ਕੈਟੇਗਰੀ

ਤੁਹਾਡੀ ਰਾਇ



ਤਰਲੋਚਨ ਸਿੰਘ ਦੁਪਾਲਪੁਰ
ਕਲਮਾਂ ਵਾਲ਼ੇ! ... ਡਾਂਗਾਂ ਵਾਲ਼ੇ!!
ਕਲਮਾਂ ਵਾਲ਼ੇ! ... ਡਾਂਗਾਂ ਵਾਲ਼ੇ!!
Page Visitors: 2731

 

 ਕਲਮਾਂ ਵਾਲ਼ੇ! ... ਡਾਂਗਾਂ ਵਾਲ਼ੇ!!
 ਤਰਲੋਚਨ ਸਿੰਘ 'ਦੁਪਾਲਪੁਰ'
 ਆਪਣੀ ਭਰ-ਜਵਾਨੀ ਦੇ ਦਿਨਾਂ ਵਿੱਚ ਮੈਂ ਇੱਕ ਵਾਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ-ਪਰਸਨ ਕਰਨ ਵਾਸਤੇ ਗਿਆ ਹੋਇਆ ਸਾਂ| ਸ਼ਾਮ ਦੇ ਸਮੇਂ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਹੋ ਚੁੱਕੀ ਸੀ| ਪਰਿਕਰਮਾ ਕਰਦਾ ਹੋਇਆ ਮੈਂ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਵੱਲ੍ਹ ਦੀ ਬਾਹੀ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਵੱਲ੍ਹ ਵਧ ਰਿਹਾ ਸਾਂ, ਤਾਂ ਮੇਰੀ ਨਜ਼ਰ ਸਰੋਵਰ ਦੀਆਂ ਪੌੜੀਆਂ 'ਤੇ ਬੈਠੇ ਭਗਵੀਂ ਜਿਹੀ ਪਗੜੀ ਵਾਲ਼ੇ ਇੱਕ ਸਾਧੂ 'ਤੇ ਪਈ| ਉਹ ਬੈਠਾ ਭਾਵੇਂ ਸੁੱਕੀ 'ਤੇ ਸੀ ਪਰ ਉਸਦੀਆਂ ਦੋਵੇਂ ਲੱਤਾਂ ਅੱਧੀਆਂ ਅੱਧੀਆਂ ਸਰੋਵਰ ਦੇ ਜਲ ਵਿੱਚ ਡੁੱਬੀਆਂ ਹੋਈਆਂ ਸਨ| ਮੇਰੇ ਦੇਖਦਿਆਂ ਦੇਖਦਿਆਂ ਉਸਨੇ ਬੈਠੇ ਬੈਠੇ ਹੀ ਲਾਗੇ ਸੁੱਕੇ ਥਾਂ ਰੱਖੇ ਆਪਣੇ ਝੋਲ਼ੇ ਜਿਹੇ ਦੀ ਫਰੋਲਾ-ਫਰਾਲੀ ਕਰਕੇ, ਉਸਨੂੰ ਪਰ੍ਹੇ ਨੂੰ ਕਰ ਦਿੱਤਾ ਅਤੇ ਆਪਣੀ ਇੱਕ ਥਿਆਲ਼ੀ ਉੁੱਪਰ ਦੂਜੇ ਹੱਥ ਦੀਆਂ ਉਂਗਲ਼ਾਂ ਫੇਰਨ ਲੱਗ ਪਿਆ| ! ਮੈਂਨੂੰ ਕੁੱਝ ਸ਼ੱਕ ਜਹੀ ਪਈ ਤੇ ਮੈਂ ਉੱਥੇ ਹੀ ਰੁਕ ਗਿਆ| ਜਿਵੇਂ ਅਕਸਰ ਰੇਲ-ਗੱਡੀਆਂ ਵਿੱਚ ਸਫਰ ਕਰਦਿਆਂ ਲਾਲ-ਭਗਵੇਂ ਰੰਗ ਦੀਆਂ ਕੁੜਤੀਆਂ-ਲੰਗੋਟੀਆਂ ਵਾਲ਼ੇ ਸਾਧੂ ਜਿਹੇ ਮਿਲ‌਼ਦੇ ਰਹਿੰਦੇ ਹਨ; ਐਸਾ ਹੀ ਇਹ ਗੂੜ੍ਹੇ ਕਾਲ਼ੇ ਰੰਗ ਵਾਲ਼ਾ ਭਗਵਾਂ ਬਾਬਾ ਪੰਜਾਬ ਤੋਂ ਬਾਹਰਲਾ ਜਾਪਦਾ ਸੀ|! ਆਲ਼ੇ-ਦੁਆਲ਼ੇ ਤੋਂ ਬੇ-ਖ਼ਬਰ, ਉਹ ਆਪਣੇ ਧਿਆਨ, ਹੱਥਾਂ 'ਚ ਕੁੱਝ ਲੈ ਕੇ ਮਲ਼ੀ ਜਾ ਰਿਹਾ ਸੀ!
'ਹੈਂ! ਸ੍ਰੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦੇ ਕੰਢੇ ਜ਼ਰਦਾ ਮਲ਼ਿਆ ਜਾ ਰਿਹਾ ਹੈ?—ਐਡਾ
ਕੁਫ਼ਰ?' ਮੇਰਾ ਇੱਕ ਦਮ ਪਾਰਾ ਹਾਈ ਹੋ ਗਿਆ!
ਗੁਰੂ ਘਰ ਪ੍ਰਤੀ ਸੁੱਚੀ ਸ਼ਰਧਾ, ਜਵਾਨੀ ਦੇ ਖੂਨ ਨੂੰ ਉਬਾਲ਼ੇ ਦੇਣ ਲੱਗੀ| ਮੇਰੇ ਇੱਕ ਚੜ੍ਹੇ ਇੱਕ ਉੱਤਰੇ! ਉਸ ਨੂੰ ਬਾਂਹ ਤੋਂ ਫੜ ਕੇ ਬਾਹਰ ਨੂੰ ਘੜੀਸਣ ਲਈ ਹਾਲੇ ਮੈਂ ਉਸ ਸਾਧ ਵੱਲ ਵਧਿਆ ਹੀ ਸੀ ਕਿ ਮੈਂਨੂੰ ਸਾਹਮਣਿਉਂ ਆਉਂਦਾ ਬਰਛੇ ਵਾਲ਼ਾ ਇੱਕ ਸੇਵਾਦਾਰ ਸਿੰਘ ਨਜ਼ਰ ਆਇਆ| ਫਟਾ ਫਟ ਮੈਂ ਉਸ
ਸੇਵਾਦਾਰ ਸਿੰਘ ਕੋਲ਼ ਜਾ ਕੇ ਦੱਸਿਆ ਕਿ ਔਹ ਸਾਧ ਸਰੋਵਰ ਕੰਢੇ ਜ਼ਰਦਾ ਮਲ਼ਦਾ ਪਿਆ ਹੈ| ਮੇਰੇ ਮੂਹੋਂ ਇਹ ਗੱਲ ਸੁਣਦਿਆਂ ਸਾਰ, ਉਹ ਬਰਛੇ ਵਾਲ਼ਾ ਸਿੰਘ, ਬਿਜਲੀ ਦੀ ਫੁਰਤੀ ਵਾਂਗ ਉਸ ਸਾਧ ਵੱਲ ਨੂੰ ਅਹੁਲਿਆ !| ਮੈਂ ਤਸੱਵੁਰ ਕਰ ਰਿਹਾ ਸਾਂ ਕਿ ਚਲੋ ਬਰਛਾ ਨਾ ਸਹੀ, ਪਰ ਬਰਛੇ ਵਾਂਗ ਲਿਸ਼ਕਦੀ ਡਾਂਗ ਤਾਂ ਇਸ 'ਗਿੱਦੜ-ਰੰਗੇ' ਸਾਧ ਦੇ ਮੌਰਾਂ ਵਿੱਚ ਵੱਜੀ ਕਿ ਵੱਜੀ!--- ਅਗਾਂਹ ਨੂੰ ਇਸ ਪਾਗਲ ਨੂੰ ਪਤਾ ਲੱਗੂ ਕਿ ਗੁਰੂ-ਘਰ ਤੰਬਾਕੂ ਲੈ ਜਾਣ ਵਾਲ਼ਿਆਂ ਦਾ ਕੀ ਹਸ਼ਰ ਹੁੰਦਾ ਹੈ!
 ਪਰ ਮੇਰੇ ਉਸ ਵੇਲ਼ੇ ਹੋਸ਼ ਉੜ ਗਏ! ਜਦੋਂ ਮੈਂ ਦੇਖਿਆ ਕਿ ਉਸ ਸੇਵਾਦਾਰ ਨੇ ਬਰਛਾ ਸੁੱਕੇ ਥ੍ਹਾਂ ਰੱਖ ਕੇ, ਜ਼ਰਦਾ ਮਲ਼ ਰਹੇ ਸਾਧ ਨੂੰ ਐਉਂ ਫੜ ਕੇ ਉਠਾਇਆ, ਜਿੱਦਾਂ ਕੋਈ ਮਾਂ ਆਪਣੇ ਕਿਸੇ ਹਲਕੀ ਉਮਰ ਦੇ ਮੁੰਡੇ ਨੂੰ ਲਾਡ ਪਿਆਰ ਨਾਲ਼ ਸੁੱਤੇ ਪਏ ਨੂੰ ਬਿਸਤਰੇ ਤੋਂ ਉਠਾਂਦੀ ਹੁੰਦੀ ਹੈ! ਇਹ 'ਕੌਤਕ' ਦੇਖ ਕੇ ਮੈਂਨੂੰ ਸਾਧ ਨਾਲ਼ੋਂ ਵੀ ਵੱਧ ਗੁੱਸਾ ਉਸ ਸੇਵਾਦਾਰ 'ਤੇ ਆਉਣ ਲੱਗਾ !| ਦਿਲ ਹੀ ਦਿਲ ਮੈਂ ਸ਼੍ਰੋਮਣੀ ਕਮੇਟੀ ਵਾਲ਼ਿਆਂ ਨੂੰ ਬੁਰਾ-ਭਲਾ ਕਹਿਣ ਲੱਗ ਪਿਆ-' ਇਹਨਾਂ 'ਗਊਆਂ' ਨੂੰ ਭਲਾ ਬਰਛੇ ਕਾਹਨੂੰ ਫੜਾਏ ਹੋਏ ਹੋਣਗੇ?--- ਕਿਆ ਯਾਰ---- ਤਾਂ ਹੀ ਅਨ-ਮਤੀਏ ਲੋਕ ਸਿੱਖਾਂ ਨੂੰ ਮਖੌਲ ਕਰਦੇ ਰਹਿੰਦੇ ਨੇ--!
 ਮੈਂ 'ਆਪਣਾ ਜਿਹਾ' ਮੂੰਹ ਲੈ ਕੇ ਖੜ੍ਹਾ ਦੇਖ ਰਿਹਾ ਸਾਂ- ਬਰਛੇ ਵਾਲ਼ਾ ਸੇਵਾਦਾਰ, ਸਾਧ ਨੂੰ ਪਰਿਕਰਮਾ ਦੇ ਵਰਾਂਡੇ 'ਚ ਲਿਜਾ ਕੇ ਉਹਦੇ ਕੱਪੜੇ ਵਗੈਰਾ ਪੁਆਉਣ ਲੱਗਿਆ ਹੋਇਆ ਸੀ !| ਨਾਲ਼-ਨਾਲ਼ ਆਪਣੇ ਹੱਥਾਂ ਨਾਲ਼ ਇਸ਼ਾਰੇ ਜਿਹੇ ਕਰਕੇ ਉਸ ਨੂੰ ਕੁੱਝ ਸਮਝਾਉਣ ਦਾ ਯਤਨ ਕਰ ਰਿਹਾ ਸੀ !|
ਮੇਰੇ ਦੇਖਦੇ ਹੀ ਦੇਖਦੇ ਉਸ ਨੇ ਸਾਧ ਨੂੰ ਲੰਗਰ ਵੱਲ ਤੋਰ ਦਿੱਤਾ| ਮੇਰੇ ਜੋਸ਼ ਨੇ ਫਿਰ ਉਬਾਲ਼ਾ ਖਾਧਾ! ਸੇਵਾਦਾਰ ਕੋਲ਼ ਜਾ ਕੇ ਮੈਂ ਬਰਛੇ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਪੁੱਛਿਆ-" ਭਾਈ ਸਾਹਿਬ, ਜੇ ਇਹ ਹਰਿਮੰਦਰ ਸਾਹਿਬ ਦੇ ਸਰੋਵਰ ਕੰਢੇ ਤੰਬਾਕੂ ਮਲਣ ਵਾਲ਼ਿਆਂ 'ਤੇ ਵੀ ਨਹੀਂ ਚਲਾਉਂਣਾ, ਫੇਰ  ਸੁੱਟੋ ਪਰੇ!
ਇਹਨੂੰ ਕਾਹਨੂੰ ਲਿਸ਼ਕਾਉਂਦੇ ਫਿਰਦੇ ਹੋ?"
 "ਭਾਈ ਗੁਰਮੁਖਾ" ਮੇਰੇ ਮੋਢੇ 'ਤੇ ਹੱਥ ਰੱਖ ਕੇ ਪੀਲ਼ੇ ਚੋਲ਼ੇ ਵਾਲ਼ਾ ਉਹ ਸੇਵਾਦਾਰ ਕਹਿਣ ਲੱਗਾ-
"ਤੂੰ ਹਾਲੇ ਨਿਆਣਾ ਈ ਐਂ ਕਾਕਾ! --ਇਹ ਬਖਸ਼ਿੰਦ ਗੁਰੂ ਦਾ ਦਰੁ ਹੈ--ਸਾਡਾ ਗੁਰੂ ਮਿੱਠ-ਬੋਲੜਾ ਐ|"

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.