ਕੈਟੇਗਰੀ

ਤੁਹਾਡੀ ਰਾਇ



ਅਨਭੋਲ ਸਿੰਘ
ਫਾਂਸੀ ਦੀ ਅਫਵਾਹ ਦੇ ਅਰਥ
ਫਾਂਸੀ ਦੀ ਅਫਵਾਹ ਦੇ ਅਰਥ
Page Visitors: 3111

 

                               ਫਾਂਸੀ ਦੀ ਅਫਵਾਹ ਦੇ ਅਰਥ
ਪਿਛਲੇ ਦਿਨੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਤੋ ਦਿੱਲੀ ਜੇਲ੍ਹ ਵਿਚ ਤਬਦੀਲ ਕਰਨ ਅਤੇ ਫਾਂਸੀ ਦੇਣ ਦੀ ਅਫਵਾਹ ਨੇ, ਸਿੱਖ ਅਵਾਮ ਦੀ ਸਾਂਤ ਫਿਜਾ ਵਿਚ ਇਕ ਦਮ ਹਲਚਲ ਪੈਦਾ ਕਰ ਦਿੱਤੀ।ਇਸ ਅਫਵਾਹ ਨੂ ਮਹਿਜ ਅਫਵਾਹ ਸਮਝ ਕੇ ਛੱਡ ਦੇਣਾ, ਅਸੀ ਸਮਝਦੇ ਹਾਂ ਕੇ ਇਕ ਨਿਧਾਨੀ ਹੋਵੇਗੀ ਕਿਉਕਿ ਇਸ ਅਫਵਾਹ ਨੇ ਕਈ ਡੂੰਗੇ ਸੰਕੇਤ ਸਿੱਖ ਅਵਾਮ ਅਤੇ ਹਕੂਮਤ ਲਈ ਦਿੱਤੇ ਹਨ।
ਪਿਛਲੇ ਦਿਨੀ ਹੀ ਕਿਸਾਨ ਯੂਨੀਅਨ ਦੇ ਅੰਦੋਲਨ ਨੂੰ ਮੱਦੇ ਨਜਰ ਰੱਖਦੇ ਹੋਏ ਸਰਕਾਰ ਵੱਲੋ ਵਧਾਈ ਗਈ ਸਕਿਉਰਟੀ ਦੇ  ਅਰਥ ਸਿੱਖ ਅਵਾਮ ਨੇ ਕੋਈ ਵੱਡੀ ਅਣਹੋਣੀ ਵਾਪਰਨ ਦੇ ਰੂਪ ਵਿਚ ਕੱਢੇ।ਇਹਨਾਂ ਅਰਥਾਂ ਵਿਚੋ ਹੀ ਪੈਦਾ ਹੋਈ ਭਾਈ ਰਜੋਆਣਾ ਨੂੰ ਫਾਸੀਂ ਦੇਣ ਦੀ ਅਫਵਾਹ।ਅਸੀ ਸਮਝਦੇ ਹਾਂ, ਕਿ ਭਾਰਤੀ ਸਟੇਟ ਆਪਣੇ ਅਵਾਮ, ਖਾਸ ਕਰ ਘੱਟ ਗਿਣਤੀਆਂ ਵਿਚੋ ਅਪਣਾ ਭਰੋਸਾ ਇਸ ਕਦਰ ਗੁਆ ਚੁਕੀ ਹੈ, ਕਿ ਘੱਟ ਗਿਣਤੀਆਂ ਹੁਣ ਟਾਈਟ ਸਕਿਉਰਟੀ ਦੇ ਅਰਥ ਵੀ ਉਹਨਾਂ ਜਾਂ ਉਹਨਾਂ ਦੇ ਕਿਸੇ ਪਿਆਰੇ ਨਾਲ ਕੋਈ ਵੱਡੀ ਅਣਹੋਣੀ ਵਾਪਰਨ ਦੇ ਰੂਪ ਵਿਚ ਲੈ ਰਹੀਆ ਹਨ।ਜੇਕਰ ਆਪਾਂ ਇਸ ਦੇ ਹੋਰ ਗਹਿਰੇ ਭਾਵ ਵੱਲ ਜਾਵਾਂਗੇ ਤਾਂ ਹੁਣ ਟਾਈਟ ਸਕਿਉਰਟੀ ਦਾ ਭਾਵ, ਘੱਟ ਗਿਣਤੀਆਂ, ਉਹਨਾਂ ਨਾਲ ਇਕ ਹੋਰ ਵਧੀਕੀ ਤੋ ਬਾਅਦ, ਆਉਣ ਵਾਲੇ ਦਿਨਾਂ ਵਿਚ, ਉਹਨਾਂ ਦੇ ਜਜਬਾਤਾ ਨੂੰ ਦਵਾਉਣ ਲਈ ਹੋਣ ਵਾਲੀ ਡੰਡੇ ਦੀ ਵਰਤੋ ਦੇ ਰੂਪ ਵਿਚ ਲੈ ਰਹੀਆਂ ਹਨ।ਜਿਥੋ ਤੱਕ ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦਾ ਸਵਾਲ ਹੈ ਤਾਂ ਇਹਨਾਂ ਦੀ ਸਾਂਝ ਸਿੱਖ ਜਜਬਾਤ ਅਤੇ ਸਿੱਖ ਮਾਨਸਿਕਤਾ ਨਾਲ ਇਸ ਕਦਰ ਜੁੜ ਚੁੱਕੀ ਹੈ, ਕੇ ਹਰ ਸਿੱਖ ਬਜੁਰਗ ਮਾਂ-ਬਾਪ, ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦੀ ਫਾਂਸੀ ਨੂੰ ਆਪਣੇ ਹੀ ਬੇ-ਗੁਨਾਹ ਪੁਤਰ ਦਾ ਸੱਥਰ ਵਿਸਣ ਦੇ ਰੂਪ ਵਿਚ ਦੇਖ ਰਿਹਾ ਹੈ।ਹਰ ਸਿੱਖ ਨੌਜਵਾਨ ਵੀਰ, ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦੀ ਫਾਸੀਂ ਨੂੰ ਭਰਾ ਦੀ ਮੌਤ ਨਾਲ ਬਾਂਹਵਾਂ ਟੁਟਣ ਦੀ ਨਿਆਈ ਮਹਿਸੂਸ ਕਰ ਰਿਹਾ ਹੈ।ਭਰਾਵਾਂ ਦੀ ਫਾਸੀਂ ਦੀ ਗੱਲ ਸੋਚਦਿਆਂ ਹੀ ਹਰ ਸਿੱਖ ਨੌਜਵਾਨ ਭੈਣ ਦੇ ਕਾਲਜੇ ਰੁੱਗ ਭਰਿਆ ਜਾਣਾ ਤਾਂ ਕੁਦਰਤੀ ਹੈ।
ਇਸ ਲਈ ਜੇ ਹੁਣ ਹਕੂਮਤ ਇਹ ਸੋਚੇ ਕੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਸਬੰਧ ਬਠਿੰਡੇ ਜਿਲ੍ਹੇ ਦੇ ਪਿੰਡ ਦਿਆਲਪੁਰੇ ਦੇ ਕਿਸੇ ਛੋਟੇ ਜਿਹੇ ਪਰਿਵਾਰ ਨਾਲ ਹੈ ਜਾਂ ਭਾਈ ਬਲਵੰਤ ਸਿੰਘ ਦਾ ਸਬੰਧ ਲੁਧਿਆਣੇ ਜਿਲ੍ਹੇ ਦੇ ਪਿੰਡ ਰਾਜੋਆਣਾ ਦੇ ਕਿਸੇ ਛੋਟੇ ਜਿਹੇ ਪਰਿਵਾਰ ਨਾਲ ਹੈ ਤਾਂ ਇਹ ਸੋਚਣਾ ਗਲਤ ਹੋਵੇਗਾ ਕਿਉਕਿ ਹੁਣ ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦਾ ਸਬੰਧ ਸਿੱਖ ਕੌਮ ਰੂਪੀ ਉਸ ਪਰਿਵਾਰ ਨਾਲ ਹੈ ਜਿਸ ਪਰਿਵਾਰ ਨੇ ਇਸ ਦੇਸ ਨੂੰ ਅਜਾਦ ਕਰਵਾਉਣ ਲਈ ਵੱਡੀਆਂ ਕਾਰਬਾਨੀਆਂ ਕੀਤੀਆਂ।ਜਿਸ ਪਰਿਵਾਰ ਦੇ ਬਜੁਰਗਾਂ ਨੇ ਗਜਨੀ ਦੇ ਬਜਾਰਾਂ ਵਿਚ ਇਸ ਦੇਸ ਦੀਆਂ ਬੀਬੀਆਂ ਭੈਣਾ ਦੀ ਆਬਰੂ ਨੂੰ ਟਕੇ ਟਕੇ ਨਿਲਾਮ ਹੋਣ ਤੋ ਬਚਾਇਆ।
ਪਰ ਅਕ੍ਰਿਤਘਣਤਾ ਦੇ ਸਾਰੇ ਹੱਦਾਬੰਨ੍ਹੇ ਤੋੜ ਕੇ,ਇਸ ਦੇਸ ਦੇ ਹਾਕਮਾਂ ਨੇ 1984 ਵਿਚ ਉਸੇ ਪਰਿਵਾਰ ਦੀ ਆਬਰੂ ਨੂੰ ਇਸ ਦੇਸ ਦੀ ਰਾਜਧਾਨੀ ਦੇ ਬਜਾਰਾਂ ਵਿਚ ਹੀ ਸਰ੍ਹੇਆਮ ਰੋਲਿਆ।ਅੱਜ ਤੱਕ ਕਿਤੋ ਕੋਈ ਇਨਸਾਫ ਨਹੀ ਮਿਲਿਆ।ਬਹਿਸੀ ਦਰਿੰਦੇ ਅੱਜ ਵੀ ਸਰ੍ਹੇਆਮ ਦਨਦਨਾਉਦੇ ਫਿਰ ਰਹੇ ਹਨ।ਜਿਸ ਕਾਰਨ ਸਿੱਖ ਕੌਮ ਦਾ ਭਰੋਸਾ ਇਸ ਦੇਸ ਦੇ ਹਾਕਮਾਂ ਦੇ ਨਾਲ ਨਾਲ ਇਸ ਦੇਸ ਦੇ ਕਨੂੰਨ ਤੋ ਵੀ ਖਤਮ ਹੋ ਰਿਹਾ ਹੈ।
ਬੇਇਨਸਾਫੀਆਂ ਦਾ ਇਕ ਵੱਡਾ ਦੌਰ ਸਿੱਖ ਕੌਮ ਆਪਣੇ ਪਿੰਡੇ ਤੇ ਹਢਾ ਚੁੱਕੀ ਹੈ।ਹੁਣ ਦੇਸ ਦੇ ਹਾਕਮਾਂ ਨੂੰ ਚਾਹੀਦਾ ਹੈ ਕੇ ਉਹ ਸਿੱਖ ਕੌਮ ਨਾਲ ਹੋਈਆਂ ਇਸ ਬੇਇਨਸਾਫੀਆਂ ਦੇ ਦੌਰ ਵਿਚ ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦੀ ਫਾਂਸੀ ਦੀ ਗੱਲ ਤੋਰ ਕੇ ਇਕ ਹੋਰ ਨਵਾਂ ਕਾਂਡ ਸੁਰੂ ਨਾ ਕਰਨ।
ਇਥੇ ਅਸੀ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਭਾਈ ਰਾਜੋਆਣਾ ਅਤੇ ਭਾਈ ਭੁੱਲਰ ਦੀ ਫਾਸੀਂ ਬਾਰੇ ਸਮੇਂ ਦੇ ਹਾਕਮਾਂ ਨੇ ਸਿੱਖ ਜਜਬਾਤ ਨੂੰ ਪਰਖਣ ਲਈ ਇਹ ਅਫਵਾਹ ਉਡਾਈ ਹੈ ਤਾਂ ਉਹਨਾਂ ਨੂੰ ਸਿੱਖ ਕੌਮ ਦੇ ਸਬਰ ਨੂੰ ਵਾਰ ਵਾਰ ਪਰਖਣ ਦੀ ਭੁੱਲ ਨਹੀ ਕਰਨੀ ਚਾਹੀਦੀ।
ਇਥੇ ਅਸੀ ਦੇਸ ਦੇ ਹਾਕਮਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕੇ ਉਹ ਬਹੁਗਿਣਤੀ ਦੇ ਵੋਟ ਬੈਂਕ ਦੀ ਲਾਲਸਾ ਲਈ ਘੱਟ ਗਿਣਤੀਆਂ ਨਾਲ ਬੇਇਨਸਾਫੀ ਕਰਕੇ ਅੱਗ ਦੀ ਖੇਡ ਨਾ ਖੇਡਣ ਕਿਉਕਿ ਇਸ ਅੱਗ ਦੀ ਖੇਡ ਨਾਲ ਦੇਸ ਦੀ ਏਕਤਾ ਅਤੇ ਅਖੰਡਤਾ ਦੇ ਝੁਲਸੇ ਜਾਣ ਦਾ ਖਤਰਾ ਹੋ ਸਕਦਾ ਹੈ।ਇਸ ਲਈ ਸਮਾਂ ਰਹਿੰਦੇ ਘੱਟ ਗਿਣਤੀਆਂ ਦਾ ਵਿਸਵਾਸ ਜਿੱਤ ਕੇ, ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨਾ ਚਾਹੀਦਾ ਹੈ।
ਅਨਭੋਲ ਸਿੰਘ ਦੀਵਾਨਾ
  98762-04624 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.