ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
ਗੁਰੂ ਤੇਗ ਬਹਾਦਰ ਸਾਹਿਬ ਵਲੋਂ ਬਕਾਲਾ ਵਿਖੇ ਭੋਰੇ ਵਿਚ ਤਪ ਕਰਨ ਦੀ ਅਸਲੀਅਤ
ਗੁਰੂ ਤੇਗ ਬਹਾਦਰ ਸਾਹਿਬ ਵਲੋਂ ਬਕਾਲਾ ਵਿਖੇ ਭੋਰੇ ਵਿਚ ਤਪ ਕਰਨ ਦੀ ਅਸਲੀਅਤ
Page Visitors: 2586

ਗੁਰੂ ਤੇਗ ਬਹਾਦਰ ਸਾਹਿਬ ਵਲੋਂ ਬਕਾਲਾ ਵਿਖੇ ਭੋਰੇ ਵਿਚ ਤਪ ਕਰਨ ਦੀ ਅਸਲੀਅਤ
ਡਾ. ਹਰਜਿੰਦਰ ਸਿੰਘ ਦਿਲਗੀਰ
(ਸਿੱਖ ਤਵਾਰੀਖ਼', 2008, ਵਿੱਚੋਂ)
ਸਿੱਖ ਇਤਿਹਾਸ ਵਿਗਾੜਨ ਵਾਲੇ ਕੁਝ ਲਿਖਾਰੀਆਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਬਾਰੇ ਲਿਖਿਆ ਹੈ ਕਿ ਉਹ 1644 ਤੋਂ 1664 ਤਕ (ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਗੁਰਗੱਦੀ ਮਿਲਣ ਤੱਕ) 20 ਸਾਲ ਬਕਾਲਾ ਵਿਖੇ “ਭੋਰੇ ਵਿੱਚ ਬੈਠ ਕੇ ਤਪ” ਕਰਦੇ ਰਹੇ ਸਨ। ਇਕ ਲਿਖਾਰੀ ਨੇ ਤਾਂ ਇਹ ਸਮਾਂ 25-26 ਸਾਲ ਵੀ ਲਿਖਿਆ ਹੈ। ਦਰਅਸਲ ਇਨ੍ਹਾਂ ਲਿਖਾਰਿਆਂ ਨੂੰ ਇਸ ਸਮੇਂ ਦੇ ਸਿੱਖ ਤਵਾਰੀਖ਼ ਬਾਰੇ ਸਮਗਰੀ ਨਹੀਂ ਸੀ ਲੱਭੀ ਤੇ ਉਨ੍ਹਾਂ ਇਹ ਯਬ੍ਹਲੀ ਮਾਰ ਕੇ ਹੀ ਇਸ ਸਮੇਂ ਦੇ ਖੱਪੇ ਨੂੰ ਪੂਰਾ ਕਰਨ ਦੀ ਖਾਹਿਸ਼ ਨਾਲ ਇਹ ਗ਼ਲਤ ਬਿਆਨੀ ਕਰ ਦਿਤੀ ਕਿ ਗੁਰੂ ਸਾਹਿਬ ਭੋਰੇ ਵਿੱਚ ਲੁਕ ਕੇ ਤਪ ਕਰਦੇ ਰਹੇ ਸਨ।
ਪਹਿਲੀ ਗੱਲ ਤਾਂ ਗੁਰੂ ਸਾਹਿਬ ਇਸ ਸਮੇਂ ਵਿੱਚੋਂ ਸਿਰਫ਼ ਬਾਰ੍ਹਾਂ ਸਾਲ ਬਕਾਲਾ ਵਿੱਚ ਸਨ ਅਤੇ ਅੱਠ ਸਾਲ ਤਾਂ ਉਹ ਪੂਰਬ (ਅਸਾਮ, ਬੰਗਾਲ, ਬਿਹਾਰ) ਤੇ ਉੱਤਰ ਪ੍ਰਦੇਸ਼ ਵਿੱਚ ਧਰਮ ਪਰਚਾਰ ਕਰਦੇ ਰਹੇ ਸਨ।
ਦੂਜਾ, ਉਨ੍ਹਾਂ ਦਾ ਬਕਾਲਾ ਵਿੱਚ ਰਹਿਣ ਦਾ ਸਾਰਾ ਸਮਾਂ ਵੀ ਮਾਝੇ ਵਿੱਚ ਧਰਮ ਪਰਚਾਰ ਦਾ ਵੇਲਾ ਸੀ।
ਤੀਜਾ, ਅਖੌਤੀ–ਤਪੱਸਿਆ ਜਾਂ ਭੋਰੇ ਵਿੱਚ ਲੁੱਕ ਕੇ ਤੱਪ ਕਰਨਾ ਸਿੱਖ ਫ਼ਲਸਫ਼ੇ ਦੇ ਮੁੱਢੋਂ ਹੀ ਉਲਟ ਹੈ:
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ (ਗੁਰੂ ਗ੍ਰੰਥ ਸਾਹਿਬ, ਸਫ਼ਾ 324)
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ॥ (ਸਫ਼ਾ 337)
ਜੰਗਲ ਵਿੱਚ ਜਾਣਾ, ਜੋਗ, ਸੰਨਿਆਸ ਜਾਂ ਅਖੌਤੀ ਤਪ ਦੇ ਹੋਰ ਡਰਾਮੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਤਾਂ ਖੁਦ ਆਪਣੀ ਬਾਣੀ ਵਿੱਚ ਹੀ ਰੱਦ ਕੀਤੇ ਹੋਏ ਹਨ:
ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ। (ਸਫ਼ਾ 684)
ਜੋਗੀ ਜੰਗਮ ਅਰੁ ਸੰਨਿਆਸ। ਸਭ ਹੀ ਪਰਿ ਡਾਰੀ ਇਹ ਫਾਸ। (ਸਫ਼ਾ 1186)
ਮਨ ਰੇ ਗਹਿਓ ਨਾ ਗੁਰ ਉਪਦੇਸੁ। (ਸਫ਼ਾ 633)
ਸਾਰੇ ਗੁਰੂ ਸਾਹਿਬਾਨ ਨੇ ਅਖੌਤੀ ਤਪ ਨੂੰ ਪਾਖੰਡ ਆਖ ਕੇ ਰੱਦ ਕੀਤਾ ਹੋਇਆ ਹੈ। ਸੋ, ਗੁਰੂ ਤੇਗ਼ ਬਹਾਦਰ ਜੀ ਦੀ ਜ਼ਿੰਦਗੀ ਬਾਰੇ ਪੂਰੀ ਤਫ਼ਸੀਲ ਨਾ ਮਿਲਣ ਕਰ ਕੇ ਉਨ੍ਹਾਂ ਨੂੰ ਭੋਰੇ ਵਿੱਚ ਵਾੜਨ ਦੀ ਕੋਸ਼ਿਸ਼ ਕਰਨਾ ਤਵਾਰੀਖ਼ ਨਾਲ ਜ਼ਿਆਦਤੀ ਸੀ।
ਪੂਰਬ ਵਿੱਚ ਧਰਮ ਪਰਚਾਰ
ਕੀਰਤਪੁਰ ਵਿੱਚ ਗੁਰੂ ਹਰਿਰਾਇ ਗੁਰਗੱਦੀ ਦੀ ਸੇਵਾ ਨੂੰ ਨਿਭਾ ਰਹੇ ਸਨ ਅਤੇ ਮਾਝੇ ਵਿੱਚ (ਗੁਰੂ) ਤੇਗ਼ ਬਹਾਦਰ ਧਰਮ ਪਰਚਾਰ ਵਿੱਚ ਆਪਣਾ ਰੋਲ ਅਦਾ ਕਰ ਰਹੇ ਸਨ। ਵਿੱਚ-ਵਿੱਚ (ਗੁਰੂ) ਤੇਗ਼ ਬਹਾਦਰ ਕੀਰਤਪੁਰ ਵੀ ਹੋ ਆਇਆ ਕਰਦੇ ਸਨ। ਜੂਨ 1656 ਵਿੱਚ ਆਪ ਗੁਰੂ ਹਰਿਰਾਇ ਜੀ ਨੂੰ ਮਿਲਣ ਵਾਸਤੇ ਕੀਰਤਪੁਰ ਗਏੇ ਹੋਏ ਸਨ। ਉਨ੍ਹੀਂ ਦਿਨੀਂ ਆਗਰਾ, ਕਾਸ਼ੀ (ਬਨਾਰਸ/ਵਾਰਾਨਸੀ), ਮਿਰਜ਼ਾਪੁਰ, ਪ੍ਰਯਾਗ (ਅਲਾਹਾਬਾਦ) ਤੋਂ ਇਲਾਵਾ ਗਯਾ, ਪਟਨਾ, ਢਾਕਾ ਅਤੇ ਅਸਾਮ ਤੋਂ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਸਨ। ਇਨ੍ਹਾਂ ਸੰਗਤਾਂ ਨੇ ਉਨ੍ਹਾਂ ਨੂੰ ਅਰਜ਼ ਕੀਤੀ ਕਿ ਉਹ ਧਰਮ ਪਰਚਾਰ ਵਾਸਤੇ ਉਨ੍ਹਾਂ ਦੇ ਇਲਾਕਿਆਂ ਵਿੱਚ ਦਰਸ਼ਨ ਦੇਣ। ਪਰ ਗੁਰੂ ਹਰਿਰਾਇ ਸਾਹਿਬ ਨੇ ਉਨ੍ਹਾਂ ਨੂੰ ਦਸਿਆ ਕਿ ਕੀਰਤਪੁਰ ਸਾਹਿਬ ਵਿੱਚ ਸੰਗਤਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਇਸ ਕਰ ਕੇ ਉਥੋਂ ਚਲੇ ਜਾਣ ਨਾਲ ਦੂਰ-ਦੁਰਾਡੀਆਂ ਸੰਗਤਾਂ ਨੂੰ ਬੜੀ ਮੁਸ਼ਕਿਲ ਹੋਵੇਗੀ। ਪਰ ਜਦ ਪੂਰਬ ਦੀਆਂ ਸੰਗਤਾਂ ਨੇ ਬਹੁਤ ਜ਼ੋਰ ਦਿਤਾ ਤਾਂ ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਚਾਚਾ (ਗੁਰੂ) ਤੇਗ਼ ਬਹਾਦਰ ਨੂੰ ਆਖਿਆ ਕਿ ਉਹ ਪੂਰਬ ਵਿੱਚ ਜਾ ਕੇ ਸੰਗਤਾਂ ਵਿੱਚ ਧਰਮ ਪਰਚਾਰ ਦੀ ਸੇਵਾ ਨਿਭਾਉਣ। ਪਹਿਲਾਂ ਤਾਂ (ਗੁਰੂ) ਤੇਗ਼ ਬਹਾਦਰ ਨੇ ਮਾਝੇ ਤੋਂ ਦੂਰ ਜਾਣਾ ਮਨਜ਼ੂਰ ਨਾ ਕੀਤਾ, ਪਰ ਸੰਗਤਾਂ ਵਲੋਂ ਵਾਰ-ਵਾਰ ਅਰਜ਼ ਕੀਤੇ ਜਾਣ ਤੇ ਉਨ੍ਹਾਂ ਨੇ ਪੂਰਬ ਦਾ ਦੌਰਾ ਕਰਨਾ ਮੰਨ ਲਿਆ। ਗੁਰੂ ਤੇਗ਼ ਬਹਾਦਰ ਸਾਹਿਬ 9 ਜੂਨ 1656 ਦੇ ਦਿਨ ਕੀਰਤਪੁਰ ਸਾਹਿਬ ਤੋਂ ਪੂਰਬ ਵੱਲ ਦੇ ਲੰਬੇ ਦੌਰੇ ’ਤੇ ਚਲ ਪਏ। ਉਨ੍ਹਾਂ ਦਾ ਪਰਵਾਰ ਅਤੇ ਦਰਬਾਰੀ ਸਿੱਖਾਂ ਦਾ ਇਕ ਵਡਾ ਜੱਥਾ ਵੀ ਉਨ੍ਹਾਂ ਦੇ ਨਾਲ ਗਿਆ।
ਇਸ ਸਬੰਧੀ ਇਕ ਇੰਦਰਾਜ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਵਿੱਚ ਇੰਵ ਮਿਲਦਾ ਹੈ:
“ਗੁਰੁ ਤੇਗ਼ ਬਹਾਦਰ ਜੀ, ਬੇਟਾ ਗੁਰੁ ਹਰਿਗੋਬਿੰਦ ਜੀ ਮਹਲ ਛਟੇ ਕਾ, ਪੋਤਾ ਗੁਰੂ ਅਰਜਨ ਕਾ, ਸੋਢੀ ਖਤਰੀ, ਬਾਸੀ ਕੀਰਤਪੁਰ, ਪਰਗਣਾ ਕਹਿਲੂਰ, ਸੰਮਤ ਸਤਰਾਂ ਸੈ ਤੇਰਾਂ, ਅਸਾੜ ਪ੍ਰਵਿਸ਼ਟੇ ਗਿਆਰਾਂ, ਤੀਰਥ ਯਾਤਰਾ ਜਾਨੇ ਕੀ ਤਿਆਰੀ ਕੀ। ਗੈਲੋਂ ਮਾਤਾ ਨਾਨਕੀ ਜੀ ਆਈ, ਇਸਤਰੀ ਗੁਰੂ ਹਰਿਗੋਬਿੰਦ ਜੀ ਕੀ, ਮਾਤਾ ਨੇਤੀ ਜੀ ਆਈ ਇਸਤਰੀ ਗੁਰੁ ਗੁਰਦਿਤਾ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੁ ਸੂਰਜ ਮੱਲ ਜੀ ਕੀ, ਬਾਵਾ ਬਾਲੂ ਹਸਨਾ ਤੇ ਬਾਵਾ ਅਲਮਸਤ ਜੀ ਆਏ, ਚੇਲੇ ਗੁਰੁ ਗੁਰਦਿਤਾ ਜੀ ਕੇ, ਮਾਤਾ ਗੁਜਰੀ ਜੀ ਆਈ, ਇਸਤਰੀ ਗੁਰੁ ਤੇਗ਼ ਬਹਾਦਰ ਜੀ ਕੀ, ਕ੍ਰਿਪਾਲ ਚੰਦ ਆਇਆ, ਬੇਟਾ ਬਾਬਾ ਲਾਲ ਚੰਦ ਸੁਭਿੱਖੀ ਕਾ, ਦੀਵਾਨ ਦਰਗਹ ਮੱਲ ਆਇਆ, ਬੇਟਾ ਦਵਾਰਕਾ ਦਾਸ ਛਿਬਰ ਬ੍ਰਾਹਮਣ ਕਾ, ਸਾਧੂ ਰਾਮ ਆਇਆ, ਬੇਟਾ ਧਰਮ ਚੰਦ ਖੋਸਲੇ ਕਾ, ਦੁਰਗਾ ਦਾਸ ਆਇਆ, ਬੇਟਾ ਮੂਲ ਚੰਦ ਜਲਾਹਨੇ ਪੁਆਰ ਕਾ, ਦਿਆਲ ਦਾਸ ਆਇਆ, ਬੇਟਾ ਮਾਈ ਦਾਸ ਪੁਆਰ ਬਲਉਂਤ ਕਾ, ਚਉਪਤਿ ਰਾਇ ਆਇਆ, ਬੇਟਾ ਪੈਰਾ ਰਾਮ ਛਿਬਰ ਕਾ । ਹੋਰ ਸਿੱਖ ਫ਼ਕੀਰ ਆਏ।”
(ਨੋਟ: “ਭੱਟ ਵਹੀਆਂ” ਵਿੱਚ ਗੁਰੂ ਸਾਹਿਬਾਨ ਦੇ ਪਰਵਾਰ ਦੇ ਹਰ ਮੈਂਬਰ ਨਾਲ ‘ਗੁਰੂ’ ਲਿਖਦੇ ਸਨ)।
ਕੀਰਤਪੁਰ ਤੋਂ ਚਲ ਕੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਥਾ ਮਲਕਪੁਰ ਰੰਘੜਾਂ, ਕੋਟਲਾ ਨਿਹੰਗ ਖ਼ਾਨ, ਲਖਨੌਰ, ਪੰਜੋਖੜਾ ਤੇ ਕੁਰੂਕਸ਼ੇਤਰ ਦੇ ਇਲਾਕੇ ਵਿੱਚ ਧਰਮ ਪਰਚਾਰ ਕਰਦਾ ਹੋਇਆ 29 ਮਾਰਚ 1657 ਨੂੰ, ਵਿਸਾਖ ਦੀ ਪਹਿਲੀ ਦੇ ਦਿਨ, ਹਰਦੁਆਰ ਪੁੱਜਾ। ਹਰਦੁਆਰ ਵਿੱਚ ਆਪ ਡੇਢ ਮਹੀਨੇ ਤੋਂ ਵਧ ਰਹੇ ਤੇ ਇਸ ਦੌਰਾਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਜਾਂਦੇ ਰਹੇ। ਹਰਦੁਆਰ ਵਿੱਚ ਪ੍ਰਚਾਰ ਕਰਦਿਆਂ ਮਥਰਾ, ਗੜ੍ਹ ਮੁਕਤੇਸ਼ਵਰ, ਆਗਰਾ, ਮਿਰਜ਼ਾਪੁਰ ਅਤੇ ਕਾਸ਼ੀ ਦੀਆਂ ਸੰਗਤਾਂ ਆਪ ਨੂੰ ਮਿਲਣ ਵਾਸਤੇ ਆਈਆਂ। ਸੰਗਤਾਂ ਦੀ ਖਾਹਿਸ਼ ਨੂੰ ਸਾਹਵੇਂ ਰਖਦਿਆਂ ਆਪ ਇਨ੍ਹਾਂ ਇਲਾਕਿਆਂ ਵਿੱਚ ਵੀ ਗਏ। ਆਪ ਨੇ ਆਗਰੇ ਵਿੱਚ ਕਈ ਮਹੀਨੇ ਬਿਤਾਏ ਅਤੇ ਸੈਂਕੜੇ ਪਰਵਾਰਾਂ ਨੂੰ ਸਿੱਖੀ ਵਿੱਚ ਸ਼ਾਮਿਲ ਕੀਤਾ। ਹਰਦੁਆਰ ਅਤੇ ਪ੍ਰਯਾਗ ਦੇ ਵਿੱਚਕਾਰਲੇ ਇਲਾਕੇ ਵਿੱਚ ਕਈ ਮਹੀਨੇ ਬਿਤਾਉਣ ਮਗਰੋਂ ਆਪ ਪ੍ਰਯਾਗ ਪੁੱਜੇ। ਆਪ ਨੇ ਪ੍ਰਯਾਗ ਵਿੱਚ ਕਈ ਮਹੀਨੇ ਬਿਤਾਏ। ਇਸ ਵੇਲੇ ਮਾਤਾ ਗੁਜਰੀ ਵੀ ਆਪ ਦੇ ਨਾਲ ਸਨ।
ਇਸ ਮਗਰੋਂ ਆਪ ਮਿਰਜ਼ਾਪੁਰ ਵੀ ਗਏ ਤੇ ਇੱਥੋਂ ਚਲ ਕੇ 21 ਜੂਨ 1661 (ਹਾੜ ਸੁਦੀ 5, ਸੰਮਤ 1718) ਦੇ ਦਿਨ ਕਾਸ਼ੀ ਪੁੱਜੇ। ਭੱਟ ਵਹੀ ਮੁਤਾਬਿਕ:
ਬੰਝਰਾਊਤ ਜਲਹਾਨੇ:
ਮਾਈ ਦਾਸ ਬਲੂ ਕਾ ਜੇਠਾ ਮਾਈ ਦਾਸ ਕਾ ਦਿਆਲ ਦਾਸ ਮਾਈ ਦਾਸ ਕਾ ਮਨੀ ਰਾਮ ਮਾਈ ਦਾਸ ਕਾ ਹਰੀ ਚੰਦ ਜੇਠਾ ਕਾ ਮਥਰਾ ਦਿਆਲ ਦਾਸ ਕਾ ਗੁਰੂ ਤੇਗ਼ ਬਹਾਦਰ ਜੀ ਬੇਟਾ ਗੁਰੂ ਹਰਗੋਬਿੰਦ ਜੀ ਮਹਲ ਛਟੇ ਕਾ ਬਨਾਰਸ ਆਏ, ਸਾਲ ਸਤਰਾਂ ਸੈ ਅਠਾਰਾਂ ਅਸਾਢ ਸੁਦੀ ਪੰਚਮੀ, ਗੈਲੋਂ ਨਾਨਕੀ ਜੀ ਆਈ ਮਾਤਾ ਗੁਰੂ ਤੇਗ਼ ਬਹਾਦਰ ਜੀ ਕੀ, ਮਾਤਾ ਹਰੀ ਜੀ ਆਈ ਇਸਤਰੀ ਗੁਰੂ ਸੂਰਜ ਮਲ ਜੀ ਕੀ, ਭਾਈ ਕਿਰਪਾਲ ਚੰਦ ਆਇਆ ਬੇਟਾ ਲਾਲ ਚੰਦ ਜੀ ਸੁਭਿਖੀ ਕਾ, ਬਾਵਾ ਦਿਆਲ ਦਾਸ ਆਇਆ ਬੇਟਾ ਮਾਈ ਦਾਸ ਜਲਹਾਨੇ ਕਾ, ਗਵਾਲ ਦਾਸ ਆਇਆ ਬੇਟਾ ਛੁਟੇ ਮਲ ਛਿਬਰ ਕਾ, ਚਉਪਤ ਰਾਏ ਆਇਆ ਬੇਟਾ ਪੈਰੇ ਛਿਬਰ ਕਾ, ਸੰਗਤ ਆਇਆ ਬੇਟਾ ਬਿੰਨੇ ਉਪਲ ਕਾ, ਸਾਧੂ ਰਾਮ ਆਇਆ ਬੇਟਾ ਧਰਮੇ ਖੋਸਲੇ ਕਾ।”
ਜੂਨ 1661 ਦੇ ਅਖੀਰ ਵਿੱਚ ਗੁਰੂ ਸਾਹਿਬ ਗਯਾ ਅਤੇ ਪਟਨਾ ਵਲ ਚਲ ਪਏ। ਰਸਤੇ ਵਿੱਚ ਪਰਚਾਰ ਕਰਦੇ ਹੋਏ ਆਪ ਜੁਲਾਈ ਦੇ ਸ਼ੁਰੂ ਵਿੱਚ ਪਟਨਾ ਪਹੁੰਚ ਗਏ। ਇਸ ਮਗਰੋਂ ਆਪ ਅਲਾਹਾਬਦ ਵੀ ਗਏ। ਆਪ 19 ਦਸੰਬਰ 1662 (ਮਾਘ ਸ਼ੁਕਲਾ ਪੱਖੇ 5, ਸੰਮਤ 1719) ਦੇ ਦਿਨ ਅਲਾਹਾਬਾਦ ਵਿੱਚ ਸਨ। ਆਪ ਨੇ ਅਗਲੇ ਕਈ ਮਹੀਨੇ ਬਿਹਾਰ, ਬੰਗਾਲ ਤੇ ਅਸਾਮ ਵਿੱਚ ਬਿਤਾਏ। ਜਦੋਂ ਗੁਰੂ ਸਾਹਿਬ ਪੂਰਬ ਵਿੱਚ ਪਰਚਾਰ ਦੌਰੇ ’ਤੇ ਗਏ ਤਾਂ ਮਾਤਾ ਗੁਜਰੀ ਤੇ ਗੁਰੂ-ਪਰਵਾਰ ਦੇ ਬਾਕੀ ਮੈਂਬਰ ਪਟਨਾ ਵਿੱਚ ਹੀ ਰਹੇ। ਮਾਤਾ ਗੁਜਰੀ ਵਧੇਰਾ ਸਮਾਂ ਸੇਠ ਜੈਤ ਰਾਮ ਦੇ ਮਕਾਨ ਵਿੱਚ ਠਹਿਰੇ। ਆਪ ਕਦੇ-ਕਦੇ ਰਾਜਾ ਫ਼ਤਹਿ ਸ਼ਾਹ ਮੈਨੀ ਦੇ ਘਰ ਵੀ ਜਾਇਆ ਕਰਦੇ ਸਨ। ਇਸ ਦੌਰਾਨ 18 ਦਸੰਬਰ 1661 ਦੇ ਦਿਨ ਮਾਤਾ ਗੁਜਰੀ ਨੇ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੂੰ ਜਨਮ ਦਿਤਾ। ਬੇਟੇ ਦੇ ਜਨਮ ਦੀ ਖ਼ਬਰ ਕਾਫ਼ੀ ਦੇਰ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਪੁੱਜੀ।
ਉਧਰ ਕੀਰਤਪੁਰ ਵਿੱਚ 6 ਅਕਤੂਬਰ 1661 ਦੇ ਦਿਨ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ।ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਪਹਿਲਾਂ ਹੀ ਗੁਰਗੱਦੀ ਦੇ ਹੱਕ ਤੋਂ ਬੇਦਖ਼ਲ ਕਰ ਦਿਤਾ ਸੀ। ਇਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਧਰਮ ਪਰਚਾਰ ਵਾਸਤੇ ਪੂਰਬ ਦੇ ਦੌਰੇ ’ਤੇ ਗਏ ਹੋਏ ਸਨ। ਇਸ ਹਾਲਤ ਵਿੱਚ ਗੁਰੂ ਹਰਿ ਰਾਇ ਸਾਹਿਬ ਨੇ ਗੁਰਗੱਦੀ ਗੁਰੂ ਹਰਕਿਸ਼ਨ ਸਾਹਿਬ ਨੂੰ ਸੌਂਪ ਦਿਤੀ। ਗੁਰੂ ਹਰਿ ਰਾਇ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੀ ਖ਼ਬਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਈ 1662 ਦੇ ਅਖੀਰ ਵਿੱਚ ਮਿਲੀ। ਹੁਣ ਆਪ ਨੇ ਵਾਪਸ ਪੰਜਾਬ ਜਾਣ ਦੀ ਤਿਆਰੀ ਸ਼ੁਰੂ ਕਰ ਲਈ।
ਦਿੱਲੀ ਵਿੱਚ ਗੁਰੂ ਹਰਕਿਸ਼ਨ ਸਾਹਿਬ ਨਾਲ ਮੇਲ
ਗੁਰੂ ਸਾਹਿਬ ਨੇ ਚੁਮਾਸਾ (ਜੂਨ ਤੋਂ ਸਤੰਬਰ) ਲੰਘਣ ਮਗਰੋਂ ਅਕਤੂਬਰ 1662 ਵਿੱਚ ਪਟਨਾ ਤੋਂ ਪੰਜਾਬ ਵਲ ਸਫ਼ਰ ਸ਼ੁਰੂ ਕੀਤਾ। ਇਸ ਵੇਲੇ ਗੋਬਿੰਦ ਦਾਸ ਦੀ ਉਮਰ ਸਿਰਫ਼ 10 ਮਹੀਨੇ ਦੀ ਸੀ। ਇਸ ਕਰ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਮਾਤਾ ਗੁਜਰੀ ਤੇ ਬੇਟੇ ਨੂੰ ਆਪਣੇ ਸਾਲੇ ਕਿਰਪਾਲ ਚੰਦ ਸੁਭਿੱਖੀ ਅਤੇ ਭਾਈ ਚਉਪਤ ਰਾਇ (ਚੌਪਾ ਸਿੰਘ) ਦੀ ਦੇਖ-ਰੇਖ ਵਿੱਚ ਪਟਨਾ ਵਿੱਚ ਹੀ ਛੱਡ ਦਿਤਾ ਅਤੇ ਬਾਕੀ ਪਰਵਾਰ ਤੇ ਸਿੰਘਾਂ ਨੂੰ ਨਾਲ ਲੈ ਕੇ ਦਿਲੀ ਵਲ ਨੂੰ ਰਵਾਨਾ ਹੋਏ। ਆਪ ਦੇ ਨਾਲ ਮਾਤਾ ਨਾਨਕੀ, ਮਾਤਾ ਹਰੀ, ਮਾਤਾ ਅਨੰਤੀ, ਸਾਧੂ ਰਾਮ ਖੋਸਲਾ, ਦੀਵਾਨ ਦਰਗਹ ਮਲ, ਭਾਈ ਦਿਆਲ ਦਾਸ ਤੇ ਹੋਰ ਬਹੁਤ ਸਾਰੇ ਸਾਥੀ ਵੀ ਸਨ। ਤਿੰਨ ਮਹੀਨੇ ਦਾ ਸਫ਼ਰ ਕਰਨ ਮਗਰੋਂ ਇਹ ਜੱਥਾ 3 ਜਨਵਰੀ 1663 ਦੇ ਦਿਨ ਪ੍ਰਯਾਗ ਪੁੱਜਾ। ਪ੍ਰਯਾਗ ਵਿੱਚ ਸਿੱਖ ਸੰਗਤਾਂ ਨੇ ਆਪ ਨੂੰ ਕਈ ਹਫ਼ਤੇ ਰੋਕੀ ਰੱਖਿਆ। ਇਸ ਮਗਰੋਂ ਆਪ ਆਗਰਾ ਵਲ ਚਲ ਪਏ। ਪਿਛਲੇ ਦੌਰੇ ਵਾਂਗ ਇਸ ਵਾਰ ਵੀ ਆਪ ਨੂੰ ਕਈ ਮਹੀਨੇ ਆਗਰਾ ਵਿੱਚ ਰੁਕਣਾ ਪਿਆ। ਆਗਰਾ ਵਿੱਚ ਰਹਿੰਦਿਆਂ ਆਪ ਨੇ ਆਲੇ-ਦੁਆਲੇ ਦੇ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਆਪ ਮਥਰਾ ਵੀ ਗਏ ਤੇ ਕਈ ਦਿਨ ਦੀਵਾਨ ਸਜਾਉਂਦੇ ਰਹੇ।
ਵੱਖ-ਵੱਖ ਥਾਂਵਾਂ ਦਾ ਦੌਰਾ ਕਰਦੇ ਆਪ 21 ਮਾਰਚ 1664 ਦੇ ਦਿਨ ਦਿੱਲੀ ਵਿੱਚ ਪੁੱਜੇ ਜਿਥੇ ਆਪ ਦਿਲਵਾਲੀ ਮੁਹੱਲੇ ਵਿੱਚ ਭਾਈ ਕਲਿਆਣਾ ਦੀ ਧਰਮਸਾਲਾ ਵਿੱਚ ਠਹਿਰੇ। ਭਾਈ ਕਲਿਆਣਾ ਦੇ ਪੋਤੇ ਭਾਈ ਬਾਘਾ ਤੇ ਪੜਪੋਤੇ ਨਾਨੂੰ ਰਾਮ ਨੇ ਆਪ ਨੂੰ ਤਹਿ-ਦਿਲੋਂ ਜੀ ਆਇਆਂ ਆਖਿਆ। (ਗੁਰੂ) ਤੇਗ਼ ਬਹਾਦਰ ਸਾਹਿਬ ਦੇ ਦਿੱਲੀ ਪੁੱਜਣ ਤੇ ਰਾਮਰਾਇ (ਜੋ ਔਰੰਗਜ਼ੇਬ ਨਾਲ ਨੇੜਤਾ ਬਣਾ ਕੇ ਉਥੇ ਰਹਿ ਰਿਹਾ ਸੀ) ਵੀ ਆਪ ਨੂੰ ਮਿਲਣ ਆਇਆ। ਰਾਮਰਾਇ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਵੀ ਚੁੱਕ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਗੁਰਗੱਦੀ ’ਤੇ ਹੱਕ ਤਾਂ ਤੁਹਾਡਾ ਬਣਦਾ ਸੀ। ਉਸ ਦੇ ਇਹ ਆਖਣ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਕਿਹਾ ਕਿ ਗੁਰੂ ਹਰਿ ਰਾਇ ਸਾਹਿਬ ਨੇ ਜਿਸ ਨੂੰ ਠੀਕ ਸਮਝਿਆ ਉਸ ਨੂੰ ਹੀ ਗੱਦੀ ਸੌਂਪੀ ਸੀ। ਉਨ੍ਹਾਂ ਦੇ ਫ਼ੈਸਲੇ ’ਤੇ ਕਿੰਤੂ ਨਹੀਂ ਕੀਤੀ ਜਾ ਸਕਦੀ। ਰਾਮ ਰਾਏ ਨੇ ਆਪਣੀ ਦਾਲ ਗਲਦੀ ਨਾ ਵੇਖੀ ਤਾਂ ਵਾਪਿਸ ਚਲਾ ਗਿਆ।
ਇਸ ਦੌਰਾਨ ਭਾਈ ਬਾਘਾ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਦੱਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਵੀ ਦਿੱਲੀ ਵਿੱਚ ਆਏ ਹੋਏ ਹਨ। ਉਨ੍ਹਾਂ ਨੂੰ ਰਾਮਰਾਇ ਨੇ ਗੁਰਗੱਦੀ ਦਾ ਝਗੜਾ ਖੜ੍ਹਾ ਕਰ ਕੇ ਔਰੰਗਜ਼ੇਬ ਵਲੋਂ ਦਿੱਲੀ ਆਉਣ ਵਾਸਤੇ ਸੰਮਨ ਭਿਜਵਾਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਦਾ ਮੇਲ ਅਜੇ ਤੱਕ ਨਹੀਂ ਹੋ ਸਕਿਆ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨੂੰ ਮਿਲਣ ਦਾ ਫੈਸਲਾ ਕਰ ਲਿਆ।
ਅਗਲੇ ਦਿਨ 22 ਮਾਰਚ ਨੂੰ (ਗੁਰੂ) ਤੇਗ਼ ਬਹਾਦਰ ਸਾਹਿਬ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਤੇ ਗਏ। ਗੁਰੂ ਹਰਕਿਸ਼ਨ ਸਾਹਿਬ ਬੜੇ ਪਿਆਰ ਨਾਲ ਆਪ ਨੂੰ ਮਿਲੇ। ਆਪ ਨੇ ਪੰਥ ਦੀ ਵਕਤੀ ਹਾਲਾਤ ਤੇ ਹੋਰ ਨੁਕਤਿਆਂ ਬਾਰੇ ਗੁਰੂ ਹਰਕਿਸ਼ਨ ਸਾਹਿਬ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਗੋਬਿੰਦ ਦਾਸ ਦੇ ਜਨਮ ਬਾਰੇ ਦਸਿਆ।(ਗੁਰੂ) ਤੇਗ਼ ਬਹਾਦਰ ਸਾਹਿਬ ਨੇ ਗੁਰੂ ਹਰਕਿਸ਼ਨ ਸਾਹਿਬ ਨਾਲ ਰਾਮ ਰਾਇ ਦੀ ਸਾਜ਼ਿਸ਼ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਗੁਰੂ ਹਰਕਿਸ਼ਨ ਸਾਹਿਬ ਨੂੰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਹੁਤ ਚਾਲਾਕ ਬੰਦਾ ਹੈ ਤੇ ਉਸ ਨਾਲ ਗਲਬਾਤ ਵਿੱਚ ਵਧ ਤੋਂ ਵਧ ਚੌਕਸ ਰਹਿਣਾ ਜ਼ਰੂਰੀ ਹੈ। ਇਸ ਮੌਕੇ ’ਤੇ ਗੁਰੂ ਹਰਕਿਸ਼ਨ ਸਾਹਿਬ ਨੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਕਿਹਾ ਕਿ ਜੇ ਮੈਨੂੰ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਸੰਭਾਲਣ ਦੀ ਸੇਵਾ ਤੁਹਾਨੂੰ ਹੀ ਕਰਨੀ ਪਵੇਗੀ। ਇਹ ਸੁਣ ਕੇ (ਗੁਰੂ) ਤੇਗ਼ ਬਹਾਦਰ ਸਾਹਿਬ ਚੁੱਪ ਤੇ ਗੰਭੀਰ ਹੋ ਗਏ।
(ਗੁਰੂ) ਤੇਗ਼ ਬਹਾਦਰ ਸਾਹਿਬ 22 ਤੇ 23 ਮਾਰਚ ਦਾ ਦਿਨ ਗੁਰੂ ਹਰਕਿਸ਼ਨ ਸਾਹਿਬ ਦੇ ਨਾਲ ਰਾਜਾ ਜੈ ਸਿੰਹ ਮਿਰਜ਼ਾ ਦੇ ਬੰਗਲੇ ਵਿੱਚ ਰਹੇ ਤੇ ਵਿਚਾਰਾਂ ਕਰਦੇ ਰਹੇ। ਆਪ 24 ਮਾਰਚ 1664 ਦੇ ਦਿਨ ਆਪਣੇ ਪਰਵਾਰ ਤੇ ਜਥੇ ਦੇ ਬਾਕੀ ਸਿੱਖਾਂ ਨਾਲ ਪੰਜਾਬ ਵਾਸਤੇ ਰਵਾਨਾ ਹੋ ਗਏ। ਰਸਤੇ ਵਿੱਚ ਆਪਣੀ ਭੈਣ ਬੀਬੀ ਵੀਰੋ ਨੂੰ ਮਿਲਣ ਵਾਸਤੇ ਪਿੰਡ ਮਲ੍ਹਾ ਵੀ ਗਏ। ਭਾਈ ਸਾਧੂ ਰਾਮ ਦੇ ਪਰਵਾਰ ਨੇ ਆਪ ਦੀ ਬੜੀ ਸੇਵਾ ਕੀਤੀ। ਕੁਝ ਦਿਨ ਦੀਵਾਨ ਸਜਾਉਣ ਮਗਰੋਂ (ਗੁਰੂ) ਤੇਗ਼ ਬਹਾਦਰ ਸਾਹਿਬ ਆਪਣੇ ਜੀਜੇ ਭਾਈ ਸਾਧੂ ਰਾਮ ਨੂੰ ਮਲ੍ਹਾ ਵਿੱਚ ਛੱਡ ਕੇ ਸੁਲਤਾਨਪੁਰ ਵਲ ਚਲ ਪਏ, ਜਿਥੋਂ ਅੱਗੇ ਉਹ ਬਕਾਲਾ ਚਲੇ ਗਏ।
ਗੁਰੂ ਹਰਕਿਸ਼ਨ ਸਾਹਿਬ ਦਾ ਜੋਤੀ-ਜੋਤਿ ਸਮਾਉਣਾ
24 ਮਾਰਚ 1664 ਦੇ ਦਿਨ (ਗੁਰੂ) ਤੇਗ਼ ਬਹਾਦਰ ਸਾਹਿਬ ਦਿੱਲੀ ਤੋਂ ਪੰਜਾਬ ਵਲ ਚਲੇ ਗਏ ਸਨ। ਅਗਲੇ ਦਿਨ 25 ਮਾਰਚ ਨੂੰ ਗੁਰੂ ਹਰਕਿਸ਼ਨ ਸਾਹਿਬ ਤੇ ਔਰੰਗਜ਼ੇਬ ਵਿੱਚਕਾਰ ਪਹਿਲੀ ਮੁਲਾਕਾਤ ਹੋਈ। ਔਰੰਗਜ਼ੇਬ ਨੇ ਉਨ੍ਹਾਂ ਨੂੰ ਦੋ ਦਿਨ ਬਾਅਦ ਫੇਰ ਮਿਲਣ ਵਾਸਤੇ ਕਿਹਾ।
ਉਸ ਰਾਤ ਨੂੰ ਗੁਰੂ ਸਾਹਿਬ ’ਤੇ ਚੇਚਕ ਦੀ ਬੀਮਾਰੀ ਨੇ ਹਮਲਾ ਕੀਤਾ। ਅਗਲੇ ਚਾਰ ਦਿਨ ਬੁਖਾਰ ਵਧਦਾ ਗਿਆ। ਅਖ਼ੀਰ ਸਮਾਂ ਆਇਆ ਜਾਣ ਕੇ ਆਪ ਨੇ 30 ਮਾਰਚ 1664 ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਆਖਿਆ ਕਿ ਮੇਰੇ ਮਗਰੋਂ ਗੁਰਗੱਦੀ “ਬਕਾਲੇ ਵਾਲੇ ਬਾਬੇ” (ਗੁਰੂ ਤੇਗ਼ ਬਹਾਦਰ ਸਾਹਿਬ) ਨੂੰ ਸੌਂਪਣੀ ਹੈ। ਇਹ ਕਹਿਣ ਤੋਂ ਥੋੜ੍ਹਾ ਚਿਰ ਮਗਰੋਂ ਹੀ ਉਹ ਜੋਤੀ-ਜੋਤਿ ਸਮਾ ਗਏ। ਸਸਕਾਰ ਕਰਨ ਤੋਂ ਕੁਝ ਦਿਨ ਮਗਰੋਂ ਮਾਤਾ ਸੁਲਖਣੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਬਕਾਲੇ ਪੈਗਾਮ ਭੇਜਿਆ।
ਗੁਰਗੱਦੀ ਸੰਭਾਲਣ ਦੀ ਅਰਦਾਸ
ਅਪਰੈਲ ਤੋਂ ਜੁਲਾਈ ਤਕ ਚਾਰ ਮਹੀਨੇ ਸੰਗਤਾਂ ਕੀਰਤਪੁਰ ਆਉਂਦੀਆਂ ਰਹੀਆਂ। ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਗੁਰਗੱਦੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸੌਂਪ ਦਿਤੀ ਗਈ ਹੈ ਅਤੇ ਉਹ ਬਕਾਲਾ ਵਿੱਚ ਹਨ ਤਾਂ ਕੁਝ ਸਿੱਖ ਆਪ ਨੂੰ ਲੱਭਣ ਵਾਸਤੇ ਬਕਾਲਾ ਵਲ ਵੀ ਗਏ। ਗੁਰੂ ਸਾਹਿਬ ਨੇ ਬਕਾਲਾ ਵਿੱਚ ਰਹਿਣਾ ਹੀ ਮਨਜ਼ੂਰ ਕੀਤਾ। ਏਥੇ ਆਪ ਅਜੇ ਦੀਵਾਨ ਨਹੀਂ ਸਨ ਸਜਾਇਆ ਕਰਦੇ। ਅਖੀਰ ਚਾਰ ਮਹੀਨੇ ਉਡੀਕਣ ਮਗਰੋਂ ਗੁਰੂ ਹਰਕਿਸ਼ਨ ਸਾਹਿਬ ਦੇ ਮਾਤਾ ਸੁਲੱਖਣੀ ਜੀ, ਦੀਵਾਨ ਦਰਗਹ ਮੱਲ, ਭਾਈ ਮਨੀ ਰਾਮ (ਭਾਈ ਮਨੀ ਸਿੰਘ) ਅਤੇ ਬਹੁਤ ਸਾਰੇ ਸਿੱਖਾਂ ਨੇ ਬਕਾਲਾ ਜਾ ਕੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੰਭਾਲਣ ਵਾਸਤੇ ਅਰਜ਼ ਕਰਨ ਅਤੇ ਇਸ ਰਸਮ ਦੀ ਅਰਦਾਸ ਕਰਨ ਦਾ ਫ਼ੈਸਲਾ ਕਰ ਲਿਆ। ਇਹ ਸਾਰੇ ਜਣੇ 11 ਅਗਸਤ 1664 ਦੇ ਦਿਨ ਬਕਾਲਾ ਪੁੱਜੇ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਿਲੇ। ਗੁਰੂ ਸਾਹਿਬ ਨੂੰ ਗੁਰਗੱਦੀ ਸੌਂਪਣ ਦੀ ਅਰਦਾਸ ਬਾਬਾ ਦਵਾਰਕਾ ਦਾਸ (ਬੇਟਾ ਬਾਬਾ ਅਰਜਾਨੀ, ਪੋਤਾ ਬਾਬਾ ਮੋਹਰੀ ਤੇ ਪੜਪੋਤਾ ਗੁਰੂ ਅਮਰਦਾਸ ਜੀ) ਨੇ ਨਿਭਾਈ। ਇਸ ਮੌਕੇ ’ਤੇ ਬਹੁਤ ਸਾਰੀਆਂ ਸੰਗਤਾਂ ਹਾਜ਼ਿਰ ਸਨ। ਇਸ ਸਬੰਧੀ ਇਕ ਇੰਦਰਾਜ ਭੱਟ ਵਹੀਆਂ ਵਿੱਚ ਇੰਞ ਮਿਲਦਾ ਹੈ:
“ਦੀਵਾਨ ਦਰਗਹ ਮੱਲ ਬੇਟਾ ਦਵਾਰਕਾ ਦਾਸ ਕਾ ਪੋਤਾ ਪਰਾਗ ਦਾਸ ਕਾ, ਚਉਪਤਿ ਰਾਏ ਬੇਟਾ ਪੈਰੇ ਕਾ ਪੋਤਾ ਗੌਤਮ ਕਾ ਛਿਬਰ ਬ੍ਰਾਹਮਣ, ਜੇਠਾ ਮਾਈ ਦਾਸ ਕਾ, ਮਨੀ ਰਾਮ ਮਾਈ ਦਾਸ ਕਾ ਬਲਉਂਤ ਜਲ੍ਹਾਨੇ, ਜੱਗੂ ਬੇਟਾ ਪਦਮਾ ਕਾ ਪੋਤਾ ਕਉਲੇ ਕਾ ਹਜਾਵਤ ਆਂਬਿਆਨਾ, ਨਾਨੂ ਬੇਟਾ ਬਾਘੇ ਕਾ ਪੋਤਾ ਉਮੈਦੇ ਕਾ, ਦਿੱਲੀ ਸੇ ਗੁਰੂ ਹਰਕਿਸ਼ਨ ਜੀ ਮਹਿਲ ਅਠਮੇ ਕੀ ਮਾਤਾ ਸੁਲੱਖਣੀ ਕੇ ਸਾਥ ਬਕਾਲੇ ਆਏ। ਸਾਲ ਸਤਰਾਂ ਸੈ ਇਕੀਸ ਭਾਦਵਾ ਕੀ ਅਮਾਵਸ ਕੇ ਦਿਨ…।”(ਭੱਟ ਵਹੀ ਤਲਾਉਂਢਾ, ਪਰਗਣਾ ਜੀਂਦ, ਖਾਤਾ ਜਲਾਹਨੋਂ ਕਾ)
ਗੁਰਗੱਦੀ ਸੰਭਾਲਣ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਭ ਤੋਂ ਪਹਿਲਾ ਦੌਰਾ ਕੀਰਤਪੁਰ ਸਾਹਿਬ ਦਾ ਸੀ। ਜੂਨ 1656 ਵਿੱਚ ਪੂਰਬ ਦੇ ਦੌਰੇ ਮਗਰੋਂ ਆਪ ਪਿਛਲੇ ਅੱਠ ਸਾਲ ਵਿੱਚ ਇਕ ਵਾਰ ਵੀ ਸਿੱਖ ਕੌਮ ਦੇ ਹੈਡ-ਕੁਆਰਟਰਜ਼ ਕੀਰਤਪੁਰ ਨਹੀਂ ਸਨ ਜਾ ਸਕੇ। ਇਸ ਦੌਰਾਨ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਕਿਸ਼ਨ ਸਾਹਿਬ ਜੋਤੀ-ਜੋਤਿ ਸਮਾ ਚੁਕੇ ਸਨ। ਇਸ ਤੋਂ ਇਲਾਵਾ ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਦਾ ਵਿਆਹ ਹੋ ਚੁਕਾ ਸੀ ਤੇ ਉਹ ਆਪਣੇ ਪਤੀ ਨਾਲ ਕੀਰਤਪੁਰ ਦੇ ਨਾਲ ਲਗਵੇਂ ਪਿੰਡ ਕਲਿਆਣਪੁਰ ਵਿੱਚ ਰਹਿ ਰਹੀ ਸੀ। ਇਸ ਕਰ ਕੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਬੀਬੀ ਰੂਪ ਕੌਰ ਨੂੰ ਮਿਲਣ ਦਾ ਫ਼ੈਸਲਾ ਕੀਤਾ ਤਾਂ ਜੋ ਉਸ ਦੇ ਪਿਤਾ ਤੇ ਭਰਾ ਦੇ ਜੋਤੀ-ਜੋਤਿ ਸਮਾਉਣ ਸਬੰਧੀ ‘ਪਰਚਾਵਨੀ’ ਕਰ ਸਕਣ।
21 ਅਗਸਤ 1664 ਦੇ ਦਿਨ ਆਪ ਬੀਬੀ ਰੂਪ ਕੌਰ ਦੇ ਘਰ ਪੁਜੇ। ਇਸ ਮੌਕੇ ਤੇ ਆਪ ਨਾਲ ਬਹੁਤ ਸਾਰੇ ਦਰਬਾਰੀ ਸਿੱਖ ਵੀ ਸਨ। ਇਸ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਇੰਵ ਜ਼ਿਕਰ ਆਉਂਦਾ ਹੈ:
“ਗੁਰੂ ਤੇਗ ਬਹਾਦਰ ਜੀ ਮਹਲ ਨਾਂਵੇਂ, ਬਕਾਲਾ ਸੇ ਕੀਰਤਪੁਰ ਆਏ, ਪਰਗਨਾ ਕਹਿਲੂਰ, ਸਾਲ ਸਤਰਾਂ ਸੈ ਇਕੀਸ ਭਾਦਵਾ ਸੁਦੀ ਦਸਮੀਂ, ਖੇਮ ਕਰਨ ਧੁੱਸੇ ਖਤਰੀ ਕੇ ਘਰ ਬੀਬੀ ਰੂਪ ਕਉਰ ਕੇ ਬਲਾਉਨਾ। ਸਾਥ ਦਵਾਰਕਾ ਦਾਸ ਆਇਆ ਬੇਟਾ ਅਰਜਾਨੀ ਸਾਹਿਬ ਭੱਲੇ ਕਾ, ਸਾਥ ਦੀਵਾਨ ਦਰਘਾ ਮਲ ਆਇਆ ਬੇਟਾ ਦਵਾਰਕਾ ਦਾਸ ਛਿਬਰ ਕਾ, ਸਾਥ ਜੱਗੂ ਬੇਟਾ ਪਦਮਾ ਕਾ ਆਇਆ, ਹਜਾਵਤ ਆਂਬਿਆਨਾ।...”(ਭੱਟ ਵਹੀ ਮੁਲਤਾਨੀ ਸਿੰਧੀ, ਪਰਗਣਾ ਜੀਂਦ, ਖਾਤਾ ਹਜਾਵਤੋਂ ਕਾ)
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.