰਾਂ ਵਿਚੋਂ ਗੁਰਗੱਦੀ ਅਤੇ ਸੰਪਤੀ ਦੇ ਅਭਿਲਾਸ਼ੀਆਂ ਅਤੇ ਉਨ੍ਹਾਂ ਦੇ ਉਦਾਸੀ ਅਤੇ ਨਿਰਮਲੇ ਸਹਿਯੋਗੀਆਂ ਨੇ ਸਨਾਤਨੀ ਪਰੰਪਰਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਕਰਨ ਵਾਲਾ ਆਪਣਾ ਗੁਰਮਤ ਵਿਰੋਧੀ ਵਖਰਾ ਸਿੱਖ ਧਰਮ ਚਲਾ ਲਿਆ ਸੀ। ਇਹ ਵਿਰੋਧਤਾ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਸਾਹਿਬ ਦੇ ਪੁਤਰ ਸ੍ਰੀ ਚੰਦ ਨੇ ਗੁਰਮਤ ਦੀ ਥਾਂ ਉਦਾਸੀ ਮਤ ਧਾਰਨ ਕਰ ਲਿਆ ਸੀ ਜਿਸ ਦਾ ਜ਼ਿਕਰ ਸੱਤੇ ਅਤੇ ਬਲਵੰਡ ਨੇ ਆਪਣੀ ਵਾਰ ਵਿੱਚ ਕੀਤਾ ਹੈ:
 "ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ॥
 ਦਿਲਿ ਖੋਟੈ ਆਕੀ ਫਿਰਨਿ ਬੰਨ ਭਾਰੁ ਉਚਾਇਨਿ ਛਟੀਐ
॥" (ਪੰਨਾ: 967)।
 ਭਾਵੇਂ ਦੂਜੇ ਸਾਰੇ ਗੁਰੂ ਸਾਹਿਬਾਨ ਆਪਣੇ ਆਪ ਨੂੰ ਗੁਰੂ ਨਾਨਕ ਜੋਤ ਮੰਨਦੇ ਸਨ ਪਰ ਗੁਰ ਪ੍ਰਵਾਰਾਂ ਦੇ ਗੁਰਗੱਦੀ ਅਤੇ ਸੰਪੱਤੀ ਦੇ ਅਭਿਲਾਸ਼ੀ ਗੁਰਬਾਣੀ ਉਪਦੇਸ਼ ਦੇ ਸਮਰਥਕ ਨਹੀਂ ਸਨ। ਉਹ ਜਾਤ ਪਾਤ ਪ੍ਰਣਾਲੀ ਅਤੇ ਪ੍ਰਚਲਤ ਸਨਾਤਨੀ ਰੀਤਾਂ ਅਨੁਸਾਰ ਆਪਣੇ ਸੁਆਰਥ ਅਤੇ ਨਿੱਜੀ ਪ੍ਰਸਿੱਧੀ ਲਈ ਆਪਣਾ ਵਖਰਾ ਸਿੱਖ ਧਰਮ ਸਥਾਪਤ ਕਰਨ ਦੇ ਹੱਕ ਵਿੱਚ ਸਨ। ਪ੍ਰਿਥੀਏ, ਧੀਰਮਲੀਆਂ ਅਤੇ ਰਾਮਰਾਈਆਂ ਨੇ ਆਪੋ ਆਪਣਾ ਵਖਰਾ ਸਿੱਖ ਧਰਮ ਚਲਾ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਗਲ ਸ਼ਾਸਨ ਤੇ ਹਮਲੇ ਉਪਰੰਤ ਗੁਰਮਤ ਦੇ ਸਾਰੇ ਧਾਰਨੀ ਸ਼ਹੀਦ ਕਰ ਦਿੱਤੇ ਗਏ ਜਿਸ ਤੇ ਸ੍ਰੀ ਚੰਦ ਦੇ ਉਦਾਸੀ ਸ਼ਰਧਾਲੂਆਂ ਅਤੇ ਨਿਰਮਲਿਆਂ ਨੂੰ ਗੁਰ ਪ੍ਰਵਾਰਾਂ ਦੇ ਗੁਰਮਤ ਵਿਰੋਧੀਆਂ ਨਾਲ ਮਿਲ ਕੇ ਨਾਨਕ ਵਿਚਾਰਧਾਰਾ ਦਾ ਵਿਮੁੱਲਣ ਕਰਨ ਅਤੇ ਗੁਰੂ ਨਾਨਕ ਸਾਹਿਬ ਨੂੰ ਸਿੱਖ ਧਰਮ ਦੇ ਬਾਨੀ ਦਾ ਬਣਦਾ ਸਤਕਾਰ ਦੇਣ ਤੋਂ ਮੁਨਕਿਰ ਹੋਣ ਦਾ ਮੌਕਾ ਮਿਲ ਗਿਆ। ਅੱਜ ਵੀ ਗੁਰੂ ਸਾਹਿਬਾਨ ਦੇ ਪ੍ਰਵਾਰਕ ਵਿਰੋਧੀਆਂ ਅਤੇ ਉਨ੍ਹਾਂ ਦੇ ਉਦਾਸੀ ਅਤੇ ਨਿਰਮਲੇ ਸਹਿਯੋਗੀਆਂ ਵਲੋਂ ਸਥਾਪਤ ਕੀਤਾ ਸਿੱਖ ਧਰਮ ਹੀ ਪ੍ਰਚਲਤ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਵਿਅਕਤਿੱਤਵ ਦਾ ਵਿਮੁੱਲਣ ਕਰਨ ਦੀ ਰੀਤ ਬਣੀ ਹੋਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.