ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀਤਾ ਗਿਆ? (ਭਾਗ ਪਹਲਾ)
ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀਤਾ ਗਿਆ? (ਭਾਗ ਪਹਲਾ)
Page Visitors: 2798

       ਸਿੱਖਾਂ ਵਿਚ ਦਸਮ ਗ੍ਰੰਥ ਦਾ ਪਚਾਰ ਕਿਉਂ ਸ਼ੁਰੂ ਕੀਤਾ ਗਿਆ?    (ਭਾਗ ਪਹਲਾ)
ਡਾਕਟਰ ਹਰਜਿੰਦਰ ਸਿੰਘ ਦਿਲਗੀਰ
(ੳ)
ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਦਸਮਗ੍ਰੰਥ ਵਿਚ ਕੀ ਹੈ? ਇਸ ਵਿਚਲੀਆਂ ਕਵਿਤਾਵਾਂ ਵਿਚ ਮੁਖ ਇਹ ਹਨ:
1. ਚੰਡੀ/ਦੁਰਗਾ/ਭਗਵਤੀ ਦੀ ਸਿਫ਼ਤ ਵਿਚ 3 ਵਾਰਾਂ (74-127 ਤਕ, 54 ਸਫ਼ੇ)
2. ਹਿੰਦੂ ਅਵਤਾਰਾਂ ਦੀਆਂ ਸਿਫ਼ਤਾਂ, ਚੌਬੀਸ ਅਵਤਾਰ, ਬ੍ਰਹਮਾ ਅਵਤਾਰ, ਰੁਦ੍ਰ ਅਵਤਾਰ (155-709 , 555 ਸਫ਼ੇ), ਯਾਨਿ (54+555) 609 ਸਫ਼ਿਆਂ ਵਿਚ ਕਾਲਪਨਿਕ ਹਿੰਦੂ ਅਵਤਾਰਾਂ, ਦੇਵੀ-ਦੇਵਤਿਆਂ ਦੀਆਂ ਕਹਾਣੀਆਂ ਹਨ ਤੇ ਉਨ੍ਹਾਂ ਦੇ ਕਾਰਨਾਮਿਆਂ ਅਤੇ ਤਾਕਤ ਦੀਆਂ ਸਿਫ਼ਤਾਂ ਕੀਤੀਆਂ ਗਈਆਂ ਹਨ।
3. ਸ਼ਸਤ੍ਰ ਨਾਮ ਮਾਲਾ (717-808, 92 ਸਫ਼ੇ); ਯਾਨਿ ਪੁਰਾਣੇ ਜ਼ਮਾਨੇ ਦੇ ਸ਼ਸਤਰਾਂ ਦੀਆਂ ਸਿਫ਼ਤਾਂ ਹਨ।
4. ਚਰਿਤਰੋਪਾਖਯਾਨ (809-1388, 580 ਸਫ਼ੇ)+ਹਕਾਇਤਾਂ (1394-1428, 35 ਸਫ਼ੇ), ਕੁਲ 615 ਸਫ਼ੇ ਹਨ, ਯਾਨਿ ਕੰਜਰ ਔਰਤਾਂ ਦੀਆਂ ਕਹਾਣੀਆਂ।
5. ਬਚਿਤਰ ਨਾਟਕ (39-73, 35 ਸਫ਼ੇ), ਜਿਸ ਵਿਚ ਪਹਿਲਾ ਅੱਧਾ ਹਿੱਸਾ ਮਿਥਹਾਕਸ ਗੱਪਾਂ ਤੇ ਦੂਜਾ ਅੱਧਾ ਹਿੱਸਾ 1685 ਤੋਂ 1696 ਤਕ ਦੀਆਂ ਘਟਨਾਵਾਂ ਹਨ।
6. ਫੁਟਕਲ (709-712, 4 ਸਫ਼ੇ), ਜ਼ਫ਼ਰਨਾਮਾ (1389-94, 6 ਸਫ਼ੇ),
7. ਜਾਪੁ, ਸਵੈਯੇ, ਅਕਾਲ ਉਸਤਤ (1-38).
ਇੰਞ ਇਸ ਅਖੋਤੀ ਦਸਮਗ੍ਰੰਥ ਵਿਚ 609 ਸਫ਼ੇ ਕਾਲਪਨਿਕ ਹਿੰਦੂ ਦੇਵੀ ਦੇਵਤਿਆਂ ਦੀਆਂ ਸਿਫ਼ਤਾਂ ਨਾਲ (ਤੇ ਬਚਿਤਰ ਨਾਟਕ ਦੇ ਪਹਿਲੇ 20 ਸਫ਼ੇ ਵੀ ਹਿੰਦੂ ਮਿਥਹਾਸ ਦੀਆਂ ਗੱਪਾਂ ਦੀਆਂ ਕਹਾਣੀਆਂ ਹਨ), 615 ਸਫ਼ੇ ਕੰਜਰ ਔਰਤਾਂ ਦੇ ਕਾਰਨਾਮਿਆਂ ਨਾਲ, 92 ਸਫ਼ੇ ਪੁਰਾਣੇ ਹਥਿਆਰਾਂ ਬਾਰੇ ਹਨ। ਕੁਲ ਮਿਲਾ ਕੇ (609 + 615 + 20 + 92) 1346 ਸਫ਼ੇ, ਯਾਨਿ 96%, ਅਜਿਹੇ ਹਨ ਜਿਨ੍ਹਾਂ ਦਾ ਸਿੱਖ ਧਰਮ ਨਾਲ, ਰੂਹਾਨੀਅਤ ਨਾਲ ਦੂਰ ਦਾ ਵੀ ਕੋਈ ਸਬੰਧ ਨਹੀਂ ਹੈ।ਇਨ੍ਹਾਂ ਸਫ਼ਿਆਂ ਵਿਚ ਨਾ ਰੱਬ ਦੀ ਗੱਲ ਹੈ, ਨਾ ਗੁਰੂ ਦੀ, ਨਾ ਨਾਮ ਜਪਣ ਦੀ, ਨਾ ਧਰਮ ਦੀ, ਨਾ ਰੂਹ ਦੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਕੁਝ ਲੋਕ ਇਸ ਦਾ ਮੁਕਾਬਲਾ ਗੁਰੂ ਗ੍ਰੰਥ ਸਾਹਿਬ ਨਾਲ ਕਰਦੇ ਹਨ ਅਤੇ ਇਸ ਕਿਤਾਬ ਨੂੰ ਉਸ ਦੇ ਬਰਾਬਰ ਰਖਦੇ ਹਨ। ਇਹ ਲੋਕ ਕਿਹੜਾ ਮੂੰਹ ਲੈ ਕੇ ਗੁਰੂ ਦੀ ਦਰਗਾਹ ਵਿਚ ਪੇਸ਼ ਹੋਣਗੇ? ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ? ਇਸ ਤੋਂ ਵੱਡਾ ਪਾਪ ਹੋਰ ਕੋਈ ਨਹੀਂ ਹੋ ਸਕਦਾ!
(ਅ) ਦੂਜਾ ਅਹਿਮ ਸਵਾਲ ਇਹ ਹੈ ਕਿ ਹਰ ਇਕ ਸਿੱਖ ਦੇ ਮਨ ਵਿਚ ਆਉਂਦਾ ਹੈ ਕਿ ਜੇ ਇਹ ਦਸਮਗ੍ਰੰਥ ਸਿੱਖਾਂ ਦਾ ਗ੍ਰੰਥ ਸੀ ਤਾਂ ਕਦੇ ਕਿਸੇ ਸਿੱਖ ਰਾਜੇ ਨੇ ਇਸ ਦਾ ਨਾਂ ਨਹੀਂ ਲਿਆ; ਸਿੰਘ ਸਭਾ ਲਹਿਰ (ਦੋਵੇਂ ਗਰੁੱਪ) ਨੇ ਇਸ ਨੂੰ ਪ੍ਰਚਾਰਿਆ ਨਹੀਂ; ਅਕਾਲੀ ਦਲਾਂ ਨੇ ਇਸ ਦੀ ਕਦੇ ਗੱਲ ਨਹੀਂ ਕੀਤੀ ਸੀ; ਹੋਰ ਤਾਂ ਹੋਰ ਪਹਿਲਾਂ ਕਿਸੇ ਡੇਰੇ (ਸਣੇ ਭਿੰਡਰਾਂ ਗੁਰੱਪ ਦੇ ਡੇਰੇ: ਚੌਕ ਮਹਿਤਾ, ਸੰਗਰਾਵਾਂ, ਸੱਤੋਵਾਲੀ, ਲੰਮਾ ਜੱਟਪੁਰਾ) ਨੇ ਇਸ ਅਖੌਤੀ ਗ੍ਰੰਥ ਵਾਸਤੇ ਕਦੇ ਵੀ, ਜ਼ਰਾ-ਮਾਸਾ ਵੀ, ਮੁਹਿੰਮ ਕਿਉਂ ਨਹੀਂ ਚਲਾਈ ਸੀ? ਇਸ ਦਾ ਪ੍ਰਚਾਰ 2006 ਵਿਚ ਕਿਉਂ ਸ਼ੁਰੂ ਹੋਇਆ? ਇਸ ਦੇ ਦੋ ਮੁਖ ਕਾਰਨ ਹਨ:
(1)
2004 ਵਿਚ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਿਆਰ ਹੋਣ ਦੀ ਚੌਥੀ ਸ਼ਤਾਬਦੀ ਮਨਾਈ ਸੀ ਅਤੇ 2008 ਵਿਚ ਇਸ ਦੀ ਗੁਰਗੱਦੀ ਦੀ ਤੀਜੀ ਸ਼ਤਾਬਦੀ ਮਨਾਉਣ ਜਾ ਰਹੇ ਸਨ। ਇਸ ਨਾਲ ਦੁਨੀਆਂ ਭਰ ਦੇ ਲੋਕਾਂ ਵਿਚ ‘ਸ਼ਬਦ ਗੁਰੂ’ ਦੀ ਅਹਮੀਅਤ ਦਾ ਪ੍ਰਚਾਰ ਹੋਣਾ ਸੀ। ‘ਸ਼ਬਦ ਗੁਰੂ’ ਦਾ ਫ਼ਲਸਫ਼ਾ ਦੁਨੀਆਂ ਵਿਚ ਕਿਸੇ ਧਰਮ ਕੋਲ ਨਹੀਂ ਅਤੇ ਧਰਮ ਅਤੇ ਫ਼ਲਸਫ਼ੇ ਵਿਚ ਇਸ ਤੋਂ ਉਪਰ ਕੋਈ ਗੱਲ ਨਹੀਂ ਹੋ ਸਕਦੀ। ਇਸ ਨੂੰ ਛੁਟਿਆਉਣ ਵਾਸਤੇ ਦੁਨੀਆਂ ਭਰ ਵਿਚ ਸਾਜ਼ਸਾਂ ਘੜੀਆਂ ਗਈਆਂ ਸਨ। ਸਭ ਤੋਂ ਪਹਿਲੀ ਸਾਜ਼ਸ਼ ਖਾਲਸੇ ਦੀ ਤੀਜੀ ਸ਼ਤਾਬਦੀ (1999) ਤੋਂ ਇਕ ਦਮ ਬਾਅਦ ਘੜੀ ਗਈ ਸੀ ਜਿਸ ਹੇਠ ਸਿੱਖਾਂ ਵਿਚ ਸਾਧਾਂ ਦੇ ਵੱਗ ਪੈਦਾ ਕੀਤੇ ਗਏ; ਉਨ੍ਹਾਂ ਦਾ ਪ੍ਰਚਾਰ ਤੇ ਪਰਸਾਰ ਕੀਤਾ ਗਿਆ; ਮੀਡੀਆ ਅਤੇ ਸਿੱਖ ਵਿਰੋਧੀ ਅਦਾਰਿਆਂ ਰਾਹੀਂ ਉਨ੍ਹਾਂ ਨੂੰ ਸਿੱਖਾਂ ਵਿਚ ਕਾਇਮ ਕਰਨ ਵਾਸਤੇ ਸਾਰਾ ਜ਼ੋਰ ਲਾਇਆ ਗਿਆ। ਸਾਧਾਂ ਦਾ ਜਿੰਨਾ ਪ੍ਰਚਾਰ ਇਸ ਕਾਲ ਵਿਚ ਹੋਇਆ ਸੀ ਉਹ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਇਸ ਦਾ ਸਿਰਫ਼ ਇਕੋ-ਇਕ ਕਾਰਨ ਸੀ: “ਸਿੱਖਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਦੇ ਸ਼ਰੀਕ ਪੈਦਾ ਕੀਤੇ ਜਾਣ; ਦੂਜਾ ਸਿੱਖਾਂ ਦਾ ਸਰਮਾਇਆ ਇਨ੍ਹਾਂ ਸਾਧਾਂ ਦੇ  ਡੇਰਿਆਂ ‘ਤੇ ਪੁੱਜੇ Aਤੇ ਸਿੱਖ ਗੁਰਦੁਆਰਿਆਂ ਨੂੰ ਛੱਡ ਕੇ ਡੇਰਿਆਂ ਨਾਲ ਜੁੜ ਜਾਣ। ਇਸ ਪ੍ਰਾਜੈਕਟ ਵਿਚ ਸਾਰੀਆਂ ਸਿੱਖ ਦੁਸ਼ਮਣ ਧਿਰਾਂ ਨੇ ਰੋਲ ਅਦਾ ਕੀਤਾ ਅਤੇ ਬਹੁਤ ਵੱਡੀ ਕਾਮਯਾਬੀ ਹਾਸਿਲ ਕੀਤੀ । ਅਜ ਪੰਜਾਬ ਵਿਚ ਘਟੋ ਘਟ 25 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨੀ ਦਰਬਾਰ ਸਾਹਿਬ ਤੋਂ ਕਿਤੇ ਵਧ ਹੈ ਅਤੇ 500 ਡੇਰੇ ਅਜਿਹੇ ਹਨ ਜਿਨ੍ਹਾਂ ਦੀ ਆਮਦਨ ਬਹੁਤ ਵੱਡੇ ਤਵਾਰੀਖ਼ੀ ਗੁਰਦੁਆਰਿਆਂ ਤੋਂ ਵੀ ਵਧ ਹੈ। ਪੰਜਾਬ ਦੇ ਸ਼ਹਿਰਾਂ ਅਤੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿਚ 15000 ਦੇ ਕਰੀਬ ਗੁਰਦਆਰੇ ਹਨ ਪਰ ਡੇਰਿਆਂ ਦੀ ਗਿਣਤੀ ਇਨ੍ਹਾਂ ਤੋਂ ਕਿਤੇ ਵਧ ਹੈ। ਦੂਜਾ ਇਨ੍ਹਾਂ ਦੀਆਂ ਜ਼ਮੀਨਾਂ ਅਤੇ ਆਮਦਨਾਂ ਗੁਰਦੁਆਰਿਆਂ ਦੀਆਂ ਕੁਲ ਆਮਦਨਾਂ ਤੋਂ ਬਹੁਤ ਹੀ ਵਧ ਹਨ। ਸਿੱਖਾਂ ਨੂੰ ਗੁਰਦੁਆਰਿਆਂ ਤੋਂ ਡੇਰਿਆਂ ਵਿਚ ਲੈ ਜਾਣਾ ਸਿੱਖ ਦੁਸ਼ਮਣਾਂ ਦੀ ਬਹੁਤ ਬਹੁਤ ਵੱਡੀ ਕਾਮਯਾਬੀ ਹੈ। ਰਾਧਾ ਸੁਆਮੀ, ਨਾਮਧਾਰੀ, ਨੂਰਮਹਿਲੀਆ, ਸਰਸਾ ਡੇਰਾ, ਭਨਿਆਰਾ ਵਗ਼ੈਰਾ ਦੀਆਂ ਕਾਰਵਾਈਆਂ ਇਸ ਸਾਜ਼ਸ਼ ਤੋਂ ਵਖਰੀਆਂ ਹਨ।
ਦੂਜੀ ਸਾਜ਼ਿਸ਼ 2006 ਵਿਚ ਘੜੀ ਗਈ ਜਿਸ ਹੇਠ ਅਖੋਤੀ ਦਸਮਗ੍ਰੰਥ ਨਾਂ ਦੀ ਕਿਤਾਬ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਲਿਆਉਣ ਦੀ ਕਰਤੂਤ ਕੀਤੀ ਗਈ। 13 ਨਵੰਬਰ 2006 ਦੇ ਦਿਨ ਦਿਆਲਪੁਰਾ ਭਾਈਕਾ ਵਿਚ ਦਸਮਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖ ਕੇ ਪਾਠ ਕੀਤੇ ਗਏ ਤੇ ਗੁਰੂ ਦਾ ਇਕ ਹੋਰ ਸ਼ਰੀਕ ਪੈਦਾ ਕੀਤਾ ਗਿਆ। ਇਕ ਪਾਸੇ ਰੱਬ, ਨਾਮ, ਭਗਤੀ ਦਾ ਪਾਠ ਹੋ ਰਿਹਾ ਸੀ ਤੇ ਦੁਜੇ ਪਾਸੇ ਰਾਮ, ਕ੍ਰਿਸ਼ਨ, ਰੁਦਰ, ਨੇਹਕਲੰਕੀ, ਵਿਸ਼ਨੂ ਤੇ ਦੁਰਗਾ ਦੀਆਂ ਸਿਫ਼ਤਾਂ ਉਚਾਰੀਆਂ ਜਾ ਰਹੀਆਂ ਸਨ ਤੇ ਜਾਂ ਫਿਰ ਕਾਮ, ਭੋਗ ਕਰਨ ਦੇ ਵੱਖ-ਵੱਖ ਆਸਨਾਂ ਅਤੇ ਸਾਜ਼ਸ਼ਾਂ ਘੜਨ ਦੇ ਤਰੀਕਿਆਂ ਦਾ ਪਾਠ ਕੀਤਾ ਜਾ ਰਿਹਾ ਸੀ। ਕੇਸ ਦਾੜ੍ਹੀ ਰੱਖ ਕੇ, ਪੱਗਾਂ ਬੰਨ੍ਹ ਕੇ ਇਸ ਕੰਜਰ ਹਰਕਤ ਕਰਨ ਵਾਲਿਆਂ ਨੂੰ ਜ਼ਰਾ ਮਾਸਾ ਵੀ ਸ਼ਰਮ ਨਾ ਆਈ। ਪਰ, ਉਨ੍ਹਾਂ ਦੀ ਰੂਹ ਵਿਚ ਮੱਸਾ ਰੰਘੜ ਦਾ ਵਾਸਾ ਹੋ ਚੁਕਾ ਸੀ; ਉਨ੍ਹਾਂ ਦੇ ਅੰਦਰ ਕਾਮੀ ਦੇਵਤਿਆਂ ਦੀਆਂ ਰੂਹਾਂ ਦਾ ਡੇਰਾ ਵਸ ਚੁਕਾ ਸੀ। ਗੁਰੂ ‘ਤੇ ਇਸ ਤੋਂ ਵੱਡਾ ਹਮਲਾ ਕੀ ਹੋ ਸਕਦਾ ਸੀ?
2. ਖਾਲਿਸਤਾਨ ਦੀ ਗੱਲ ਖ਼ਤਮ ਕਰਨ ਦੀ ਸਾਜ਼ਿਸ਼:
ਇਸ ਦਸਮ ਗ੍ਰੰਥ ਨਾਂ ਦੀ ਕਿਤਾਬ ਨੂੰ ਸਿੱਖਾਂ ਵਿਚ ਪ੍ਰਚਾਰਨ ਦਾ ਦੂਜਾ ਕਾਰਨ ਇਹ ਸੀ ਕਿ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਖਾਲਿਸਤਾਨ, ਆਜ਼ਾਦ ਸਿੱਖ ਮੁਲਕ, ਖ਼ੁਦਮੁਖ਼ਤਿਆਰੀ ਦਾ ਹਿਮਾਇਤੀ ਸੀ; ਉਦੋਂ ਤਾਂ 99% ਸਿੱਖ ਆਜ਼ਾਦੀ ਚਾਹੁੰਦੇ ਸਨ (ਹੁਣ ਇਹ ਗਿਣਤੀ ਬਹੁਤ ਘਟ ਹੈ, ਕਿਉਂ ਘਟੀ ਗੁਰੁ ਗ੍ਰੰਥ ਸਾਹਿਬ ਤੋਂ ਤੋੜਨ ਦੀ ਸਾਜ਼ਿਸ਼ ਹੈ ਇਸ ਸਵਾਲ ਦਾ ਜਵਾਬ ਦੇਣ ਵਾਸਤੇ ਇਕ ਵਖਰਾ ਤੇ ਵੱਡਾ ਲੇਖ ਲਿਖਾਂਗਾ)।
ਸਿੱਖਾਂ ਵਿਚ ਖ਼ੁਦਮੁਖ਼ਤਿਆਰੀ ਦੀ ਮੰਗ ਦੇ ਪਿੱਛੇ ਮੁਖ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਵੱਖਰਾ ਧਰਮ, ਵਖਰੀ ਕੌਮ ਤੇ ਵਖਰੀ ਨਸਲ ਮੰਨਦੇ ਹਨ। ਇਨ੍ਹਾਂ ਨੂੰ ਖ਼ੁਦਮੁਖ਼ਤਿਆਰੀ ਅਤੇ ਖਾਲਿਸਤਾਨ ਤੋਂ ਹਟਾਉਣ ਵਾਸਤੇ ‘ਸਿੱਖਾਂ ਵਿਚ ਵਖਰੇਪਣ ਤੇ ਨਿਆਰੇਪਣ ਦਾ ਅਹਿਸਾਸ’ ਖ਼ਤਮ ਕਰਨ ਵਾਸਤੇ ਇਕ ਪਾਸੇ ਖ਼ੁਫ਼ੀਆ ਅਤੇ ਦੂਜੇ ਪਾਸੇ ਜ਼ਾਹਰਾ ਲਹਿਰ ਚਲਾਈ ਗਈ ਸੀ। ਪਿਛਲੇ 50 ਸਾਲ ਤੋਂ ਹੀ, ਪਰ ਖਾਸ ਕਰ ਕੇ 1997 ਤੋਂ ਬਾਦਲ ਸਰਕਾਰ ਦੇ ਵੇਲੇ ਤੋਂ, ਆਰ.ਐਸ.ਐਸ., ਹਿੰਦੂ ਪ੍ਰੀਸ਼ਦ, ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਤੇ ਹੋਰ ਫ਼ਿਰਕੂ ਹਿੰਦੂ ਪਾਰਟੀਆਂ, ਜਮਾਤਾਂ ਅਤੇ ਅਦਾਰਿਆਂ ਨੇ ਸਿੱਖਾਂ ਨੂੰ ਹਿੰਦੂ ਕਹਿਣ ਤੇ ਪ੍ਰਚਾਰਨ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਰੱਖੀ ਸੀ।ਪਰ ਦੂਜੇ ਪਾਸੇ ਸਿੱਖ ਮਿਸ਼ਨਰੀਆਂ, ਵਿਦਵਾਨਾਂ ਅਤੇ ਪ੍ਰਚਾਰਕਾਂ ਨੇ ਇਸ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ 1981 ਦੇ ‘ਸਿੱਖ ਵਖਰੀ ਕੌਮ ਹੈ’ ਦੇ ਐਲਾਨ-ਨਾਮੇ ਨੂੰ ਖ਼ੂਬ ਪਰਚਾਰਿਆ- ਇਸ ਨਾਲ ਇਹ ਫ਼ਿਰਕੂ ਹਿੰਦੂ ਪੱਤਾ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ।
(ੲ) ਥਰਡ ਏਜੰਸੀ ਦੀ ਪਲਾਨਿੰਗ
ਅਖ਼ੀਰ ਸਿੱਖ ਦੁਸ਼ਮਣ ‘ਥਰਡ ਏਜੰਸੀ’ ਨੇ ਬਹੁਤ ਸੂਖਮ ਹਥਿਆਰ ਵਰਤਣ ਦੀ ਪਲਾਨ ਬਣਾਈ; ਉਹ ਸੀ ਦਸਮਗ੍ਰੰਥ ਦਾ ਪ੍ਰਚਾਰ। ਦਸਮ ਗ੍ਰੰਥ ਪ੍ਰਚਾਰਨ ਦਾ ਮਕਸਦ ਕਾਲਪਨਿਕ ਹਿੰਦੂ ਅਵਤਾਰਾਂ ਦੀਆਂ ਕਥਾ ਕਹਾਣੀਆਂ, ਉਨ੍ਹਾਂ ਦੇ ਕਾਰਨਾਮੇ, ਉਨ੍ਹਾਂ ਦੀ ਤਾਕਤ, ਉਨ੍ਹਾਂ ਦੀਆਂ ਸਿਫ਼ਤਾਂ ਸੁਣਾਉਣਾ ਅਤੇ ਇਨ੍ਹਾਂ ਦੇਵੀ ਦੇਵਤਿਆਂ ਵਾਸਤੇ ਸਿੱਖਾਂ ਵਿਚ ਸ਼ਰਧਾ ਭਰਨਾ। ਇਸ ਮਕਸਦ ਦੀ ਪੂਰਤੀ ਵਾਸਤੇ ਕਈ ਅਹਿਮ ਐਕਸ਼ਨ ਕੀਤੇ ਗਏ, ਜਿਨ੍ਹਾਂ ਵਿਚੋਂ ਕੁਝ ਇਹ ਹਨ:
1. ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਧਰਮ ਹੈ ਅਤੇ ਦਸਮਗ੍ਰੰਥ ਸਿਆਸਤ; ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਹੈ ਅਤੇ ਦਸਮਗ੍ਰੰਥ ਅਕਾਲ ਤਖ਼ਤ; ਗੁਰੂ ਗ੍ਰੰਥ ਸਾਹਿਬ ਵਿਚ ਸ਼ਾਂਤੀ ਹੈ ਅਤੇ ਦਸਮਗ੍ਰੰਥ ਵਿਚ ਰੋਹ ਹੈ; ਯਾਨਿ ਦਸਮਗ੍ਰੰਥ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਅਪੂਰਨ ਹੈ। ਦਸਮਗ੍ਰੰਥ ਵਿਚ 95% ਕੀ ਹੈ, ਇਹ ਮੈਂ ਸ਼ੁਰੂ ਵਿਚ ਦਸ ਆਇਆ ਹਾਂ), ਪਰ ਇਨ੍ਹਾਂ ਨੇ ਦਸਮਗ੍ਰੰਥ ਨੂੰ ਸਿਰਫ਼ ਇਕ ਸੌਂਤਨ ਹੀ ਨਹੀਂ ਸਗੌਂ ਮਹਾਰਾਣੀ ਦੇ ਰੂਪ ਵਿਚ ਪੇਸ਼ ਕੀਤਾ ਗਿਆ।
2. ਇਹ ਪ੍ਰਚਾਰ ਕੀਤਾ ਗਿਆ ਕਿ ਦਸਮਗ੍ਰੰਥ ਦਾ ਇਕ ਪਾਠ ਗੁਰੂ ਗ੍ਰੰਥ ਸਾਹਿਬ ਦੇ 10, 20, 100 ਪਾਠ ਦੇ ਬਰਾਬਰ ਹੈ, ਯਾਨਿ ਗੁਰੂ ਗ੍ਰੰਥ ਸਾਹਿਬ ਛੋਟਾ ਹੈ।
3. ਗੁਰਦੁਆਰਿਆਂ ਵਿਚ, ਖ਼ਾਸ ਕਰ ਕੇ ਦਰਬਾਰ ਸਾਹਿਬ ਵਿਚ, ਅਖੋਤੀ ਦਸਮਗ੍ਰੰਥ ਦੀਆਂ ਕਵਿਤਾਵਾਂ ਨੂੰ ਕੀਰਤਨ ਵਜੋਂ ਗਾਉਣਾ ਸ਼ੁਰੂ ਕੀਤਾ ਗਿਆ। ਦਸਮਗ੍ਰੰਥ ਵਿਚੋਂ ਕਵਿਤਾਵਾਂ ਨਾ ਗਾਉਣ ਵਾਲੇ ਰਾਗੀਆਂ ਨੂੰ ਦਰਬਾਰ ਸਾਹਿਬ ਵਿਚ ਕੀਰਤਨ ਦੇਣਾ ਅਣਐਲਾਨੇ ਤੌਰ ‘ਤੇ ਬੰਦ ਕੀਤਾ ਗਿਆ।
4. ਸਾਧ ਟੋਲੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਬੰਦ ਕਰਵਾ ਕੇ ਜਾਂ ਘਟਾ ਕੇ ਉਨ੍ਹਾਂ ਨੂੰ ਸਸਤੀਆਂ ਕਵਿਤਾਵਾਂ ਤੇ ਗਾਣਿਆਂ ਦਾ ‘ਕੀਰਤਨ’ ਸ਼ੁਰੂ ਕਰਵਾਇਆ ਗਿਆ। ਅੱਜ 90% ਸਾਧ ਕਵਿਤਾਵਾਂ ਸੁਣਾਉਂਦੇ ਹਨ, ਗੁਰਬਾਣੀ ਦਾ ਕੀਰਤਨ ਨਹੀਂ ਕਰਦੇ ਅਤੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਕਹਿੰਦੇ ਹਨ ਕਿ ਗੁਰਬਾਣੀ ਮੁਸ਼ਕਿਲ ਹੈ ਲੋਕਾਂ ਨੂੰ ਸਮਝ ਨਹੀਂ ਆਉਂਦੀ ਤੇ ਕਵਿਤਾਵਾਂ ਸਮਝ ਆ ਜਾਂਦੀਆਂ ਹਨ; ਫਿਰ ਹੋਰ ਪਾਪ ਇਹ ਕਰਦੇ ਹਨ ਕਿ ਕਵਿਤਾਵਾਂ ਨੂੰ ‘ਕੱਚੀ ਬਾਣੀ’ ਕਹਿ ਕੇ ਬਾਣੀ ਦੇ ਨੇੜੇ ਦਾ ਦਰਜਾ ਦੇ ਦੇਂਦੇ ਹਨ।
5. ਹੁਣ ਕਈ ਗੁਰਦੁਅਰਿਆਂ ਵਿਚ ਅਖੋਤੀ ਦਸਮਗ੍ਰੰਥ ਦਾ ‘ਪ੍ਰਕਾਸ਼’ ਵੀ ਕਰ ਦਿੱਤਾ ਗਿਆ। ਪਹਿਲਾਂ ਸਿਰਫ਼ ਕਾਂਗਰਸ ਸਰਕਾਰ ਦੇ ਪ੍ਰਬੰਧ ਹੇਠਲੇ ਨੰਦੇੜ ਅਤੇ ਪਟਨਾ ਵਿਚ ਦਸਮਗ੍ਰੰਥ ਪਿਆ ਹੋਇਆ ਸੀ ਜਾਂ ਦਿੱਲੀ ਦੇ ਸਰਕਾਰੀ ਸਾਧ ਵਿਰਸਾ ਸਿੰਘ ਦੇ ਡੇਰੇ ‘ਤੇ ਸੀ। ਪਰ 2006 ਤੋਂ ਬਾਅਦ ‘ਥਰਡ ਏਜੰਸੀ’ ਰਾਹੀਂ ਚੌਕ ਮਹਿਤਾ ਅਤੇ ਹੋਰ ਕਈ ਡੇਰਿਆਂ ਵਿਚ ਇਸ ਦਾ ਪ੍ਰਕਾਸ਼ ਕਰਵਾ ਦਿੱਤਾ ਗਿਆ ਹੈ। ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਹ ਤਰੀਕੇ ਵਰਤ ਕੇ ਤੋੜਿਆ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.