ਕੈਟੇਗਰੀ

ਤੁਹਾਡੀ ਰਾਇ



ਹਰਜਿੰਦਰ ਸਿੰਘ ਦਿਲਗੀਰ (ਡਾਕਟਰ)
- * ਸੱਚ ਦਾ ਸਾਹਮਣਾ * -
- * ਸੱਚ ਦਾ ਸਾਹਮਣਾ * -
Page Visitors: 2843

-  *  ਸੱਚ ਦਾ ਸਾਹਮਣਾ  *  -
ਕੁਝ ਸਾਲ ਪਹਿਲਾਂ ਟੀ.ਵੀ. ‘ਤੇ ਇਕ ਪ੍ਰੋਗਰਾਮ “ਸਚ ਕਾ ਸਾਮਨਾ” ਆਉਂਦਾ ਹੁੰਦਾ ਸੀ। ਇਸ ਵਿਚ ‘ਪੋਲੀਗਰਾਫ਼ਿਕ ਟੈਸਟ’ (ਝੂਠ ਫੜਨ ਵਾਲੀ ਮਸ਼ੀਂਨ) ਰਾਹੀਂ ਜਵਾਬ ਦੇਣ ਵਾਲੇ ਦਾ ਸੱਚ/ਝੂਠ ਪਤਾ ਲਗ ਜਾਂਦਾ ਸੀ। ਕਮਾਲ ਦੀ ਗੱਲ ਇਹ ਵੀ ਸੀ ਕਿ ਸਵਾਲ ਪੁੱਛਣ ਵਾਲਾ ਐਂਕਰ ਕਈ ਵਾਰ ਅਜਿਹੇ ਸਵਾਲ ਪੁੱਛ ਲੈਂਦਾ ਸੀ ਜਿਸ ਨਾਲ ਜੇ ਜਵਾਬ ਦੇਣ ਵਾਲਾ ਸੱਚ ਦਸ ਦੇਵੇ ਤਾਂ ਤੂਫ਼ਾਨ ਉਠ ਪੈਂਦਾ ਸੀ। ਇਸ ਵਿਚ ਕਤਲ ਕਰਨਾ/ਕਰਵਾਉਣਾ, ਬੇਈਮਾਨੀ, ਸ਼ਾਦੀ ਤੋਂ ਬਾਹਰ ਦੇ ਸਬੰਧ, ਨਾਜਾਇਜ਼ ਔਲਾਦ, ਕਿਸੇ ਨੂੰ ਧੋਖਾ ਦੇਣਾ, ਚੋਰੀ ਕਰਨਾ ਵਗ਼ੈਰਾ ਸਵਾਲ ਵੀ ਹੁੰਦੇ ਸਨ। ਮੈਂ ਕਈ ਵਾਰ ਸੋਚਦਾ ਸੀ ਕਿ ਜੇ ਮੈਂ ਉਸ ਐਂਕਰ ਦੇ ਸਾਹਮਣੇ ਬੈਠਾ ਹੋਵਾਂ ਤਾਂ ਮੇਰਾ ਕਿੰਨਾ ਦੰਭ ਤੇ ਗੁਨਾਹ ਫੜਿਆ ਜਾਵੇਗਾ। ਅਸੀਂ ਸਾਰਿਆਂ ਨੇ ਜ਼ਿੰਦਗੀ ਵਿਚ ਕੁਝ ਅਜਿਹਾ ਕੀਤਾ ਹੁੰਦਾ ਹੈ (ਜਾਂ ਕਰ ਰਹੇ ਹੁੰਦੇ ਹਾਂ) ਜਿਸ ਨਾਲ ਲੋਕ ਚੌਂਕ ਜਾਂਦੇ ਹਨ; ਕੁਝ ਲੋਕ ਤੁਹਾਡੇ ਖ਼ਿਲਾਫ਼ ਫ਼ਤਵੇ ਦੇਂਦੇ ਹਨ ਤੇ ਉਨ੍ਹਾਂ ਵਿਚ ਤੁਹਾਡੇ ਵਾਸਤੇ ਸ਼ਰਧਾ/ ਪਿਆਰ/ ਇਜ਼ਤ ਘਟ ਜਾਂਦੀ ਹੈ ਤੇ ਕੁਝ ਤੁਹਾਡੇ ਨਾਲ ਹਮਦਰਦੀ ਕਰਦੇ ਹਨ। ਕੁਝ ਤੁਹਾਨੂੰ ਦੋਸ਼ੀ ਮੰਨਦੇ ਹਨ ਤੇ ਕੁਝ ਤੁਹਾਡੀਆਂ ਮਜਬੂਰੀਆਂ ਦਾ ਇਹਸਾਸ ਕਰ ਕੇ ਤੁਹਾਨੂੰ ਮੁਆਫ਼ ਕਰ ਦੇਂਦੇ ਹਨ।
ਮੈਂ ਜਦ ਤਕ ਮਸ਼ਰਕ (ਪੂਰਬ) ਵਿਚ ਸੀ ਤਾਂ ਮੈਂ ਦੇਖਦਾ ਸੀ ਕਿ ਲੋਕ ਪੈਰ-ਪੈਰ ‘ਤੇ ਝੂਠ ਬੋਲਦੇ ਹਨ (ਮੈਂ ਵੀ ਉਨ੍ਹਾਂ ਵਿਚੋਂ ਇਕ ਸੀ)। ਮੈਂ ਦੇਖਦਾ ਸੀ ਕਿ ਲੋਕ ਧਰਮੀ, ਭਲੇ ਤੇ ਮਹਾਨ ਹੋਣ ਦਾ ਦਾਅਵਾ ਕਰਦੇ ਹਨ; ਪਰ ਉਹ ਦੰਭ ਕਰਦੇ ਸਨ ਤੇ ਆਪਣਾ ਅਸਲ ਚਿਹਰਾ ਛੁਪਾ ਕੇ ਰਖਦੇ ਸਨ (ਮੈਂ ਵੀ ਉਨ੍ਹਾਂ ਵਿਚੋਂ ਇਕ ਸੀ)।
ਪਰ, ਜਦ ਮੈਂ ਮਗ਼ਰਬ (ਪੱਛਮ) ਵਿਚ ਆਇਆ ਤਾਂ ਦੇਖਿਆ ਕਿ ਇੱਥੋਂ ਦੇ ਗੋਰੇ ਲੋਕ ਬਹੁਤ ਘਟ ਝੂਠ ਬੋਲਦੇ ਹਨ; ਪਰ ਜੇ ਝੂਠ ਬੋਲ ਬੈਠਣ ਜਾਂ ਗੁਨਾਹ ਜਾਂ ਜੁਰਮ ਕਰ ਬੈਠਣ ਤਾਂ ਉਨ੍ਹਾਂ ਕੋਲੋਂ ਬਹੁਤੀ ਦੇਰ ਛੁਪਾਇਆ ਨਹੀਂ ਜਾਂਦਾ। ਮੈਂ ਦੇਖਿਆ ਕਿ ਬਹੁਤ ਸਾਰੇ ਗੋਰੇ ਲੋਕ ਸ਼ਾਦੀ ਤੋਂ ਬਾਹਰ ਦੇ ਸਬੰਧ ਰਖਦੇ ਹਨ; ਪਰ ਉਹ ਬਹੁਤੀ ਦੇਰ ਛੁਪਾ ਨਹੀਂ ਸਕਦੇ। ਸਾਡੇ ਲੋਕ ਉਸ ਨੂੰ ਛੁਪਾਉਣ, ਮਿੱਟੀ ਪਾਉਣ, ਝੂਠ ਬੋਲ ਕੇ ਬਚਣ ਦੀ ਕੋਸ਼ਿਸ਼ ਕਰਦੇ ਹਨ। ਇੱਥੌਂ ਦੇ ਗੋਰੇ ਲੋਕ ਚੋਰੀ, ਕਤਲ, ਰੇਪ ਜਾਂ ਕੋਈ ਹੋਰ ਜੁਰਮ ਕਰ ਬੈਠਦੇ ਹਨ ਪਰ ਬਹੁਤ ਸਾਰੇ ਲੋਕ ਉਸ ਦੀ ਸਜ਼ਾ ਤੋਂ ਬਚਣ ਵਾਸਤੇ ਝੂਠੀਆਂ ਗਵਾਹੀਆਂ ਅਤੇ ਸਬੂਤ ਨਹੀਂ ਘੜਦੇ ਤੇ ਅਦਾਲਤ ਵਿਚ ਅਕਸਰ ਸੱਚ ਬੋਲ ਹੀ ਜਾਂਦੇ ਹਨ। ਮੈਂ ਕਈ ਵਾਰ ਸੋਚਦਾ ਹਾਂ ਕਿ ਇਸ ਹਿਸਾਬ ਨਾਲ ਇਹ ਸਾਡੇ ਤੋਂ ਵਧ ਸੱਚੇ-ਸੁੱਚੇ ਤੇ ‘ਧਰਮੀ’ ਹਨ। ਅਸੀ ਤਾਂ ਆਪਣਾ ਗੁਨਾਹ ਕਦੇ ਕਬੂਲ ਨਹੀਂ ਕਰਦੇ; ਸੌ-ਸੌ ਬਹਾਨੇ ਲਾ ਕੇ ਝੂਠ ਬੋਲ-ਬੋਲ ਕੇ, ਸਾਰਾ ਜ਼ੋਰ ਲਾ ਕੇ ਵੀ ਸੱਚ ਕਬੂਲ ਨਹੀਂ ਕਰਦੇ, ਅਤੇ ਖੇਖਣ ਕਰਦੇ ਰਹਿੰਦੇ ਹਾਂ। ਜੇ ਪਤਾ ਹੋਵੇ ਕਿ ਲੋਕ ਸਾਨੂੰ ਮੁਆਫ਼ ਕਰ ਦੇਣਗੇ ਤਾਂ ਵੀ ਅਸੀਂ ਦੰਭ ਕਾਇਮ ਰਖਦੇ ਹਾਂ ਤੇ ਸੱਚ ਬੋਲਣ ਦੀ ਜੁਰਅਤ ਨਹੀਂ ਕਰਦੇ।
ਮੈਂ ਆਪਣੀ ਜ਼ਿੰਦਗੀ ਵਿਚ ਕਈ ਵਾਰ ਝੂਠ ਬੋਲਿਆ ਹੈ, ਕਈ ਵਾਰ ਸਮਝੌਤੇ ਵੀ ਕੀਤੇ ਹਨ; ਮੈਂ ਸੱਚ ‘ਤੇ ਖੜਾ ਹੋਣ ਦਾ ਦਾਅਵਾ ਕਰਦਾ ਹਾਂ ਪਰ ਮੈਂ ਕਈ ਜਗਹ ਥਿੜਕਿਆ ਵੀ ਹਾਂ; ਨਸ਼ੇ ਵੀ ਕਰਦਾ ਰਿਹਾ ਹਾਂ, ਸ਼ਾਦੀ ਤੋਂ ਬਾਹਰ ਦੇ ਸਬੰਧ ਵੀ ਰਖੇ ਹਨ; ਮੈਂ ਕੁਰਹਿਤਾਂ ਅਤੇ ਹੋਰ ਪਾਪ ਵੀ ਕੀਤੇ ਹਨ। ਹਾਂ, ਇਕ ਗੱਲ ਮੈਂ ਕਦੇ ਨਹੀਂ ਕੀਤੀ ਕਿ ਮੈਂ ਕਿਸੇ ਧਮਕੀ ਜਾਂ ਤਾਕਤ ਤੋਂ ਡਰ ਕੇ ਸਮਝੌਤਾ ਕੀਤਾ ਹੋਵੇ; ਮੈਂ ਰੱਬ ਦੇ ਇਹਸਾਸ ਤੋਂ ਸਿਵਾ ਕਿਸੇ ਤੋਂ ਨਹੀਂ ਡਰਦਾ; ਦੂਜਾ ਮੈਂ ਸੱਚੇ ਮਹਿਬੂਬ ਜਾਂ ਦੋਸਤ ਦਾ ਕਦੇ ਸਾਥ ਨਹੀਂ ਛੱਡਦਾ।
ਇਕ ਵਾਰ ਮੈਂ ਇਕ ਸੱਜਣ ਨਾਲ ਪ੍ਰੋਗਰਾਮ “ਸਚ ਕਾ ਸਾਮਨਾ” ਦੇਖ ਰਿਹਾ ਸੀ ਤਾਂ ਮੈਂ ਉਸ ਨੂੰ ਕਿਹਾ ਕਿ ਮੇਰਾ ਜੀਅ ਕਰਦਾ ਹੈ ਕਿ ਮੈਂ ਆਪਣਾ ਸੱਚ ਜ਼ਾਹਿਰ ਕਰਾਂ। ਮੇਰੇ ਅੰਦਰ ਜੋ ‘ਇਹਸਾਸ-ਇ-ਗੁਨਾਹ’ ਹੈ ਉਹ ਮੈਨੂੰ ਬੇਚੈਨ ਕਰਦਾ ਹੈ। ਉਹ ਕਹਿਣ ਲਗਾ ਕਿ ਤੁਹਾਡਾ ਖਿਆਲ ਤਾਂ ਵਧੀਆਂ ਹੈ, ਪਰ, ਜੇ ਕੋਈ ਬਹੁਤ ਧਮਾਕੇ ਵਾਲੀ ਗੱਲ ਹੋਈ ਤਾਂ ਲੋਕਾਂ ਵਿਚ ਤੁਹਾਡੇ ਵਾਸਤੇ ਸ਼ਰਧਾ ਘਟ ਜਾਵੇਗੀ। ਫਿਰ ਉਹ ਆਪ ਹੀ ਕਹਿਣ ਲਗਾ ਕਿ ਨਹੀਂ ਇਹ ਸੋਚ ਸਿਰਫ਼ ਕੁਝ ਕੂ ਦੰਭੀ ਧਾਰਮਿਕ ਅਖਵਾਉਣ ਵਾਲੇ ਚੌਧਰੀਆਂ ਵਿਚ ਉਭਰ ਸਕਦੀ ਹੈ; ਸੂਝਵਾਨ ਲੋਕ ਤੁਹਾਡੀਆਂ ਨਿਜੀ ਕਮਜ਼ੋਰੀਆਂ ਤੇ ਮਜਬੂਰੀਆਂ ਕਰ ਕੇ ਤੁਹਾਨੂੰ ਨਾਪਸੰਦ ਨਹੀਂ ਕਰਨ ਲਗ ਪੈਣਗੇ; ਸਗੋਂ ਕੁਝ ਤਾਂ ਤੁਹਾਡੇ ਵਧੇਰੇ ਸ਼ਰਧਾਲੂ ਹੋ ਜਾਣਗੇ, ਕਿਉਂਕਿ ਤੁਸੀਂ ਸੱਚ ਦਸਣ ਦੀ ਜੁਰਅਤ ਕੀਤੀ ਹੋਵੇਗੀ। ਉਸ ਨੇ ਕਿਹਾ ਕਿ ਤਕਰੀਬਨ 100% ਲੋਕਾਂ ਨੇ ਕੋਈ ਨਾ ਕੋਈ ਪਾਪ ਜ਼ਰੂਰ ਕੀਤਾ ਹੁੰਦਾ ਹੈ। ਪਾਪ ਛੋਟਾ ਹੈ ਜਾਂ ਵੱਡਾ ਪਾਪ ਤਾਂ ਪਾਪ ਹੀ ਹੈ। ਪਰ ਉਸ ਦਾ ਇਹਸਾਸ ਕਰਨ ਤੇ ਸੱਚ ਬੋਲਣ ਦੀ ਜੁਰਅਤ ਕਿਸੇ ਕਿਸੇ ਵਿਚ ਹੀ ਹੁੰਦੀ ਹੈ। ਤੁਹਾਨੂੰ ਹਾਂਗਕਾਂਗ ਦਾ ਬਲਦੇਵ ਸਿੰਘ ਬੁਧਸਿੰਘਬਾਲਾ ‘ਕਲਮ ਦਾ ਯੋਧਾ’ ਕਹਿੰਦਾ ਹੁੰਦਾ ਹੈ ਅਤੇ ਬਹੁਤ ਵਿਦਵਾਨ ਵੀ ਇਹ ਮੰਨਦੇ ਹਨ ਕਿ ਤੁਹਾਡੀ ਕਲਮ ਡਰਦੀ ਨਹੀਂ। ਸੋ, ਤੁਸੀਂ ਪਰਵਾਹ ਨਾ ਕਰੋ ਤੇ ਆਪਣੇ ਗੁਨਾਹਾਂ ਦਾ ਇਜ਼ਹਾਰ ਕਰਨ ਲਗਿਆਂ ਝਿਜਕਿਓ ਨਾ। ਤੁਹਾਨੂੰ ਇਹ ਭਰਮ ਵੀ ਨਾ ਰਹੇ ਕਿ ਲੋਕ ਤੁਹਾਡੀਆਂ ਕਿਤਾਬਾਂ ਤੁਹਾਡੇ ਨਾਂ ਕਰ ਕੇ ਪੜ੍ਹਦੇ ਹਨ। ਲੋਕ ਉਨ੍ਹਾਂ ਵਿਚ ਦਿੱਤੇ ਗਿਆਨ ਨੂੰ ਪੜ੍ਹਦੇ ਹਨ, ਹਰਜਿੰਦਰ ਸਿੰਘ ਦਿਲਗੀਰ ਨੂੰ ਨਹੀਂ। ਸਿੱਖ ਇਤਿਹਾਸ ਦਾ ਜੋ ਕੁਝ ਕੰਮ ਤੁਸੀਂ ਕਰ ਦਿੱਤਾ ਹੈ ਉਹ ਇਕ ਯੂਨੀਵਰਸਿਟੀ ਵੀ ਨਹੀਂ ਕਰ ਸਕਦੀ।
ਮੈਨੂੰ ਉਸ ਸੱਜਣ ਨੇ ਐਨੀ ਹੱਲਾਸ਼ੇਰੀ ਦਿੱਤੀ ਸੀ ਕਿ ਕਦੇ-ਕਦੇ ਮੇਰਾ ਹੁਣ ਮਨ ਕਰਦਾ ਹੈ ਕਿ ਆਪਣੀ ਸ਼ਖ਼ਸੀਅਤ ਦੀਆਂ ਕਮਜ਼ੋਰੀਆਂ ਅਤੇ ਆਪਣੇ ਗੁਨਾਹਾਂ ਦਾ ਇਨਕਸ਼ਾਫ਼ ਕਰ ਦਿਆਂ। ਮੇਰੇ ਪਾਠਕਾਂ, ਸ਼ਰਧਾਲੂਆਂ, ਹਮਦਰਦਾਂ ਤੇ ਦੋਸਤਾਂ ਦੀ ਮਰਜ਼ੀ ਹੈ ਕਿ ਉਹ ਮੇਰੇ ਬਾਰੋ ਜੋ ਮਰਜ਼ੀ ਸੋਚਣ; ਪਰ, ਘਟੋ-ਘਟ ਮੇਰੀ ਰੂਹ ਨੂੰ ਸਕੂਨ ਤਾਂ ਮਿਲ ਜਾਵੇਗਾ। ਜੇ ਸੇਂਟ ਆਗਸਟਾਈਂਨ ਆਪਣੇ ਕਨਫ਼ੈਸ਼ਨ ਦਸ ਸਕਦਾ ਹੈ ਤਾਂ ਦਿਲਗੀਰ ਕਿਉਂ ਨਹੀਂ। ਝੂਠੀ ਸਵੈਜੀਵਨੀ ਨਾਲੋਂ ਸੱਚੇ ਇੰਕਸ਼ਾਫ਼ ਵੱਡੀ ਥਾਂ ਰਖਦੇ ਹਨ।
(ਡਾ. ਹਰਜਿੰਦਰ ਸਿੰਘ ਦਿਲਗੀਰ) 25-4-2015
...............................................

ਟਿੱਪਣੀ:-  ਇਹੀ ਕਾਰਨ ਹੈ ਕਿ ਭਾਰਤੀ ਵਿਅਕਤੀ ਬਹੁਤ ਘੱਟ ਸੁਧਰਨ ਵੱਲ ਵਧਦੇ ਹਨ , ਜਦ ਕਿ ਵਿਦੇਸ਼ੀ ਬਹੁਤ ਤਰੱਕੀ ਕਰ ਜਾਂਦੇ ਹਨ, ਸੱਚ ਬੋਲਣ ਦਾ ਜਜ਼ਬਾ ਰੱਖਣਾ ਬਹੁਤ ਵੱਡਾ ਗੁਣ ਹੈ, ਜੋ ਬੰਦਾ ਸੱਚ ਬੋਲਣ ਦਾ ਜਜ਼ਬਾ ਰੱਖਦਾ ਹੈ, ਉਹੀ ਹਰ ਵੇਲੇ ਬੁਰਾਈਆਂ ਅਤੇ ਪਾਪਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਪਾਪ ਨੂੰ ਲੁਕਾਈ ਰੱਖਣ ਦੇ ਯਤਨ ਵਿਚ ਰਹਿੰਦਾ ਹੈ, ਉਹ ਕਦੀ ਸੁਧਾਰ ਵੱਲ ਨਹੀਂ ਵਧਦਾ, ਉਹ ਹਮੇਸ਼ਾ ਪਾਪ ਨੂੰ ਛੁਪਾਉਣ ਦੀਆਂ ਘਾੜਤਾਂ ਵਿਚ ਹੀ ਰੁੱਝਾ ਰਹਿੰਦਾ ਹੈ। ਕਰਤਾਰ ਦਾ ਡਰ ਮੰਨਣ ਵਾਲਾ ਬੰਦਾ ਕਿਸੇ ਹੋਰ ਤੋਂ ਨਹੀਂ ਡਰਦਾ, ਨਾ ਕਿਸੇ ਦਾ ਲਿਹਾਜ਼ ਕਰਦਾ ਹੈ, ਉਹ ਹਮੇਸ਼ਾ ਇਸ ਸੋਚ ਵਿਚ ਰਹਿੰਦਾ ਹੈ, ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਕੋਈ ਵੀ ਮੇਰਾ ਲਿਹਾਜ਼ ਕਿਉਂ ਕਰੇਗਾ ? ਇਸ ਲਈ ਮੈਂ ਉਹ ਕੰਮ ਕਿਉਂ ਕਰਾਂ ? ਜਿਸ ਦਾ ਜਵਾਬ ਦੇਣਾ ਮੇਰੇ ਲਈ ਔਖਾ ਹੋ ਜਾਵੇ। ਇਸ ਤਰ੍ਹਾਂ ਪ੍ਰਭੂ ਨਾਲ ਜੁੜਨਾ, ਸੱਚ ਨਾਲ ਜੁੜਨਾ ਬੰਦੇ ਦਾ ਬਹੁਤ ਵੱਡਾ ਗੁਣ ਹੋ ਨਿਬੜਦਾ ਹੈ । ਆਓ ਆਪਾਂ ਸਾਰੇ ਵੀ ਸਚ ਨਾਲ ਜੁੜੀਏ ।
      ਅਮਰ ਜੀਤ ਸਿੰਘ ਚੰਦੀ  27-4-2015        

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.