ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਸਰਦਾਰ , ਦਸਤਾਰ ਅਤੇ ਕਿਰਦਾਰ [
ਸਰਦਾਰ , ਦਸਤਾਰ ਅਤੇ ਕਿਰਦਾਰ [
Page Visitors: 3211

                ਸਰਦਾਰ ,          ਦਸਤਾਰ       ਤੇ            ਕਿਰਦਾਰ !
 -ਤਰਲੋਚਨ ਸਿੰਘ ‘ਦੁਪਾਲਪੁਰ
ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਜੇ ਨਿਰਮਲ ਪੰਥ ਦੇ ਪਾਂਧੀਆਂ ਸਿਰੀਂ ਸੋਂਹਦੀ ਦਸਤਾਰ ਦੇ ਮਹੱਤਵ ਦੀ ਕੋਈ ਹੋਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਦੀ ਇਕ 'ਸਾਖੀ' ਸੁਣ ਲਈਏ। ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ 32ਵੀਂ ਵਾਰ ਦੀ 19ਵੀਂ ਪਉੜੀ ਵਿਚ ਕੀਤਾ ਹੈ। ਇਹ ਬ੍ਰਿਤਾਂਤ ਪੜ੍ਹਿਆਂ ਸਪਸ਼ਟ ਹੋ ਜਾਵੇਗਾ ਕਿ ਪੁਰਾਤਨ ਸਮਿਆਂ ਵਿਚ ਦਸਤਾਰ ਵਿਹੂਣਾ ਹੋਣ ਦਾ ਕੀ ਅਰਥ ਲਿਆ ਜਾਂਦਾ ਸੀ। 'ਠੰਢੇ ਖੂਹਹੁ ਨਾ੍ਹਇ ਕੈ ਪੱਗ ਵਿਸਾਰ ਆਇਆ ਸਿਰ ਨੰਗੇ' ਵਾਲੀ ਤੁਕ ਨਾਲ ਸ਼ੁਰੂ ਹੁੰਦੀ ਪਉੜੀ ਮੁਤਾਬਿਕ ਕਿਸੇ ਘਰ ਦਾ ਮੁਖੀਆ ਬੰਦਾ ਅੰਮ੍ਰਿਤ ਵੇਲੇ ਖੇਤਾਂ ਵੱਲ੍ਹ ਗਿਆ ਹੋਇਆ ਖੂਹ 'ਤੇ ਇਸ਼ਨਾਨ ਕਰ ਕੇ ਘਰੇ ਆਇਆ। ਰੱਬ ਜਾਣੇ ਕਾਹਲੀ ਵਿਚ ਜਾਂ ਕਿਸੇ ਹੋਰ ਕਾਰਨ ਉਹ ਆਪਣੀ ਪੱਗ ਉਥੇ ਹੀ ਭੁੱਲ ਆਇਆ। ਉਸਨੂੰ ਨੰਗੇ ਸਿਰ ਘਰ ਵੜਦਾ ਦੇਖ ਕੇ ਸਾਰੀਆਂ ਸੁਆਣੀਆ ਰੋਣ-ਪਿੱਟਣ ਲੱਗ ਪਈਆਂ। ਆਂਢ-ਗੁਆਂਢ ਦੀਆਂ ਤ੍ਰੀਮਤਾਂ ਅਤੇ ਮਰਦ ਵੀ  ਵਿਹੜੇ 'ਚ ਆਣ ਇਕੱਠੇ ਹੋ ਗਏ। ਪਿੰਡਾਂ ਵਿਚ ਮਰਨੇ-ਪਰਨੇ 'ਤੇ ਕਿਰਿਆ-ਕਰਮ ਨਿਭਾਉਣ ਵਾਲੀ ਨਾਇਣ ਆ ਕੇ ਘਰ ਦੀਆਂ ਬੀਬੀਆਂ ਨੂੰ ਪੁੱਛਣ ਲੱਗੀ ਕਿ ਮ੍ਰਿਤਕ ਪ੍ਰਾਣੀ ਦਾ ਨਾਂ ਦੱਸੋ ਤਾਂ ਕਿ ਉਹਦਾ ਨਾਮ ਲੈ ਕੇ ਮੈਂ ਅਲਾਹਣੀ ਪਾਵਾਂ। ਦੁਹੱਥੜਾਂ ਮਾਰਦੀਆਂ ਨੂੰਹਾਂ ਕਹਿੰਦੀਆ ਕਿ ਬਾਪੂ ਜੀ ਨੂੰ ਪੁੱਛੋ ਉਹੀ 'ਸੁਣਾਉਣੀ' ਲੈ ਕੇ ਬਾਹਰੋਂ ਆਏ ਨੇ..........।
ਬਜ਼ੁਰਗ ਨੂੰ ਪੁਛਿਆ ਗਿਆ ਤਾਂ ਉਹ ਬੋਲਿਆ ਕਿ ਭਾਈ ਬੀਬਾ ਇਸ ਗੱਲ ਦਾ ਤਾਂ ਬੁੜ੍ਹੀਆਂ ਨੂੰ ਹੀ ਪਤਾ ਹੋਣੈ..!
ਮਚੀ ਹੋਈ 'ਕਾਵਾਂ-ਰੌਲੀ' ਵਿਚ ਬਾਪੂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਨੰਗੇ  ਸਿਰ ਤਾਂ ਉਹੀ ਘਰੀ ਵੜੇ ਸਨ। ਉਨ੍ਹਾਂ ਸਮਿਆਂ ਵਿਚ ਨੰਗੇ ਸਿਰ ਘਰ ਆਏ ਕਿਸੇ ਵਿਅਕਤੀ ਤੋਂ ਇਹੀ ਭਾਵ ਲਿਆ ਜਾਂਦਾ ਸੀ ਕਿ ਉਹ ਕਿਸੇ ਮਰੇ ਪ੍ਰਾਣੀ ਦੀ ਮੰਦਭਾਗੀ ਸੂਚਨਾ ਲੈ ਕੇ ਆਇਆ ਹੈ। ਭਾਈ ਸਾਹਿਬ ਨੇ 30ਵੀਂ ਵਾਰ ਦੀ 7ਵੀਂ ਪਉੜੀ ਵਿਚ ਪੱਗ ਦੀ ਤੁਲਨਾ 'ਸੱਚ' ਨਾਲ ਕੀਤੀ ਹੋਈ ਹੈ। 'ਸੱਚ ਸੋਹੈ ਸਿਰ ਪੱਗ ਜਿਉਂ...............!’
ਭਾਰਤੀ ਮਿਥਿਹਾਸ ਵਿਚ 'ਕ੍ਰਿਸ਼ਨ-ਸੁਧਾਮੇ' ਵਾਲੀ ਗਾਥਾ ਦਾ ਬਿਆਨ ਕਰਦਿਆਂ ਹਿੰਦੀ ਕਵੀ ਰਹੀਮ ਨੇ ਲਿਖਿਆ ਹੋਇਆ ਹੈ ਕਿ ਰਾਜ ਮਹਿਲਾਂ ਵਿਚ ਸਿੰਘਾਸਨ 'ਤੇ ਸਜੇ ਬੈਠੇ ਭਗਵਾਨ ਕ੍ਰਿਸ਼ਨ ਨੂੰ ਦਵਾਰਪਾਲ ਅੰਦਰ ਜਾ ਕੇ ਬਾਹਰ ਖੜ੍ਹੇ ਸੁਧਾਮੇ ਦਾ ਹੁਲੀਆ ਦਸਦਾ ਹੈ। ਤਨ 'ਤੇ ਝੱਗਾ ਨਾ ਹੋਣ, ਪੈਰੀਂ ਜੁੱਤੀ ਨਾ ਹੋਣ ਜਾਂ ਫਟੀ ਹੋਈ ਧੋਤੀ ਦੀ ਗਲ ਕਰਨ ਤੋਂ ਪਹਿਲਾਂ ਉਹ ਅਤਿ ਹੈਰਾਨ ਹੋ ਕੇ ਦੱਸਦਾ ਹੈ ਕਿ ਬਾਹਰ ਖੜਾ ਗਰੀਬੜਾ ਬ੍ਰਾਹਮਣ ਸਿਰ ਤੋਂ ਵੀ  ਨੰਗਾ ਹੈ!
'ਸੀਸ ਪਗਾ, ਨਾ ਝੱਗਾ ਤਨ ਪੇ ਪ੍ਰਭ, ਜਾਨੇ ਕਿਹ ਆਏ ਬਸੈ ਕਿਹ ਗਾਮਾ।
ਪੂਛਤ ਦੀਨ ਦਯਾਲ ਕੋ ਧਾਮ, ਬਤਾਵਤ ਅਪਨੋ ਨਾਮ ਸੁਧਾਮਾ।'
ਕਹਿੰਦੇ 'ਸੁਧਾਮਾ' ਨਾਂ ਕੰਨੀਂ ਪੈਂਦਿਆਂ ਹੀ ਭਗਵਾਨ ਜੀ ਨੰਗੇ ਪੈਰੀਂ ਮੁੱਖ-ਦੁਆਰ ਵੱਲ ਭੱਜੇ ਆਏ। ਆਉਂਦਿਆਂ ਸਾਰ ਉਨ੍ਹਾਂ ਸੁਧਾਮੇ ਨੂੰ ਝੱਗਾ, ਜੁੱਤੀ ਜਾਂ ਧੋਤੀ ਪਹਿਨਣ ਲਈ ਨਹੀਂ ਦਿੱਤੀ। ਸਗੋਂ ਸਭ ਤੋਂ ਪਹਿਲੋਂ ਉਸਦਾ ਨੰਗਾ ਸਿਰ ਢਕਿਆ। ਪੈਰ ਨੰਗੇ, ਬਦਨ ਨੰਗਾ ਤੇ ਪਾਟੀ ਹੋਈ ਧੋਤੀ ਬਰਦਾਸ਼ਤ ਹੋ ਸਕਦੀ ਹੈ, ਪਰ ਨੰਗਾ ਸਿਰ ਸਹਿਨ ਨਹੀਂ ਕੀਤਾ ਜਾ ਸਕਦਾ!
ਇਸਲਾਮੀ ਦੇਸ਼ ਈਰਾਨ ਦੀ ਇਕ ਪ੍ਰਸਿੱਧ ਕਹਾਵਤ ਮੂਜਬ ਕਿਸੇ ਵਿਅਕਤੀ ਦੀ  ਪ੍ਰਤੀਤ   ਦਾ ਅੰਦਾਜਾ ਉਸਦੀਆਂ ਤਿੰਨ ਨਿਸ਼ਾਨੀਆਂ-ਰਫ਼ਤਾਰ, ਗੁਫ਼ਤਾਰ ਅਤੇ ਦਸਤਾਰ ਤੋਂ ਲਗਾਇਆ ਜਾ ਸਕਦਾ ਹੈ। ਕਹਿਣ ਦਾ ਭਾਵ ਕਿ ਇਸਲਾਮਿਕ ਤਹਿਜ਼ੀਬ ਵਿਚ ਵੀ ਦਸਤਾਰ ਨੂੰ ਅਦਬ ਭਰਿਆ ਰੁਤਬਾ ਹਾਸਿਲ ਹੈ।

ਇਸ ਗੱਲ ਵਿਚ ਕੋਈ ਸ਼ੁਭਾ ਨਹੀਂ ਕਿ ਸਿੱਖ ਫਲਸਫ਼ੇ ਦੇ ਆਗਮਨ ਤੋਂ ਪਹਿਲਾਂ ਵੀ ਭਾਰਤੀ ਪ੍ਰੰਪਰਾ ਵਿਚ ਦਸਤਾਰ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਪਰ ਸਿੱਖ ਗੁਰੂ ਸਾਹਿਬਾਨ ਨੇ ਦਸਤਾਰ ਨੂੰ ਮਰਦ ਪਹਿਰਾਵੇ ਵਿਚ ਪੱਕਾ ਉਪਸਥਿਤ ਕਰ ਦਿੱਤਾ।
ਜਿਵੇਂ ਕਿ ਤਿਹੌਲੇ ਦਾ ਬਣਿਆ ਹੋਇਆ 'ਕੜ੍ਹਾਹ' ਗੁਰੂ ਦਰਬਾਰ ਵਿਚ ਪ੍ਰਵਾਨ ਹੋਣ ਉਪਰੰਤ 'ਪ੍ਰਸ਼ਾਦਿ' ਬਣ ਜਾਂਦਾ ਹੈ। ਇਵੇਂ ਸਿੱਖ ਪੰਥ ਵਿਚ ਪੱਗ ਸਿਰ ਢਕਣ ਦਾ ਮਹਿਜ ਪੰਜ-ਸੱਤ ਗਜ਼ ਕੱਪੜਾ ਹੀ ਨਹੀਂ, ਸਗੋਂ ਅਣਖ ਅਤੇ ਸਵੈਮਾਣ ਦੀ ਪ੍ਰਤੀਕ ਬਣ ਜਾਂਦੀ ਹੈ। ਇਸ ਕਥਨ ਦੀ ਪੁਸ਼ਟੀ ਵਾਸਤੇ ਸਾਡੀ ਪੰਜਾਬੀ ਬੋਲੀ ਵਿਚ ਪੱਗ ਦੇ ਨਾਂਅ 'ਤੇ ਬਣੇ ਅਨੇਕਾਂ ਮੁਹਾਵਰੇ ਜਾਂ ਅਖਾਣ ਦੇਖੇ ਜਾ ਸਕਦੇ ਹਨ।
ਪੱਗ ਵਟਾਉਣI, ਪੈਰਾਂ  'ਤੇ ਪੱਗ ਰੱਖਣੀ, ਪੱਗ ਦੀ ਲਾਜ ਪਾਲਣੀ, ਪੱਗ ਨੂੰ ਦਾਗ ਲੱਗਣਾ ਅਤੇ ਪੱਗ ਲੱਥ ਜਾਣੀ ਆਦਿਕ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਵਿਰਸੇ ਵਿਚ ਪੱਗ ਨੂੰ ਬਹੁਤ ਡੂੰਘੇ ਅਰਥਾਂ ਵਿਚ ਲਿਆ ਜਾਂਦਾ ਹੈ।
ਇਥੇ ਰਾਜਸਥਾਨ ਦੇ ਅਣਖੀ ਸੂਰਮੇ ਮਹਾਰਾਣੇ ਪ੍ਰਤਾਪ ਦੀ ਪੱਗ ਬਾਰੇ ਪ੍ਰਚੱਲਤ ਇਕ ਘਟਨਾ ਦਾ ਵਰਨਣ ਕਰਨਾ ਕੁਥ੍ਹਾਂ ਨਹਂI ਹੋਵੇਗਾ। ਦੱਸਿਆ ਜਾਂਦਾ ਹੈ ਕਿ ਅਕਬਰ ਦਾ ਸਤਾਇਆ ਹੋਇਆ ਬੇ-ਸਰੋ ਘਰ ਬਾਰ ਮਹਾਰਾਣਾ ਪ੍ਰਤਾਪ ਜੰਗਲਾਂ ਵਿਚ ਘੁੰਮ ਰਿਹਾ ਸੀ। ਹੋਰ ਬਹੁਤ ਸਾਰੇ ਰਾਜਪੂਤ ਸਰਦਾਰਾਂ  ਨੇ  ਅਕਬਰ ਦੀ ਈਨ ਮੰਨ ਲੇਈ , ਪਰ ਪ੍ਰਤਾਪ ਆਪਣੀ ਇੱਜ਼ਤ ਅਣਖ ਨੂੰ ਸੀਨੇ ਨਾਲ ਲਾਈ ਬਾਗੀ  ਹੋਇਆ ਜੰਗਲਾਂ ਵਿਚ ਦਿਨ-ਕਟੀ ਕਰ ਰਿਹਾ ਸੀ। ਇਸ ਤਰ੍ਹਾਂ ਨੰਗ-ਮਲੰਗ ਫਿਰਦੇ ਨੂੰ ਕੋਈ ਮਿਰਾਸੀ ਮੀਰਜ਼ਾਦਾ ਮਿਲ ਗਿਆ। ਉਸਨੇ ਪ੍ਰਤਾਪ ਨੂੰ ਮੈਵਾੜ ਦੇ ਕਿਸੇ ਅਣਖੀਲੇ ਸੂਰਮੇ ਦੀ ਵਾਰ ਗਾ ਕੇ ਸੁਣਾਈ। ਮਹਾਰਾਣੇ ਦੀਆਂ ਜੇਬਾਂ ਤਾਂ ਖਾਲ-ਮ ਖਾਲੀ ਸਨ। ਸੋ ਉਸਨੇ ਖੁਸ਼ ਹੁੰਦਿਆ ਮਰਾਸੀ ਨੂੰ ਆਪਣੀ ਪੱਗ ਹੀ ਇਨਾਮ ਵੱਜੋਂ ਦੇ ਦਿੱਤੀ। ਨਾਲ ਹੀ ਉਸ ਤੋਂ ਵਚਨ ਲਿਆ ਕਿ ਜਦ ਤੂੰ ਇਹ ਪੱਗ ਆਪਣੇ ਸਿਰ 'ਤੇ ਬੰਨ੍ਹੀ ਹੋਈ ਹੋਵੇ,ਉਸ ਹਾਲਤ ਵਿਚ ਕਿਤੇ ਅਕਬਰ ਮੋਹਰੇ ਸਿਰ ਨਾ ਝੁਕਾਈਂ। ਕਹਿੰਦੇ ਨੇ ਮੀਰਜ਼ਾਦੇ ਨੇ ਆਖਰੀ ਸਾਹ ਤਕ ਕੌਲ ਪੂਰਾ ਨਿਭਾਇਆ। ਅਕਬਰ ਦੇ ਦਰਬਾਰ ਵਿਚ ਜਾ ਕੇ ਉਸਨੇ ਬਾਦਸ਼ਾਹ ਨੂੰ ਸਿਰ ਤਾਂ ਝੁਕਾਇਆ ਪਰ ਮਹਾਰਾਣੇ ਵਾਲੀ ਪੱਗ ਸਿਰ ਤੋਂ ਲਾਹ ਕੇ ਕੱਛ ਵਿਚ ਲੈ ਲਈ!
ਇਸ ਇਤਿਹਾਸਕ ਮਿਸਾਲ ਨੂੰ ਜੇ ਸਿੱਖ ਸਭਿਆਚਾਰ ਦੇ ਨਜ਼ਰੀਏ ਨਾਲ ਪੜਚੋਲੀਏ ਤਾਂ ਫਰਕ ਇਹ ਹੈ ਕਿ ਇਸ ਵਿਚ ਕੇਵਲ ਪੱਗ ਹੀ ਰਾਣੇ ਪ੍ਰਤਾਪ ਦੀ ਹੈ। ਜਦ ਕਿ ਸਿੱਖ ਮੰਡਲ ਵਿਚ ਦਸਤਾਰ ਵੀ ਅਤੇ ਸਿਰ ਵੀ ਦੋਵੇਂ ਗੁਰੂ ਦੀ ਅਮਾਨਤ ਹਨ। ਇਸੇ ਲਈ ਸਿੱਖ ਜੀਵਨ-ਜੁਗਤਿ ਵਿਚ ਸਿਵਾਏ ਗੁਰੂ ਜਾਂ ਅਕਾਲ ਪੁਰਖ ਤੋਂ ਹੋਰ ਕਿਸੇ ਵੀ ਦੁਨਿਆਵੀ ਤਾਕਤ ਅੱਗੇ ਸਿਰ ਝੁਕਾਉਣ ਦੀ ਸਖਤ ਮਨਾਹੀ ਹੈ। ਇਕ ਸਮੇਂ ਵਿਦਵਾਨਾਂ ਦੀ ਮਹਿਫਲ ਵਿਚ ਸਵਾਲ ਕੀਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਜਾਮੇ ਵਿਚ ਵਿਦਮਾਨ ਹੋਣ ਸਮੇਂ ਉਨ੍ਹਾਂ ਦੇ ਗੁਆਂਢੀ ਬਾਈ ਧਾਰ ਦੇ ਪਹਾੜੀ ਰਾਜੇ ਜਾਂ ਹੋਰ ਰਿਆਸਤਾਂ ਦੇ ਮੁਖੀਏ, ਸਿਰਾਂ 'ਤੇ ਕਲਗੀਆਂ ਲਗਾਉਂਦੇ ਸਨ। ਪ੍ਰੰਤੂ ਕਿਸ ਕਾਰਨ ਇਤਿਹਾਸ ਵਿਚ 'ਕਲਗੀਆਂ ਵਾਲਾ' ਪਵਿੱਤਰ ਅਤੇ ਮਾਣ-ਮੱਤਾ ਵਿਸ਼ੇਸ਼ਣ, ਸਿਰਫ਼ ਦਸਮੇਸ਼ ਪਿਤਾ ਵਾਸਤੇ ਮਖਸੂਸ ਹੋ ਗਿਆ?
ਸੋਚ ਵਿਚਾਰ ਉਪਰੰਤ ਜਵਾਬ ਇਹ ਆਇਆ ਕਿ ਹੋਰ ਤਮਾਮ ਕਲਗੀਆਂ ਦਿੱਲੀ ਦਰਬਾਰ ਮੋਹਰੇ ਝੁਕ ਜਾਂਦੀਆਂ ਸਨ ਲੇਕਿਨ ਸਾਹਿਬ ਦਸਵੇਂ ਪਾਤਸ਼ਾਹਿ ਦੀ ਮੁਬਾਰਕ ਕਲਗੀ ਬਾਰੇ ਅਜਿਹਾ ਸੋਚਣ ਤਾਂ ਦੂਰ ਦੀ ਗੱਲ,ਗੁਰੂ ਕਿਆਂ ਸਿੱਖਾਂ ਨੇ ਆਪਣੀ ਦਸਤਾਰ ਨੂੰ ਵੀ ਕਿਸੇ ਅੱਗੇ ਹੀਣੀ ਨਹੀਂ ਹੋਣ ਦਿੱਤਾ। ਦਸਮੇਸ਼ ਪਿਤਾ ਦਾ ਦਸਤਾਰ-ਪਿਆਰ ਪਾਉਂਟਾ ਸਾਹਿਬ ਵਿਖੇ ਵੇਖਿਆ ਜਾ ਸਕਦਾ ਹੈ। ਜਿਥੇ ਉਹ ਸਥਾਨ ਹਾਲੇ ਤੱਕ ਕਾਇਮ ਹੈ। ਜਿਸ ਜਗ੍ਹਾ ਗੁਰੂ ਮਹਾਰਾਜ  ਜੀ  ਖੂਬਸੂਰਤ ਦਸਤਾਰਾਂ ਸਜਾਉਣ ਵਾਲੇ ਸਿੰਘਾਂ ਨੂੰ ਇਨਾਮ-ਸਨਮਾਨ  ਬਖਸ਼ਦੇ ਹੁੰਦੇ ਸਨ।
ਭਾਈ ਨੰਦ ਲਾਲ 'ਗੋਇਆ' ਨੇ ਵੀ ਆਪਣੇ ਰਹਿਤਨਾਮਿਆਂ ਵਿਚ ਸਿੱਖ ਦੀ ਨਿਤਾ- ਪ੍ਰਤੀ ਜੀਵਨ ਕਿਰਿਆ ਵਿਚ ਪੱਗ ਸਬੰਧੀ ਲਿਖਿਆ ਹੈ 'ਕੰਘਾ ਦੋਨੋਂ ਵਕਤਿ ਕਰ ਪਾਗ ਚੁਨੈ ਕਰ ਬਾਂਧਈ, ਦਾਤਨ ਨੀਤ ਕਰੇ ਨਹਿ ਦੁਖ ਪਾਵੈ ਲਾਲ ਜੀ'' ਗੁਰੂ ਸਾਹਿਬਾਨ ਦੀ ਅਪਾਰ ਕ੍ਰਿਪਾ ਸਦਕਾ ਦਸਤਾਰ ਸਿੱਖ ਪੰਥ ਦੀ ਸ਼ਾਨ ਬਣੀ ਚਲੀ ਆ ਰਹੀ ਹੈ। ਇਹ ਇਕ ਅਦੁੱਤੀ ਬਖਸ਼ਿਸ਼ ਹੀ ਹੈ ਕਿ ਲੱਖਾਂ ਵਿਚ ਕੋਈ ਇਕ ਦਸਤਾਰ ਧਾਰੀ ਖੜ੍ਹਾ ਦਿਖਾਈ ਦੇਵੇ ਤਾਂ ਉਹ 'ਸਰਦਾਰ ਜੀ' ਕਿਹਾ ਜਾਂਦਾ ਹੈ।
ਅਜਿਹੇ ਕਿਸੇ ਸਿੱਖ ਨਾਲ ਇਹ ਵਿਸ਼ੇਸ਼ਣ ਲਾਉਣ ਲੱਗਿਆਂ ਕੋਈ ਇਹ ਨਹੀਂ ਦੇਖਦਾ ਕਿ ਉਹ ਧਨਾਢ ਹੈ ਜਾਂ ਗਰੀਬ। ਬੱਸ ਉਸ ਦੇ ਪਹਿਰਾਵੇ ਦੀ ਦਸਤਾਰ ਉਸਨੂੰ ਸਰਦਾਰ ਬਣਾ ਦਿੰਦੀ ਹੈ।  ਦਸਤਾਰ ਦੇ ਮਸਲੇ 'ਤੇ ਸਿੱਖ ਪੰਥ ਦਾ ਇਹ ਦੁਖਦਾਈ ਪਹਿਲੂ ਹੈ ਕਿ ਜਿੰਨੀ ਦ੍ਰਿੜਤਾ ਅਤੇ ਪ੍ਰਪੱਕਤਾ ਨਾਲ ਇਸ ਨੂੰ ਧਾਰਨ ਕਰਨ ਦਾ ਹੁਕਮ ਹੈ ਉਸ ਤੋਂ ਕਿਤੇ ਜਿਆਦਾ ਅਵੇਸਲੇ ਪਨ ਨਾਲ ਅਸੀਂ ਇਸ ਤੋਂ ਬੇਮੁੱਖ ਹੋਈ ਜਾ ਰਹੇ ਹਾਂ। ਸਾਡੇ ਲਈ ਇਹ 'ਕੌਮੀ ਲਾਹਨਤ' ਹੀ ਹੈ ਕਿ ਸ਼ਰਾਬ ਸੇਵਨ ਕਰਨ ਦਾ ਸਾਡਾ ਗ੍ਰਾਫ ਉਤਾਂਹ ਨੂੰ ਛਾਲਾਂ ਮਾਰਦਾ ਵਧਦਾ ਜਾ ਰਿਹਾ ਹੈ। ਪਰ ਦਸਤਾਰ ਨੂੰ ਤਿਲਾਂਜਲੀ ਦੇਣ ਦਾ ਗ੍ਰਾਫ ਹੇਠਾਂ ਵੱਲ ਡਿਗਦਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਪਹੁੰਚ ਕੇ ਅਸੀਂ ਪੱਗ ਅਤੇ ਕੇਸਾਂ ਤੋਂ  'ਛੁੱਟਕਾਰਾ' ਪਾਉਣ ਲਈ ਅਨੇਕਾਂ ਢੁੱਚਰਾਂ ਘੜਨ ਦੇ ਮਾਹਰ ਹਾਂ।
ਹੋਰ ਤਾਂ ਹੋਰ ਹੁਣ ਪੰਜਾਬ ਵਿਚੋਂ ਵੀ ਦਸਤਾਰਾਂ ਦਿਨ-ਬ-ਦਿਨ ਅਲੋਪ ਹੁੰਦੀਆਂ ਜਾ ਰਹੀਆਂ ਹਨ। ਜੋ ਕਿ ਕੌਮੀ ਚਿੰਤਕਾਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕਈ ਕਾਰਨਾਂ ਕਰਕੇ ਸਿੱਖ ਵਿਰਸੇ ਲਈ ਭੀਹਾਵਲਾ ਬਣੇ ਹੋਏ ਇਸ ਯੁੱਗ ਵਿਚ ਕੌਮ ਦੇ ਦਰਦੀ ਗੁਰਸਿੱਖ ਵੀਰ ਅਤੇ ਕਈ ਧਾਰਮਿਕ ਸਭਾ-ਸੋਸਾਇਟੀਆਂ ਇਸ ਕੌਮੀ- ਨਿਘਾਰ ਤੋਂ ਚਿੰਤਤ ਹੋ ਕੇ ਦਸਤਾਰ ਦੀ ਮਹਾਨਤਾ ਲਈ ਸਰਗਰਮ ਹੋਈਆਂ ਹਨ।
ਖਾਲਸੇ ਦੇ ਪ੍ਰਗਟ ਦਿਵਸ ਵਿਸਾਖੀ ਨੂੰ ਦਸਤਾਰ ਦਿਵਸ (Turban Day) ਵਜੋਂ ਮਨਾਉਣ ਦੀ ਰਵਾਇਤ ਵੀ ਇਸੇ ਸਰਗਰਮੀ ਦਾ ਇਕ ਹਿੱਸਾ ਹੈ। ਥਾਂ-ਥਾਂ 'ਸੁੰਦਰ ਦਸਤਾਰ ਮੁਕਾਬਲੇ' ਆਯੋਜਿਤ ਕਰਕੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਸਾਨੂੰ ਇਹ ਜਿੰਮੇਵਾਰੀ ਨਿਰੀ ਪੁਰੀ ਸੰਸਥਾਵਾਂ 'ਤੇ ਹੀ ਨਹੀਂ ਸੁੱਟ ਦੇਣੀ ਚਾਹੀਦੀ ਸਗੋਂ ਵਿਅਕਤੀਗਤ ਦਿਲਚਸਪੀ ਲੈ ਕੇ ਦਸਤਾਰ ਤੋਂ ਇਨਕਾਰੀ ਵੀਰਾਂ ਨੂੰ ਪਗੜੀ ਸਜਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਿੰਨਾ ਚੰਗਾ ਹੋਵੇ ਜੇ ਗੁਰਦੁਆਰਾ ਕਮੇਟੀਆਂ ਵਿਸਾਖੀ ਦੇ ਦਿਨ ਰੰਗ-ਬਰੰਗੀਆ ਦਸਤਾਰਾਂ ਵੰਡਣ ਦੇ ਉਪਰਾਲੇ ਕਰਨ। ਦਸਤਾਰ ਦੇ ਪ੍ਰਚਾਰ-ਪ੍ਰਸਾਰ ਲਈ ਉਚੇਚੇ ਤੌਰ 'ਤੇ ਫੰਡ ਰੱਖੇ ਜਾਣ। ਬਦਲੇ ਹੋਏ ਹਾਲਾਤ ਵਿਚ ਬਹੁਤੀ ਕੱਟੜਤਾ ਵੀ ਨਹੀਂ ਦਿਖਾਉਣੀ ਚਾਹੀਦੀ। ਦਸਤਾਰ ਦਿਵਸ ਵਾਲੇ ਦਿਨ ਜੇ ਕੋਈ ਕਲੀਨ ਸ਼ੇਵ ਵੀਰ ਪਗੜੀ ਬੰਨ੍ਹਣ ਲਈ ਇਛਾ ਜਿਤਾਵੇ ਤਾਂ ਉਸਨੂੰ ਕੌੜੇ-ਕੁਸੈਲੇ ਬੋਲ, ਬੋਲ ਕੇ ਦੁਰਕਾਰਨਾ ਨਹੀਂ ਚਾਹੀਦਾ ਸਗੋਂ ਉਸਦਾ ਦੂਣਾ ਧੰਨਵਾਦ ਕਰਕੇ ਉਸਦੀ ਦਸਤਾਰ ਸਜਾਉਣ 'ਚ ਪੂਰੀ ਮਦਦ ਕਰਨੀ ਚਾਹੀਦੀ ਹੈ।
ਸਰਦਾਰ, ਦਸਤਾਰ ਅਤੇ ਕਿਰਦਾਰ  ਦੇ ਸੁੰਦਰ ਸੁਮੇਲ ਨੂੰ ਪ੍ਰਗਟਾਉਂਦੀ, ਉਘੇ ਸ਼ਾਇਰ ਸ੍ਰ.ਚਮਨ ਹਰਗੋਬਿੰਦਪੁਰੀ ਦੀ ਇਕ ਕਵਿਤਾ ਦੀਆਂ ਕੁਝ ਸਤਰਾਂ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ:-
ਦਸਮ ਪਾਤਸ਼ਾਹ ਅੰਮ੍ਰਿਤ ਦੀ ਦਾਤ ਦਿੱਤੀ, ਸਾਨੂੰ ਗੁਰਸਿੱਖੀ ਕਲਗੀਧਰ ਬਖਸ਼ੀ।
ਗੁਰਸਿੱਖਾਂ ਦੇ ਸੀਸ 'ਤੇ ਕੇਸ ਬਖਸ਼ੇ, ਅਤੇ ਕੇਸਾਂ 'ਤੇ ਸੋਹਣੀ ਦਸਤਾਰ ਬਖਸ਼ੀ।
ਚਾਰੇ ਕੱਕੇ ਤਾਂ ਬੇਸ਼ੱਕ ਹੋਣ ਪੂਰੇ, ਕੇਸਾਂ ਬਾਝ ਨਹੀਂ ਸਿੱਖੀ ਕਿਰਦਾਰ ਬਣਦਾ।
ਕੇਸ ਰੱਖ ਕੇ ‘ਸਿਖ’ ਤਾਂ ਬਣ ਜਾਂਦਾ, ਬੱਝੇ ਪੱਗ ਤਾਂ ਫੇਰ 'ਸਰਦਾਰ' ਬਣਦਾ।
ਪੱਗ, ਵੇਖਣ ਨੂੰ ਟੋਟਾ ਈ ਐ ਕੱਪੜੇ ਦਾ, ਰੰਗ ਦੇਈਏ ਤਾਂ ਹੋਰ ਵੀ ਸੱਜਦਾ ਏ।
ਏਹਦਾ ਮੁੱਲ ਪੈਂਦਾ ਐਪਰ ਉਸ ਵੇਲੇ, ਜਦੋਂ ਪੱਗ ਬਣ ਕੇ ਸਿਰ 'ਤੇ ਬੱਝਦਾ ਏ।
ਬਿਨਾਂ ਪੱਗ ਤੋਂ ਕਾਹਦੀ ਪਛਾਣ ਹੁੰਦੀ? ਹੋਵੇ ਆਦਮੀ ਲੱਖ ਹਜ਼ਾਰ ਜਾਂਦਾ।
ਲੱਖਾਂ ਵਿਚੋਂ ਹੋਵੇ ਇਕੋ ਪੱਗ ਵਾਲਾ, ਲੋਕੀਂ ਆਖਦੇ ਔਹ 'ਸਰਦਾਰ' ਜਾਂਦਾ।
ਜਿਹੜਾ ਮਾਣ ਹੈ ਏਸ ਨੂੰ ਜੱਗ ਅੰਦਰ, ਕੱਪੜਾ ਹੋਰ ਨਾ ਟੌਹਰ ਰਖਾਏ ਕੋਈ।
ਲੋਕੀ ਗਾਉਂਦੇ ਆ 'ਪਗੜੀ ਸੰਭਾਲ ਜੱਟਾ', ਜੱਟਾ 'ਧੋਤੀ ਸੰਭਾਲ' ਨਾ ਗਾਏ ਕੋਈ।
ਪਰ੍ਹਿਆਂ ਵਿਚ ਜਿਸ ਬੰਦੇ ਦੀ ਪੱਗ ਲਹਿ ਜਾਏ, ਉਹਦਾ ਮਾਣ ਹੈ ਨਹੀਂ ਰਹਿੰਦਾ ਜੱਗ ਉਤੇ।
ਸਿਹਰਾ ਕਦੇ ਨਹੀਂ ਬੱਝਦਾ ਟਿੰਡ ਉਤੇ, ਸਿਹਰਾ ਜਦੋਂ ਬੱਝੂ, ਬੱਝੂ ਪੱਗ ਉਤੇ।
ਸਿੱਖੀ ਸਿਦਕ ਨੂੰ ਕਿੱਦਾਂ ਨਿਭਾਈਦਾ ਏ, ਨਹੀਂ ਸ਼ੱਕ ਸ਼ਹੀਦਾਂ ਨੇ ਰਹਿਣ ਦਿੱਤੇ।
ਤਾਰੂ ਸਿੰਘ ਸ਼ਹੀਦ ਗਵਾਹ ਇਸਦਾ, ਲਹਿ ਗਈ ਖੋਪੜੀ ਕੇਸ ਨਾ ਲਹਿਣ ਦਿੱਤੇ

Ph. 001-408-915-1268

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.